ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਦੇ ਰੱਬ ਬਾਰੇ ਵਿਚਾਰਾਂ ਵਿੱਚ ਅੰਤਰ:-
ਮਿਥਿਹਾਸ, ਅੰਧਵਿਸਵਾਸ਼ ਜਾਂ ਵਿਗਿਆਨਕ ਜੁਗ ਹੋਵੇ, ਇਨਸਾਨੀਅਤ ਦਿਮਾਗ਼ ’ਤੇ ਇਹ ਆਪਣਾ ਪ੍ਰਭਾਵ ਜ਼ਰੂਰ ਪਾਉਂਦੇ ਹਨ ਅਤੇ ਹਮੇਸ਼ਾਂ ਪਾਉੋਂਦੇ ਰਹਿਣਗੇ। ਇਸ ਸਮੇਂ ਸਮਾਜ ਵਿਗਿਆਨਕ ਯੁਗ ’ਚ ਵਿਚਰ ਰਿਹਾ ਹੈ, ਇਸ ਲਈ ਆਰੰਭਤਾ ਵਿਗਿਆਨ ਦੀ ਖੋਜ ’ਤੋਂ ਹੀ ਕਰਦੇ ਹਾਂ।
(ੳ). ਵਿਗਿਆਨ ਦੀ ਨਜ਼ਰ ਵਿੱਚ ਬ੍ਰਹਮੰਡ:-ਹੁਣ ਤੱਕ ਹੋਈ ਵਿਗਿਆਨਕ ਖੋਜ ਅਨੁਸਾਰ ਬ੍ਰਹਮੰਡ ਦੀ ਆਰੰਭਤਾ 13 ਖਰਬ ਸਾਲ ਪਹਿਲਾਂ ਹੋਈ। ਪ੍ਰਿਥਵੀ ਬਣੀ ਨੂੰ 5.54 ਖਰਬ ਸਾਲ ਹੋ ਗਏ। ਗੈਸਾਂ ਦੀ ਆਰੰਭਤਾ 4.5 ਖਰਬ ਸਾਲ ਪਹਿਲਾਂ ਹੋਈ ਅਤੇ ਇਨਸਾਨ ਸ੍ਵਰੂਪ ਦੀ ਆਰੰਭਤਾ ਨੂੰ 2.8 ਅਰਬ ਸਾਲ ਹੋ ਗਏ। ਧਰਤੀ ਦਾ ਅੰਤ 2.8 ਖਰਬ ਸਾਲ ਬਾਅਦ ਹੋਣ ਦੀ ਸੁਭਾਵਨਾ ਹੈ।
ਸ. ਜਗਤਾਰ ਸਿੰਘ ਜੀ ਦੇ ਰੱਬ ਬਾਰੇ ਵੀਚਾਰ ਹਨ ਕਿ ਬ੍ਰਹਮੰਡ ਦੀ ਆਰੰਭਤਾ 13 ਖਰਬ ਸਾਲ ’ਤੋਂ ਪਹਿਲਾਂ ਵੀ ਸੀ, ਬ੍ਰਹਮੰਡ ਦੀ ਆਰੰਭਤਾ ’ਤੋਂ ਲੈ ਕੇ ਧਰਤੀ ਦੇ ਅੰਤ 2.8 ਖਰਬ ਸਾਲ, ਦੌਰਾਨ ਇਸ ਆਕਾਰ (ਕੁਦਰਤ) ਵਿੱਚ ਵਿਆਪਕ ਹੋ ਕੇ ਹਰ ਕਾਰਜ (ਇਨਸਾਨ ਸਮੇਤ ਕੁਦਰਤੀ ਸਿਸਟਮ ਰਾਹੀਂ) ਆਪ ਕਰਵਾ ਰਿਹਾ ਹੈ ਅਤੇ ਧਰਤੀ ਦੇ ਅੰਤ 2.8 ਖਰਬ ਸਾਲ ਬਾਅਦ ਵੀ ਸਦੀਵੀ ਕਾਇਮ ਬਣਿਆ ਰਹੇਗਾ ਪਰ, ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਵੀਚਾਰਾਂ ਅਨੁਸਾਰ ਰੱਬ ਇੱਕ ਸਿਸਟਮ ਦਾ ਨਾਮ ਹੈ, ਜੋ ਬ੍ਰਹਮੰਡ ਦੀ ਆਰੰਭਤਾ 13 ਖਰਬ ਸਾਲ ’ਤੋਂ ਆਰੰਭ ਹੋ ਕੇ ਧਰਤੀ ਦੇ ਅੰਤ 2.8 ਖਰਬ ਸਾਲ ਬਾਅਦ ਸਮਾਪਤ ਹੋ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਮੂਲ ਮੰਤ੍ਰ ’ਤੋਂ ਬਾਅਦ ‘ਜਪੁ’ ਸਿਰਲੇਖ ਅਧੀਨ ਆਉਂਦੇ ਇਸ ਸ਼ਬਦ ਨਾਲ ਹੁੰਦੀ ਹੈ:-
‘‘ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ, ਨਾਨਕ! ਹੋਸੀ ਭੀ ਸਚੁ।।’’ ਜਪੁ (ਮ:1/ਅੰਗ 1)
ਗੁਰੂ ਨਾਨਕ ਜੀ ਦੇ ਇਸ ਸ਼ਬਦ ਦੇ ਅਰਥ, ਹੁਣ ਤੱਕ ਹੋ ਚੁੱਕੇ ਤਮਾਮ ਟੀਕਾਕਾਰਾਂ ਦੀ ਰਾਹੀਂ ਇਉਂ ਕੀਤੇ ਗਏ ਹਨ। ਹੇ ਨਾਨਕ! ਆਖ, ਕਿ ਪ੍ਰਮਾਤਮਾ, ਸ੍ਰਿਸ਼ਟੀ ਦੀ ਉਤਪਤੀ ’ਤੋਂ ਪਹਿਲਾਂ ਵੀ ਮੌਜ਼ੂਦ ਸੀ, ਹੁਣ ਵੀ ਇਸ ਵਿੱਚ ਵਿਆਪਕ ਹੈ ਅਤੇ ਸ੍ਰਿਸ਼ਟੀ ਦੇ ਅੰਤ ’ਤੋਂ ਬਾਅਦ ਵੀ ਮੌਜ਼ੂਦ ਰਹੇਗਾ।
ਉਕਤ ਕੀਤੀ ਗਈ ਸ. ਜਗਤਾਰ ਸਿੰਘ ਜਾਚਕ ਜੀ ਵੱਲੋਂ ਰੱਬ ਜੀ ਬਾਰੇ ਵਿਆਖਿਆ, ਕੇਵਲ ਗਿ. ਜਗਤਾਰ ਸਿੰਘ ਜੀ ਦੀ ਹੀ ਨਹੀਂ ਰਹਿ ਜਾਂਦੀ ਬਲਕਿ ਤਮਾਮ ਉਹਨਾਂ ਟੀਕਾਕਾਰਾਂ ਦੀ ਵੀ ਹੈ ਜਿਨ੍ਹਾਂ ਨੇ ਆਪਣੇ ਗੁਰੂ ਉਪਦੇਸ਼ ਪ੍ਰਤੀ ਇਹੀ ਭਾਵਨਾ ਪ੍ਰਗਟ ਕੀਤੀ ਹੈ ।
(ਅ). ਜੀਵਾਂ ਦੀ ਵਿਚਾਰਧਾਰਾ ਪਿੱਛੇ ਰੱਬੀ ਸ਼ਕਤੀ ਮੌਜ਼ੂਦ ਜਾਂ ਨਹੀਂ:- ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪ੍ਰਮਾਤਮਾ ਸ੍ਰਿਸ਼ਟੀ ਦੀ ਆਰੰਭਤਾ ’ਤੋਂ ਲੈ ਕੇ ਅੰਤ ਤੱਕ ਇਸ ਵਿੱਚ ਵਿਆਪਕ ਹੋ ਕੇ ਚੰਗੇ ਮੰਦੇ ਕੰਮ ਆਪ ਕਰਵਾ ਰਿਹਾ ਹੈ? ਜੈਸਾ ਕਿ ਜਾਚਕ ਜੀ ਕਹਿ ਰਹੇ ਹਨ ਜਾਂ ਸ. ਗੁਰਚਰਨ ਸਿੰਘ ਜਿਉਣ ਵਾਲਾ ਜੀ ਅਨੁਸਾਰ ਸਿਸਟਮ ਵਿੱਚ ਵਿਚਰਦਿਆਂ ਇਨਸਾਨ ਪਾਸ ਚੰਗੇ-ਮੰਦੇ ਕੰਮ ਕਰਨ ਦੀ ਆਪਣੀ ਸ਼ਕਤੀ ਹੁੰਦੀ ਹੈ। ਇਸ ਵਿਸ਼ੇ ਬਾਰੇ ਵੀ ਦੋਨੋ ਵੀਰਾਂ ਦੇ ਇੱਕ ਵਿਚਾਰ ਨਹੀਂ ਹਨ।
ਗੁਰਬਾਣੀ ਫ਼ੁਰਮਾਨ ਹੈ:-
(1).
‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ, ਹਰਿ ਏਕੋ ਪੁਰਖੁ ਸਮਾਣਾ।।
ਇਕਿ ਦਾਤੇ ਇਕਿ ਭੇਖਾਰੀ ਜੀ, ਸਭਿ ਤੇਰੇ ਚੋਜ ਵਿਡਾਣਾ।।
ਤੂੰ ਆਪੇ ਦਾਤਾ, ਆਪੇ ਭੁਗਤਾ ਜੀ, ਹਉ ਤੁਧੁ ਬਿਨੁ, ਅਵਰੁ ਨ ਜਾਣਾ।।’’ ( ਮ:4/ ਅੰਗ 11)
(2).
‘‘ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ।।
ਤੁਧੁ ਬਿਨੁ, ਦੂਜਾ ਅਵਰੁ ਨ ਕੋਇ।।’’ (ਮ:4/ ਅੰਗ 12)
(3).
‘‘ਤੂੰ ਆਪੇ ਜਲੁ, ਮੀਨਾ ਹੈ ਆਪੇ, ਆਪੇ ਹੀ ਆਪਿ ਜਾਲੁ ।।
ਤੂੰ ਆਪੇ ਜਾਲੁ ਵਤਾਇਦਾ, ਆਪੇ ਵਿਚਿ ਸੇਬਾਲੁ ।।
ਤੂੰ ਆਪੇ ਕਮਲੁ ਅਲਿਪਤੁ ਹੈ, ਸੈ ਹਥਾ ਵਿਚਿ ਗੁਲਾਲੁ ।।
ਤੂੰ ਆਪੇ ਮੁਕਤਿ ਕਰਾਇਦਾ, ਇਕ ਨਿਮਖ ਘੜੀ ਕਰਿ ਖਿਆਲੁ।।
ਹਰਿ! ਤੁਧਹੁ ਬਾਹਰਿ ਕਿਛੁ ਨਹੀ, ਗੁਰ ਸਬਦੀ ਵੇਖਿ ਨਿਹਾਲੁ।।’’ (ਮ:4 / ਅੰਗ 85)
(4).
‘‘ਤੂੰ, ਆਪੇ ਦੁਖੁ ਸੁਖੁ ਦੇਵਹਿ, ਕਰਤੇ! ਗੁਰਮੁਖਿ ਹਰਿ ਦੇਖਾਵਣਿਆ।।’’(ਮ:3/125)
(5).
‘‘ਕੇਤਿਆ, ਦੂਖ ਭੂਖ ਸਦ ਮਾਰ।। ਏਹਿ ਭਿ ਦਾਤਿ ਤੇਰੀ, ਦਾਤਾਰ ।।3।।’’..... ‘‘ਜਿਸ ਨੋ ਬਖਸੇ, ਸਿਫਤਿ ਸਾਲਾਹ।। ਨਾਨਕ! ਪਾਤਿਸਾਹੀ ਪਾਤਿਸਾਹੁ।।25।।’’ ਜਪੁ (ਮ:1/ 5)
(6).
‘‘ਤੁਧੁ ਆਪੇ ਭਾਵੈ, ਸੋਈ ਵਰਤੈ ਜੀ, ਤੂੰ ਆਪੇ ਕਰਹਿ, ਸੁ ਹੋਈ।।’’ (ਮ:4)
(7).
‘‘ਤੂ ਅਪਰੰਪਰੁ ਸੁਆਮੀ! ਅਤਿ ਅਗਾਹੁ, ਤੂ ਭਰਪੁਰਿ ਰਹਿਆ ਜਲ ਥਲੇ, ਹਰਿ ਇਕੁ ਇਕੋ ਇਕ, ਏਕੈ ਹਰਿ ਥਾਟ ।।
ਤੂ ਜਾਣਹਿ ਸਭ ਬਿਧਿ ਬੂਝਹਿ ਆਪੇ, ਜਨ ਨਾਨਕ ਕੇ ਪ੍ਰਭ! ਘਟਿ ਘਟੇ ਘਟਿ ਘਟੇ, ਘਟਿ ਹਰਿ ਘਾਟ।।’’ (ਮ:4 / 1297)
(8).
‘‘ਨਾ ਕੋ ਮੂਰਖੁ, ਨਾ ਕੋ ਸਿਆਣਾ।। ਵਰਤੈ ਸਭ ਕਿਛੁ, ਤੇਰਾ ਭਾਣਾ।।
ਅਗਮ ਅਗੋਚਰ ਬੇਅੰਤ ਅਥਾਹਾ! ਤੇਰੀ ਕੀਮਤਿ ਕਹਣੁ ਨ ਜਾਈ ਜੀਉ।।’’(ਮ:5/98)
(9).
‘‘ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ ਦੁਖ ਸੁਖ ਪਾਈਅਹਿ।।
ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ।।
ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ, ਨ ਕੋਇ।।’’ਜਪੁ (ਮ:1/ਅੰਗ 1)
ਆਦਿ ਨਿਤਨੇਮ ਰਾਹੀਂ ਪੜ੍ਹੇ ਜਾ ਰਹੇ ਸ਼ਬਦਾਂ ਦੁਆਰਾ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਮਾਤਮਾ ’ਤੋਂ ਬਿਨਾ, ਇਸ ਕੁਦਰਤੀ ਸਿਸਟਮ ਦਾ ਪੱਤਾ ਨਹੀਂ ਹੱਲ ਸਕਦਾ।
ਇਹ ਸਵਾਲ ਵੀ ਉਠ ਸਕਦਾ ਹੈ ਕਿ ਜਦ :-
‘‘ਏਕਾ ਸੁਰਤਿ, ਜੇਤੇ ਹੈ ਜੀਅ।। ਸੁਰਤਿ ਵਿਹੂਣਾ, ਕੋਇ ਨ ਕੀਅ ।।
ਜੇਹੀ ਸੁਰਤਿ,ਤੇਹਾ ਤਿਨ ਰਾਹੁ ।। ਲੇਖਾ ਇਕੋ,ਆਵਹੁ ਜਾਹੁ।।1।।’’(ਮ:1/ਅੰਗ 25)
ਭਾਵ ਜਦ ਸਾਰੇ ਜੀਵਾਂ ਨੂੰ ਪ੍ਰਮਾਤਮਾ ਵੱਲੋਂ ਇਕ ਸਮਾਨ ਅਕਲ ਮਿਲੀ ਹੈ ਤਾਂ ਚੰਗੇ ਕੰਮ ਦਾ ਮਹੱਤਵ ਆਪਣੇ ਆਪ ਨੂੰ ਅਤੇ ਬੁਰੇ ਕੰਮ ਲਈ ਜਿੰਮੇਵਾਰ ਸਾਹਮਣੇ ਵਾਲੇ ਨੂੰ ਕਿਉਂ ਨਹੀਂ ਠਹਿਰਾਇਆ ਜਾ ਸਕਦਾ? ਉੱਤਰ: ਇਸ ਤਰ੍ਹਾਂ ਦੀ ਵਿਚਾਰਧਾਰਾ ਅਪਨਾਉਣ ਨਾਲ ਜੀਵ ਈਰਖਾ, ਦਵੈਤ, ਨਫ਼ਰਤ ਭਾਵਨਾ ਤੋਂ ਉੱਪਰ ਨਹੀਂ ਉਠ ਸਕਦਾ। ਜੋ ਸਾਡੇ ਅਜੋਕੇ ਲੇਖਕਾਂ ਦੀ ਵਿਚਾਰਧਾਰਾ ’ਚ ਵੇਖਣ ਨੂੰ ਮਿਲਦਾ ਹੈ।
