ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 26
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 26
Page Visitors: 2896

“ਅਜੋਕਾ ਗੁਰਮਤਿ ਪ੍ਰਚਾਰ?” ਭਾਗ 26
“ਕੁਦਰਤ ਨੂੰ ਹੀ ਰੱਬ ਕਹਿਣ ਵਾਲੇ”
ਗੁਰਮਤਿ ਪ੍ਰਚਾਰ ਦੇ ਨਾਂ ਤੇ ਕਾਫੀ ਸਮੇਂ ਤੋਂ ਕੁਝ ਲੋਕਾਂ ਨੇ ਨਾਸਤਿਕਤਾ ਵਾਲੀ ਸੋਚ ਦੀ ਘੁਸਪੈਠ ਸ਼ੁਰੂ ਕੀਤੀ ਹੋਈ ਹੈ।ਸਿੱਖੀ ਵਿੱਚ ਘੁਸਪੈਠ ਦੇ ਇਰਾਦੇ ਨਾਲ ਇਨ੍ਹਾਂ ਲੋਕਾਂ ਨੇ ਆਪਣਾ ਸਿੱਖੀ ਰੂਪ ਧਾਰਨ ਕੀਤਾ ਹੋਇਆ ਹੈ, ਅਤੇ ਕਹਿਣ ਨੂੰ ਗੁਰਮਤਿ ਪ੍ਰਚਾਰ ਕਰ ਰਹੇ ਹਨ।ਪਰ ਅਸਲ ਵਿੱਚ ਇਹ ਸਿੱਖੀ ਦੀਆਂ ਜੜਾਂ ਵਢਣ ਲੱਗੇ ਹੋਏ ਹਨ।ਉੱਪਰੋਂ ਉੱਪਰੋਂ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਨਾਸਤਿਕ ਹਨ।ਕਿਉਂਕਿ ਜੇ ਇਹ ਆਪਣੇ ਆਪ ਨੂੰ ਜਾਹਰਾ ਤੌਰ ਤੇ ਨਾਸਤਿਕ ਅਖਵਾਉਂਦੇ ਹਨ ਤਾਂ ਸਿੱਖਾਂ ਵਿੱਚ ਘੁਸਪੈਠ ਨਹੀਂ ਕਰ ਸਕਦੇ। ਸੋ ਇਨ੍ਹਾਂ ਨੇ “ਆਸਤਕ-ਨਾਸਤਕ” ਦੇ ਅਰਥ ਵੀ ਆਪਣੇ ਹੀ ਘੜ ਲਏ ਹਨ। ਇਨ੍ਹਾਂ ਲੋਕਾਂ ਦੀਆਂ ਗਤੀ ਵਿਧੀਆਂ ਨੂੰ ਪਛਾਣਦੇ ਹੋਏ ਜੇ ਕੋਈ ਇਨ੍ਹਾਂ ਨੂੰ ਕਾਮਰੇਡ ਜਾਂ ਨਾਸਤਿਕ ਕਹਿੰਦਾ ਹੈ ਤਾਂ ਬੜੇ ਦੁਖੀ ਹੋ ਜਾਂਦੇ ਹਨ । ਇਹ ਲੋਕ ਨਾਸਤਕ ਹੁੰਦੇ ਹੋਏ ਨਾਸਤਕ ਅਖਵਾਉਣਾ ਪਸੰਦ ਨਹੀਂ ਕਰਦੇ ਇਸ ਲਈ ਇਨ੍ਹਾਂ ਨੂੰ ਇੱਥੇ ਲੇਖ ਵਿੱਚ ਨਾਸਤਿਕ ਨਾ ਕਹਿਕੇ ਆਸਤਿਕ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ।
