ਸਿੱਖ ਪੰਥ ਇਨ੍ਹਾਂ ਮੁਸਿਆਂ ਤੇ ਕਦੋਂ ਵਿਚਾਰ ਕਰੇਗਾ ….?
ਜਸਪਾਲ ਸਿੰਘ ਹੇਰਾਂ
ਇਸ ਵਿਸਾਖੀ ਨੂੰ ਖਾਲਸਾ ਪੰਥ ਆਪਣੀ ਸਾਜਨਾ ਦਾ 315ਵਾਂ ਦਿਹਾੜਾ ਮਨਾਉਣ ਜਾ ਰਿਹਾ ਹੈ, ਇਸ ਲਈ 314 ਵਰ੍ਹਿਆਂ ‘ਚ ਖਾਲਸਾ ਪੰਥ ਕਿਸ ਮੁਕਾਮ ਤੇ ਪੁੱਜਾ ਹੈ ਅਤੇ ਕਿੱਥੇ ਪੁੱਜਣਾ ਚਾਹੀਦਾ ਸੀ, ਵਿਸਾਖੀ ਜਿਹੜਾ ਕੌਮ ਦਾ ਜਨਮ ਦਿਹਾੜਾ ਹੈ, ਉਸਨੂੰ ਕੌਮੀ ਦਿਹਾੜੇ ਵਜੋਂ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ, ਇਸ ਸਬੰਧੀ ਵਿਚਾਰ ਚਰਚਾ ਤੇ ਤਿਆਰੀਆਂ ਹੁਣੇ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ, ਸਿੱਖ ਕੌਮ ਨੇ ਅੱਜ ਤੱਕ ਕਿਸੇ ਦਿਹਾੜੇ ਨੂੰ ਆਪਣੇ ਕੌਮੀ ਦਿਹਾੜੇ ਵਜੋਂ ਵਿਲੱਖਣ ਰੂਪ ‘ਚ ਨਾਂ ਤਾਂ ਅਪਨਾਇਆ ਹੈ ਅਤੇ ਨਾ ਹੀ ਮਨਾਇਆ ਹੈ।
ਅੱਜ ਜਦੋਂ 21ਵੀਂ ਸਦੀ ਦਾ ਪਹਿਲਾ ਦਹਾਕਾ ਵੀ ਲੰਘ ਚੁੱਕਾ ਹੈ ਅਤੇ ਦੂਜੇ ਪਾਸੇ ਸਿੱਖ ਜਗਤ ‘ਚ ਅੱਜ ਕੱਲ੍ਹ ਚਿੰਤਾ ਤੇ ਘਬਰਾਹਟ ਇਸ ਵਰਤਾਰੇ ਦੇ ਦੁਆਲੇ ਬਣੀ ਹੋਈ ਹੈ ਕਿ ਸਿੱਖ ਜਵਾਨੀ ਪਤਿਤ ਹੋ ਰਹੀ ਹੈ। ਦਾੜ੍ਹੀਆਂ, ਪੱਗਾਂ ਖ਼ਤਮ ਹੋ ਰਹੀਆਂ ਹਨ। ਲੜਕੀਆਂ ‘ਚ ਅਸ਼ਲੀਲਤਾ ਵੱਧ ਰਹੀ ਹੈ ਤੇ ਕਈ ਸਿੱਖ ਚਿੰਤਕ ਪੰਜਾਬੀ ਤੇ ਸਿੱਖੀ ਦੇ ਆਲੋਪ ਹੋਣਾ ਤੱਕ ਦੀ ਚਿੰਤਾ ਵੀ ਜ਼ਾਹਿਰ ਕਰ ਜਾਂਦੇ ਹਨ, ਕਿਉਂਕਿ ਉਨ੍ਹਾਂ ਅਨੁਸਾਰ ਜਦੋਂ ਸਾਡਾ ਅਜੋਕਾ ਸਿੱਖ ਨੌਜਵਾਨ ਗੁਰਬਾਣੀ, ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਦੇ ਗੌਰਵਸ਼ਾਲੀ ਵਿਰਸੇ ਤੋਂ ਮੂੰਹ ਮੋੜੀ ਬੈਠਾ ਹੈ ਅਤੇ ਜਦੋਂ ਸਾਡੀ ਨਵੀਂ ਪੀੜ੍ਹੀ ਹੀ ਧਰਮ ਤੋਂ ਬੇਮੁੱਖ ਹੋ ਗਈ, ਫ਼ਿਰ ਧਰਮ ਦੀ ਹੋਂਦ ਕਿਵੇਂ ਕਾਇਮ ਰਹੇਗੀ?
ਇਸ ਲਈ ਆਪਣੇ ਸਾਜਨਾ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਕਰਦੇ ਸਮੇਂ ਸਿੱਖ ਪੰਥ ਨੂੰ ਕੌਮ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਬਾਰੇ ਮੁਲਾਂਕਣ ਜ਼ਰੂਰ ਕਰਨਾ ਚਾਹੀਦਾ ਹੈ, ਸਿੱਖਾਂ ਦਾ ਧਰਮ ਦੇ ਨਾਂ ਤੇ ਕੁਰਬਾਨੀਆਂ ਕਰਨ ਦਾ ਬੇ-ਮਿਸਾਲ ਇਤਿਹਾਸ ਹੈ, ਧਰਮ ਹੀ ਜੀਵਨ ਜਾਂਚ ਤੇ ਮੂਲ ਜੀਵਨ ਜਾਂਚ ਦਾ ਪ੍ਰੇਰਨਾ ਸਰੋਤ ਸੀ, ਪਰ ਆਖ਼ਰ ਕੌਮ ਥਿੜਕ ਕਿਥੇ ਗਈ ਹੈ? ਇਸ ਲਈ ਕੁਝ ਅਜਿਹੇ ਬਿੰਦੂ ਹਨ, ਜੋ ਅੱਜ ਪੁਨਰ ਮੁਲਾਂਕਣ ਅਤੇ ਆਤਮ ਵਿਸ਼ਲੇਸ਼ਣ ਦੀ ਮੰਗ ਕਰਦੇ ਹਨ।
ਸੋ, ਅਸੀਂ ਕੌਮ ਨੂੰ ਅਪੀਲ ਕਰਾਂਗੇ ਕਿ ਉਹ ਇਤਿਹਾਸਕ ਦਿਹਾੜੇ ਤੋਂ ਪਹਿਲਾਂ ਘੱਟੋ-ਘੱਟ ਇਹ ਤਾਂ ਸਥਾਪਿਤ ਕਰੇ ਕਿ ਅਸੀਂ ਖੜੇ ਕਿੱਥੇ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
* ਇਸ ਸਦੀ ਦੇ ਆਰੰਭ ‘ਚ ਗਿਆਨ, ਵਿਗਿਆਨ, ਮਸ਼ੀਨ ਤੇ ਸੰਚਾਰ ਵਿਧੀਆਂ ਰਾਹੀਂ ਜੋ ਸੂਚਨਾ ਦਾ ਹੜ੍ਹ ਆਇਆ ਹੈ, ਉਸ ਦੇ ਪ੍ਰਸੰਗ ਵਿੱਚ ਅਸੀਂ ਧਰਮ ਤੇ ਧਰਮ ਦੀ ਧਾਰਮਿਕ ਭੂਮਿਕਾ ਨੂੰ ਕਿਵੇਂ ਪ੍ਰਸੰਗਿਕ ਬਣਾ ਸਕਦੇ ਹਾਂ?
* ਵਿਗਿਆਨਕ ਵਰਤਾਰੇ ਪ੍ਰਮਾਣ ਵੱਲ ਸੇਧਿਤ ਹਨ ਪਰ ਧਰਮ ਦਾ ਵਰਤਾਰਾ ਅਦ੍ਰਿਸ਼ਟ ਭੂਮਿਕਾ ‘ਤੇ ਕੇਂਦ੍ਰਿਤ ਹੈ, ਇਉਂ ਇਹ ਦੂਰੀ ਹਟਾ ਕੇ ਧਰਮ ਕਿਵੇਂ ਵਧੇਰੇ ਪ੍ਰਸੰਗਿਤ ਹੋ ਸਕਦਾ ਹੈ?
* ਧਰਮ ਨੇ ਜਿਸ ਚਰਿਤਰ ਦੇ ਨਿਰਮਾਣ ਲਈ, ਬੁਨਿਆਦੀ ਭੂਮਿਕਾ ਨਿਭਾਈ ਉਹ ਚਰਿੱਤਰ ਕਿੱਥੇ ਹੈ?
* ਪਦਾਰਥ ਦੀ ਪਦਾਰਥਵਾਦੀ ਭੂਮਿਕਾ ਨੇ ਧਰਮ ਨੂੰ ਖੋਰਾ ਲਾਇਆ ਹੈ ਜਾਂ ਮਨੁੱਖ ਨੇ ਪਦਾਰਥ ਕਰਕੇ ਧਰਮ ਤੋਂ ਦੂਰੀ ਬਣਾ ਲਈ ਹੈ?
* ਕੀ ਆਧੁਨਿਕ ਵਿਗਿਆਨਕ ਗਿਆਨ, ਧਰਮ ਨੂੰ ਅਪ੍ਰਸੰਗਿਕ ਬਣਾ ਸਕਿਆ ਹੈ?
* ਸਾਬਤ ਸੂਰਤ ਜਾਂ ਵਿਹਾਰਕ ਆਚਰਣ ਦੀ ਪੱਧਰ ‘ਤੇ ਸਿੱਖ ਕਿੱਥੇ ਖੜ੍ਹੇ ਹਨ?
