ਜਾਗਰੂਕ ਸਿੱਖਾਂ ਦੀ “ ਆਮ ਆਦਮੀ ਪਾਰਟੀ ” (ਆਪ) ਵਾਸਤੇ ਕੀ ਨੀਤੀ ਹੋਣੀ ਚਾਹੀਦੀ ਹੈ ?
ਭਾਰਤ ਦੀ ਰਾਜਨੀਤੀ ਅੰਦਰ ਲੋਕ ਲਹਿਰ ਤੋਂ ਉਤਪਨ ਹੋਈ ਨਵੀਂ ਰਾਜਨਿਤਕ ਪਾਰਟੀ 'ਆਮ ਆਦਮੀ ਪਾਰਟੀ' ਨੇ ਪਹਿਲਾਂ ਤੋਂ ਸਥਾਪਿਤ ਰਾਜਨਿਤਕ ਪਾਰਟੀਆਂ ਅੰਦਰ ਘਬਰਾਹਟ ਪੈਦਾ ਕਰ ਦਿਤੀ ਹੈ ਖਾਸ ਕਰਕੇ 'ਕਾਂਗਰਸ' ਅਤੇ 'ਭਾਰਤੀ ਜੰਨਤਾ ਪਾਰਟੀ' ਅੰਦਰ। ਭਾਰਤ ਦੀ ਜਨਤਾ, ਖਾਸ ਕਰਕੇ ਨੋਜਵਾਨਾਂ ਵਿਚ ਇਸ ਪਾਰਟੀ ਪ੍ਰਤੀ ਖਿਚ, ਲਗਾਵ, ਆਕਰਸ਼ਨ, ਉਤਸ਼ਾਹ ਅਤੇ ਉਮੀਦਾਂ ਬਹੁਤ ਬਣ ਗਈਆਂ ਹਨ, ਇਸ ਦਾ ਮੂਲ ਕਾਰਣ ਇਸ ਦੇ ਮੋਢੀ ਸੰਸਥਾਪਕ 'ਅਰਵਿੰਦ ਕੇਜਰੀਵਾਲ' ਦੀ ਉਸ ਅਨੁਸਾਰ ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਭਾਰਤ ਦੀ ਭ੍ਰਿਸ਼ਟ ਰਾਜਨੀਤਕ ਸਿਸਟਮ ਨੂੰ ਸੁਧਾਰਨ ਦੇ ਸੰਕਲਪ ਦਾ ਪਾਲਨ ਬੜੀ ਦ੍ਰਿੜਤਾ, ਵਚਨਬਧਤਾ ਅਤੇ ਜਨੂੰਨੀ ਤਰੀਕੇ ਨਾਲ ਕਰਨਾ ਹੈ।
ਭਾਰਤ ਦੇਸ਼ ਵਾਸਤੇ ਇਹ ਇਕ ਚੰਗੀ ਹੀ ਗੱਲ ਹੋਵੇਗੀ ਜੇ ਇਕ ਹੋਰ ਨਵੀ ਪਾਰਟੀ ਆਪਣੇ ਆਪ ਨੂੰ ਰਾਸ਼ਟਰੀ ਸਤਰ ਉਤੇ ਸਥਾਪਿਤ ਕਰ ਲੈਂਦੀ ਹੈ ਕਿਉਂਕਿ ਕਿ ਹੁਣ ਤੱਕ ਕੇਂਦਰੀ ਸੱਤਾ ਦੇ ਦੋ ਹੀ ਕੇਂਦਰ ਬਣੇ ਆ ਰਹੇ ਹਨ 'ਕਾਂਗਰਸ' ਅਤੇ 'ਭਾਰਤੀ ਜਨਤਾ ਪਾਰਟੀ' ਅਤੇ ਦੋਨੋ ਹੀ ਆਪਣੀ ਵਾਰੀ ਆਉਣ ਤੇ ਰੱਜ ਕੇ ਭ੍ਰਿਸ਼ਟਾਚਾਰ ਕਰਦੇ ਹਨ ਪਰ ਵਿਰੋਧੀ ਪਾਰਟੀ ਵਜੋਂ ਇਕ ਦੁੱਜੇ ਦੇ ਭ੍ਰਿਸ਼ਟਾਚਾਰ ਖਿਲਾਫ ਮੁੰਹ ਨਹੀ ਖੋਲਦੇ ਕਿਉਂਕਿ "ਹਮਾਮ ਮੇਂ ਸਭ ਨੰਗੇ ਹੈਂ"।
ਹੁਣ ਸਵਾਲ ਇਹ ਹੈ ਕਿ ਜਾਗਰੂਕ ਸਿੱਖਾਂ ਦਾ ਇਸ ਪਾਰਟੀ ਪ੍ਰਤੀ ਕੀ ਨਜ਼ਰੀਆਂ ਅਤੇ ਰਣਨੀਤੀ ਹੋਣੀ ਚਾਹੀਦੀ ਹੈ ?
