# = ਕੌਮੀ ਦਰਦ = #
ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖਾਂ ਵਿਚ ਇਤਨਾ ਪ੍ਰਬਲ ਕੌਮੀ ਜਜ਼ਬਾ ਭਰਿਆ ਕਿ ਜਿਤਨੀਆਂ ਸ਼ਹਾਦਤਾਂ ਅਤੇ ਤਸੀਹੇ ਸਿੱਖਾਂ ਨੇ ਆਪਣੀ ਕੌਮ ਵਾਸਤੇ ਝੱਲੇ ਬਹੁਤ ਹੀ ਘੱਟ ਕੌਮਾਂ ਨੇ ਝੱਲੇ ਹੋਣਗੇ, ਸਿਖਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾੳੇੁਣੇ, ਖੋਪਰੀਆਂ ਲੁਹਾਉਣੀਆਂ, ਆਰਿਆਂ ਨਾਲ ਚਿਰਿਵਾਇਆ ਜਾਣਾ, ਚਰਖੜਿਆਂ ਉੱਤੇ ਚੜਾਇਆ ਜਾਣਾ, ਖੌਲਦੇ ਪਾਣੀ ਵਿਚ ਉਬਾਲਿਆ ਜਾਣਾ, ਰੂੰਹ ਵਿਚ ਲਪੇਟ ਕੇ ਸਾੜਿਆ ਜਾਣਾ, ਬੰਦ-ਬੰਦ ਕਟਵਾਏ ਜਾਣਾ ਅਤੇ ਵਿਹਵੀ ਸਦੀ ਵਿਚ ਹਿੰਦ ਸਰਕਾਰ ਦਵਾਰਾ ਢਾਏ ਗਏ ਜ਼ੁਲਮਾਂ ਵਿਚ, ਗਰਮ ਸਲਾਖਾਂ ਨਾਲ ਅਖਾਂ ਕਢਵਾਉਣੀਆਂ, ਗੁਪਤ ਅੰਗਾਂ ਵਿਚ ਕੱਚ ਦੀਆਂ ਬੋਤਲਾਂ ਪਾਈਆਂ ਜਾਣੀਆਂ, ਦੋਵੇਂ ਲੱਤਾਂ ਜੀਪਾਂ ਨਾਲ ਬਨ ਕੇ ਉਲਟੀ ਦਿਸ਼ਾ ਵੱਲ ਚਲਾ ਕੇ ਲੱਤਾਂ ਪਾੜੀਆਂ ਜਾਣੀਆਂ, ਖੌਲਦੇ ਪਾਂਣੀ ਵਿਚ ਉਬਾਲਿਆ ਜਾਣਾ, ਗਰਮ ਪ੍ਰੇਸਾਂ ਦਵਾਰਾ ਸ਼ਰੀਰ ਨੂੰ ਸਾੜਿਆ ਜਾਣਾ ਆਦਿ ਅਜਿਹੇ ਅਣਮਨੁੱਖੀ ਤਸੀਹੇ ਹਨ ਜੋ ਸਿੱਖਾਂ ਨੇ ਪ੍ਰਬਲ ਕੌਮੀ ਜਜ਼ਬੇ ਹੇਠ ਆਪਣੀ ਕੌਮ ਦੀ ਚੜਦੀ ਕਲਾ ਵਾਸਤੇ ਆਪਣੇ ਉਪਰ ਹੰਢਾਏ ਹਨ।