(ੲ). ਅਰਦਾਸ/ਬੇਨਤੀ ਜ਼ਰੂਰੀ ਜਾਂ ਨਹੀਂ:- ਜਿਸ ਵਿਚਾਰਧਾਰਾ ਦਾ ਰੱਬ ਆਦਿ, ਮਧਿ ਅਤੇ ਅੰਤ ਸਦੀਵੀ ਹੋਂਦ ਵਾਲਾ ਹੈ, ਉਹਨਾਂ ਦੇ ਦਿਲੋਂ ਇਹ ਫ਼ਰਿਆਦ ਹਮੇਸ਼ਾਂ ਨਿਕਲਦੀ ਹੈ:-
(1).‘‘ਨਾਨਕ ਕੀ ਬੇਨੰਤੀ ਪ੍ਰਭ ਪਹਿ,ਕ੍ਰਿਪਾ ਕਰਿ ਭਵਜਲੁ ਤਾਰੀਐ।।’’(ਮ:5/80)
(2).‘‘ਨਾਨਕ ਕੀ ਬੇਨੰਤੀ ਹਰਿ ਪਹਿ,ਅਪੁਨਾ ਨਾਮੁ ਜਪਾਵਹੁ।।’’(ਮ:5/216)
(3).‘‘ਪ੍ਰਣਵੈ ਨਾਨਕੁ ਬੇਨਤੀ, ਤੂ ਸਰਵਰੁ ਤੂ ਹੰਸੁ।।
ਕਉਲੁ ਤੂ ਹੈ, ਕਵੀਆ ਤੂ ਹੈ, ਆਪੇ ਵੇਖਿ ਵਿਗਸੁ ।।’’ (ਮ:1/23)
(4).‘‘ਨਾਨਕ ਕੀ ਪ੍ਰਭ ਬੇਨਤੀ,ਅਪਨੀ ਭਗਤੀ ਲਾਇ।।’’(ਮ:5/289)
(5).‘‘ਹਰਿ ਕੇ ਜਨ ਸਤਿਗੁਰ ਸਤਪੁਰਖਾ! ਬਿਨਉ ਕਰਉ ਗੁਰ ਪਾਸਿ।।
ਹਮ ਕੀਰੇ ਕਿਰਮ,ਸਤਿਗੁਰ! ਸਰਣਾਈ,ਕਰਿ ਦਇਆ,ਨਾਮੁ ਪਰਗਾਸਿ।।’’(ਮ:5/10)
(6).‘‘ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗੁ ਕੀਤੋਈ।।
ਮੈ ਨਿਰਗੁਣਿਆਰੇ,ਕੋ ਗੁਣੁ ਨਾਹੀ,ਆਪੇ ਤਰਸੁ ਪਇਓਈ।।’’(ਮ:5/1430) ਆਦਿ।
ਭਾਵ, ਅਜੇਹੀ ਅਰਦਾਸ ਰੂਪ ਭਾਵਨਾ ਜੀਵ ਨੂੰ ਆਪਣੇ ਵੱਲੋਂ ਕੀਤੇ ਹੋਏ ਕੰਮ ਦਾ ਮਹੱਤਵ ਆਪਣੇ ਆਪ ਉੱਤੇ ਨਾ ਲੈ ਕੇ ਸਾਰੇ ਕੰਮ ਦਾ ਮਹੱਤਵ ਪ੍ਰਮਾਤਮਾ ਨੂੰ ਦੇ ਕੇ ਆਪਣੇ ਆਪ ਨਿਮਰਤਾ (ਹਉਮੈ ਮੁਕਤ) ਹੋਣ ਦਾ ਪ੍ਰਤੀਕ ਹੈ। ਪਰ ਜੋ ਹਰ ਕੰਮ ਦਾ ਮਹੱਤਵ ਆਪਣੇ ਆਪ ਲੈਣ ਦਾ ਆਦੀ ਜੀਵਨ ਬਣ ਚੁੱਕਾ ਹੋਵੇ, ਉਹ ਆਪਣੇ ਵੱਲੋਂ ਨਿਸ਼ਚਿਤ ਕੀਤੇ ਬੁਰੇ ਕੰਮ ਲਈ ਜਿੰਮੇਵਾਰ ਸਾਹਮਣੇ ਵਾਲੇ ਨੂੰ ਠਹਿਰਾ ਕੇ ਉਸ ਪ੍ਰਤੀ ਈਰਖਾ ਵਾਲੀ ਬਿਮਾਰੀ ’ਤੋਂ ਆਪ ਹੀ ਪੀੜਤ ਹੋ ਜਾਵੇਗਾ ਫਿਰ ਬੇਸ਼ੱਕ ਉਹ ਆਪਣੇ ਆਪ ਨੂੰ ਵਿਦਵਾਨ ਹੀ ਕਿਉਂ ਨਾ ਆਖਵਾ ਰਿਹਾ ਹੋਵੇ। ਅਜੇਹੇ ਹੀ ਜੀਵਨ ਨਾਲ ਸੰਬੰਧਤ ਸਾਖੀ ਇੱਕ ਗੁਰੂ ਅਰਜੁਨ ਦੇਵ ਜੀ ਨਾਲ ਜੁੜੀ ਹੋਈ ਹੈ ਜਦ ਗੁਰੂ ਜੀ ਕੋਲ ਕੁਝ ਕਵੀ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਉਣ ਦੇ ਮਕਸਦ ਨਾਲ ਆਏ ਸਨ। ਜਿਨ੍ਹਾਂ ਵਿੱਚ ਇਕ ਕਵੀ ਸ਼ਾਹ ਹੁਸੈਨ ਵੀ ਸਨ, ਜਿਸ ਦੀ ਰਚਨਾ: ‘ਚੁੱਪ ਕਰ ਵੇ ਅੜਿਆ! ਬੋਲਣ ਦੀ ਨਹੀਂ ਜਾ ਵੇ ਅੜਿਆ।’ ਸਮਾਜ ਪ੍ਰਤੀ ਨਫ਼ਰਤ ਦੀ ਭਾਵਨਾ ਵਾਲੀ ਇਸ ਰਚਨਾ ਨੂੰ ਗੁਰੂ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਹੁਣ ਵੇਖਣਾ ਹੈ ਕਿ ਅਸੀਂ ਸ਼ਾਹ ਹੁਸੈਨ ਜੀ ਦੇ ਸਿੱਖ ਹਾਂ ਜਾਂ ਗੁਰੂ ਅਰਜੁਨ ਜੀ ਦੇ, ਜੋ ਤੱਤੀ ਤਵੀ ਉਤੇ ਬੈਠ ਕੇ ਵੀ:
‘‘ਤੇਰਾ ਕੀਆ ਮੀਠਾ ਲਾਗੈ ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ।।’’(ਮ:5/394) ਬਚਨ ਬੋਲ ਰਹੇ ਹਨ। ਵੀਚਾਰਨ ਯੋਗ ਨੁਕਤਾ ਇਹ ਹੈ ਕਿ ਤੱਤੀ ਤਵੀ ’ਤੇ ਬੈਠੇ ਗੁਰੂ ਜੀ ਇਹ ‘‘ਤੇਰਾ ਕੀਆ ਮੀਠਾ ਲਾਗੈ।।’’ ਵਾਲੀ ਅਰਦਾਸ ਭਾਵਨਾ ਪ੍ਰਮਾਤਮਾ (ਕਿਸੇ ਅਦ੍ਰਿਸ਼ ਸ਼ਕਤੀ) ਅੱਗੇ ਪ੍ਰਗਟ ਕਰ ਰਹੇ ਹਨ ਜਾਂ ਰਾਜਾ ਜਹਾਂਗੀਰ ਅੱਗੇ ਕਿਉਂਕਿ ਮਨੁੱਖ ਪ੍ਰਤੀ ਤਾਂ ਗੁਰੂ ਉਪਦੇਸ਼ ਹੈ:
(1).‘ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ ।।’(ਮ:5/497)
(2).‘ਰਹਣ ਕਹਣ ਤੇ ਰਹੈ ਨ ਕੋਈ, ਕਿਸੁ ਪਹਿ ਕਰਉ ਬਿਨੰਤੀ।।’(ਮ:1/931) ਆਦਿ।