ਪੰਥ ਦੇ ਇੱਕ ਮਸ਼ਹੂਰ ਗੁਰਮਤਿ ਪ੍ਰਚਾਰਕ ਗਿਆਨੀ ਜੀ ਨੇ ਇਨ੍ਹਾਂ ‘ਅਜੋਕੇ ਆਸਤਿਕਾਂ (?)’ ਦੀ ਕਾਮਰੇਡੀ ਸੋਚ ਦੀ ਘੁਸਪੈਠ ਬਾਰੇ ਸੁਚੇਤ ਕਰਨ ਲਈ ਇਕ ਲੇਖ ਲਿਖਿਆ ਸੀ । ਪਹਿਲਾਂ ਪੇਸ਼ ਹਨ ਉਸ ਲੇਖ ਵਿੱਚੋਂ ਕੁਝ ਅੰਸ਼:-
ਹੁਣ ਤਾਂ ਹੱਦ ਹੋ ਗਈ ਜਦੋਂ ਇੱਕ ਉਤਸ਼ਾਹੀ ਨੌਜਵਾਨ ਨੇ ਸਪੱਸ਼ਟ ਲਫਜਾਂ ਵਿੱਚ  ਲਿਖ ਦਿੱਤਾ ਕਿ ‘ਕੁਦਰਤੀ ਨਿਯਮ ਹੀ ਰੱਬ ਹਨ’, ਨਾ ਕਿ ਕੋਈ ਗੈਬੀ ਸ਼ਕਤੀ। ਕੁਦਰਤਿ ਰਚਨਾ ਨੂੰ ਖੋਜਣਾ ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਹੈ ਅਤੇ ਇਸ ਦੇ ਉਲਟ ਚੱਲਣਾ ਨਾਸਤਕ ਹੋਣਾ ਹੈ।…..ਪਰ ਜੇਕਰ ਅਸੀਂ ਕਾਮਰੇਡਾਂ ਵਾਂਗ ਕੇਵਲ ਇਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਕੁਦਰਤੀ ਨਿਯਮ ਹੀ ਸਭ ਕੁਝ ਹਨ।ਇਹੀ ਰੱਬ ਹੈ, ਹੋਰ ਕੁਝ ਨਹੀਂ ਤਾਂ ਇਸ ਮੂਰਖਤਾ ਕਾਰਨ ਸਾਡੇ ਪੱਲੇ ਵਿਕਾਰੀ ਖੁਆਰੀ ਤੋਂ ਬਗੈਰ ਹੋਰ ਕੁਝ ਨਹੀਂ ਬਚੇਗਾ। ਇਹ ਤਾਂ ਸਿੱਖੀ ਦੀਆਂ ਜੜਾਂ ਤੇ ਆਪ ਹੀ ਕੁਹਾੜਾ ਚਲਾਉਣ ਵਾਲੀ ਭੁੱਲ ਹੋਵੇਗੀ । ਕਿਉਂਕਿ ਰੱਬੀ ਹੋਂਦ ਦਾ ਵਿਸ਼ਵਾਸ਼ ਹੀ ਗੁਰੂ ਨਾਨਕ ਦੇ ਆਸਤਕਵਾਦ ਦਾ ਸਭ ਤੋਂ ਵੱਡਾ ਥੰਮ ਹੈ । ਇਸ ਲਈ ਆਓ ਭਰਾਵੋ! ਹੋਈਆਂ ਭੁੱਲਾਂ ਬਖਸ਼ਾਈਏ ਅਤੇ ਰੱਬੀ ਬਖਸ਼ਿਸ਼ ਦੇ ਪਾਤ੍ਰ ਬਣੀਏ…”।
ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ਅਤੇ ਅੱਖੀਂ ਘੱਟਾ ਪਾ ਕੇ ਕੁਦਰਤ ਨੂੰ ਹੀ ਰੱਬ ਨਾਮ ਦੇਣ ਵਾਲੇ ਕੁਝ ਅਜੋਕੇ ਆਸਤਕਾਂ(?) ਨੂੰ ਗਿਆਨੀ ਜੀ ਦੇ ਉਸ ਲੇਖ ਤੋਂ ਬੜੀ ਪਰੇਸ਼ਾਨੀ ਹੋਈ । ਮੇਰੇ ਇਸ ਲੇਖ ਵਿੱਚ ‘ਘੁਸਪੈਠ’ ਸ਼ਬਦ ਦਾ ਬਹੁਤ ਵਾਰੀਂ ਇਸਤੇਮਾਲ ਹੋਇਆ ਹੈ । ਇਹ ਘੁਸਪੈਠ ਕਿਸ ਦੀ ਅਤੇ ਕਿਵੇਂ ਹੈ,  ਪਹਿਲਾਂ ਇਸ ਸੰਬੰਧੀ ਥੋੜ੍ਹੀ ਜਾਣਕਾਰੀ ਦੇਣੀ ਜਰੂਰੀ ਹੈ।
‘ਦੇਵ ਸਮਾਜ’ ਬਾਰੇ-  
ਸਤਿਆਨੰਦ ਅਗਨੀਹੋਤਰੀ ਦੇ ‘ਦੇਵ ਸਮਾਜ/ ਦੇਵ ਧਰਮ ਦੇ ਮੁੱਖ ਸਿਧਾਂਤ:-
- ‘ਨੇਚਰ, ਕੁਦਰਤ’ ਦੇ ਆਧਾਰ ਤੇ ਜੋ ਸਹੀ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਉਹੀ ਧਰਮ ਦਾ ਸੱਚਾ ਗਿਆਨ ਹੈ ।
-ਸ੍ਰਿਸ਼ਟੀ ਰਚਨਾ ਕਿਸੇ ਪਰਮਾਤਮਾ ਨੇ ਨਹੀਂ ਕੀਤੀ ਬਲਕਿ ਜੜ੍ਹ ਪਦਾਰਥ ਅਤੇ ਸ਼ਕਤੀ (ਅਨਰਜੀ) ਦੇ ਮੇਲ ਤੋਂ ਸ੍ਰਿਸ਼ਟੀ ਰਚਨਾ ਹੋਈ ਹੈ।
(ਜਦਕਿ ਗੁਰਮਤਿ ਅਨੁਸਾਰ ਸਿਰਫ ਪਰਮਾਤਮਾ ਅਨਾਦੀ ਹੈ।ਪਰਮਾਤਮਾ ਨੇ ਆਪਣੇ ਆਪ ਤੋਂ ਕੁਦਰਤ ਦੀ ਰਚਨਾ ਕੀਤੀ ਹੈ)।
- ਜੜ੍ਹ (ਮਾਦੇ) ਅਤੇ ਸ਼ਕਤੀ ਤੋਂ ਮਿਲਕੇ ਸਭ ਤਰ੍ਹਾਂ ਦੇ ਨਿੱਕੇ ਵਡੇ, ਜਾਨ ਤੇ ਬੇਜਾਨ ਵਜੂਦਾਂ ਨੂੰ ਰੱਖਣ ਵਾਲੀ ਹਸਤੀ ਦਾ ਨਾਂ ਨੇਚਰ ਹੈ ।
- ਜੜ੍ਹ-ਚੇਤਨ ਰਾਹੀਂ ਬਣੇ ਹੋਏ ਰੂਪ ਬਦਲਣਹਾਰ ਹਨ ਉਹ ਬਿਨਾ ਕਿਸੇ ਮੁਦਾਖਲਤ (ਦਖਲ) ਦੇ ਆਪ-ਮੁਹਾਰੇ ਬਦਲਦੇ ਰਹਿੰਦੇ ਹਨ । ਨੇਚਰ ਹੀ ਚੀਜਾਂ ਨੂੰ ਪ੍ਰਗਟ ਵੀ ਕਰਦੀ ਹੈ ਤੇ ਅਲੋਪ ਵੀ।