ਰਾਜਨਿਤਕ ਤੌਰ ਉਪਰ ਸਿੱਖ ਕੌਮ ਦੀ ਸੱਭ ਤੋਂ ਵਡੀ ਘਾਟ ਇਹ ਹੈ ਕਿ ਮੁਸਲਿਮ ਸਮਾਜ ਦੀ ਤਰ੍ਹਾ ਸਿੱਖਾਂ ਦੀ ਵੋਟ ਸੰਗਠਿਤ ਨਹੀ ਹੈ, ਮੁਸਲਿਮ ਵੋਟ ਭਾਵੇਂ ਕਿਸੇ ਵੀ ਪਾਰਟੀ ਨੂੰ ਚਲੀ ਜਾਵੇ ਪਰ 'ਭਾਰਤੀ ਜਨਤਾ ਪਾਰਟੀ' ਨੂੰ ਨਹੀ ਜਾਂਦੀ ਅਤੇ ਇਸ ਲਈ ਬਾਕੀ ਸਾਰੀਆਂ ਪਾਰਟੀਆਂ ਇਸ ਵੋਟ ਬੈਂਕ ਨੂੰ ਖਿਚਣ ਵਾਸਤੇ ਅਡੀ ਚੋਟੀ ਦਾ ਜੋਰ ਲਾਉਂਦੀਆਂ ਹਨ ਅਤੇ ਇਸ ਗੱਲ ਦਾ ਫਾਇਦਾ ਚੁੱਕ ਕੇ ਮੁਸਲਿਮ ਸਮਾਜ ਆਪਣੇ ਸਮਾਜ ਦੇ ਭਲੇ ਵਾਸਤੇ ਇਨ੍ਹਾ ਪਾਰਟੀਆਂ ਕੋਲੋਂ ਬਹੁਤ ਕੁੱਝ ਕਰਵਾ ਲੈਂਦੇ ਹਨ ਅਤੇ ਇਸ ਗੱਲ ਨੂੰ ਹਾਈਲਾਈਟ ਵੀ ਨਹੀ ਹੋਣ ਦਿਂਦੇ, ਇਸੇ ਲਈ ਹੀ 'ਆਮ ਆਦਮੀ ਪਾਰਟੀ' ਵੀ ਇਸ ਵੋਟ ਬੈਂਕ ਨੂੰ ਆਪਣੇ ਵੱਲ ਖਿਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘੋਸ਼ਨਾਪੱਤਰ ਵਿਚ ਪਾਰਟੀ ਨੇ ਮੁਸਲਿਮ ਸਮਾਜ ਦੀ ਤਰਕੀ/ਉਨਤੀ ਵਾਸਤੇ ਕੁੱਝ ਘੋਸ਼ਨਾਵਾਂ ਕਿਤੀਆਂ ਹਨ, ਪਰ ਬਦਕਿਸਮਤੀ ਨਾਲ ਇਸ ਘੋਸ਼ਨਾਪੱਤਰ ਵਿਚ ਸਿੱਖਾਂ ਵਾਸਤੇ ਇਕ ਸ਼ਬਦ ਵੀ ਨਹੀ ਲਿਖਿਆ ਗਿਆ। ਮੁਸਲਿਮ ਅਤੇ ਸਿੱਖ ਸਮਾਜ ਦੇ ਵਿਵਹਾਰ ਵਿਚ ਇਕ ਜਾਹਰ ਫਰਕ ਦੇਖਣ ਨੂੰ ਇਹ ਮਿਲਿਆ ਕਿ ਜਿਥੇ ਅਰਵਿੰਦ ਕੇਜਰੀਵਾਲ ਮੁਸਲਿਮ ਸਭਾਵਾਂ ਵਿਚ ਉਨ੍ਹਾ ਦਾ ਸਮਰਥਨ ਮੰਗਣ ਵਾਸਤੇ ਖੁੱਦ ਹਾਜਰ ਹੋਇਆ ਉਥੇ ਦੂਜੇ ਪਾਸੇ ਬਹੁਤਾਤ ਸਿੱਖ ਭੋਲੇ-ਭਾ ਹੀ ਬਿਨਾਸ਼ਰਤ ਕੇਜਰੀਵਾਲ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਸਮਰਥਨ ਕਰਨ ਵਿਚ ਕੋਈ ਬੁਰਾਈ ਨਹੀ ਜੇ ਸਿੱਖ ਕੌਮ ਦਾ ਭਲਾ ਹੁੰਦਾ ਹੋਵੇ ਪਰ ਗੱਲ ਦੋਨਾ ਕੌਮਾ ਦੇ ਵਿਵਹਾਰ ਵਿਚਲੇ ਫਰਕ ਦੀ ਹੈ।
ਜਾਗਰੂਕ ਸਿੱਖਾਂ ਨੂੰ ਵੇਲਾ ਸੰਭਾਲ ਲੈਣਾ ਚਾਹੀਦਾ ਹੈ ਅਤੇ ਬਹੁਤ ਜਲਦ ਹੀ ਇਕ ਕਮੇਟੀ ਬਣਾ ਕੇ ਵੱਧ ਤੋਂ ਵੱਧ ਸਿੱਖ ਜਥੇਬੰਦੀਆਂ, ਬੁਧੀਜੀਵਿਆਂ ਅਤੇ ਆਮ ਵਿਅਕਤੀਆਂ ਨੂੰ ਇਸ ਵਿਚ ਸ਼ਾਮਿਲ ਕਰਕੇ, ਰਾਜਨਿਤਕ ਅਤੇ ਕਾਨੂੰਨੀ ਮਾਹਰਾਂ ਦਾ ਅਤੇ ਤਾਲਮੇਲ ਵਾਸਤੇ, ਦੋ ਅੱਡ-ਅੱਡ ਪੈਨਲ ਬਣਾ ਕੇ 'ਆਮ ਆਦਮੀ ਪਾਰਟੀ' ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਇਸ ਕਮੇਟੀ ਦਾ ਸਿਰਫ ਇਕ ਹੀ ਅਜੰਡਾ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਭਲਾਈ ਵਾਸਤੇ ਅਸੀ 'ਆਮ ਆਦਮੀ ਪਾਰਟੀ' ਕੋਲੋਂ ਕਿਹੜੇ ਅਤੇ ਕਿਸ ਤਰ੍ਹਾ ਕੰਮ ਲੈ ਸਕਦੇ ਹਾਂ। ਇਸ ਲਈ ਵੱਖ-ਵੱਖ ਮੁਦਿਆਂ ਉਪਰ ਵਿਰੋਧੀ ਵਿਚਾਰ ਰਖਣ ਵਾਲੇ ਵਿਅਕਤੀਆਂ ਅਤੇ ਜਥੇਬੰਦੀਆਂ ਨੂੰ ਕੌਮ ਦੀ ਭਲਾਈ ਵਾਸਤੇ ਇਸ ਕਮੇਟੀ ਵਿਚ ਸ਼ਾਮਿਲ ਹੋਣ ਲਈ ਕੋਈ ਔਖ ਮਹਿਸੂਸ ਨਹੀ ਹੋਵੇਗੀ। ਸਿਰਫ ਇਕ ਹੀ ਔਖ ਇਸ ਕੰਮ ਵਿਚ ਆ ਸਕਦੀ ਹੈ ਉਹ ਹੈ ਚੌਧਰ ਅਤੇ ਅਹੁਦੇ ਦੀ ਲਾਲਸਾ, ਜੇ ਇਸ ਔਖ ਨਾਲ ਸਫਲਤਾ ਪੂਰਵਕ ਨਿਪਟ ਲਿਆ ਜਾਏ ਤਾਂ ਕੌਮ ਦਾ ਕੁੱਝ ਭਲਾ ਇਹ ਕਮੇਟੀ ਜਰੂਰ ਕਰ ਸਕੇਗੀ ।
