ਦਲ-ਖਾਲਸਾ ਆਪਣਾ ਪੱਖ ਸਪੱਸ਼ਟ ਕਰੇ !
18-4-2014 ਨੂੰ (ਵੋਟਾਂ ਪੈਣ ਵਿਚ ਸਿਰਫ ਦਸ ਦਿਨ ਰਹਿੰਦਿਆਂ) ਦਲ ਖਾਲਸਾ ਨੇ ਅੰਮ੍ਰਿਤਸਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ , ਬੜੇ ਗੈਰ-ਮੌਕਾ ਅਤੇ ਗਲਤ ਫੈਸਲੇ ਰਾਹੀਂ , ਬਚਕਾਨਾ ਸੋਚ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਦੇ ਕਹਣ ਅਨੁਸਾਰ ਕਾਂਗਰਸ , ਬੀ, ਜੇ. ਪੀ. ਅਤੇ ਆਮ ਆਦਮੀ ਪਾਰਟੀ , ਇਕ ਹੀ ਥੈਲੀ ਦੇ ਚੱਟੇ-ਬੱਟੇ ਹਨ , ਇਸ ਲਈ ਉਹ ਸਿੱਖਾਂ ਦਾ ਕੁਝ ਵੀ ਨਹੀਂ ਸਵਾਰ ਸਕਦੀਆਂ । ਦਲ-ਖਾਲਸਾ ਨੇ ਫੈਸਲਾ ਕੀਤਾ ਹੈ ਕਿ ਚੋਣਾਂ ਤੋਂ ਦੂਰ ਰਿਹਾ ਜਾਵੇ ।
ਇਕ ਪਾਸੇ ਦਲ-ਖਾਲਸਾ ਵਾਲੇ ਲਿਖਦੇ ਹਨ ਕਿ , ਦਲ ਖਾਲਸਾ ਡੈਮੋਕਰੇਸੀ ਦੇ ਵਿਰੁੱਧ ਨਹੀਂ ਹੈ , ਦੂਸਰੇ ਪਾਸੇ ਉਹ ਲਿਖਦੇ ਹਨ ਕਿ ਸਿੱਖਾਂ ਦੇ ਮਸਲ੍ਹੇ ਦਾ ਹੱਲ ਰੈਫਰੈਂਡਮ ਰਾਹੀਂ ਹੀ ਸੰਭਵ ਹੈ , ਚੋਣਾਂ ਰਾਹੀਂ ਨਹੀਂ । ਕੀ ਉਹ ਦੱਸਣ ਦੀ ਖੇਚਲ ਕਰਨਗੇ ਕਿ ਰੈਫਰੈਂਡਮ ਕਿਵੇਂ ਹੋਵੇਗਾ ? ਉਨ੍ਹਾਂ ਨੇ ਤੀਹ ਸਾਲਾਂ ਵਿਚ ਇਸ ਪਾਸੇ ਕੀ ਪ੍ਰਗਤੀ ਕੀਤੀ ਹੈ ? ਤੁਸੀਂ ਆਪਣੇ ਬਿਆਨ ਵਿਚ ਪੰਜਾਬੀ ਪਾਰਟੀ (ਬਾਦਲ ਦੇ ਅਕਾਲੀ ਦਲ) ਬਾਰੇ ਕੋਈ ਜ਼ਿਕਰ ਬਿਲਕੁਲ ਵੀ ਨਹੀਂ ਕੀਤਾ , ਕਿਉਂ ? ਕੀ ਇਸ ਵੇਲੇ ਜਦੋਂ ਚੋਣਾਂ ਸਿਰ ਤੇ ਹਨ , ਅਜਿਹਾ ਬਿਆਨ ਦੇ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਕੇ , ਪੰਜਾਬੀ ਪਾਰਟੀ ਦਾ ਫਾਇਦਾ ਕਰਨ ਦੀ ਗੱਲ ਤਾਂ ਨਹੀਂ ਕੀਤੀ ?
ਤੁਹਾਨੂੰ ਏਨੀ ਤਾਂ ਸੋਝੀ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੇ ਹਰ ਮਸਲ੍ਹੇ ਦੇ ਹੱਲ ਲਈ (ਰੈਫਰੈਂਡਮ ਲਈ ਵੀ) , ਭਾਰਤ ਸਰਕਾਰ ਦਾ ਰਾਜ਼ੀ ਹੋਣਾ ਜ਼ਰੂਰੀ ਹੈ , ਜਿਸ ਲਈ ਸਿੱਖ ਆਮ ਆਦਮੀ ਪਾਰਟੀ ਰਾਹੀਂ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ , ਕੀ ਤੁਸੀਂ ਜਾਣਦੇ ਹੋ ਕਿ , ਆਪਣਾ ਇਹ ਬੇਵਕਤਾ ਅਤੇ ਬੇਹੂਦਾ ਬਿਆਨ ਦੇ ਕੇ ਤੁਸੀਂ ਪੰਥ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਹੈ ?