- ਕੁਦਰਤ ਹੀ ਸੱਚ ਹੈ । ਕੁਦਰਤ ਹੀ ਹੈ ਜਿਸ ਤੋਂ ਸਭ ਜਾਨਦਾਰ ਅਤੇ ਬੇਜਾਨ ਵਸਤੂਆਂ ਹੋਂਦ ਵਿੱਚ ਆਈਆਂ । ਕੁਦਰਤ ਤੋਂ ਬਾਹਰ ਕੁਝ ਵੀ ਨਹੀਂ ।
- ਐਸੀ ਕੋਈ ਵੀ ਹਸਤੀ ਜਿਸ ਨੂੰ ਰੱਬ ਕਿਹਾ ਜਾਂਦਾ ਹੈ, ਦੀ ਕੋਈ ਅਸਲੀਅਤ ਨਹੀਂ ਹੈ
- ਮਨੁੱਖ ਜਾਨਵਰਾਂ ਤੋਂ ਵਿਕਾਸ ਕਰਦਾ ਹੋਇਆ ਅੱਜ ਦੀ ਸਥਿਤੀ ਤੱਕ ਪਹੁੰਚਿਆ ਹੈ ।
ਚਾਰਵਾਕ ਬਾਰੇ:-
ਮਹਾਰਿਸ਼ੀ ਚਾਰਵਾਕ ਕਹਿੰਦਾ ਹੈ:-
- “ਯਾਵਤ ਜੀਵੇਤ ਸੁਖੇਨ ਜੀਵੇਤ।ਰਿਣਮ ਕ੍ਰਿਤਵਾ ਘ੍ਰਿਤਮ ਪੀਬੇਤ॥” ਅਰਥਾਤ- ਜਦੋਂ ਤੱਕ ਜੀਣਾ ਹੈ ਸੁਖ ਮਾਣਦੇ ਹੋਏ ਜੀਓ । ਜੇ ਗੁੰਜਾਇਸ਼ ਨਹੀਂ ਹੈ ਤਾਂ ਕਰਜਾ ਚੁੱਕਕੇ ਵੀ ਘਿਉ ਪੀਓ । ਕਰਜਾ ਮੋੜਨ ਦੀ ਚਿੰਤਾ ਨਾ ਕਰੋ । ਕਿਉਂਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ ਇਸ ਲਈ ਕਿਸੇ ਨੇ ਕਰਜਾ ਵਾਪਸ ਮੰਗਣ ਲਈ ਤੁਹਾਡੇ ਪਿੱਛੇ ਨਹੀਂ ਆਉਣਾ, ਅਤੇ ਕਰਜਾ ਮੋੜਨ ਲਈ ਤੁਸੀਂ ਵੀ ਵਾਪਸ ਨਹੀਂ ਆਉਣਾ।
- ਮਰਨ ਤੋਂ ਮਗ਼ਰੋਂ ਸਰੀਰ ਨੂੰ ਸਾੜਕੇ ਸਵਾਹ ਕਰ ਦਿੱਤਾ ਜਾਂਦਾ ਹੈ । ਇਸ ਲਈ ਇਸ ਜੀਵਨ ਵਿੱਚ ਜੋ ਸੁਖ ਮਾਣ ਲਏ ਇਹੀ ਲਾਹਾ ਹੈ । ਇਸ ਜੀਵਨ ਵਿੱਚ ਦੌਲਤ ਇਕੱਠੀ ਕਰੋ ਅਤੇ ਆਨੰਦ ਮਾਣੋ । ਸਭ ਕਿਰਿਆਵਾਂ ਇਸੇ ਜੀਵਨ ਨਾਲ ਜੁੜੀਆਂ ਹਨ, ਇਸ ਜਨਮ ਤੋਂ ਮਗਰੋਂ ਕੋਈ ਜਨਮ ਨਹੀਂ । ਇਹ ਕਹਿਣਾ ਗ਼ਲਤ ਹੈ ਕਿ ਮਰਨ ਤੋਂ ਬਾਅਦ ਆਤਮਾ ਕੋਈ ਹੋਰ ਸਰੀਰ ਧਾਰਣ ਕਰਦੀ ਹੈ ।
- ਇਸ ਬ੍ਰਹਮੰਡ ਨੂੰ ਬਨਾਉਣ ਵਾਲਾ ਕੋਈ ਰੱਬ ਨਹੀਂ । ਤੱਤ ਆਪਸ ਵਿੱਚ ਮਿਲਕੇ ਨਵੀਂ ਘਾੜਤ ਘੜ ਲੈਂਦੇ ਹਨ
