“ਅਜੋਕਾ ਗੁਰਮਤਿ ਪ੍ਰਚਾਰ?” ਭਾਗ 27 ਏ
(ਨੋਟ: ਇਸ ਤੋਂ ਪਹਿਲਾਂ ਵਾਲੇ ਲੇਖ “ਗੁਰਬਾਣੀ ਦੇ ਗਿਆਤਾ ਅਜੋਕੇ ਆਸਤਕ(?) ਜੀ” ਨੂੰ “ਅਜੋਕਾ ਗੁਰਮਤਿ ਪ੍ਰਚਾਰ?” ਭਾਗ 27” ਪੜ੍ਹਿਆ ਜਾਵੇ ਜੀ)
ਪਿਛਲੇ ਦਿਨੀਂ ਗੁਰਮਤਿ ਪ੍ਰਚਾਰਕ ਇੱਕ ਗਿਆਨੀ ਜੀ ਨੇ ਗੁਰਮਤਿ ਵਿੱਚ ਕਾਮਰੇਡੀ ਨਾਸਤਿਕਤਾ ਦੀ ਘੁਸਪੈਠ ਵੱਲੋਂ ਸੁਚੇਤ ਕਰਨ ਵਾਲਾ ਇੱਕ ਲੇਖ ਲਿਖਿਆ ਸੀ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ।ਸਿੱਖੀ ਰੂਪ ਵਿੱਚ ਨਾਸਤਿਕਤਾ ਫੈਲਾਉਣ ਵਾਲੇ ਕੁੱਝ ਲੋਕਾਂ ਨੂੰ ਉਸ ਲੇਖ ਤੋਂ ਬਹੁਤ ਪਰੇਸ਼ਾਨੀ ਹੋਈ।ਅਤੇ ਗਿਆਨੀ ਜੀ ਦੇ ਖਿਲਾਫ ਬੜੀ ਘਟੀਆ ਸ਼ਬਦਾਵਲੀ ਵਰਤ ਕੇ ਵਿਰੋਧ ਕੀਤਾ ਗਿਆ।ਸਿੱਖੀ ਰੂਪ ਵਿੱਚ ਨਾਸਤਿਕਤਾ ਫੈਲਾਉਣ ਵਾਲੇ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋਰ ਨਾਸਤਿਕ ਨੇ ਕਵਿਤਾ ਦੇ ਰੂਪ ਵਿੱਚ ਆਪਣਾ ਵਿਰੋਧ ਪ੍ਰਗਟ ਕੀਤਾ ਹੈ।ਕਵਿਤਾ ਇਸ ਪ੍ਰਕਾਰ ਹੈ-
ਰੱਬ ਦੀ ਭਾਲ਼!!
ਗਿਆਨ ਬਿਨਾ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ।
ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ॥
ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ।
ਤਾਣਾ ਬਾਣਾ ਬੁਣ ਸ਼ਬਦਾਂ ਦਾ ਸੰਗਤ ਨੂੰ ਕਿਓਂ ਟਾਲੇਂ॥
ਦੋ ਟੂਕ ਤੈਨੂੰ ਸੱਚ ਕਹਿਣ ਦਾ ਮੌਕਾ ਜਿੱਥੇ ਮਿਲਦਾ।
ਗੋਲ ਮੋਲ ਜਿਹੀਆਂ ਗੱਲਾਂ ਕਰਕੇ ਸੱਚ ਨਾ ਕਦੇ ਉਗਾਲੇਂ॥
ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,
ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ॥
ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,
ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ॥
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਤੈਨੂੰ ਨਜ਼ਰ ਨਹੀਂ ਆਉਂਦਾ
ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾ ਘਾਲੇਂ॥
ਤੇਰੀ ਐਨਕ ਥਾਣੀ ਜੇਕਰ ਕੋਈ ਹੋਰ ਨਾ ਦੇਖੇ,
ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੁਬ ਉਛਾਲੇਂ॥
ਜੇ ਬੰਦਿਆ ਤੈਨੂੰ ‘ਬੰਦੇ’ ਅੰਦਰ ਰੱਬ ਕਿਤੇ ਨਹੀਂ ਦਿਸਦਾ,
ਅਸਮਾਨਾਂ ਵੱਲ ਬੂਥਾ ਚੁੱਕੀ, ਕਿਹੜੇ ਰੱਬ ਨੂੰ ਭਾਲੇਂ॥
********
ਵਿਚਾਰ- ਪਤਾ ਨਹੀਂ ਇਨ੍ਹਾਂ ਲੋਕਾਂ ਦੀ ਕੋਈ ਸਮੱਸਿਆ ਹੈ ਕਿ ਬਰੀਕੀ ਦੀਆਂ ਗੱਲਾਂ ਇਨ੍ਹਾਂ ਦੇ ਸਮਝ ਵਿੱਚ ਨਹੀਂ ਆਉਂਦੀਆਂ, ਜਾਂ ਇਨ੍ਹਾਂਦੀ ਕੋਈ ਚਲਾਕੀ ਹੈ।ਇਹ ਲੋਕ, ਵਿਚਾਰ ਵਟਾਂਦਰੇ ਦੌਰਾਨ, ਵਿਚਾਰਾਂ ਨੂੰ ਤਾਂ ਪੜ੍ਹਦੇ ਨਹੀਂ, ਨਾਸਤਿਕਤਾ ਫੈਲਾਉਣ ਵਾਲੇ ਆਪਣੇ ਸਾਥੀਆਂ ਦੀ ਤਰਫਦਾਰੀ ਕਰਨ ਲਈ ਮੈਦਾਨ ਵਿੱਚ ਉੱਤਰ ਆਉਂਦੇ ਹਨ।
ਚੱਲਦੇ ਵਿਸ਼ੇ ਬਾਰੇ ਵਿਚਾਰਾਂ ਦੌਰਾਨ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ-‘ਰੱਬ’ ਨੂੰ ਕੁਦਰਤ ਤੋਂ ਬਾਹਰ ਕਿਤੋਂ ਅਸਮਾਨਾਂ ਵਿੱਚ ਲੱਭਣਾ ਹੈ।ਜਾਂ ਕੁਦਰਤ ਤੋਂ ਬਾਹਰ ਉਸ ਦਾ ਕੋਈ ਵੱਖਰਾ ਰੂਪ ਹੈ।
ਪਰ ਕੁਦਰਤ ਨੂੰ ਹੀ ਰੱਬ ਨਾ ਮੰਨਣ ਵਾਲਿਆਂ ਦੇ ਖਿਲਾਫ ਇਨ੍ਹਾਂ ਲੋਕਾਂ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੁਦਰਤ ਨੂੰ ਰੱਬ ਨਾ ਮੰਨਣ ਵਾਲੇ ਰੱਬ ਨੂੰ ਕਿਤੇ ਅਸਮਾਨਾਂ ਵਿੱਚ ਬੈਠਾ ਮਿਥ ਬੈਠੇ ਹਨ।
ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਆਪਣਾ ਇਹ ਭੁਲੇਖਾ ਦੂਰ ਕਰਨ ਦੀ ਜਰੂਰਤ ਹੈ ਕਿ ਕੁਦਰਤ ਵਿੱਚ ਪ੍ਰਭੂ ਦੇ ਵਿਆਪਕ ਹੋਣ ਦਾ ਮਤਲਬ ਇਹ ਨਹੀਂ ਕਿ ਕੁਦਰਤ ਦੇ ਨਿਯਮ ਹੀ ਰੱਬ ਹੋ ਗਏ।ਬਲਕਿ ਕੁਦਰਤ ਨੂੰ ਵੀ ਰੱਬ ਨੇ ਬਣਾਇਆ ਹੈ ਅਤੇ ਕੁਦਰਤ ਦੀ ਰਚਨਾ ਕਰਨ ਵਾਲਾ ਕੁਦਰਤ ਵਿੱਚ ਵਿਆਪਕ ਹੋ ਕੇ ਵੀ ਕੁਦਰਤ ਤੋਂ ਵੱਖ ਬੈਠਾ ਸਭ ਕੁਝ ਦੇਖ ਰਿਹਾ ਹੈ-
"ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥" (ਪੰਨਾ-723)
ਉਹ ਉਸ ਵਕਤ ਵੀ ਮੌਜੂਦ ਸੀ ਜਦੋਂ ਕੁਦਰਤ ਦਾ ਪਸਾਰਾ ਨਹੀਂ ਸੀ ਹੋਇਆ
'ਆਦਿ ਸਚੁ ਜੁਗਾਦਿ ਸਚੁ॥' ਅਤੇ
“ਸਦਾ ਸਦਾ ਤੂੰ ਏਕੁ ਹੈ ਤੁਧੁ *ਦੂਜਾ* ਖੇਲੁ ਰਚਾਇਆ॥” (ਪੰਨਾ-139)
ਅਤੇ ਉਹ ਇਹ ਕੁਦਰਤੀ ਪਸਾਰਾ ਸਮੇਟਣ ਤੋਂ ਬਾਅਦ ਵੀ ਮੌਜੂਦ ਰਹੇਗਾ-
'ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥' ਅਤੇ
“ਤਿਸੁ ਭਾਵੈ ਤਾ ਕਰੇ ਬਿਸਥਾਰੁ॥ਤਿਸੁ ਭਾਵੈ ਤਾ ਏਕੰਕਾਰੁ॥” (ਪੰਨਾ-294)।
"ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ॥
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ॥" (ਪੰਨਾ-555)
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿੱਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ, ਆਪ ਹੀ (ਸਭ ਵਿੱਚ) ਲੁਕਿਆ ਹੋਇਆ ਹੈ ਤੇ ਪ੍ਰਤੱਖ (ਦਿਸ ਰਿਹਾ ਹੈ)-
"ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ॥" (ਪੰਨਾ-555)
ਜੀਵਾਂ ਨੂੰ ਰਚਕੇ ਸਭ ਤੋਂ ਵੱਖਰਾ ਭੀ ਪ੍ਰਭੂ ਸਮਾਧੀ ਲਾ ਕੇ ਬੈਠਾ ਹੋਇਆ ਹੈ।
‘ਕੁਦਰਤ ਨੂੰ ਹੀ ਰੱਬ ਨਾ ਮੰਨਣ’ ਦਾ ਇਹ ਮਤਲਬ ਨਹੀਂ ਕਿ ਕੋਈ ਰੱਬ ਨੂੰ ਅਸਮਾਨਾਂ ਵਿੱਚ ਬੈਠਾ ਮੰਨਦਾ ਹੈ।ਜਾਂ ਉਸ ਦਾ ਕੋਈ ਖਾਸ ਰੂਪ ਮਿਥ ਰਿਹਾ ਹੈ।ਪਰ ਪਦਾਰਥਵਾਦੀ ਸੋਚ ਹੋਣ ਕਰਕੇ, ਇਹ ਲੋਕ ਭੌਤਿਕ ਸੰਸਾਰ ਨੂੰ ਹੀ ਸਭ ਕੁਝ ਮੰਨੀ ਬੈਠੇ ਹਨ।ਇਹੀ ਕਾਰਨ ਹੈ ਕਿ
"ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ॥"
ਵਰਗੀਆਂ ਗੱਲਾਂ ਜਾਂ ਤਾਂ ਇਨ੍ਹਾਂ ਲੋਕਾਂ ਦੀ ਸਮਝ ਵਿੱਚ ਨਹੀਂ ਪੈਂਦੀਆਂ ਜਾਂ ਫੇਰ ਜਾਣ ਬੁੱਝਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਇਸ ਤਰ੍ਹਾਂ ਦੀਆਂ ਬਰੀਕੀ ਦੀਆਂ ਗੱਲਾਂ ਨੂੰ ਤਾਣਾ-ਬਾਣਾ ਦੱਸਦੇ ਹਨ।
ਅਸਲ ਫਰਕ ਹੈ ਕਿੱਥੇ-
ਗੁਰਬਾਣੀ ਫੁਰਮਾਨ ਅਨੁਸਾਰ ਪਰਮਾਤਮਾ ਜ਼ੱਰੇ ਜ਼ੱਰੇ ਵਿੱਚ ਸਮਾਇਆ ਹੋਇਆ ਹੈ।ਇਸ ਗੱਲ ਨੂੰ ਇਹ ਲੋਕ ਵੀ ਕਹਿੰਦੇ ਤਾਂ ਹਨ ਪਰ ਪਦਾਰਥ ਵਿਚਲੇ ਅਣੂਆਂ ਅਤੇ ਪ੍ਰਮਾਣੂਆਂ /ਅਨਰਜੀ (ਸ਼ਕਤੀ) ਨੂੰ ਹੀ ਪਰਮਾਤਮਾ ਸਮਝੀ ਬੈਠੇ ਹਨ ਜਾਂ ਅੱਖੀਂ ਘੱਟਾ ਪਾਉਣ ਲਈ ਪਦਾਰਥ ਵਿਚਲੀ ਸ਼ਕਤੀ ਨੂੰ ਹੀ ਪਰਮਾਤਮਾ ਨਾਮ ਦੇ ਰੱਖਿਆ ਹੈ।
ਜਦਕਿ ਕੁਦਰਤ ਦੇ ਜ਼ੱਰੇ ਜ਼ੱਰੇ ਵਿੱਚ ਸਮਾਏ ਹੋਣ ਦਾ ਮਤਲਬ ਹੈ ਕਿ ਉਸ ਦੀ ਕਲਾ ਜ਼ੱਰੇ ਜ਼ੱਰੇ ਵਿੱਚ ਵਰਤ ਰਹੀ ਹੈ।ਅਤੇ ਜ਼ੱਰੇ ਜ਼ੱਰੇ ਵਿੱਚੋਂ ਉਸ ਦੀ ਕਲਾ ਦੀ ਕਾਰੀਗਰੀ ਦੇ ਰੂਪ ਵਿੱਚ ਉਸ ਦੀ ਸ਼ਿਨਾਖਤ ਹੁੰਦੀ ਹੈ।ਪਰ ਉਸ ਦੀ ਵਰਤ ਰਹੀ ਕਲਾ ਦੇ ਜਰੀਏ ਉਹ ਦਿਸਦਾ ਉਨ੍ਹਾਂ ਅੱਖਾਂ ਨਾਲ ਹੀ ਹੈ ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਲਿਖਿਆ ਹੈ-
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥” (ਪੰਨਾ-577), ਜਾਂ
“ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥” (ਪੰਨਾ-139)
ਪਰ ਅੱਖਾਂ ਤੇ ਪਦਾਰਥਵਾਦੀ ਸੋਚ ਦਾ ਪੜਦਾ ਪਿਆ ਹੋਣ ਕਰਕੇ, ਉਸ ਦੀ ਕਲਾ ਵਿੱਚੋਂ ਕਰਤਾ ਪਰੁਖ ਦੀ ਮੌਜੂਦਗੀ ਦਾ ਅਹਿਸਾਸ ਹੋਣ ਦੀ ਬਜਾਏ ਇਨ੍ਹਾਂਨੂੰ ਡਾਰਵਿਨ ਅਤੇ ਆਇਨਸਟਾਇਨ ਦੇ ਚੇਹਰੇ ਹੀ ਨਜ਼ਰ ਆਉਂਦੇ ਹਨ।ਜੇ ਗੁਰੂ ਸਾਹਿਬਾਂ ਦੁਆਰਾ ਦੱਸੀਆਂ ਅੱਖਾਂ ਨਾਲ ਕੁਦਰਤ ਨੂੰ ਦੇਖਣ ਦੀ ਕੋਸ਼ਿਸ਼ ਕਰਨ ਤਾਂ ਜਰੂਰ ਕੁਦਰਤ ਵਿੱਚੋਂ ਕੁਦਰਤ ਬਨਾਉਣ ਵਾਲੇ ਦੀ ਸ਼ਿਨਾਖਤ ਹੋ ਜਾਏਗੀ-
“ਸਭ ਤੇਰੀ ਕੁਦਰਤਿ ਤੂੰ *ਕਾਦਰੁ ਕਰਤਾ*…॥” (ਪੰਨਾ-464) ਅਤੇ
“ਨਾਨਕ ਸਚ ਦਾਤਾਰ ਸਿਨਾਖਤੁ ਕੁਦਰਤੀ॥” (ਪੰਨਾ-141)
ਕੁਦਰਤ ਵਿੱਚੋਂ ਉਸ ਦੀ ਸ਼ਿਨਾਖਤ ਕਿਵੇਂ ਹੁੰਦੀ ਹੈ:-
ਪਦਾਰਥਵਾਦੀ ਸੋਚ ਵਾਲੇ, ਲੁਧਿਆਣੇ ਦੇ ਗੁਰਮਤਿ ਦਾ ਗਿਆਨ ਵੰਡਣ ਵਾਲੇ ਇੱਕ ਮਿਸ਼ਨਰੀ ਕਾਲੇਜ ਦੇ ਪ੍ਰਿੰਸੀਪਲ ਜੀ ਅਨੁਸਾਰ:- ਐਸਾ ਕੁਝ ਨਹੀਂ ਹੈ ਕਿ ਬੱਚੇ ਦੇ ਜਨਮ ਦਾ ਮੁੱਢ ਬੱਝਣ ਵੇਲੇ ਪਰਮਾਤਮਾ ਕਹਿੰਦਾ ਹੋਵੇ ਕਿ ਤੁਸੀਂ ਆਪਣਾ ਗ੍ਰਿਹਸਥੀ ਧਰਮ ਫੇਰ ਨਿਭਾਇਆ ਜੇ, ਪਹਿਲਾਂ ਮੈਨੂੰ ਵਿੱਚ ਪ੍ਰਵੇਸ਼ ਕਰ ਲੈਣ ਦਿਉ।ਮਾਂ ਪਿਉ ਦੇ ਮੇਲ ਤੋਂ ਬੱਚੇ ਦਾ ਜਨਮ ਹੁੰਦਾ ਹੈ।ਜੋ ਕਿ ਇੱਕ ਕੁਦਰਤੀ ਵਰਤਾਰਾ ਹੈ, ਜੋ ਕਿ ਕੁਦਰਤੀ ਨਿਯਮਾਂ ਅਨੁਸਾਰ ਵਾਪਰਨਾ ਹੀ ਹੈ।
ਇਸ ਦੇ ਉਲਟ ਗੁਰਬਾਣੀ ਤੋਂ ਸੇਧ ਲੈ ਕੇ ਪਰਮਾਤਮਾ ਦੀ ਸ਼ਿਨਾਖਤ ਕਰਨ ਵਾਲਾ, ਕੁਦਰਤ ਨੂੰ ਇਸ ਨਜ਼ਰ ਨਾਲ ਦੇਖਦਾ ਹੈ:- ਪਿਤਾ ਦੀ ਇੱਕ ਛੋਟੀ ਜਿਹੀ, ਗੰਦੀ ਜਿਹੀ ਬੂੰਦ ਦੇ ਪਤਾ ਨਹੀਂ ਕਿੰਨੇ ਹਜਾਰਵੇ ਹਿੱਸੇ, ਜਿਸ ਨੂੰ ਕਿ ਬਿਨਾ ਕਿਸੇ ਉਪਕਰਣ ਦੇ ਦੇਖਿਆ ਵੀ ਨਹੀਂ ਜਾ ਜਕਦਾ।