* ਸਿੱਖ ਧਰਮ ਦੇ ਮੰਨਣ ਵਾਲੇ ਜਾਂ ਸ਼ਰਧਾ ਰੱਖਣ ਵਾਲੇ ਤਿੰਨ ਸਦੀਆਂ ਵਿੱਚ ਹੀ ਮੁੜ ਹਿੰਦੂਆਂ ਦੇ ਕਰਮਕਾਂਡੀ ਵਰਤਾਰੇ ਦੇ ਅਧੀਨ ਹੋ ਰਹੇ ਹਨ?
* ਅਸੀਂ ਸ਼ਾਸਤਰ ਵੱਲ ਪਿੱਠ ਕਰਕੇ, ਸ਼ਸਤਰ ਦੀ ਦੁਰਵਰਤੋਂ ਕਰਕੇ, ਗਲੋਬ ਸਾਹਮਣੇ ਬੈਠ ਕੇ ਸ਼ਬਦਾਂ ਦੀ ਜੁਗਾਲੀ ਤਾਂ ਕਰ ਰਹੇ ਹਾਂ, ਪਰ ਆਪਣੇ ਚਰਿੱਤਰ ਨੂੰ ਮਾਡਲ ਬਣਾਉਣ ਵੱਲ ਰੁਚਿਤ ਨਹੀਂ ਹਾਂ। ਆਖਰ ਇਸ ਨਿਘਾਰ ਦਾ ਕਾਰਨ ਕੀ ਹੈ?
* ਅਸੀਂ ਮੂਲ ਸਿੱਧਾਂਤਕ ਪੈਂਤੜੇ ਤੋਂ ਕਿ
‘ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ’
ਨੂੰ ਵਿਸਾਰ ਚੁੱਕੇ ਹਾਂ। ਸਾਡਾ ਸਾਰਾ ਬਲ ਪੁਰਸ਼ਾਰਥ ਤੇ ਪਰਮਾਰਥ ਨੂੰ ਤਿਆਗ ਕੇ ਸਵਾਰਥ ਤੇ ਪਦਾਰਥ ‘ਤੇ ਹੀ ਆ ਕੇ ਕਿਉਂ ਖਲੋ ਗਿਆ ਹੈ?
ਅਜਿਹੇ ਸੈਂਕੜੇ ਪ੍ਰਸ਼ਨ ਸਿਰਜੇ ਜਾ ਸਕਦੇ ਹਨ। ਕੁਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਆਲੋਚਨਾ ਕਰਨੀ ਸੌਂਖੀ ਹੈ ਪਰ ਕੰਮ ਜਾਂ ਅਮਲ ਕਰਨਾ ਔਖਾ ਹੈ। ਪਰ ਅਸੀਂ ਜਾਣਦੇ ਹਾਂ ਕਿ ਸਭਿਅਕ ਸਮਾਜਾਂ ਵਿੱਚ ਸਭ ਤੋਂ ਮਹੱਤਵਪੂਰਨ ਵਿਚਾਰਧਾਰਾਈ ਵਿਕਾਸ, ਅਸਲ ਵਿੱਚ ਸੰਵਾਦ ਪ੍ਰਕਿਰਿਆ ਹੈ। ਵਿਚਾਰਾਂ ਦਾ ਆਦਾਨ ਪ੍ਰਧਾਨ ਤੇ ਵਿਚਾਰ ਚਰਚਾ ਬਹੁਤ ਹੀ ਮਹੱਤਵਪੂਰਨ ਹਨ, ਜਿਸ ਦੀ ਪਿਰਤ ਗੁਰੂ ਨਾਨਕ ਦੇਵ ਜੀ ਨੇ ਪਾਈ, ਵਿਹਾਰਕ ਜੀਵਨ ਵਿੱਚ ਵੀ ਅਤੇ ਸੰਵਾਦ ਦੀ ਪੱਧਰ ਤੇ ਸਿਧ ਗੋਸਟਿ ਵਿੱਚ ਵੀ ਸੰਵਾਦ ਲਈ ਅਸੀਂ ਆਪਣੇ ਦਰ ਭੇੜ ਲਏ ਹਨ। ਅਸੀਂ ਚਾਹੁੰਦੇ ਹਾਂ ਕਿ ਕੌਮ ‘ਚ ਵਿਸਾਖੀ ਦੇ ਦਿਹਾੜੇ ਸਬੰਧੀ ਚਰਚਾ ਛਿੜ੍ਹੇ ਅਤੇ ਕੌਮ ਇਸ ਦਿਹਾੜੇ ਨੂੰ ਆਪਣੇ ਕੌਮੀ ਦਿਹਾੜੇ ਵਜੋਂ ਕਿਸ ਵਿਲੱਖਣ ਅੰਦਾਜ਼ ਵਿੱਚ ਮਨਾਉਣਾ ਚਾਹੀਦਾ ਹੈ ਉਸ ਬਾਰੇ ਫੈਸਲਾ ਜ਼ਰੂਰ ਕਰੇ।