ਸੋ ਇਹ ਹਨ ਦੇਵ ਸਮਾਜ ਅਤੇ ਚਾਰਵਾਕ ਦੇ ਕੁਝ ਮੁੱਖ ਸਿਧਾਂਤ । ਹੁਣ ਪੇਸ਼ ਹਨ ਅਜੋਕੇ ਆਸਤਕਾਂ ਵਿੱਚੋਂ ਇਕ ਆਸਤਿਕ ਜੀ ਦੇ ਲੇਖ ਸੰਬੰਧੀ ਕੁਝ ਵਿਚਾਰ ਅਤੇ ਸਵਾਲ । ਪਾਠਕ ਦੇਖ ਲੈਣ ਕਿ ਇਹ-ਲੋਕ ਮਾਰਕਸਵਾਦ, ਦੇਵ ਸਮਾਜ ਅਤੇ ਚਾਰਵਾਕ ਦੀ ਘੁਸਪੈਠ ਗੁਰਮਤਿ ਵਿੱਚ ਕਰ ਰਹੇ ਹਨ ਕਿ ਨਹੀਂ ?
ਆਸਤਕ ਜੀ ਲਿਖਦੇ ਹਨ- “ਰੱਬ ਜੀ ਕੁਦਰਤੀ ਨਿਯਮਾਂ ਵਿੱਚ ਸਮਾਏ ਹੋਏ ਹਨ ਤੇ ਇਹ ਨਿਯਮ ਕਿਸੇ ਨਾਲ ਵੈਰ ਨਹੀਂ ਕਰਦੇ, …ਪਾਠ ਅਤੇ ਅਰਦਾਸ ਕਰਨ ਨਾਲ ਵੀ ਵੱਸ ਵਿੱਚ ਨਹੀਂ ਆਉਂਦਾ । ਸਾਰੇ ਖੰਡ ਬ੍ਰਹਮੰਡ ਤੇ ਸਾਰੀ ਕਾਇਨਾਤ ਤੇ ਕੁਦਰਤ ਖੁਦ ਕਿਸੇ ਨਿਯਮ ਵਿੱਚ ਚੱਲ ਰਹੀ ਹੈ” ।
ਜਾਣੀ ਕਿ ਆਸਤਕ ਜੀ ਮੁਤਾਬਕ, ਕੁਦਰਤ ਅਤੇ ਕੁਦਰਤੀ ਨਿਯਮ ਹੀ ਸਭ ਕੁਝ ਹੈ । ਅਤੇ ਦੂਜੇ ਪਾਸੇ ਆਸਤਕ ਜੀ ਨੇ ਗੁਰਬਾਣੀ ਤੁਕਾਂ ਅਤੇ ਅਰਥ ਲਿਖੇ ਹਨ । ਉਨ੍ਹਾਂ ਵਿੱਚ ਪੰਜ-ਛੇ ਵਾਰੀਂ ਲਫਜ ਵਰਤੇ ਹਨ- “ਹੇ ਪ੍ਰਭੂ!...” -“ਹੇ ਅਪਹੁੰਚ ਅਤੇ ਅਗੋਚਰ ਪ੍ਰਭੂ!...”
ਸਵਾਲ ਪੈਦਾ ਹੁੰਦਾ ਹੈ ਕਿ ਜੇ ਕੁਦਰਤ ਅਤੇ ਕੁਦਰਤੀ ਨਿਯਮ ਹੀ ਸਭ ਕੁਝ ਹੈ ਤਾਂ ‘ਜਿਸ ਕੁਦਰਤੀ ਨਿਯਮ ਨੂੰ, “ਹੇ ਪ੍ਰਭੂ !” ਆਦਿ ਵਰਗੇ ਸ਼ਬਦ ਵਰਤਕੇ ਸੰਬੋਧਨ ਕੀਤਾ ਗਿਆ ਹੈ, ਕੀ ਕੋਈ ਕੁਦਰਤੀ ਨਿਯਮ ਇਨ੍ਹਾਂ ਸੰਬੋਧਨਾਂ ਨੂੰ ਸੁਣਦਾ, ਸਮਝਦਾ ਹੈ ? ਜਾਂ ਫੇਰ ‘ਹੇ ਪ੍ਰਭੂ!’ ਆਦਿ ਵਰਗੇ ਸ਼ਬਦ ਸਿਰਫ ਖਾਨਾ-ਪੂਰਤੀ ਲਈ ਹੀ ਵਰਤੇ ਗਏ ਹਨ ?