ਕਿਰਪਾ ਕਰਕੇ ਇਸ ਨੂੰ ਇਸ ਤਰ੍ਹਾ ਨਾ ਸੋਚਿਆ ਜਾਵੇ ਕਿ ਇਹ ਇਕ ਚੰਗਾ ਖਿਆਲ ਹੈ ਪਰ ਮੁਮਕਿਨ ਨਹੀ, ਕਿਉਂਕਿ ਵੈਬਸਾਈਟਾਂ ਉਪਰ ਬਹਿਸਾਂ ਕਰ-ਕਰ ਕੇ ਅਸੀ ਸੱਭ ਨੇ ਆਪਣੇ ਅੰਦਰ ਇਕ ਦੁੱਜੇ ਪ੍ਰਤੀ ਇਤਨੀ ਕੁੜੱਤਨ ਪੈਦਾ ਕੱਰ ਲਈ ਹੈ ਕਿ ਅਸੀ ਇਕ ਦੁੱਜੇ ਨਾਲ ਰਾਬਤਾ ਵੀ ਨਹੀ ਕਰਨਾ ਚਾਹੁੰਦੇ ਕਿਉਂਕਿ ਸਾਡੀ ਹਉੇਮੈ ਸਾਨੂੰ ਇਸ ਤਰ੍ਹਾ ਕਰਨ ਨਹੀ ਦਿੰਦੀ, ਬਲਕਿ ਇਸ ਤਰ੍ਹਾ ਸੋਚ ਕੇ ਸ਼ੁਰਵਾਤ ਕੀਤੀ ਜਾਵੇ ਕਿ ਇਹ ਇਕ ਸੁਨਿਹਰੀ ਮੌਕਾ ਹੈ ਅਤੇ ਜੇ ਇਸ ਦਾ ਹੁਣ ਫਾਇਦਾ ਨਾ ਉਠਾ ਸਕੇ ਤਾਂ ਫੇਰ ਸਿੱਖ ਕੌਮ ਦਾ ਜੋ ਹਸ਼ਰ ਹੋ ਰਿਹਾ ਹੈ ਉਸ ਵਿਚ ਅਸੀ ਸੱਭ ਤੋਂ ਵੱਡੇ ਗੁਨਹਗਾਰ ਹੋਵਾਂਗੇ ਜੋ ਆਪਣੇ ਆਪ ਨੂੰ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲੇ ਅਤੇ ਜਾਗਰੂਕ ਤਾਂ ਕਹਾਉਂਦੇ ਹਾਂ ਪਰ ਕੌਮ ਵਾਸਤੇ ਕੁੱਝ ਉਦਮ ਅਤੇ ਤਿਆਗ ਕਰਣ ਨੂੰ ਬਿਲਕੁੱਲ ਵੀ ਤਿਆਰ ਨਹੀ। ਫੇਰ ਤਾਂ ਸਾਨੂੰ ਆਪਣੇ ਆਪ ਨੂੰ ਵੀ ਉਨ੍ਹਾ ਦੀ ਹੀ ਸ਼੍ਰੇਣੀ ਵਿਚ ਸਮੱਝਨਾ ਚਾਹੀਦਾ ਹੈ ਜਿਨ੍ਹਾ ਬਾਦਲਕਿਆਂ ਅਤੇ ਪੂਜਾਰੀਆਂ ਨੂੰ ਅਸੀ ਲਾਹਨਤਾਂ ਪਾਉਂਦੇ ਹਾਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ੁਰਵਾਤ ਕੌਣ ਕਰੇ ਅਤੇ ਕਿਸ ਤਰ੍ਹਾ ਕਰੇ ?
