ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੀ ਮਿਲ ਰਿਹੈ ਉਮੀਦੋਂ ਵੱਧ ਹੁੰਗਾਰਾ
ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੀ ਮਿਲ ਰਿਹੈ ਉਮੀਦੋਂ ਵੱਧ ਹੁੰਗਾਰਾ
|
ਪੇਂਡੂ ਪੰਜਾਬੀ ਨੌਜਵਾਨ ਫੇਸ ਬੁੱਕ ਤੇ ਵਟ੍ਹਸਐਪ ਦੇ ਹੋਏ ਨਸ਼ਈ; ਹੈਰਾਨੀਜਨਕ ਹੋ ਸਕਦੇ ਨੇ ਪੰਜਾਬ ਲੋਕ ਸਭਾ ਚੋਣ ਨਤੀਜ ੇ
ਬਲਜੀਤ ਬੱਲੀ
ਪਿਛਲੇ ਹਫ਼ਤੇ ਮੈਂ ਇੱਕ ਭੋਗ ਦੇ ਮੌਕੇ ਪਟਿਆਲੇ ਗਿਆ ਸੀ। ਇਸ ਜ਼ਿਲ੍ਹੇ ਦਾ ਇੱਕ ਸਥਾਨਕ ਅਕਾਲੀ ਆਗੂ ਕਈ ਵਰ੍ਹਿਆਂ ਬਾਅਦ ਮਿਲਿਆ ਸੀ । ਮੈਂ ਹਾਲ ਚਾਲ ਪੁੱਛਿਆ ਲੋਕ ਸਭਾ ਚੋਣਾ ਦਾ । ਉਹ ਕਹਿਣ ਲੱਗਾ -ਸਾਰਾ ਦਾਰੋਮਦਾਰ ਆਮ ਆਦਮੀ ਪਾਰਟੀ ਵਾਲੇ ਦੇ ਸਿਰ ਤੇ ਹੈ ਕਿ ਉਹ ਕਿੰਨੀਆਂ ਕੁ ਵੋਟਾਂ ਲੈਂਦੈ- ਨਾਲ ਹੀ ਕਹਿਣ ਲੱਗਾ ਕਿ ਪਿੰਡਾਂ ਤਕ ਵੀ ਇਸ ਪਾਰਟੀ ਦੀ ਪਹੁੰਚ ਹੋ ਗਈ ਹੈ -ਕਦੇ ਕਦੇ ਇਹ ਵੀ ਲੱਗਣ ਲੱਗਣ ਲੱਗ ਜਾਂਦੈ ਕਿ ਕਿਤੇ 1989 ਵਾਂਗ ਹੀ ਨਾ ਹੋ ਜਾਵੇ।'' 1989 ਦੀਆਂ ਲੋਕ ਸਭਾ ਚੋਣਾਂ ਦਾ ਇਤਿਹਾਸ (ਇਹ ਉਹ ਲੋਕ ਸਭਾ ਚੋਣਾਂ ਸਨ ਜਦੋਂ ਸਾਰਿਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ ਸਨ ਅਤੇ ਮਾਨ ਦਲ ਦੇ ਜਾਂ ਗਰਮ ਦਲੀ ਸਿੱਖ ਸਿਆਸਤ ਦੇ ਪ੍ਰਤੀਕ ਬਣੇ ਸਾਧਾਰਨ ਉਮੀਦਵਾਰ ਵੀ ਜੇਤੂ ਰਹੇ ਸਨ ) ਦੁਹਰਾਇਆ ਜਾਵੇ ਜਾਂ ਨਾ ਇਹ ਸਵਾਲ ਤਾਂ ਅਜੇ ਹਕੀਕੀ ਨਹੀਂ ਲਗਦਾਪਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਿਸ ਆਮ ਆਦਮੀ ਪਾਰਟੀ ਦੇ ਵਰਕਰਾਂ , ਹਿੰਮਤੀਆਂ ਅਤੇ ਹਮਦਰਦਾਂ ਦਾ ਪਸਾਰਾ ਹੋ ਰਿਹੈ, ਇਸ ਨੇ ਪੰਜਾਬ ਦੇ ਲੋਕ ਸਭਾ ਚੋਣ- ਮੈਦਾਨ ਵਿਚ ਨਵਾਂ ਰੰਗ ਭਰ ਦਿੱਤਾ ਹੈ।ਪਟਿਆਲਾ , ਸੰਗਰੂਰ, ਲੁਧਿਆਣਾ ,ਗੁਰਦਾਸਪੁਰ ਅਤੇ ਫ਼ਰੀਦਕੋਟ ਵਰਗੇ ਹਲਕੇ ਵਿਚ ਵੀ ਕੇਜਰੀਵਾਲ ਪਾਰਟੀ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹੈ,ਇਸਦੀ ਉਮੀਦ ਨਾ ਤਾਂ ਪੰਜਾਬ ਦੇ ਸਿਆਸੀ ਹਲਕਿਆਂ ਨੂੰ ਸੀ ਤੇ ਨਾ ਹੀ ਸ਼ਾਇਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸੀ ।ਕੇਜਰੀਵਾਲ ਦੇ ਰੋਡ ਸ਼ੋਅ ਨੂੰ ਵੱਖ ਵੱਖ ਸ਼ਹਿਰਾਂ ਵਿਚ ਲੋਕਾਂ ਦੇ ਮਿਲੇ ਆਪ ਮੁਹਾਰੇ ਹੁੰਗਾਰੇ ਨੇ ਰਵਾਇਤੀ ਸਿਆਸੀ ਨੇਤਾਵਾਂ ਦੇ ਕੰਨ ਖੜ੍ਹੇ ਕਰ ਦਿੱਤੇ ਨੇ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੀਆਂ ਪੇਂਡੂ ਗਲੀਆਂ ਵਿਚ ਵੀ ਆਪ ਦੀਆਂ ਟੋਪੀਆਂ ਜਾਂ ਪੱਗਾਂ'ਤੇ ਝਾੜੂ ਵਾਲੀਆਂ ਪੱਤਿਆਂ ਨਜ਼ਰ ਆਉਣ ਲੱਗੀਆਂ ਨੇ ।ਇਹ ਸਵਾਲ ਵੀ ਚਰਚਾ ਦਾ ਵਿਸ਼ਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਉਭਾਰ ਦਾ ਲਾਭ ਕਿਸਨੂੰ ਮਿਲੇਗਾ ? ਕੀ ਇਸ ਨਾਲ ਹਾਕਮ ਅਕਾਲੀ- ਬੀ ਜੇ ਪੀ ਗੱਠਜੋੜ ਦੇ ਖ਼ਿਲਾਫ਼ ਪੈਦਾ ਹੋਇਆ ਵੋਟ ਬੈਂਕ ਵੰਡਿਆ ਜਾਵੇਗਾ ? ਕੀ ਇਸ ਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ ? ਜਾਂ ਕੁਝ ਇੱਕ ਲੋਕ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਖ਼ੁਦ ਹੀ ਝਾੜੂ ਫੇਰ ਸਕਦੇ ਨੇ ?ਸਵਾਲ ਇਹ ਵੀ ਖੜ੍ਹਾ ਹੈ ਕੀ ਇਸ ਪਾਰਟੀ ਨੂੰ ਮਿਲ ਰਿਹਾ ਹੁੰਗਾਰਾ ਵੋਟਾਂ ਵਿਚ ਪੂਰਾ ਤਬਦੀਲ ਹੋਵੇਗਾ ?
ਹੋਰਨਾ ਥਾਵਾਂ ਵਾਂਗ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸ਼ੁਰੂ ਹੋਏ ਫੈਲਾਅ ਵਿਚ ਕਾਫ਼ੀ ਅਹਿਮ ਰੋਲ ਸੋਸ਼ਲ ਨੈੱਟ ਵਰਕ ਮੀਡੀਆ ਦਾ ਹੈ।ਪੰਜਾਬ ਦੇ ਪਿੰਡਾਂ ਤਕ ਦੇ ਬਹੁਤ ਸਾਰੇ ਨੌਜਵਾਨ ਸਮਾਰਟ ਫੋਨਾਂ ਰਾਹੀਂ ਫੇਸ ਬੁੱਕ ਅਤੇ ਵਟ੍ਹਸਐਪ ਦੀ ਵਰਤੋਂ ਦੇ ਆਦੀ ਹੋ ਰਹੇ ਨੇ। ਤੇ ਸੋਸ਼ਲ ਨੈੱਟ ਵਰਕ ਮੀਡੀਆ ਵਿਚ ਕੇਜਰੀਵਾਲ ਦੀ ਪਾਰਟੀ ਦਾ ਪ੍ਰਚਾਰ ਅਤੇ ਸੁਨੇਹੇ ਬਹੁਤ ਤੇਜ਼ੀ ਨਾਲ ਘੁੰਮਦੇ ਹਨ।ਇਸ ਮੰਤਵ ਲਈ ਪਾਰਟੀ ਨੂੰ ਅਤੇ ਇਸ ਦੇ ਸਮਰਥਕਾਂ ਨੂੰ ਕੋਈ ਉਚੇਚਾ ਖ਼ਰਚਾ ਨਹੀਂ ਕਰਨਾ ਪੈਂਦਾ ।
ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚੋਂ ਆ ਰਹੀਆਂ ਖ਼ਬਰਾਂ / ਰਿਪੋਰਟਾਂ ਇਹ ਤਾਂ ਸੰਕੇਤ ਕਰਦੀਆਂ ਹਨ ਕਿ ਅਕਾਲੀ-ਬੀ ਜੇ ਪੀ ਦਾ ਹਿਮਾਇਤੀ ਤੇ ਪੱਕਾ ਵੋਟ ਬੈਂਕ ਮੌਜੂਦ ਹੈ ਪਰ ਸਰਕਾਰ ਦੇ ਖ਼ਿਲਾਫ਼ ਲੋਕਾਂ ਦੇ ਕੁਝ ਹਿੱਸਿਆਂ ਵਿਚ ਗ਼ੁੱਸੇ-ਗਿਲੇ ਕਾਫ਼ੀ ਮੌਜੂਦ ਹਨ ਕੁਝ ਸ਼ਹਿਰੀ ਹਲਕਿਆਂ ਵਿਚ ਕਾਫ਼ੀ ਤਿੱਖਾ ਵਿਰੋਧ ਵੀ ਹੈ। ਸਵਾਲ ਇਹੀ ਹੈ ਕਿ ਕਾਂਗਰਸ ,ਆਪ ਤੇ ਹੋਰ ਵਿਰੋਧੀ ਧਿਰਾਂ ਇਸ ਐਂਟੀ-ਇਨਕਮਬੈਂਸੀ ਦਾ ਕਿੰਨਾ ਕੁ ਲਾਹਾ ਲੈ ਸਕਦੀਆਂ ਨੇ ?
ਰਵਾਇਤੀ ਫ਼ਾਰਮੂਲੇ ਮੁਤਾਬਕ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਜਿੰਨੀਆਂ ਵੱਧ ਵੋਟਾਂ ਕੇਜਰੀਵਾਲ ਪਾਰਟੀ ਦੇ ਉਮੀਦਵਾਰ ਹਾਸਲ ਕਰਨਗੇ , ਉਨ੍ਹਾਂ ਹੀ ਵੱਧ ਨੁਕਸਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਹੀ ਹੋਵੇਗਾ ਪਰ ਤਾਜ਼ਾ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਆਮ ਆਦਮੀ ਪਾਰਟੀ ਪਟਿਆਲੇ , ਸੰਗਰੂਰ ,ਗੁਰਦਾਸਪੁਰ ਅਤੇ ਫ਼ਰੀਦਕੋਟ ਦੀਆਂ ਕੁਝ ਨੁੱਕਰਾਂ ਵਿਚ ਵਿੱਚ ਅਕਾਲੀ-ਬੀ ਜੇ ਪੀ ਗੱਠਜੋੜ ਦੇ ਵੋਟ ਬੈਂਕ ਵਿੱਚ ਵੀ ਸੰਨ੍ਹ ਲਾ ਰਹੀ ਹੈ ।ਇਸ ਲਈ ਚੋਣ ਨਤੀਜਿਆਂ ਤੇ ਇਸ ਪਾਰਟੀ ਦੀ ਹੋਂਦ ਤੇ ਸਰਗਰਮੀ ਦਾ ਕਿਸ ਤਰ੍ਹਾਂ ਦਾ ਅਸਰ ਹੋਵੇਗਾ , ਪੂਰਾ ਹਿਸਾਬ ਲਾਉਣਾ ਔਖਾ ਹੈ ।
ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ।ਇਸ ਦੇ ਕੁਝ ਉਮੀਦਵਾਰ ਸਿਆਸੀ ਅਤੇ ਜਾਣੇ - ਪਛਾਣੇ ਨੇ ਤੇ ਬਾਕੀ ਨਵੇਂ ਨੇ ।
ਬਠਿੰਡੇ ਵਿੱਚ ਇਸ ਪਾਰਟੀ ਦਾ ਉਮੀਦਵਾਰ ਮੁਕਾਬਲਤਨ ਨਵਾਂ, ਬਾਹਰਲਾ ਅਤੇ ਕਮਜ਼ੋਰ ਸਮਝਿਆ ਜਾਂਦਾ ਹੈ।ਕੇਜਰੀਵਾਲ ਵੱਲੋਂ ਇਹ ਮਿੱਥ ਕੇ ਕੀਤਾ ਗਿਆ ਜਾਂ ਇਹ ਸਬੱਬ ਹੈ-ਕੋਈ ਜਾਣਕਾਰੀ ਨਹੀਂ ਪਰ ਜੇਕਰ ਆਪ ਦਾ ਉਮੀਦਵਾਰ ਤਕੜਾ ਹੁੰਦਾ ਤਾਂ ਇਸ ਦਾ ਨੁਕਸਾਨ ਕਾਂਗਰਸ ਅਤੇ ਮਨਪ੍ਰੀਤ ਬਦਲ ਨੂੰ ਵਧੇਰੇ ਹੋਣ ਦੇ ਆਸਾਰ ਸਨ ।
ਬਲਜੀਤ ਬੱਲੀ
ਸੰਪਾਦਕ ਬਬੁਸ਼ਾਹੀ ਡਾਟ ਕਾਮ
9888086711 |
|