ਸੱਚੀ ਅਤੇ ਕੱਚੀ ਬਾਣੀ ਵਿਚਲਾ ਫਰਕ
ਵੀਰ ਦਲਬੀਰ ਸਿੰਘ ਜੀਉ
ਫ਼ਤਿਹ ਪਰਵਾਨ ਹੋਵੇ ਜੀ !
ਸ. ਅਵਤਾਰ ਸਿੰਘ ਗਿਆਨੀ ਜੀ ਨਾਲ ਚਲ ਰਹੀ ਆਪ ਜੀ ਦੀ ਵਾਰਤਾ ਨੂੰ ਪੜਿਆ ਹੈ।ਜਿਸ ਵਿਚ ਆਪ ਜੀ ਨੇ ਸ਼ਿੱਖੀ ਤੇ ਹੋਏ ੧੪ ਹਮਲਿਆਂ ਬਾਰੇ ਜਾਣਕਾਰੀ ਦੇਂਣ ਦਾ ਜਤਨ ਕੀਤਾ ਹੈ। ੧੪ ਦੀ ਗਿਣਤੀ ਤੇ ਬਿਨਾਂ ਕੋਈ ਕੋਮੇਂਟ ਕੀਤੇ, ਮੈਂ ਆਪ ਜੀ ਨੂੰ ਉਸ ਵੱਡੇ ਹਮਲੇ ਬਾਰ ਚੇਤੇ ਕਰਵਾ ਦਿਆਂ, ਜਿਸ ਨੂੰ ਨੱਜਿਠਣ ਲਈ ਪੰਜਵੇ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਤੋਂ ਗੁਰਬਾਣੀ ਨੂੰ ਇੱਕ ਗ੍ਰੰਥ ਰੂਪ ਵਿਚ ਸੰਕਲਤ ਕਰਵਾ, ਉਸਦਾ ਪ੍ਰਕਾਸ਼ ਦਰਬਾਰ ਸਾਹਿਬ ਕਰਵਾਇਆ ਸੀ। ਇਹ ਹਮਲਾ ਸੀ ਮੀਣਿਆਂ ਦਾ ਹਮਲਾ! ਭਾਈ ਗੁਰਦਾਸ ਨੇ ਇਸ ਹਮਲੇ ਬਾਰੇ ਉਚੇਚੀ ਵਾਰ ਲਿਖੀ ਸੀ।
ਅੱਜ ਮੀਣਿਆਂ ਨੇ ਫ਼ਿਰ ਹਮਲਾ ਅਰੰਭਿਆ ਹੋਇਆ ਹੈ, ਜੋ ਕਿ ਰਾਗਮਾਲਾ ਸਬੰਧੀ ਪੰਥਕ ਫ਼ੈਸਲੇ ਦੀ ਆੜ ਵਿਚ ਭੱਟਾਂ, ਭਗਤਾਂ ਅਤੇ ਕੁੱਝ ਗੁਰੂ ਸਾਹਿਬਾਨ ਦੀ ਬਾਣੀ ਤਕ ਨੂੰ ਸ਼ੰਕਾ ਗ੍ਰਸ਼ਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਤਬੇ, ਪਦਵੀ ਅਤੇ ਗੁਰਤਾ ਨੂੰ ਖ਼ਤਮ ਕਰਵਾਉਂਣਾ ਲੋਚਦੇ ਹਨ।ਇਸ ਹਮਲੇ ਦਾ ਝੰਡਾ ਬਰਦਾਰ ਕੋਂਣ ਹੈ ਇਸ ਦੀ ਜਾਣਕਾਰੀ ਆਪ ਜੀ ਨੂੰ ਹੈ ? ਜਾਂ ਫਿਰ ਆਪ ਜੀ ਨੂੰ ਇਸ ਹਮਲੇ ਦੀ ਜਾਣਕਾਰੀ ਨਹੀਂ ?
ਖ਼ੈਰ! ਚਲ ਰਹੀ ਵਾਰਤਾ ਦੇ ਸਬੰਧਤ ਆਪ ਜੀ ਨੂੰ ਇਕ ਹੋਰ ਸਵਾਲ ਹੈ:-
ਵੀਰ ਦਲਬੀਰ ਸਿੰਘ ਜੀਉ ਗੁਰੂ ਸਾਹਿਬਾਨ ਅਤੇ ਸਿੱਖ ਇਤਹਾਸ ਬਾਰੇ ਜੋ ਜਾਣਕਾਰੀ ਆਪ ਜੀ ਪਾਸ ਹੈ ਉਸ ਜਾਣਕਾਰੀ ਦਾ ਮੂਲ ਸਰੋਤ ਕੀ ਹੈ ? ਜ਼ਰਾ ਉਨਾਂ ਮੂਲ ਸਰੋਤਾਂ ਦੇ ਨਾਮ ਦੱਸੋ ਜਿਸ ਤੋਂ ਆਪ ਜੀ ਨੂੰ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜਾਣਕਾਰੀ ਮਿਲੀ ਹੈ ?