ਜੇ ਦਲ ਖਾਲਸਾ ਇਹ ਸਪੱਸ਼ਟ ਨਹੀਂ ਕਰਦਾ ਕਿ ਉਸ ਨੂੰ , ਅਜਿਹੇ ਵੇਲੇ ਹੀ ਇਹ ਬਿਆਨ ਦੇਣ ਦੀ ਲੋੜ ਕਿਉਂ ਪਈ ? ਤਾਂ ਪੰਥ ਨੂੰ ਬਾਦਲ ਦੀ ਗੋਦ ਵਿਚ ਬੈਠ ਕੇ ਰੈਫਰੈਂਡਮ ਦੀ ਗੱਲ ਕਰਨ ਵਾਲੇ ਦਲ-ਖਾਲਸਾ ਦੀਆਂ ਕਾਰਵਾਈਆਂ ਬਾਰੇ ਜ਼ਰੂਰ ਘੋਖ ਕਰਨੀ ਚਾਹੀਦੀ ਹੈ । ਉਸ ਦੇ ਨਾਲ ਹੀ ਪੰਥ ਨਾਲ ਸਬੰਧਿਤ ਦਲਾਂ , ਸੰਸਥਾਵਾਂ , ਅਕਾਲੀ ਪਾਰਟੀਆਂ , ਸੰਤ-ਸਮਾਜ ਅਤੇ ਸੰਤ-ਮਹਾਂਪੁਰਖਾਂ , ਬ੍ਰਹਮਗਿਆਨੀਆਂ ਅਤੇ ਪੰਥ ਦੇ ਮਹਾਨ ਵਿਦਵਾਨਾਂ ਸਮੇਤ ਸਭ ਦੀ ਘੋਖ ਕਰਨੀ ਅਤੀ ਜ਼ਰੂਰੀ ਹੋ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਸਿੱਖਾਂ ਅਤੇ ਸਿੱਖੀ ਦੀ ਹਾਲਤ ਦਿਨ-ਬ-ਦਿਨ ਨਘਾਰ ਵੱਲ ਕਿਉਂ ਜਾ ਰਹੀ ਹੈ ? ਇਹ ਵੀ ਘੋਖ ਕਰਨ ਦਾ ਵਿਸ਼ਾ ਹੈ ਕਿ ਆਪਣੇ-ਆਪ ਨੂੰ ਪੰਥ ਦਾ ਸਿਰਮੌਰ ਦੱਸਣ ਵਾਲੇ , ਦੂਸਰੇ ਭਰਾਵਾਂ ਦੈ ਨਾਲ ਰੱਲ ਕੇ , ਸਿੱਖੀ ਨੂੰ ਬਚਾਉਣ ਦਾ ਰਾਹ ਲੱਭਣ ਵਿਚ ਕਿਉਂ ਆਨਾ-ਕਾਨੀ ਕਰ ਰਹੇ ਹਨ ? ਕੀ ਐਸਾ ਤਾਂ ਨਹੀਂ ਕਿ ਉਨ੍ਹਾਂ ਵਿਚ ਪੰਥ ਨੂੰ ਸੇਧ ਦੇਣ ਦੀ ਯੋਗਤਾ ਹੀ ਨਾ ਹੋਵੇ ਅਤੇ ਉਹ ਆਪਣੇ ਆਪ ਨੂੰ ਬਚਾਉਣ ਦੇ ਚੱਕਰ ਵਿਚ ਹੀ ਦੂਸਰਿਆਂ ਨਾਲ ਮਿਲ-ਬੈਠਣ ਤੋਂ ਮੁਨਕਿਰ ਹੋਣ ? ਖੈਰ ਕੁਝ ਵੀ ਹੋਵੇ ਪੰਥ ਦੀ ਪੂਰੀ ਸਕਰੀਨਿੰਗ ਦੀ ਲੋੜ ਹੈ , ਇਸ ਕੰਮ ਵਿਚ ਜਿੰਨਾ ਲੇਟ ਹੋਵਾਂਗੇ , ਉਨਾ ਹੀ ਪੰਥ ਦਾ ਨੁਕਸਾਨ ਹੋਵੇਗਾ ।
ਅਮਰ ਜੀਤ ਸਿੰਘ ਚੰਦੀ