ਉਸ ਛੋਟੇ ਜਿਹੇ ਹਿੱਸੇ ਤੋਂ ਜੀਵਨ ਦਾ ਮੁੱਢ ਬੱਝਦਾ ਹੈ।ਬੂੰਦ ਦੇ ਉਸ ਛੋਟੇ ਜਿਹੇ ਹਿੱਸੇ ਵਿੱਚ ਸਰੀਰ ਦੇ ਸਾਰੇ ਅੰਦਰੂਨੀ ਅਤੇ ਬਹਿਰੂਨੀ ਅੰਗ ਅਤੇ ਗੁਣ ਪੈਦਾ ਹੋਣ ਦਾ ਸਾਮਾਨ ਪਿਆ ਹੋਇਆ ਹੈ।ਬੂੰਦ ਦੇ ਉਸ ਛੋਟੇ ਜਿਹੇ ਹਿੱਸੇ ਵਿੱਚ ਹੱਥ, ਪੈਰ, ਲੱਤਾਂ, ਬਾਹਾਂ, ਦਿਲ, ਦਿਮਾਗ, ਸਾਹ ਪ੍ਰਣਾਲੀ, ਖਾਧੇ ਖਾਣੇ ਤੋਂ ਖੂਨ ਅਤੇ ਸਰੀਰ ਦੀ ਜਰੂਰਤ ਦਾ ਸਾਰਾ ਸਾਮਾਨ ਬਨਾਣ ਦਾ ਸਿਸਟਮ,...... ਮੌਜੂਦ ਹੈ।
ਜ਼ਮੀਨ ਵਿੱਚ ਨਿੰਮ ਦਾ ਬੀ ਬੀਜੋ ਅਤੇ ਥੋੜ੍ਹੇ ਫਾਸਲੇ ਤੇ ਅੰਬ ਦਾ ਬੀ ਬੀਜੋ।ਇੱਕੋ ਜ਼ਮੀਨ ਵਿੱਚੋਂ ਖੁਰਾਕ ਲੈ ਕੇ ਇੱਕ ਦਰਖਤ ਨੂੰ ਕੌੜੇ ਫਲ਼ ਲੱਗਣਗੇ ਅਤੇ ਦੂਸਰੇ ਨੂੰ ਮਿੱਠੇ।ਇਹ ਸਭ ਬੀਜ ਦੇ ਵਿੱਚ ਸਾਰੇ ਗੁਣ ਪਹਿਲਾਂ ਹੀ ਮੌਜੂਦ ਹੋਣ ਕਰਕੇ ਹੈ।
ਧਰਤੀ ਤੇ ਜੀਵਨ ਪਹਿਲਾਂ ਬੈਕਟੀਰੀਆ ਵਰਗੇ ਰੂਪ ਵਿੱਚ ਪੈਦਾ ਹੋਇਆ ਦੱਸਿਆ ਜਾਂਦਾ ਹੈ।ਜੇ ਇਹ ਗੱਲ ਠੀਕ ਮੰਨ ਵੀ ਲਈਏ ਤਾਂ; ਉਸ ਪਹਿਲੇ ਜੀਵ ਵਿੱਚ ਇਵੌਲਵ ਹੋਣ ਦੇ ਗੁਣ ਮੌਜੂਦ ਸਨ 'ਜਿਵੇਂ ਬੋੜ੍ਹ ਦੇ ਇੱਕ ਛੋਟੇ ਜਿਹੇ ਬੀਜ ਵਿੱਚ ਵੱਡਾ ਦਰਖਤ ਬਣਨ ਦੇ ਗੁਣ ਮੌਜੂਦ ਹਨ' ਤਾਂ ਹੀ ਉਹ ਪਹਿਲਾ ਜੀਵਨ ਇਵੌਲਵ ਹੋ ਕੇ ਅੱਜ ਦੇ ਮਨੁੱਖਾ ਜੀਵਨ ਤੱਕ ਪਹੁੰਚ ਸਕਿਆ।
ਇਹ ਸਭ ਕੁਝ ਕੁਦਰਤੀ ਵਰਤਾਰੇ ਨਾਲ ਚੱਲ ਤਾਂ ਰਿਹਾ ਹੈ, ਪਰ ਇਹ ਸਾਰਾ ਵਰਤਾਰਾ ਕੋਈ ਸੂਝਵਾਨ ਗੈਬੀ ਹਸਤੀ ਹੀ ਮੁਹਈਆ ਕਰ ਸਕਦੀ ਹੈ, ਜਿਸ ਨੂੰ ਕਿ 'ਰੱਬ' ਕਿਹਾ ਜਾਂਦਾ ਹੈ।ਇੱਕ-ਅੱਧਾ ਸਿਸਟਮ ਤਾਂ ਮੰਨਿਆ ਜਾ ਸਕਦਾ ਹੈ ਕਿ ਇੱਤਫਾਕ ਨਾਲ ਹੋ ਗਿਆ, ਪਰ ਦੁਨੀਆਂ ਦਾ ਹਰ ਸਿਸਟਮ ਪਰਫੈਕਟ ਤਰੀਕੇ ਨਾਲ ਕੰਮ ਕਰੀ ਜਾ ਰਿਹਾ ਹੈ।ਜਿਸ ਦੇ ਜਰੀਏ ਮਨੁੱਖ ਧਰਤੀ ਤੋਂ ਵੱਖ ਬਾਹਰਲੇ ਗਰੈਹਾਂ ਤੱਕ ਵੀ ਪਹੁੰਚ ਗਿਆ ਹੈ।