(ਵੀਰ ਜੀ ਜਵਾਬ ਦੇਂਣ ਵੇਲੇ ਧਿਆਨ ਰੱਖਣਾ ਕਿ ਸਵਾਲ ਮੂਲ ਸਰੋਤਾਂ ਨਾਲ ਸਬੰਧਤ ਹੈ ਜਿਨਾਂ ਤੋਂ ਇਤਹਾਸਕਾਰਾਂ ਨੇ ਸਿੱਖ ਇਤਹਾਸ ਲਿਖਿਆ ਹੈ) ਇਹ ਸਵਾਲ ਮੈਂ ਆਪ ਜੀ ਨੂੰ ਇਕ ਵਾਰ ਫ਼ੋਨ ਤੇ ਪੁੱਛਿਆ ਸੀ, ਜਿਸ ਨੂੰ ਆਪ ਜੀ ਟਾਲ ਗਏ। ਇਸ ਲਈ ਹੁਣ ਸਾਰਵਜਨਕ ਤੌਰ ਤੇ ਪੁੱਛ ਰਿਹਾ ਹਾਂ। ਆਸ ਹੈ ਕਿ ਇਸ ਵਾਰ ਆਪ ਜੀ ਉਨਾਂ ਮੂਲ ਸਰੋਤਾਂ ਦੇ ਨਾਮ ਦੱਸੋਗੇ ਜੋ ਕਿ ਗੁਰੂ ਸਾਹਿਬਾਨ ਦੇ ਜੀਵਨ ਸਬੰਧੀ ਇਤਹਾਸ ਬਾਰੇ ਆਪ ਜੀ ਦੀ ਜਾਣਕਾਰੀ ਦਾ ਅਧਾਰ ਹਨ।
ਹੁਣ ਇਕ ਗਲ ਹੋਰ! ਜੇ ਕਰ ਗਿਆਨੀ ਅਵਤਾਰ ਸਿੰਘ ਜੀ ਨੇ ਆਪ ਜੀ ਨੂੰ ਵਿਆਕਰਣ ਸਬੰਧੀ ਸਵਾਲ ਪੁੱਛੇ ਹਨ ਤਾਂ ਆਪ ਜੀ ਸਵਾਲਾਂ ਦਾ ਜਵਾਬ ਦਿਉ। ਉਨਾਂ ਦੇ ਸਵਾਲਾਂ ਦਾ ਜਵਾਬ ਦੇਂਣ ਦੀ ਥਾਂ ਅਵਤਾਰ ਸਿੰਘ ਜੀ ਦੀ ਵਿਆਕਰਣ ਸਬੰਧੀ ਜਾਣਕਾਰੀ ਨੂੰ ਹਉਮੇ ਕਹਿ ਕੇ ਨਾ ਟਾਲੋ।
ਕੋਈ ਡਾਕਟਰ ਜਿਸ ਵੇਲੇ ਵਿਸ਼ੇਸ਼ਗ ਹੋਂਣ ਦੇ ਤੋਰ ਤੇ ਕਿਸੇ ਮਰੀਜ਼ ਨੂੰ ਕੋਈ ਵਿਸ਼ੇਸ਼ ਹਿਦਾਯਤ ਦਿੰਦਾ ਹੈ ਤਾਂ ਮਰੀਜ਼ ਉਸ ਹਿਦਾਯਤ ਨੂੰ ਹਉਮੇ ਕਹੇ ਤਾਂ ਇਹ ਮਰੀਜ਼ ਦੀ ਸਿਆਣਪ ਨਹੀਂ ਸਮਝੀ ਜਾਏਗੀ।
ਆਪ ਜੀ ਨੇ ਅਵਤਾਰ ਸਿੰਘ ਗਿਆਨੀ ਜੀ ਨੂੰ ਲਿਖਿਆ ਹੈ:-
" ਭਾਈ ਅਵਤਾਰ ਸਿੰਘ ਜੀ, ਕਾਲਜ ਦੇ ਪ੍ਰਿਸੀਪਲ ਗਿਆਨੀ ਬਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਰੋਪੜ ਸ੍ਰਦਾਰ ਭਗਵਾਨ ਸਿੰਘ ਫ਼ਰੀਦਾਬਾਦ, ਡਾ. ਤਰਲੋਚਨ ਸਿੰਘ ਚੰਡੀਗੜ.... ਆਦਿਕ ਤੋਂ ਮੇਰੇ ਬਾਰੇ ਜਾਣਕਾਰੀ ਲੈ ਲੈਣਾ। ਇਸ ਕਾਲੇਜ ਦਾ ਨੀਂਹ ।ਪੱਥਰ ੧੯੮੩ ਵਿਚ ਇਸ ਨਾਚੀਜ਼ ਨੇ ਹੀ ਰਖਿਆ ਸੀ"
ਵੀਰ ਜੀਉ, ਨੀਂਹ ਪੱਥਰ ਰੱਖਣ ਦਾ ਵੇਰਵਾ ਆਪ ਜੀ ਨੇ ਜਿਸ ਅੰਦਾਜ਼ ਵਿਚ ਦਿੱਤਾ ਹੈ ਉਹ ਕੁੱਝ ਹਉਮੇ ਨਾਲ ਭਰੀਆ ਹੋਇਆ ਪ੍ਰਤੀਤ ਹੁੰਦਾ ਹੈ।ਨੀਂਹ ਪੱਥਰ ਰੱਖਣ ਵਾਲਾ ਕੋਈ ਰੁਤਬੇਦਾਰ ਤਾਂ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਹ ਇਤਨਾ ਵੱਡਾ ਗਿਆਨਵਾਨ ਵੀ ਹੋਵੇ ਕਿ ਉਹ ਆਪਣੇ ਨੂੰ ਪੰਥਕ ਗਲਾਂ ਨੂੰ ਰੱਧ ਕਰਨ ਬਾਰੇ ਇੱਕਲੀ ਅਥਾਰਟੀ ਸਮਝ ਲਵੇ। ਵੀਰ ਜੀ ਹਉਮੇ ਵੱਡਾ ਰੋਗ ਹੁੰਦਾ ਹੈ।
ਆਪ ਜੀ ਵਲੋਂ ਸਵਾਲਾਂ ਦੇ ਜਵਾਬ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-੩੦.੦੪.੨੦੧੪