ਨੋਟ ਤੇ ਨਸ਼ੇ ਹੋਏ ਆਖਰੀ ਦਿਨ ਭਾਰੂ…………
ਜਸਪਾਲ ਸਿੰਘ ਹੇਰਾਂ
ਹੁਣ ਜਦੋਂ ਵੋਟਾਂ ਪੈਣ ‘ਚ ਸਿਰਫ਼ 24 ਕੁ ਘੰਟੇ ਬਾਕੀ ਹਨ ਅਤੇ ਜਿਵੇਂ ਚਿੰਤਾ ਕੀਤੀ ਜਾਂਦੀ ਸੀ, ਸਥਾਪਿਤ ਧਿਰਾਂ ‘ਨੋਟ ਤੇ ਨਸ਼ਿਆਂ’ ਨਾਲ ਹਾਰੀ ਬਾਜ਼ੀ ਜਿੱਤਣ ਲਈ ਲੱਗ ਗਈਆਂ ਹਨ। ਸ਼ਰਾਬ ਦੀਆਂ ਪੇਟੀਆਂ ਲਈ ਕਿਤੇ ‘ਚਾਹ ਦੇ ਕੱਪ’ ਦੀਆਂ ਪਰਚੀਆਂ, ਕਿਤੇ ‘ਨੋਟ’ ਨਿਸ਼ਾਨੀ ਦੇ ਰੂਪ ‘ਚ ਦਿੱਤੇ ਜਾ ਰਹੇ ਹਨ ਅਤੇ ਧੜ੍ਹਾ-ਧੜ ਸ਼ਰਾਬ ਵੰਡਣੀ ਸ਼ੁਰੂ ਹੋ ਚੁੱਕੀ ਹੈ। ਇਸੇ ਤਰ੍ਹਾਂ ਨੋਟ ਵੰਡਣ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਕਾਊ ਵੋਟਾਂ ਦੀ ਨਿਸ਼ਾਨਦੇਹੀ ਕਰਕੇ, ਉਨ੍ਹਾਂ ਨੂੰ ਖਰੀਦਣ ਦੀ ਜੁੰਮੇਵਾਰੀ ਖ਼ਾਸ ਚਹੇਤਿਆਂ ਨੂੰ ਸੌਂਪ ਕੇ ਪਿੰਡ-ਪਿੰਡ ਭੇਜ ਦਿੱਤਾ ਗਿਆ ਹੈ।
ਪੰਜਾਬ ‘ਚ ਇਸ ਵਾਰ ਜਿਸ ਤਰ੍ਹਾਂ ਨਸ਼ਿਆਂ ਨੂੰ ਲੈ ਕੇ ਲੋਕਾਂ ‘ਚ ਸਰਕਾਰ ਵਿਰੁੱਧ ਗੁੱਸਾ, ਲਹਿਰ ਦੇ ਰੂਪ ‘ਚ ਉੱਭਰਿਆ ਹੋਇਆ ਹੈ, ਹੁਣ ਜੇ ਨਸ਼ਿਆਂ ਵਿਰੁੱਧ ਭੜਕੇ ਗੁੱਸੇ ਦੇ ਭਾਂਬੜ ਨੂੰ "ਨਸ਼ਿਆਂ" ਨਾਲ ਹੀ ਸਾਂਤ ਕਰ ਦਿੱਤਾ ਗਿਆ ਤਾਂ ਪੰਜਾਬ ਦੀ ਬਰਬਾਦੀ ਨਹੀਂ, ਸਗੋਂ ਇਹ ਪੰਜਾਬ ਦੇ ਕਫ਼ਨ ‘ਚ ਆਖ਼ਰੀ ਕਿੱਲ ਸਾਬਤ ਹੋਵੇਗਾ, ਕਿਉਂਕਿ ਜੇ ਨਸ਼ਿਆਂ ਦੇ ਸੌਦਾਗਰ ਅੱਜ ਵੀ ਨਸ਼ੇ, ਨੋਟ ਵੰਡ ਕੇ ਚੋਣ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਦਾ ਪੰਜਾਬ ਨੂੰ ਪਹਿਲਾ ਦੱਬ ਕੇ ਲੁੱਟਣ-ਕੁੱਟਣ ਤੇ ਵੋਟਾਂ ਸਮੇਂ ਕੁਝ ਹਿੱਸਾ ਦੱਬ ਕੇ ਵੰਡਣ ਦਾ ਫ਼ਾਰਮੂਲਾ, ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਹੈ, ਪੂਰੀ ਤਰ੍ਹਾਂ ਪਾਸ ਹੋ ਜਾਵੇਗਾ ਅਤੇ ਫਿਰ ਇਸ ਫ਼ਾਰਮੂਲੇ ਦਾ ਹਰ ਪੰਜਾਬੀ ਨੂੰ ਚਾਹੇ ਉਹ ਅਕਾਲੀ ਹੈ, ਚਾਹੇ ਕਾਂਗਰਸੀ, ਚਾਹੇ ਕੋਈ ਹੋਰ, ਇਸਦਾ ਖ਼ਮਿਆਜ਼ਾ ਲਗਭਗ ਇਕੋ ਜਿਹਾ ਹੀ ਭੁਗਤਣਾ ਪਵੇਗਾ। ਸਰਕਾਰ ਦੇ ਨਿਕੰਮੇਪਣ, ਭ੍ਰਿਸ਼ਟਾਚਾਰ, ਧੱਕੇਸ਼ਾਹੀ, ਅਤੇ ਲੁੱਟ ਨੂੰ ਜੇ ਅਸੀਂ ਵਿਕਾਊ ਮਾਲ ਬਣ ਕੇ ਪ੍ਰਵਾਨ ਕਰ ਲੈਂਦੇ ਹਾਂ, ਉਸ ‘ਤੇ ਮੋਹਰ ਲਾ ਦਿੰਦੇ ਹਾਂ, ਤਾਂ ਫ਼ਿਰ ਪੰਜਾਬ ਦੀ ਮੌਤ ਦੇ ਜੁੰਮੇਵਾਰ, ਨਸ਼ਿਆਂ ਦੇ ਸੌਦਾਗਰ ਨਹੀਂ, ਬਲਕਿ ਅਸੀਂ ਖ਼ੁਦ ਜਿਹੜੇ ਆਪਣੀ ਜ਼ਮੀਰ ਨੂੰ, ਆਪਣੀ ਵੋਟ ਨੂੰ ਵੇਚਣਗੇ, ਜੁੰਮੇਵਾਰ ਮੰਨੇ ਜਾਣਗੇ।
ਸਾਰੇ ਜਾਗਰੂਕ ਪੰਥ ਪ੍ਰਸਤਾਂ, ਪੰਜਾਬ ਦਰਦੀਆਂ ਅਤੇ ਤੀਜੀ ਧਿਰ ਦੇ ਆਗੂਆਂ ਵੱਲੋਂ ਪੰਜਾਬੀਆਂ ਨੂੰ ਅਗਾਊ ਹੋਕਾ, ਦਿੱਤਾ ਸੀ ਕਿ ਵੋਟਾਂ ਦੇ ਆਖ਼ਰੀ ਚਾਰ ਦਿਨ ਸਾਨੂੰ ਡੱਟਵੀਂ ਪਹਿਰੇਦਾਰੀ ਕਰਨੀ ਹੋਵੇਗੀ, ਤਾਂ ਕਿ ਨਸ਼ਿਆਂ ਤੇ ਨੋਟਾਂ ਦੀ ਵੰਡ ਨਾਂਹ ਹੋ ਸਕੇ। ਪ੍ਰੰਤੂ ਪੰਜਾਬ ਭਰ ‘ਚੋਂ ਆ ਰਹੀਆਂ ਰਿਪੋਰਟਾਂ ਦੱਸ ਰਹੀਆਂ ਹਨ, ਕਿ ਪੰਜਾਬੀ ‘ਪਹਿਰੇਦਾਰੀ’ ਕਰਨ ਤੋਂ ਅਵੇਸਲੇ ਹਨ, ਇਸ ਕਾਰਣ ਸੰਨ੍ਹ ਲਾਉਣ ਵਾਲਿਆਂ ਨੇ ਸੰਨ੍ਹ ਲਾ ਲਈ ਹੈ, ਸ਼ਰਾਬ ਤੇ ਨੋਟ ਹੁਣ ਧੜਾ-ਧੜ ਵੰਡਣੇ ਸ਼ੁਰੂ ਹੋ ਗਏ ਹਨ। ਗਰੀਬ ਵਿਅਕਤੀ ਲਈ ਸਭ ਤੋਂ ਪਹਿਲਾ ਢਿੱਡ ਦੀ ਅੱਗ ਬੁਝਾਉਣੀ ਅਤੇ ਨਸ਼ੇੜੀ ਲਈ ਨਸ਼ੇ ਦੀ ਤੋਟ ਪੂਰੀ ਕਰਨੀ ਹੁੰਦੀ ਹੈ, ਉਨ੍ਹਾਂ ਲਈ ਇਸ ਤੋਂ ਅੱਗੇ ਹੋਰ ਕੁਝ ਨਹੀਂ ਹੁੰਦਾ। ਇਸੇ ਲਈ ਗਰੀਬਾਂ ਦੀ ਗਰੀਬੀ ਦਾ ਅਤੇ ਨਸ਼ੇੜੀਆਂ ਦੀ ਨਸ਼ੇ ਦੀ ਗੁਲਾਮੀ ਦਾ ਲਾਹਾ, ਇਹ ਸੱਤਾਧਾਰੀ ਤੇ ਸਰਮਾਏਦਾਰ ਧਿਰਾਂ ਆਪਣੇ ਸੱਤਾਬਲ ਤੇ ਧਨਬਲ ਦੇ ਸਹਾਰੇ ਲੈਂਦੀਆਂ ਹਨ।
ਅਸੀਂ ਜਾਗਰੂਕ ਪੰਜਾਬੀਆਂ ਨੂੰ ਇਸ ਇਮਤਿਹਾਨ ਦੀ ਘੜ੍ਹੀ ‘ਚ ਜਾਗਣ ਲਈ ਹੋਕਾ ਜ਼ਰੂਰ ਦਿਆਂਗੇ ਕਿਉਂਕਿ ਜੇ ਅੱਜ ਅਸੀਂ ਵੀ ਗੂੜ੍ਹੀ ਨੀਂਦ ਸੁੱਤੇ ਰਹੇ, ਫ਼ਿਰ ਪੰਜਾਬ ਦੇ ਵਿਹੜੇ ‘ਚ ਮੌਤ ਦੇ ਸੌਦਾਗਰਾਂ ਹੀ ਧਮਾਲਾਂ ਪਾਉਣਗੇ ਅਤੇ ਅਸੀਂ ਆਪਣੀ ਤਬਾਹੀ ਤੇ ਹੰਝੂ ਵਹਾਉਣ ਯੋਗੇ ਵੀ ਨਹੀਂ ਰਹਾਂਗੇ। 48 ਘੰਟੇ ਦੀ ਜਾਗਰੂਕ ਪਹਿਰੇਦਾਰੀ ਹਰ ਜਾਗਰੂਕ ਪੰਜਾਬੀ ਲਈ ਜ਼ਰੂਰੀ ਹੈ। ਨਸ਼ੇ ਤੇ ਨੋਟਾਂ ਦੇ ਝੁਰਲੂ ਨੂੰ ਰੋਕਣਾ ਪੰਜਾਬ ਨੂੰ ਜਿਊਂਦੇ ਰੱਖਣ ਲਈ ਜ਼ਰੂਰੀ ਹੈ