ਅੱਜ ਵੀ ਸਿੱਖਾਂ ਵਿਚ ਕੌਮੀ ਜਜ਼ਬਾ ਉਤਨਾ ਹੀ ਪ੍ਰਬਲ ਹੈ ਫਰਕ ਸਿਰਫ ਏਨਾ ਹੈ ਕਿ ਅੱਜ ਅਜਿਹੇ ਸਿੱਖ ਥੋੜੇ ਘੱਟ ਗਿਣਤੀ ਵਿਚ ਹਨ ਜਦਕਿ ਵਿਹਵੀਂ ਸੱਦੀ ਵਿਚ ਅਜਿਹੇ ਸਿੱਖ ਬਹੁਤਾਤ ਵਿਚ ਸਨ। ਕੁੱਝ ਦਿਨ ਪਹਿਲਾਂ ਦਾਸ ਦਾ ਇਕ ਲੇਖ “ਜਾਗਰੂਕ ਸਿੱਖਾਂ ਦੀ ‘ਆਮ ਆਦਮੀ ਪਾਰਟੀ’ ਵਾਸਤੇ ਕੀ ਰਣਨੀਤੀ ਕੀ ਹੋਣੀ ਚਾਹੀਦੀ ਹੈ?” ਪੜ੍ਹ ਕੇ ਕੁੱਝ ਵੀਰਾਂ ਦੇ ਅਤੇ ਇਕ ਬਜ਼ੁਰਗ ਬੀਬੀ ਦਾ ਫੋਨ ਆਇਆ, ਸਾਰਿਆਂ ਦੀ ਹੀ ਭਾਵਨਾ ਅਤੇ ਆਵਾਜ਼ ਕੌਮੀ ਦਰਦ ਨਾਲ ਲਬਰੇਜ਼ ਸੀ ਪਰ ਸੱਭ ਤੋਂ ਵੱਧ ਪ੍ਰਬਲ ਭਾਵਨਾ ਬਜੁਰਗ ਬੀਬੀ ਦੀ ਸੀ ਜਿਸ ਦੀ ਅਵਾਜ਼ ਵਿਚ ਕੌਮ ਪ੍ਰਤੀ ਅਥਾਹ ਪ੍ਰੁੇਮ, ਦਰਦ, ਭਾਵੁਕਤਾ, ਮਿਨਤ ਅਤੇ ਮਾਯੂਸੀ ਦੇ ਨਾਲ ਨਾਲ ਇਕ ਉਮੀਦ ਦੀ ਕਿਰਣ ਵੀ ਮੌਜ਼ੂਦ ਸੀ। ਦਾਸ ਨੂੰ ਇੰਝ ਜਾਪਿਆ ਕਿ ਜਿਵੇਂ ਕੋਈ ਮਾਂ ਆਖਰੀ ਸਾਹ ਲੈ ਰਹੇ ਆਪਣੇ ਮਰਦੇ ਹੋਏ ਬੱਚੇ ਨੂੰ ਬਚਾਉਣ ਵਾਸਤੇ ਰੱਬ ਅੱਗੇ ਤਰਲਾ ਲੈਂਦੀ ਹੈ ਠੀਕ ਉਸੇ ਹੀ ਤਰ੍ਹਾ ਦੀ ਭਾਵਨਾ ਨਾਲ ਇਹ ਬਜ਼ੁਰਗ ਬੀਬੀ ਆਪਣੀ ਮੌਤ ਤੋਂ ਪਹਿਲਾਂ ਆਪਣੀ ਸਿੱਖ ਕੌਮ ਦੀ ਚੜਦੀ ਕਲਾ ਦੇਖਣਾ ਲੋਚਦੀ ਹੈ। ਉਹ ਬੀਬੀ ਦਾਸ ਨੂੰ ਕੌਮ ਦੀ ਚੜਦੀ ਕਲਾ ਵਾਸਤੇ ਕੁੱਝ ਕਰਣ ਲਈ ਮਿਨਤ ਕਰ ਰਹੀ ਸੀ।
ਉਦੋ ਤੋਂ ਹੀ ਮਨ ਵਿਚ ਇਹ ਖਿਆਲ ਚੱਲ ਰਿਹਾ ਹੈ ਕਿ ਜਿਤਨੀ ਪ੍ਰਬਲ ਭਾਵਨਾ ਇਸ ਬੀਬੀ ਅੰਦਰ ਕੌਮ ਪ੍ਰਤੀ ਹੈ ਕਿ ਇਤਨੀ ਹੀ ਪ੍ਰਬਲ ਭਾਵਨਾ ਸਾਡੀਆਂ ਕਹੀਆਂ ਜਾਂਦੀਆਂ ਵੱਖ-ਵੱਖ ਕੌਮੀ ਜਥੇਬੰਦੀਆਂ ਦੇ ਅੰਦਰ ਵੀ ਹੈ? ਜੇ ਵਾਕਿਆ ਹੀ ਹੈ ਤੇ ਫੇਰ ਕੀ ਕਾਰਣ ਹੈ ਕਿ ਉਹ ਕੌਮ ਵਾਸਤੇ ਇਤਨੇ ਬਿਖਮ ਸਮੇਂ ਵਿਚ ਵੀ ਕੁੱਝ ਉਸਾਰੂ ਅਤੇ ਮਹਤੱਵਪੂਰਨ ਕੰਮ ਕਰਨ ਵਿਚ ਅਸਮਰਥ ਹਨ? ਸੱਭ ਤੋਂ ਵੱਡਾ ਕਾਰਣ ਦਾਸ ਨੂੰ ਜਾਪਿਆ ਕਿ ਕੋਈ ਵੀ ਜਥੇਬੰਦੀ ਕਿਸੇ ਦੂਸਰੀ ਜਥੇਬੰਦੀ ਨਾਲ ਕਿਸੇ ਇਕ ਵੀ ਮੁੱਦੇ ਉਪਰ ਇਕਠੇ ਹੋਣ ਨੂੰ ਤਿਆਰ ਨਹੀ ਕਾਰਣ ਇਹ ਕਿ, ਜਿਹੜੀ ਇਕਠਿਆਂ ਹੋ ਕੇ ਨਵੀਂ ਜਥੇਬੰਦੀ ਬਣੇਗੀ ਉਸ ਦਾ ਪ੍ਰਧਾਨ ਮੇਰੇ ਤੋਂ ਸਿਵਾ ਕੋਈ ਹੋਰ ਨਹੀ ਹੋਣਾ ਚਾਹੀਦਾ ਜਾਂ ਉਸ ਵਿਚ ਮੇਰੀ ਸੋਚ ਅਨੁਸਾਰ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਬਾਕੀਆਂ ਪ੍ਰਤੀ ਮੇਰੇ ਮਨ ਵਿਚ ਖਾਰ, ਨਫਰਤ ਅਤੇ ਖੁੰਦਕ ਭਰੀ ਪਈ ਹੈ ਜਿਸ ਕਾਰਣ ਮੇਰੇ ਕੋਲੋਂ ਉਨ੍ਹਾ ਦੀ ਮੌਜ਼ੂਦਗੀ ਬੜੀ ਔਖੀ ਬਰਦਾਸ਼ ਹੁੰਦੀ ਹੈ ਪਰਧਾਨਗੀ ਕਿਥੋਂ ਬਰਦਾਸ਼ ਹੋਵੇਗੀ। ਵਿਡੰਬਨਾ ਦੀ ਗੱਲ ਇਹ ਹੈ ਕਿ ਸਾਰੀਆਂ ਹੀ ਜਥੇਬੰਦੀਆਂ ਨੂੰ ਇਸ ਕਮੀ ਦਾ ਪਤਾ ਹੈ ਅਤੇ ਉਹ ਇਸ ਗੱਲ ਨੂੰ ਖੁੱਲੇਆਮ ਆਪਣੇ ਲੇਖਾਂ ਵਿਚ ਜਾਂ ਨਿਜੀ ਗੱਲਬਾਤਾਂ ਵਿਚ ਸਵਿਕਾਰ ਵੀ ਕਰਦੀਆਂ ਹਨ ਅਤੇ ਜਥੇਬੰਦੀਆਂ ਦੇ ਆਗੂ ਕਿਸੇ ਕੌਮੀ ਇਕਠ ਜਾਂ ਮਿਟੀੰਗ ਵਿਚ ਆਪਣੇ ਆਪ ਨੂੰ ਨਿਮਾਣਾ ਦਰਸਾਉਣ ਦੀ ਭਰਭੂਰ ਕੋਸ਼ਿਸ ਵੀ ਕਰਦੇ ਹਨ ਅਤੇ ਇਸ ਕਮੀ ਦਾ ਜਿਕਰ ਵੀ ਕਰਦੇ ਹਨ ਪਰ ਅਫਸੋਸ, ਇਸ ਦੇ ਬਾਵਜ਼ੂਦ ਉਹ ਇਸ ਗੱਲ ਨੂੰ ਆਪਣੇ ਉਪਰ ਲਾਗੂ ਕਰਣ ਦੀ ਬਜਾਏ ਦੂਜੇ ਨੂੰ ਇਸ ਦਾ ਦੋਸ਼ੀ ਮਨੰਦੇ ਹਨ ਅਤੇ ਕੌਮ ਦੇ ਭਲੇ ਵਾਸਤੇ ਇਕਠਿਆਂ ਹੋਣ ਨੂੰ ਤਿਆਰ ਨਹੀ ਹੁੰਦੇ ਕਿੳੇੁਂਕਿ ਉਨ੍ਹਾ ਦੀ ਨਿਜ ਦੀ ਹਉਮੈਂ ਅਤੇ ਚੌਧਰ ਉਨ੍ਹਾ ਨੂੰ ਇਸ ਤਰ੍ਹਾ ਕਰਨ ਨਹੀ ਦਿੰਦੀ।