ਗੁਰੂ ਨਾਨਕ ਜੀ ਬੇਨਤੀ ਕਰਦੇ ਆਖ ਰਹੇ ਹਨ :
‘‘ਕਰ ਜੋੜਿ ਗੁਰ ਪਹਿ ਕਰਿ ਬਿਨੰਤੀ,ਰਾਹੁ ਪਾਧਰੁ ਗੁਰੁ ਦਸੈ।।’’(ਮ:1/767 )
ਪਰ ਸ. ਗੁਰਚਰਨ ਸਿੰਘ ਜਿਉਣ ਵਾਲਾ ਜੀ ਆਖ ਰਹੇ ਹਨ: ਉਪਰਲੀ ਸਾਰੀ ਵੀਚਾਰ ਤੋਂ ਇਹ ਜਾਹਰ ਹੁੰਦਾ ਹੈ ਕਿ ਗੁਰਬਾਣੀ ਦੇ ਰੱਬ ਜੀ ਕੁਦਰਤੀ ਨਿਯਮਾਂ ਵਿਚ ਸਮਾਏ ਹੋਏ ਹਨ ਤੇ ਇਹ ਨਿਯਮ ਕਿਸੇ ਨਾਲ ਵੈਰ ਨਹੀ ਕਰਦੇ, ਲਾਲਚ ਵਿਚ ਨਹੀ ਆਉਂਦੇ, ਪਾਠ ਤੇ ਅਰਦਾਸ ਕਰਨ ਨਾਲ ਵੀ ਵਸ ਵਿਚ ਨਹੀ ਆਉਂਦੇ।
ਭਾਈ ਸਾਹਿਬ ਜੀ ਦੀ ਇਹ ਭਾਵਨਾ ਕੇਵਲ
‘‘ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ, ਨਾਨਕ! ਹੋਸੀ ਭੀ ਸਚੁ।।’’ ਵਾਲੇ ਸ਼ਬਦ ਵਿੱਚੋਂ ਕੇਵਲ ‘‘ਹੈ ਭੀ ਸਚੁ।।’’ ਦੇ ਇੱਕ ਪੱਖ ਦੀ ਹੀ ਕੁਝ ਅਧੂਰੀ ਅਤੇ ਬਾਕੀ ਗੁਰੂ ਸਿਧਾਂਤ ’ਤੋਂ ਉਲਟ ਵਿਚਾਰਧਾਰਾ ਹੈ। ਜਦ ਕਿ ਭਗਤ; ਆਦਿ, ਮਧਿ ਅਤੇ ਅੰਤ ਸਦੀਵੀ ਹੋਂਦ ਵਾਲੇ ਪ੍ਰਮਾਤਮਾ ਨਾਲ ਇਉਂ ਇਕਮਿਕ ਹੋ ਕੇ ਵਾਰਤਾਲਾਪ ਕਰਦੇ ਆਖਦੇ ਹਨ:
(1).‘‘ਤੂ ਕੁਨੁ ਰੇ।। ਮੈ ਜੀ।। ਨਾਮਾ।। ਹੋ ਜੀ।।’’(ਭ. ਨਾਮਦੇਵ / 694)
(2). ‘‘ਮੇਰੀ ਬਾਂਧੀ ਭਗਤੁ ਛਡਾਵੈ, ਬਾਂਧੈ ਭਗਤੁ, ਨ ਛੂਟੈ ਮੋਹਿ।।
ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ।।1।।
ਮੈ ਗੁਨ ਬੰਧ ਸਗਲ ਕੀ ਜੀਵਨਿ, ਮੇਰੀ ਜੀਵਨਿ ਮੇਰੇ ਦਾਸ ।।
ਨਾਮਦੇਵ ਜਾ ਕੇ ਜੀਅ ਐਸੀ, ਤੈਸੋ ਤਾ ਕੈ ਪ੍ਰੇਮ ਪ੍ਰਗਾਸ।।’’(ਭ. ਨਾਮਦੇਵ/1253) ਆਦਿ।
(ਸ). ਆਸਤਿਕ ਅਤੇ ਨਾਸਤਿਕ:-
ਆਸਤਿਕ ਸ਼ਬਦ ਦਾ ਵਿਰੋਧਾਭਾਸੀ ਸ਼ਬਦ ਨਾਸਤਿਕ ਹੈ। ਜੋ ਸੰਸਕ੍ਰਿਤ ਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਇਸ ਆਸਤਿਕ ਸ਼ਬਦ ਦੇ ਅਰਥ ਇਉਂ ਕਰਦੇ ਹਨ: ਕਰਤਾਰ ਨੂੰ ਮੰਨਣ ਵਾਲਾ ਅਤੇ ਪ੍ਰਲੋਕ ’ਤੇ ਨਿਸ਼ਚਾ ਰੱਖਣ ਵਾਲਾ। ਪਰ ਨਾਸਤਿਕ ਸ਼ਬਦ ਦੇ ਅਰਥ ਕਰ ਰਹੇ ਹਨ: ਈਸਵਰ ਹੈ ਨਹੀਂ, ਨਿਸ਼ਚਾ ਰੱਖਣ ਵਾਲਾ ਅਤੇ ਪ੍ਰਲੋਕ ਜਾਂ ਪ੍ਰਮਾਤਮਾ ਉਤੇ ਵਿਸਵਾਸ਼ ਨਾ ਰੱਖਣ ਵਾਲਾ।
ਭਾਈ ਕਾਹਨ ਸਿੰਘ ਨਾਭਾ ਜੀ ਅਨੁਸਾਰ ਪ੍ਰਮਾਤਮਾ ਆਕਾਰ ਹੈ ਜਾਂ ਨਿਰਾਕਾਰ, ਸਾਫ਼ ਨਹੀਂ ਕੀਤਾ ਗਿਆ। ਪਰ ਆਸਥਾ ਰੱਖਣ ਵਾਲਾ ਆਸਤਿਕ ਅਤੇ ਨਾ ਆਸਥਾ ਰੱਖਣ ਵਾਲਾ ਨਾਸਤਿਕ ਸਾਫ਼ ਹੈ।
ਆਕਾਰ ਦੇ ਪੂਜਾਰੀਆਂ ਦਾ ਰੱਬ ਪੱਥਰ, ਮੂਰਤੀ, ਦਰਖ਼ਤ, ਚੰਦ, ਸੂਰਜ, ਕੁਦਰਤੀ ਨਿਯਮ, ਸਿਸਟਮ ਆਦਿ। ਪਰ ਗੁਰਬਾਣੀ ਉਪਦੇਸ਼ ਦੇ ਰਹੀ ਹੈ:
(1). ‘‘ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ।।
ਤੂ ਦਾਤਾ, ਮਾਗਨ ਕਉ ਸਗਲੀ, ਦਾਨੁ ਦੇਹਿ ਪ੍ਰਭ! ਭਾਨੈ।। (ਮ:5/614)
ਭਾਵ ਲੋਕਾਂ ਨੇ ਪੈਦਾ ਕੀਤੀ ਹੋਈ ਕਿਰਤ ਨੂੰ ਰੱਬ ਮੰਨ ਲਿਆ ਪਰ ਜਿਸ ਨੇ ਇਹ ਕਿਰਤ ਬਣਾਈ, ਉਸ ਨੂੰ ਘਾਹ ਫੂਸ ਦੀ ਤਰ੍ਹਾਂ ਵੇਖ ਹੀ ਨਹੀਂ ਰਹੇ।
(2).‘ਚਚਾ,ਰਚਿਤ ਚਿਤ੍ਰ ਹੈ ਭਾਰੀ ।। ਤਜਿ ਚਿਤ੍ਰੈ,ਚੇਤਹੁ ਚਿਤਕਾਰੀ ।।