ਆਸਤਕ ਜੀ ਲਿਖਦੇ ਹਨ- “ਤੂੰ ਸਾਰੇ ਜਗਤ ਨੂੰ ਦਾਤਾਂ ਦੇਣ ਵਾਲਾ ਹੈਂ ਤੇ ਮਨੁੱਖੀ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਦੁਖਾਂ ਸੁਖਾਂ ਦਾ ਨਾਸ ਕਰਨ ਵਾਲਾ ਹੈਂ”।ਆਸਤਕ ਜੀ ਦੱਸਣ ਦੀ ਖੇਚਲ ਕਰਨਗੇ ਕਿ ਇੱਥੇ ਕਿਹੜੇ ਕੁਦਰਤੀ ਨਿਯਮ ਨੂੰ “ਤੂੰ” ਕਹਿਕੇ ਸੰਬੋਧਨ ਕੀਤਾ ਗਿਆ ਹੈ ?
ਆਸਤਕ ਜੀ ਨੇ ਲਿਖਿਆ ਹੈ- “ਤੂੰ ਸਿਰਫ ਉਹਨਾਂ ਉੱਤੇ ਰੀਝਦਾ ਹੈਂ, ਉਨ੍ਹਾਂ ਵਿੱਚ ਵਸਦਾ ਹੈਂ, ਜੋ ਤੇਰੇ ਹੁਕਮ/ ਨਿਯਮਾਂ ਅਨੁਸਾਰ ਜਿਉਂਦੇ ਹਨ।ਉਨ੍ਹਾਂ ਨੂੰ ਤੇਰਾ ਹੀ ਆਸਰਾ ਹੈ”।
ਆਸਤਕ ਜੀ ਦੱਸਣ ਦੀ ਖੇਚਲ ਕਰਨਗੇ ਕਿ ਸੰਸਾਰ ਤੇ ਕੋਈ ਕੁਦਰਤੀ ਨਿਯਮ ਐਸਾ ਵੀ ਹੈ ਜਿਹੜਾ ਕਿਸੇ ਖਾਸ ਬੰਦੇ ਤੇ ‘ਰੀਝਦਾ’ ਹੈ? 
“ਉਨ੍ਹਾਂ ਵਿੱਚ ਵਸਦਾ ਹੈਂ ਜੋ ਤੇਰੇ ਹੁਕਮ/ ਨਿਯਮਾਂ ਅਨੁਸਾਰ ਜਿਉਂਦੇ ਹਨ” ਤੋਂ ਕੀ ਭਾਵ ਹੋਇਆ ? ਕੀ ਕੁਦਰਤੀ ਨਿਯਮ ਕਿਸੇ ਖਾਸ ਵਿਅਕਤੀ ਵਿੱਚ ਹੀ ਵਸਦੇ ਹਨ, ਬਾਕੀ ਸਾਰੇ ਬਿਨਾ ਕੁਦਰਤੀ ਨਿਯਮਾਂ ਦੇ ਹੀ ਤੁਰੇ ਫਿਰਦੇ ਹਨ ? ਕੀ ਕੋਈ ਬੰਦਾ ਕੁਦਰਤੀ ਨਿਯਮਾਂ ਤੋਂ ਬਾਹਰਾ ਹੋ ਕਿ ਵੀ ਜਿਉਂ ਸਕਦਾ ਹੈ ? ਜੇ ਆਸਤਕ ਜੀ, ਕੁਦਰਤੀ ਨਿਯਮਾਂ ਦਾ ਮਤਲਬ ਪਰਉਪਕਾਰ, ਦਯਾ, ਧੀਰਜ ਆਦਿ ਸਦਾਚਾਰਕ ਗੁਣਾਂ ਤੋਂ ਮੰਨਦੇ ਹਨ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੁਦਰਤ ਦੇ ਕਿਸੇ ਨਿਯਮ ਵਿੱਚ ਪਰਉਪਕਾਰ, ਦਯਾ, ਧੀਰਜ ਆਦਿ ਗੁਣ ਹੁੰਦੇ ਹਨ ? ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਇਨ੍ਹਾਂ ਉੱਪਰ ਦੱਸੇ ਗੁਣਾਂ ਤੋਂ ਬਾਹਰਾ ਹੋ ਕੇ ਕੋਈ ਜਿਉਂਦਾ ਹੈ ਤਾਂ ਉਸ ਨਾਲ ਕੁਦਰਤ ਰੂਪੀ ਰੱਬ ਕੀ ਸਲੂਕ ਕਰਦਾ ਹੈ, ਅਤੇ ਕਦੋਂ ਕੁੱਝ ਕਰਦਾ ਹੈ ? ਮਿਸਾਲ ਦੇ ਤੌਰ ਤੇ ਕੋਈ ਵਿਅਕਤੀ ਹੁਣ ਅੱਗ ’ਚ ਹੱਥ ਪਾਉਂਦਾ ਹੈ ਤਾਂ ਕੁਦਰਤੀ ਨਿਯਮਾਂ ਅਨੁਸਾਰ ਹੁਣੇ ਉਸ ਦਾ ਹੱਥ ਸੜ ਜਾਏਗਾ । ਇਸੇ ਤਰ੍ਹਾਂ ਕੋਈ ਵਿਅਕਤੀ ਕਿਸੇ ਨਾਲ ਠੱਗੀ ਮਾਰਦਾ ਹੈ ਤਾਂ ਕੁਦਰਤ ਰੂਪੀ ਰੱਬ ਦਾ ਨਿਆਂ ਕੀ ਅਤੇ ਕਦੋਂ ਕੋਈ ਰਿਐਕਸ਼ਨ ਕਰਦਾ ਹੈ ? 
ਆਸਤਕ ਜੀ ਲਿਖਦੇ ਹਨ- “ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ”
ਆਸਤਕ ਜੀ ਦੱਸਣ ਦੀ ਖੇਚਲ ਕਰਨਗੇ ਕਿ ਕੁਦਰਤ ਦੇ ਕਿਹੜੇ ਨਿਯਮ ਨੂੰ ਨਮਸਕਾਰ ਹੈ ? ਅਤੇ ਕੁਦਰਤ ਦਾ ਕਿਹੜਾ ਨਿਯਮ ‘ਗੁਰੂ’ ਰੂਪ ਧਾਰਦਾ ਹੈ ?
ਨੋਟ- ਸੰਬੰਧਤ ਆਸਤਕ ਜੀ ਆਪਣੀ ਵੈਬ ਸਾਇਟ ਵੀ ਚਲਾਂਦੇ ਹਨ।ਇਹ ਲੇਖ ਉਨ੍ਹਾਂ ਨੂੰ ਵੀ ਭੇਜ ਦਿੱਤਾ ਜਾਵੇਗਾ । ਜੇ ਉਹ ਇਹ ਲੇਖ ਆਪਣੀ ਸਾਇਟ ਤੇ ਛਾਪਣਾ ਚਾਹੁਣ ਅਤੇ ਇਸ ਲੇਖ ਬਾਰੇ ਆਪਣੇ ਵਿਚਾਰ ਦੇਣੇ ਚਾਹੁਣ ਤਾਂ ਦੇ ਸਕਦੇ ਹਨ।

ਜਸਬੀਰ ਸਿੰਘ ਵਿਰਦੀ            20-04-2014

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.