ਗੁਰਬਾਣੀ ਵਿਚ ਹਉਮੈਂ ਨੂੰ ‘ਦੀਰਗ ਰੋਗ’ ਕਿਹਾ ਗਿਆ ਹੈ ਕਿਉਂਕਿ ਪੰਜਾ ਵੀਕਾਰਾਂ ਵਿਚੋਂ ਸਿਰਫ ਇਹ ਹੀ ਇਕ ਅਜਿਹਾ ਰੋਗ ਹੈ ਜੋ ਕਿ ਇਸ ਤੋਂ ਗ੍ਰਸੇ ਹੋਏ ਇੰਸਾਨ ਨੂੰ ਇਹ ਪਤਾ ਹੀ ਨਹੀ ਲਗਣ ਦਿੰਦਾ ਕਿ ਮੈਨੂੰ ਇਹ ਰੋਗ ਲਗਾ ਹੋਇਆ ਹੈ, ਉਹ ਬਾਕੀਆਂ ਨੂੰ ਹੀ ਇਸ ਤੋਂ ਗ੍ਰਸਿਆ ਹੋਇਆ ਸਮਝਦਾ ਹੈ ਪਰ ਆਪਣੇ ਆਪ ਦਾ ਉਸ ਨੂੰ ਪਤਾ ਹੀ ਨਹੀ ਲਗਦਾ, ਇਸ ਰੋਗ ਦੇ ਬੇਅੰਤ ਲਛਣਾ ਵਿਚੋਂ ਕੁੱਝ ਲਛੱਣ ਹਨ- ਸਿਆਣਪ, ਵਿਦਵਤਾ, ਦਾਨ ਦੀ ਹੳੇੁਮੈਂ, ਆਪਣੀ ਗੱਲ ਨੂੰ ਜਬਰਦਤੀ ਮਨਵਾਉਣਾ, ਕਿਸੇ ਦੂਸਰੇ ਨਾਲ ਮਿਲ ਕੇ ਕੰਮ ( ਠੲੳਮ ਾੋਰਕ ) ਨਾ ਕਰ ਪਾਉਣਾ, ਜਲਦੀ ਗੁੱਸਾ ਕਰਨਾ, ਗਲਤੀ ਨੂੰ ਨਾ ਮਨਣਾ ਜਾਂ ਛੁਪਾਣਾ, ਮਾਫੀ ਨਾ ਮੰਗਣਾ, ਐਸਾਨ ਜਤਾਨਾ, ਬੋਲੀ ਵਿਚ ਮਿਠਾਸ ਦੀ ਬਜਾਏ ਆਕੜ ਹੋਣਾ, ਕਿਸੇ ਦੀ ਮਜਬੂਰੀ ਨੂੰ ਨਾ ਸਮਝਨਾ, ਆਪਣੀ ਤਾਰੀਫ ਸੁਣ ਕੇ ਖੁੱਸ਼ ਹੋਣਾ, ਮਸ਼ਹੂਰ ਹੋਣਾ ਲੋਚਣਾ, ਆਪਣੇ ਆਲੋਚਕਾਂ ਤੋਂ ਖੁੰਦਕ ਖਾਣਾ, ਕਿਸੇ ਦਾ ਭਲਾ ਕਰ ਕੇ ਬਦਲੇ ਵਿਚ ਕਿਸੇ ਚੀਜ ਦੀ ਇਛਾ ਰੱਖਣਾ, ਗਿਆਨ ਨਾ ਵੰਡਣਾ, ਕਿਸੇ ਨਾਲ ਹਮਦਰਦੀ ਨਾ ਕਰਨਾ, ਦਿਖਾਵਾ ਕਰਨਾ, ਈਰਖਾ ਕਰਨਾ, ਕਿਸੇ ਨੂੰ ਮਾਂਫ ਨਾ ਕਰਨਾ, ਕਿਸੇ ਦੀ ਬੇਈਜ਼ਤੀ ਕਰਨੀ, ਆਪਣੇ ਗਲਤ ਨਿਰਣਿਆਂ ਨੂੰ ਵੀ ਠੀਕ ਠਹਿਰਾਉਣਾ, ਕਿਸੇ ਕੋਲੋਂ ਰਾਏ ਨਾ ਲੈਣਾ, ਗਲਤੀਆਂ ਨੂੰ ਨਾ ਸੁਧਾਰਨਾ ਆਦਿ ਅਸੀ ਆਪਣੇ ਆਪ ਵਿਚ ਅਜਿਹੇ ਲਛੱਣ ਦੇਖਣ ਦੀ ਬਜਾਏ ਦੂਜਿਆਂ ਵਿਚ ਅਜਿਹੇ ਲਛੱਣ ਲੱਭ ਕੇ ਉਨ੍ਹਾ ਦੀ ਆਲੋਚਨਾ ਕਰਦੇ ਰਹਿੰਦੇ ਹਾਂ ਅਤੇ ਆਪਣੇ ਆਪ ਵਿਚੋਂ ਇਨ੍ਹਾ ਨੂੰ ਦੂਰ ਨਹੀ ਕਰ ਪਾਉਂਦੇ ਕਿਉਂਕਿ ਕਦੀ ਅਜਿਹਾ ਚਿੰਤਨ ਹੀ ਨਹੀ ਕੀਤਾ ਕਿ ਇਹ ਸੱਭ ਮੇਰੇ ਵਿਚ ਵੀ ਮੌਜ਼ੂਦ ਹੋ ਸਕਦੇ ਹਨ।
ਅਗਰ ਅਸੀ ਆਪਣੇ ਆਪ ਨੂੰ ਸੱਚਮੁੱਚ ਕੌਮੀ ਦਰਦ ਰਖਣ ਵਾਲਾ ਸਮਝਦੇ ਹਾਂ ਤਾਂ ਹਉਮੈ ਦੇ ਲਛੱਣ ਆਪਣੇ ਅੰਦਰੋਂ ਪਹਿਚਾਣਕੇ ਇਨ੍ਹਾਂ ਨੂੰ ਦੂਰ ਕਰੀਏ ਤਾਂ ਜੋ ਇਕਠੇ ਹੋ ਕੇ ਕੌਮ ਦੀ ਭਲਾਈ ਵਾਸਤੇ ਕੁੱਝ ਕਰ ਸਕੀਏ ਪਰ ਅਗਰ ਅਜਿਹਾ ਅਸੀ ਨਾ ਕਰ ਸਕਦੇ ਹੋਈਏ ਤਾਂ ਆਪਣੇ ਆਪ ਨੂੰ ਕੌਮੀ ਦਰਦ ਰਖਣ ਦਾ ਪਾਖੰਡ ਨਾ ਕਰੀਏ ਅਤੇ ਨਾ ਹੀ ਬਾਦਲਕਿਆਂ/ਪੂਜਾਰੀਆਂ ਨੂੰ ਕੌਮ ਦੀ ਢਹਿੰਦੀ ਕਲਾ ਵਾਸਤੇ ਜਿੰਮੇਵਾਰ ਠਹਿਰਾਈਏ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਦਾਵਾ ਨਹੀ ਕਰਦੇ ਬਲਕਿ ਅਜਿਹਾ ਦਾਵਾ ਤਾਂ ਅਸੀ ਹੀ ਆਪਣੇ ਪ੍ਰਤੀ ਕਰਦੇ ਹਾਂ।
ਕੌਮ ਦੀ ਚੜ੍ਹਦੀ ਕਲਾ ਦੀ ਆਸ ਵਿਚ।
ਦਾਸਰਾ
ਹਰਮੀਤ ਸਿੰਘ ਖਾਲਸਾ
20/04/2014
ਹਰਮੀਤ ਸਿੰਘ ਖਾਲਸਾ
# = ਕੌਮੀ ਦਰਦ = #
Page Visitors: 2857