ਚਿਤ੍ਰ ਬਚਿਤ੍ਰ ਇਹੈ ਅਵਝੇਰਾ ।।ਤਜਿ ਚਿਤ੍ਰੈ,ਚਿਤੁ ਰਾਖਿ ਚਿਤੇਰਾ।। (ਭ. ਕਬੀਰ/340) ਭਾਵ ਪ੍ਰਮਾਤਮਾ ਦਾ ਬਣਾਇਆ ਹੋਇਆ ਇਹ ਜਗਤ ਚਿੱਤਰ ਬਹੁਤ ਹੀ ਵਿਆਪਕ ਫੈਲਿਆ ਹੋਇਆ ਹੈ। ਇਸ ਲਈ ਇਸ ਦੇ ਅੰਤ ਪਾਉਣ ਪਿੱਛੇ ਨਾ ਪੈ ਕੇ ਚਿੱਤਰ ਬਣਾਉਣ ਵਾਲੇ ਨੂੰ ਯਾਦ ਕਰ। (ਤੇਰੇ ਅਨੁਸਾਰ ਬ੍ਰਹਮਾ ਵੀ ਇਸ ਦੇ ਅੰਤ ਪਾਉੇਣ ਪਿੱਛੇ ਭਟਕਦਾ ਹੀ ਰਿਹਾ
‘‘ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ।। ਬ੍ਰਹਮ ਕਮਲੁ ਪਇਆਲਿ ਨ ਪਾਇਆ।।
ਆਗਿਆ ਨਹੀ ਲੀਨੀ ਭਰਮਿ ਭੁਲਾਇਆ।। (ਮ:1/227) ਐਸਾ ਕਿਉਂ ਕਿ
‘‘ਤਜਿ ਚਿਤ੍ਰੈ, ਚੇਤਹੁ ਚਿਤਕਾਰੀ।।’’ ਕਿਉਂਕਿ
‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ।।’’ (ਮ:5/1204),
‘‘ਦ੍ਰਿਸਟਿਮਾਨ ਸਭੁ ਬਿਨਸੀਐ, ਕਿਆ ਲਗਹਿ ਗਵਾਰ ।। (ਮ:5/808)
ਭਾਵ ਹੇ ਨਾਸਮਝ ਮੂਰਖ! ਵਿਖਾਈ ਦੇਣ ਵਾਲਾ ਸਾਰਾ ਆਕਾਰ ਨਾਸ਼ਵਾਨ ਹੈ, ਇਸ ’ਤੋਂ ਬਹੁਤਾ ਪ੍ਰਭਾਵਤ ਨਾ ਹੋ। ਹੁਣ ਜੋ ਦ੍ਰਿਸ਼ਟਮਾਨ ਉੱਤੇ ਹੀ ਆਸਥਾ ਰੱਖ ਕੇ ਆਸਤਿਕ ਬਣੇ ਹਨ, ਲਈ ਗੁਰੂ ਫ਼ੁਰਮਾਨ ਹੈ:
‘‘ਜਿਨ੍ਹੀ ਨਾਮੁ ਵਿਸਾਰਿਆ, ਦੂਜੈ ਭਰਮਿ ਭੁਲਾਈ ।।
ਮੂਲੁ ਛੋਡਿ, ਡਾਲੀ ਲਗੇ, ਕਿਆ ਪਾਵਹਿ ਛਾਈ ।।’’(ਮ:1/420)
ਗੁਰੂ ਜੀ ਦੀਆਂ ਨਜ਼ਰਾਂ ਵਿੱਚ ਆਕਾਰ ਕੇਵਲ ਨਿਰਾਕਾਰ ਪ੍ਰਮਾਤਮਾ (ਮੂਲ) ਦਾ ਵਿਸਥਾਰ ਹੀ ਹੈ:
‘‘ਤੂੰ ਪੇਡੁ, ਸਾਖ ਤੇਰੀ ਫੂਲੀ ।। ਤੂੰ ਸੂਖਮੁ ਹੋਆ ਅਸਥੂਲੀ ।।
ਤੂੰ ਜਲਨਿਧਿ,ਤੂੰ ਫੇਨੁ ਬੁਦਬੁਦਾ,ਤੁਧੁ ਬਿਨੁ,ਅਵਰੁ ਨ ਭਾਲੀਐ ਜੀਉ ।।’(ਮ:5/102)
ਜੋ ਵੀਰ ਆਕਾਰ (ਸਿਸਟਮ) ਨੂੰ ਰੱਬ ਰੂਪ ਵਿੱਚ ਮੰਨ ਕੇ ਇਸ ਉੱਤੇ ਆਸਥਾ ਰੱਖਦੇ ਹਨ, ਉਹਨਾ ਨੂੰ ਹੋਰ ਵਿਚਾਰਧਾਰਾ ਵਾਲੇ ਕੁਝ ਵੀ ਪਿਆ ਕਹਿਣ । ਪਰ ਉਹਨਾ ਵੱਲੋਂ ਬਣਾਈ ਗਈ ਰੱਬ ਦੀ ਪਰਿਭਾਸ਼ਾ ਅਤੇ ਕੋਸ਼ਾਂ ਵਿੱਚ ਕੀਤੇ ਗਏ ਆਸਤਿਕ ਦੇ ਅਰਥਾਂ ਅਨੁਸਾਰ ਉਹ ਆਸਤਿਕ ਹਨ। ਪਰ ਗੁਰਬਾਣੀ ਦੇ
‘‘ਮੂਲੁ ਛੋਡਿ, ਡਾਲੀ ਲਗੇ, ਕਿਆ ਪਾਵਹਿ ਛਾਈ।।’’
ਸਿਧਾਂਤ ਨੂੰ ਵੀਚਾਰਦਿਆਂ ਉਹ ਨਾਸਤਿਕ ਹਨ।
ਜੋ ਵੀਰ; ਰੱਬ ਜੀ ਦੀ ਹੋਂਦ ਨੂੰ
‘‘ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ, ਨਾਨਕ! ਹੋਸੀ ਭੀ ਸਚੁ।।’’ ਜਪੁ (ਮ:1/1)
ਨਹੀਂ ਮੰਨ ਕੇ ਕੁਦਰਤੀ ਨਿਯਮਾ ਨੂੰ ਹੀ ਰੱਬ ਮੰਨਦੇ ਹਨ। ਉਹਨਾ ਦੀ ਇਸ ਵਿਚਾਰਧਾਰਾ ’ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਉਤੇ ਸ਼ਰਧਾ ਰੱਖਣ ਵਾਲਿਆਂ ਦੇ ਮਨਾਂ ਵਿੱਚ ਇਹਨਾਂ ਸੱਜਣਾ ਪ੍ਰਤੀ ਕਈ ਸ਼ੰਕੇ ਹੋਰ ਵੀ ਪੈਦਾ ਹੋ ਜਾਂਦੇ ਹਨ ਜਿਵੇਂ ਕਿ:
(1). ਵਿਗਿਆਨਕ ਸੋਚ ਅਨੁਸਾਰ ਅਗਰ ਕੁਦਰਤੀ ਨਿਯਮ (ਸਿਸਟਮ) ਹੀ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਭਾਵ ਇਸ ਦੇ ਪਿੱਛੇ ਕੋਈ ਗੁਪਤ ਸ਼ਕਤੀ ਕੰਮ ਨਹੀਂ ਕਰ ਰਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਗਿਆਨ ਦੀ ਕਿਤਾਬ ’ਤੋਂ ਵੱਧ ਕੁਝ ਵੀ ਨਹੀਂ। ਜਿਸ ਨੂੰ ਵਾਰ ਵਾਰ ਪੜ੍ਹਨ (ਪਾਠ ਕਰਨ) ਦਾ ਕੋਈ ਫ਼ਾਇਦਾ ਨਹੀਂ? ਜਦਕਿ ਸ਼ਰਧਾਵਾਨ (ਆਸਤਿਕ) ਸੱਜਣ; ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਰੱਬੀ ਗਿਆਨ ਸਮੇਤ ਨਾਨਕ ਜੋਤ ਰੂਪ ਅਸੀਮ ਅਦ੍ਰਿਸ਼ ਸ਼ਕਤੀ ਨੂੰ ਵੀ ਸਵੀਕਾਰਦੇ ਹਨ।