ਇਹ ਕੋਈ ਬਹੁਤਾ ਔਖਾ ਕੰਮ ਨਹੀ ਕੋਈ ਵੀ ਸਿੱਖ ਜਥੇਬੰਦੀ ਜਾਂ ਕੋਈ ਵੀ ਸਿੱਖ ਵਿਅਕਤੀ ਅੱਗੇ ਆ ਕੇ ਆਪਣਾ ਨਾਮ ਪੇਸ਼ ਕਰ ਸਕਦਾ ਹੈ ਜੋ "ਗੁਰੂ ਗ੍ਰੰਥ ਸਾਹਿਬ ਜੀ" ਉਪਰ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ ਨਿਸ਼ਚਾ ਰਖਦਾ ਹੈ ( ਕ੍ਰਿਪਾ ਕਰਕੇ ਸ਼ਬਦਾਵਲੀ ਦੀ ਚੀਰ ਫਾੜ ਕੀਤੇ ਬਿਨਾ ਭਾਵਨਾ ਨੂੰ ਸਮਝਿਆ ਜਾਵੇ ਜੀ ) ਅਤੇ ਜੋ ਬਾਕੀ ਸਾਰਿਆਂ ਨਾਲ ਤਾਲਮੇਲ ਕਰ ਸਕੇ ਪਰ ਸ਼ਰਤ ਇਹ ਹੈ ਕਿ ਸਾਨੂੰ ਆਪਣੇ ਮਨ ਵਿਚੋਂ ਦੁਸਰਿਆਂ ਪ੍ਰਤੀ ਪਰਪੱਕ ਹੋ ਚੁੱਕੇ ਪੂਰਵਗ੍ਰਿਹ ਵਿਚਾਰਾਂ ਨੂੰ ਇਸ ਉਪਰ ਹਾਵੀ ਨਹੀ ਹੋਣ ਦੇਣਾ ਨਹੀ ਤਾਂ ਜਿਹੜਾ ਵੀ ਨਾਮ ਅੱਗੇ ਆਵੇਗਾ ਉਸ ਦਾ ਕੋਈ ਨਾ ਕੋਈ ਵਿਰੋਧੀ ਤਾਂ ਜਰੂਰ ਹੀ ਨਿਕਲ ਆਵੇਗਾ।
ਇਹ ਕਮੇਟੀ ਬਨਾਉਣ ਦੀ ਸ਼ੁਰਵਾਤ ਕਰਨ ਵਾਸਤੇ, ਦਾਸ ਕਿਸੇ ਦੇ ਵੀ, ਕਿਸੇ ਵੀ ਕੰਮ ਆ ਸਕੇ ਤਾਂ ਆਪਣੇ ਆਪ ਨੂੰ ਵਡਭਾਗੀ ਸਮਝਾਂਗਾ ਜੀ।
ਕੌਮ ਦੀ ਚੜਦੀ ਕਲਾ ਦੀ ਆਸ ਵਿਚ।
ਦਾਸਰਾ
ਹਰਮੀਤ ਸਿੰਘ ਖਾਲਸਾ।
ਮੋਬਾਈਲ : 9977450337
ਹਰਜੀਤ ਸਿੰਘ ਖਾਲਸਾ
ਜਾਗਰੂਕ ਸਿੱਖਾਂ ਦੀ “ ਆਮ ਆਦਮੀ ਪਾਰਟੀ ” (ਆਪ) ਵਾਸਤੇ ਕੀ ਨੀਤੀ ਹੋਣੀ ਚਾਹੀਦੀ ਹੈ ?
Page Visitors: 2883