(2). ਜਦ ਕੁਦਰਤ ਦੇ ਨਿਯਮ (ਸਿਸਟਮ) ਦਾ ਗਿਆਨ; ਵਿਗਿਆਨੀ, ਤਰਕਵਾਦੀ ਆਦਿ ਵੈਸੇ ਹੀ (ਬਿਨਾ ਕੇਸ਼) ਪ੍ਰਾਪਤ ਕਰ ਲੈਂਦੇ ਹਨ ਤਾਂ ਬਾਲ ਰੱਖਣ ਅਤੇ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ? ਆਦਿ।
ਉਕਤ ਵਿਚਾਰਕ ਮਤਭੋਦ ਕੇਵਲ ਸ. ਗੁਰਚਰਨ ਸਿੰਘ ਜਿਉਣ ਵਾਲਾ, ਸ. ਅਵਤਾਰ ਸਿੰਘ ਮਿਸ਼ਨਰੀ ਜਾਂ ਗਿ. ਜਗਤਾਰ ਸਿੰਘ ਜਾਚਕ ਅਤੇ ਗਿ. ਸੁਰਜੀਤ ਸਿੰਘ ਦਿੱਲੀ ਆਦਿ ਦੇ ਮੰਨ ਕੇ ਆਪਣੇ ਆਪ ਨੂੰ ਗੁਰੂ ਜੀ ਦੇ ਸਿੱਖ ਅਖਵਾਉਣ ਵਾਲੇ ਆਪਣੀ ਜਵਾਬਦੇਹੀ ’ਤੋਂ ਭੱਜ ਨਹੀਂ ਸਕਦੇ। ਜ਼ਰੂਰਤ ਹੈ ਸਾਡੇ ਤੱਕ ਗੁਰਮਤਿ ਵਿਚਾਰਧਾਰਾ ਪਹੁੰਚਾਉਣ ਵਾਲਿਆਂ ਦੇ ਉਕਤ ਵਿਸ਼ਿਆਂ ਬਾਰੇ ਆਪਣੇ-2 ਵੀਚਾਰ ਸਪੱਸ਼ਟ ਕਰਨ ਦੀ, ਤਾਂ ਜੋ ਗੁਰਮਤਿ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਰੱਖਣ ਵਾਲੇ ਹਰ ਇੱਕ ਸੱਜਣ ਪੁਰਸ ਦੀ ਪਿਛੋਕੜ ਭਾਵਨਾ ਨੂੰ ਸਮਝਿਆ ਜਾ ਸਕੇ।
ਸਿੱਖ ਸਮਾਜ ਨੇ ਹਮੇਸ਼ਾਂ ਹੀ ਤਰਕਸ਼ੀਲ ਅਤੇ ਵਿਗਿਆਨਿਕ ਸੋਚ ਦੀ ਇੱਕ ਪੱਖ ’ਤੋਂ ਉਸ ਦੀ ਅਹਿਮੀਅਤ ਨੂੰ ਸਵੀਕਾਰ ਕੀਤਾ ਹੈ। ਕਿਉਂਕਿ ਇਹਨਾ ਨੇ ਅੰਧਵਿਸਵਾਸ਼ ਵਿੱਚੋਂ ਲੁਕਾਈ ਨੂੰ ਕੱਢਣ ਵਿੱਚ ਸਮਾਜ ਦੀ ਯੋਗ ਸੇਵਾ ਕੀਤੀ ਹੈ। ਪਰ ਸਿੱਖੀ ਸ੍ਵਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਵਿਗਿਆਨੀ, ਤਰਕਵਾਦੀ ਆਦਿ ’ਤੋਂ ਵੀ ਇੱਕ ਕਦਮ ਅੱਗੇ ਜਾ ਕੇ ਅਦ੍ਰਿਸ਼ ਵਿਸ਼ਿਆਂ ਉੱਤੇ ਕਾਮਰੇਡ ਸੋਚ ਸਿੱਖਾਂ ਦੇ ਮਨਾਂ ਵਿੱਚ ਭਰਨੀ ਗੁਰੂ ਸਿਧਾਂਤ ਦਾ ਘੋਰ ਅਪਮਾਨ ਹੈ।
ਅਜੋਕੇ ਸਮੇਂ ਵਿੱਚ ਗੁਰਮਤਿ ਉੱਤੇ ਤਿੰਨ ਪ੍ਰਕਾਰ (ਬਿਪਰਬਾਦ, ਤਰਕਵਾਦ ਅਤੇ ਲਾਲਚ ਬਿਰਤੀ ਵਾਲੀ ਰਾਜਨੀਤੀ) ਦਾ ਪ੍ਰਭਾਵ ਪੈ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਵਾਰ ਵਾਰ ਇਹੋ ਜਿਹੀਆਂ ਵਿਚਾਰਧਾਰਾ ਦਾ ਗੁਰਮਤਿ ਉੱਤੇ ਪ੍ਰਭਾਵ ਕਿਉਂ ਪੈਂਦਾ ਹੈ?
ਉੱਤਰ ਮਿਲੇਗਾ, ਗੁਰਬਾਣੀ ਦੀ ਲਿਖਣਸ਼ੈਲੀ ਪ੍ਰਤੀ ਸਮਝ ਦੀ ਘਾਟ। ਉਦਾਹਰਣ ਲਈ ਪ੍ਰੋ. ਸਾਹਿਬ ਸਿੰਘ ਜੀ ਦਾ ਇੱਕ ਪੱਖ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂਗਾ। ਪ੍ਰੋ. ਜੀ ਨੇ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਆਧਾਰ ਬਣਾ ਕੇ ਗੁਰੂ ਉਪਦੇਸ਼ ਦੇਣ ਦੀ ਪਿਛੋਕੜ ਭਾਵਨਾ ਨੂੰ ਸਮਝਣ ਦਾ ਯਤਨ ਕੀਤਾ। ਉਹਨਾ ਨੂੰ ਗੁਰਬਾਣੀ ਵਿੱਚੋਂ ਇੱਕ ਅਜੇਹਾ ਆਦਰਸ਼ ਜੀਵਨ ਲੱਭਿਆ, ਜੋ ਇੱਕ ’ਤੋਂ ਵੱਧ ਸ਼ਾਦੀ ਕਰਵਾਉਣ ਦੇ ਵਿਪ੍ਰੀਤ ਸੀ। ਪ੍ਰੋ. ਜੀ ਨੇ ਇੱਕ ’ਤੋਂ ਦਸ ਤੱਕ ਗੁਰੂ ਸਾਹਿਬਾਨਾਂ ਜੀ ਦਾ ਜੀਵਨ ਵੇਰਵਾ ਲਿਖਿਆ। ਜਿਹਨਾਂ ਨੇ ਛੇਵੇਂ, ਸੱਤਵੇਂ ਪਾਤਿਸ਼ਾਹ ਜੀ ਦੀ ਇੱਕ-ਇੱਕ ਸ਼ਾਦੀ ਨੂੰ ਸਵੀਕਾਰ ਕੀਤਾ, ਬੇਸ਼ੱਕ ਇਤਿਹਾਸ ਵਿੱਚ ਇੱਕ ’ਤੋਂ ਵੱਧ ਸ਼ਾਦੀਆਂ ਬਾਰੇ ਇਤਿਹਾਸ ’ਚ ਜ਼ਿਕਰ ਵੀ ਮੌਜ਼ੂਦ ਸੀ। ਭਾਵ ਗੁਰਬਾਣੀ ਦੀ ਲਿਖਣਸ਼ੈਲੀ ਰਾਹੀਂ ਗੁਰੂ ਉਪਦੇਸ਼ ਦੇ ਪਿਛੋਕੜ (ਅੰਦਰੂਨੀ) ਭਾਵ ਨੂੰ ਸਮਝਿਆਂ ਇਤਿਹਾਸਕਾਰਾਂ ਰਾਹੀਂ ਬਣ ਰਿਹਾ ਹਰ ਪ੍ਰਕਾਰ ਦੀ ਦੁਬਿਧਾ ਦਾ ਪ੍ਰਭਾਵ ਦੂਰ ਕੀਤਾ ਜਾ ਸਕਦਾ ਹੈ। ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤਾ ਗੁਰਬਾਣੀ ਦਾ ਟੀਕਾ ਕਿਧਰੇ ਵੀ ਕੁਦਰਤੀ ਨਿਯਮ (ਸਿਸਟਮ) ਨੂੰ ਰੱਬ ਹੋਣ ਦੀ ਪੁਸ਼ਟੀ ਨਹੀਂ ਕਰਦਾ। ਪ੍ਰੋ. ਸਾਹਿਬ ਸਿੰਘ ਜੀ ’ਤੋਂ ਹੀ ਮਿਸ਼ਨਰੀ ਲਹਿਰ ਦੀ ਆਰੰਭਤਾ ਹੋਈ ਸੀ। ਪਰ ਇਹ ਵੱਖਰੀ ਗੱਲ ਹੈ ਕਿ ਅਜੋਕੇ ਮਿਸ਼ਨਰੀਆਂ ਵਿੱਚੋਂ ਸ. ਅਵਤਾਰ ਸਿੰਘ ਜੀ ਮਿਸ਼ਨਰੀ ਵੱਲੋਂ ਇਹ ਕਹਿਣਾ ਕਿ ਸੋ ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਤੇ ਇਸ ਦੇ ਉਲਟ ਚੱਲਣਾ ਹੀ ਨਾਸਤਕ ਹੋਣਾ ਹੈ। ਬਾਕੀ ਵੱਖ ਵੱਖ ਮਜ਼ਹਬਾਂ ਦੇ ਆਪੋ ਆਪਣੇ ਮੰਨੇ ਜਾਂ ਬਣਾਏ ਗਏ ਰੱਬ ਮਨੁੱਖਤਾ ਵਿੱਚ ਵੰਡੀਆਂ ਪਾ ਕੇ, ਨਫਰਤ ਦਾ ਕਾਰਨ ਬਣ ਰਹੇ ਹਨ ਜਦ ਕਿ ਰੱਬ ਸਾਰੀ ਦੁਨੀਆਂ ਦਾ ਇੱਕ ਹੀ ਹੈ ਅਤੇ ਆਪੋ ਆਪਣੀ ਭਾਸ਼ਾ ਅਨੁਸਾਰ ਉਸ ਦੇ ਨਾਮ ਵੱਖ ਵੱਖ ਜਾਪਦੇ (ਲੱਗਦੇ) ਹਨ। ਜਿਨ੍ਹਾਂ ਗਿਆਨੀਆਂ ਜਾਂ ਵਿਗਿਆਨੀਆਂ ਨੇ ਕੁਦਰਤੀ ਭੇਦਾਂ ਨੂੰ ਖੋਜਿਆ ਓਨ੍ਹਾਂ ਨੇ ਰੱਬੀ ਭੇਦ ਜਾਣ ਲਿਆ ਕਿ ਰੱਬ ਇੱਕ ਕੁਦਰਤੀ ਸਿਸਟਮ ਹੈ ਨਾ ਕਿ ਮੰਨੀ ਗਈ ਕੋਈ ਗੈਬੀ ਸ਼ਕਤੀ।
ਅਤੇ ਅੱਜ ਰੱਬ ਦੇ ਨਾਂ ਤੇ ਪੜ੍ਹੇ ਲਿਖੇ ਵੀ ਲੁੱਟ ਹੋ ਰਹੇ ਹਨ ਅਤੇ ਰੱਬ ਨੂੰ ਇੱਕ ਹਊਆ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਧਿਆਨ ਦਿਉ ਕਿ ਆਸਾ ਰੱਖਣ ਵਾਲਾ ਆਸਤਕ ਅਤੇ ਨਾਂ ਰੱਖਣ ਵਾਲਾ ਨਾਸਤਕ ਹੈ ਪਰ ਅੰਨ੍ਹੀ ਸ਼ਰਧਾ ਦੀ ਆਸਾ ਨਾਲੋਂ ਸੁਜਾਖੀ ਨਾਸਤਕਤਾ ਚੰਗੀ ਹੈ। ਗਿਆਨ ਨਾਲਜ ਵੱਲੋਂ ਅੱਖਾਂ ਅਤੇ ਕੰਨ ਬੰਦ ਕਰ ਲੈਣੇ ਹੀ ਅਸਲ ਨਾਸਤਕਤਾ ਹੈ। ਸਦੀਆਂ ਤੋਂ ਰੱਬ ਅਤੇ ਧਰਮ ਬਾਰੇ ਲੋਟੂ ਪੁਜਾਰੀਆਂ ਤੇ ਅਖੌਤੀ ਸੰਤਾਂ ਨੇ ਅਨੇਕਾਂ ਭਰਮ, ਭੁਲੇਖੇ ਤੇ ਭੰਬਲ ਭੂਸੇ ਪਾਏ ਹੋਏ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਹਲਵਾ ਮੰਡਾ ਖੂਬ ਚੱਲ ਰਿਹਾ ਹੈ।
ਇਹਨਾ ਵੀਰਾਂ ਦਾ ਗਿਆਨ ਦਾ ਪੈਮਾਨਾ ਅਖੌਤੀ ’ਤੋਂ ਆਰੰਭ ਹੋ ਕੇ ਪਖੰਡੀਆਂ ਤੱਕ ਸਮਾਪਤ ਹੋ ਜਾਂਦਾ ਹੈ ਕਿਉਂਕਿ ਗੁਰਬਾਣੀ ਲਿਖਣਸ਼ੈਲੀ (ਵਿਆਕਰਣ) ਅੱਖੋਂ ਪਰੋਖੇ ਕਰ ਦੇਂਦੇ ਹਨ। ਅਗਰ ਇਹਨਾ ਨੂੰ ਮੂਲ ਮੰਤ੍ਰ ਦੀ ਲਿਖਣ ਸ਼ੈਲੀ ਬਾਰੇ ਵੀ ਪੁਛ ਲਿਆ ਜਾਵੇ ਤਾਂ ਇਹਨਾ ਵਿਚਾਰਿਆਂ ਪਾਸ ਕੋਈ ਜਵਾਬ ਨਹੀਂ ਹੁੰਦਾ। ਜਿਸ ਕਾਲਜ ਨੇ ਇਹਨਾ ਨੂੰ ਪੜ੍ਹਾਇਆ, ਉਹ ਇਹਨਾ ਦੇ ਇਸ ਤਰ੍ਹਾਂ ਦੇ ਵੀਚਾਰ ਸੁਣ ਕੇ ਦੰਗ ਰਹਿ ਗਏ।
ਇੱਕ ਗੱਲ ਹੋਰ ਜੋ ਧਿਆਨ ਮੰਗਦੀ ਹੈ ਕਿ ਇਹ ਵਰਗ ਦੋ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰਨ ’ਤੋਂ ਸੰਕੋਚ ਨਹੀਂ ਕਰਦਾ। ਉਹ ਹਨ
(1). ਜੇ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਵੀਚਾਰੀਏ ਤਾਂ ਇਹੀ ਸਿੱਟਾ ਨਿਕਲਦਾ ਹੈ ਜਾਂ ਸਿੱਖ ਸੰਗਤੋ ਜਾਗੋ! ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਚਾਰ ਆਪ ਕਰਨ ਦਾ ਅਭਿਆਸ ਕਰਕੇ ਜੀਵਨ ਵਿੱਚ ਧਾਰਨ ਕਰੋ। ਇਹ ਕੁਝ ਨੁਕਤੇ ਹਨ ਭੇਖੀ ਡੇਰੇਦਾਰ ਸਾਧਾਂ ਦੇ ਭਰਮਜਾਲ ਤੋਂ ਸਿੱਖ ਸੰਗਤਾਂ ਨੂੰ ਸਦਾ ਲਈ ਛੁਟਕਾਰਾ ਪਾਉਣ ਦੇ।
(2). ਗੁਰੂ ਦੇ ਪੰਥ ਦਾ ਦਾਸ।
ਪਰ ਇਹਨਾ ਨੂੰ ਪੁਛਣਾ ਚਾਹੀਦਾ ਹੈ ਕਿ ਸਾਨੂੰ ਉਹਨਾ ਦੋ ਦਰਜਨ ਗੁਰੂ ਪੰਥੀਆਂ ਦੇ ਨਾਮ ਦੱਸਣਾ, ਜਿਹਨਾ ਦੇ ਦਾਸ ਬਣਨ ਲਈ ਤੁਸੀਂ ਆਪਣੇ ਲੇਖ ਦੀ ਸਮਾਪਤੀ ਕਰਦੇ ਹੋ।
ਇੱਕ ਵਾਰ ਮੈ ਹਜੂਰ ਸਾਹਿਬ ਗਿਆ। ਉੱਥੋਂ ਦੇ ਕੁਝ ਵੀਰਾਂ ਨੇ ਆਪਣੇ ਕੁਝ ਵੀਚਾਰ ਇਉਂ ਪ੍ਰਗਟ ਕੀਤੇ:-ਜਦ ਪੰਜਾਬ ’ਤੋਂ ਸ. ਗੁਰਚਰਨ ਸਿੰਘ ਜੀ ਟੌਹੜਾ ਇੱਥੇ ਆਉਂਦੇ ਸਨ ਤਾਂ ਰੇਲਵੇ ਸਟੇਸ਼ਨ ’ਤੋਂ ਲੈ ਕੇ ਤਖ਼ਤ ਸਾਹਿਬ ਤੱਕ ਉਹਨਾਂ ਦੀ ਸਵਾਰੀ ਦੇ ਅੱਗੇ ਅੱਗੇ ਢੋਲ ਡਰੰਮ ਵੱਜਦੇ ਸਨ। ਮਨ ਵਿੱਚ ਸ਼ੰਕਾ ਹੁੰਦਾ ਸੀ ਕਿ ਜਿਸ ਵਿਅਕਤੀ ਦਾ ਇਤਨਾ ਸਨਮਾਨ ਹੋ ਰਿਹਾ ਹੋਵੇ, ਉਹ ਇੱਥੇ ‘ਸਿੱਖ ਰਹਿਤ ਮਰਿਯਾਦਾ’ ਲਾਗੂ ਕਿਉਂ ਨਹੀਂ ਕਰਵਾ ਰਿਹਾ? ਜਵਾਬ ਵੀ ਬੜਾ ਦਿਲਚਸਪ ਸੀ ਕਿ ਫਿਰ ਢੋਲ ਵੱਜਣੇ ਬੰਦ ਹੋ ਜਾਣਗੇ।
ਅਜੋਕੇ ਸਮੇਂ ਵਿੱਚ ਗੁਰਮਤਿ ਪ੍ਰਚਾਰ ਕਰਨ ਦੇ ਬਹੁਤ ਹੀ ਤਰੀਕੇ ਹਨ। ਇੱਕ ਸੰਪਾਦਕ 1% ਸੱਚ ਨੂੰ 99% ਸੱਚ ਅਤੇ 99% ਝੂਠ ਨੂੰ 1% ਝੂਠ ਸਿੱਧ ਕਰ ਸਕਦਾ ਹੈ। ਪਰ
‘‘ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ।।’’(ਮ:1/723)
ਦੇ ਧਾਰਨੀ ਸੰਪਾਦਕ ਅਗਰ 99% ਝੂਠ ਨੂੰ 99% ਸੱਚ ਸਿੱਧ ਕਰਨ ’ਤੇ ਤੁਲੇ ਹੋਣ, ਤਾਂ ਉਹ ਆਪਣੀ ਝੂਠੀ ਪੱਤਰਕਾਰਿਤਾ ਲਈ
‘‘ਸਚੁ ਸੁਣਾਇਸੀ ਸਚ ਕੀ ਬੇਲਾ।।’’ ਵਰਗਾ ਗੁਰੂ ਵਾਕ ਵਰਤਨ ਦੀ ਥਾਂ
‘ਅਸੀਂ ਝੂਠ ਸੁਣਾਉਂਦੇ ਹਾਂ ਝੂਠ ਕੀ ਵੇਲਾ’ ਲਿਖਣ, ਤਾਂ ਉਚਿਤ ਹੋਵੇਗਾ।
ਕੁਝ ਲੇਖਕ ਬਾਲ ਦੀ ਖੱਲ ਉਤਾਰਣ ਵਾਲੇ ਵਿਸ਼ਿਆਂ ਉੱਤੇ ਤਾਂ ਆਪਣੇ ਵੀਚਾਰ ਦੇਂਦੇ ਰਹਿੰਦੇ ਹਨ ਪਰ ਜ਼ਰੂਰੀ ਵਿਸ਼ਿਆਂ ਉੱਤੇ ਆਪਣੇ ਵੀਚਾਰ ਦੇਣ ’ਤੋਂ
‘‘ਸਚੁ ਸੁਣਾਇਸੀ ਸਚ ਕੀ ਬੇਲਾ।।’’ ਦੀ ਥਾਂ ਚੁੱਪ ਰਹਿਣਾ ਉਚਿਤ ਸਮਝਦੇ ਹਨ ਕਿਉਂਕਿ ਫਿਰ ਢੋਲ ਵੱਜਣੇ ਬੰਦ ਹੋ ਜਾਣਗੇ।
ਇਸ ਲੇਖ ਦੀ ਸਮਾਪਤੀ ਮੈ ਇਹ ਸਵਾਲ ਪੁੱਛ ਕੇ ਕਰਨਾ ਉਚਿਤ ਸਮਝਾਗਾ ਕਿ ਅਗਰ ਪ੍ਰਮਾਤਮਾ ਕੁਦਰਤੀ ਸਿਸਟਮ ਹੈ ਕੋਈ ਅਦ੍ਰਿਸ਼ ਸ਼ਕਤੀ ਨਹੀਂ ਤਾਂ ਹੇਠਾਂ ਦਿੱਤੀ ਜਾ ਰਹੀ ਫੋਟੋ ਵਿੱਚ ਬੰਦ ਕੀਤੀਆਂ ਅੱਖਾਂ ਸਿਸਟਮ-ਰੱਬ ਪ੍ਰਤੀ ਆਸਤਿਕ ਹੋਣ ਦਾ ਪ੍ਰਤੀਕ ਹੈ ਜਾਂ ਪਾਖੰਡ ?
ਬਾਜਾਂਵਾਲਿਆ! ਤੇਰੇ ਨਿਰਮਲ ਬਾਗ਼ ਉੱਤੇ, ਲੋਭੀ ਬਿਰਤੀ ਆ ਕੇ ਬਹਿ ਗਈ ਏ।
ਗੋਲਕ ਲਾਲੋ ਦੀ, ਧਰਮ ਦੀ ਕਿਰਤ ਵਾਲੀ, ਚਲਾਕ ਠੱਗ ਦੇ, ਕਟੋਰੇ ’ਚ ਪੈ ਗਈ ਏ।
ਅਖਵਾਉਣ ਪੰਥ ਦਰਦੀ, ਭੱਜਣ ਚਨੌਤੀਆਂ ’ਤੋਂ, ‘ਲੀਡਰੀ ਅਕਾਲੀ’ ਨਾਮ ਦੀ ਰਹਿ ਗਈ ਏ।
ਜਵਾਨੀ ਪੰਜਾਬ ਦੀ, ਬਹੁਤੀ ਹੈ ਪਤਿਤ ਹੋਈ, ‘ਫ਼ਖ਼ਰੇ ਕੌਮ’ ਸਭ ਚੁੱਪ ਕਰ ਸਹਿ ਗਈ ਏ।
ਬ੍ਰਹਮਣਵਾਦ; ਤਰਕ; ਅਖੌਤੀ ਰਾਜਨੀਤੀ, ਹਾਏ! ਖੱਲ ਸ਼ੇਰ ਦੀ, ਖੋਤੇ ’ਤੇ ਪੈ ਗਈ ਏ।
ਡਿਠੈ ਮੁਕਤਿ ਨਾ; ਕਿਹਾ ਸੀ ਵੀਚਾਰ ਕਰਨੀ, ਇੱਥੇ ਤਾਂ ਗੱਡੀ ਹੀ, ਲੀਹੋਂ ਲਹਿ ਗਈ ਏ।
ਭ੍ਰਿਸ਼ਟੇ ਮਸੰਦਾਂ ਨੂੰ, ਮੁੜ ਫਿਰ ਸਾੜਨੇ ਲਈ, ਹੁਣ ਤਾਂ ਨਾਨਕੀ ਫ਼ਰਿਆਦ, ਬਾਕੀ ਰਹਿ ਗਈ ਏ।
‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ।।’’ (ਮ:5/1185)
ਗਿਆਨੀ ਅਵਤਾਰ ਸਿੰਘ,
ਸੰਪਾਦਕ ਮਿਸ਼ਨਰੀ ਸੇਧਾਂ, ਜਲੰਧਰ,
ਪੰਜਾਬ-094637-90131