ਕੁਦਰਤ ਦੇ ਸਾਰੇ ਸਿਸਟਮ ਜਿਨ੍ਹਾਂ ਦੁਆਰਾ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਜਾਂ ਹੋ ਰਿਹਾ ਹੈ, ਇੱਤਫਾਕ ਨਾਲ ਹੋਂਦ ਵਿੱਚ ਨਹੀਂ ਆ ਗਏ।ਸਾਰੇ ਸਿਸਟਮ (ਕੁਦਰਤੀ ਨਿਯਮ) ਸੰਸਾਰ ਤੇ ਪਹਿਲਾਂ ਹੀ ਮੌਜੂਦ ਹਨ, ਇਹ ਵਿਗਿਆਨੀਆਂ ਦੀ ਸੂਝ ਬੂਝ ਹੈ ਕਿ ਉਹ ਕੁਦਰਤ ਵਿੱਚੋਂ ਇਨ੍ਹਾਂ ਸਭ ਦੀ ਖੋਜ ਕਰਕੇ ਤਰੱਕੀ ਦੀਆਂ ਮੰਜਿਲਾਂ ਤੈਅ ਕਰ ਰਹੇ ਹਨ।ਸੋ ਇਹ ਮੰਨਣਾ ਪਏਗਾ ਕਿ ਜਰੂਰ-ਬਰ-ਜਰੂਰ ਕਿਸੇ ਅਤਿ ਸੂਝਵਾਨ ਅਤੇ ਸਰਵ-ਸਮਰੱਥ ਹਸਤੀ ਨੇ ਹੀ ਸਾਰੇ ਸਿਸਟਮ (ਕੁਦਰਤੀ ਨਿਯਮ) ਮੁਹਈਆ ਕੀਤੇ ਹਨ।
ਡਾਰਵਿਨ ਦੇ ਚੇਲੇ, ਜਿਹੜੇ ਬਾਂਦਰ ਨੂੰ ਆਪਣੇ ਪੂਰਵਜ ਮੰਨਣ ਵਿੱਚ ਖੁਸ਼ੀ ਅਤੇ ਫ਼ਖ਼ਰ ਮਹਿਸੂਸ ਕਰਦੇ ਹਨ, ਉਨ੍ਹਾਂਨੂੰ ਕੁਦਰਤੀ ਨਿਯਮਾਂ ਅਧੀਨ ਚੱਲ ਰਹੇ ਵਰਤਾਰੇ ਤੋਂ ਅੱਗੇ ਕੁੱਝ ਵੀ ਨਜ਼ਰ ਨਹੀਂ ਆਉਂਦਾ।ਦਿਮਾਗ਼ ਤੋਂ ਪਦਾਰਥਵਾਦੀ ਸੋਚ ਦਾ ਪੜਦਾ ਹਟਾਇਆਂ ਅਤੇ ਗੁਰੂ ਸਾਹਿਬ ਦੁਆਰਾ ਦੱਸੀਆਂ ਅੱਖਾਂ ਦੇ ਜਰੀਏ ਹੀ ਇਸ ਗੱਲ ਦੀ ਸਮਝ ਆ ਸਕਦੀ ਹੈ ਕਿ, ਸਭ ਕਾਸੇ ਦੇ ਪਿੱਛੇ ਕੋਈ ਸੂਝਵਾਨ ਅਤੇ ਸਰਵ-ਸਮਰੱਥ *ਹਸਤੀ* ਕੰਮ ਕਰ ਰਹੀ ਹੈ ਜਿਸ ਨੂੰ ਰੱਬ ਕਿਹਾ ਜਾਂਦਾ ਹੈ।ਗੁਰਬਾਣੀ ਨੂੰ ਸਮਝਣ ਵਿਚਾਰਨ ਵਾਲਾ ਬੰਦਾ ਉਸ ਹਸਤੀ (ਪਰਮਾਤਮਾ) ਨੂੰ ਕਿਤੇ ਅਸਮਾਨਾਂ ਵਿੱਚ ਨਹੀਂ ਲੱਭਦਾ ਫਿਰਦਾ, ਬਲਕਿ ਉਸ ਨੂੰ ਸਾਰੀ ਕੁਦਰਤ ਦੇ ਕਣ ਕਣ ਵਿੱਚੋਂ ਉਸ ਦੀ ਕਿਰਤ ਦੇ ਜਰੀਏ ਉਹ ਦਿਸਦਾ ਹੈ।ਗੁਰਬਾਣੀ ਨੂੰ ਸਮਝਕੇ ਪੜ੍ਹਨ ਵਾਲਾ ਬੰਦਾ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਂਦਾ ਕਿ ਉਹ ਇੱਕ ਦਿਨ ਕੋਈ ਖਾਸ ਰੂਪ ਧਾਰਕੇ ਸਾਹਮਣੇ ਆ ਕੇ ਪ੍ਰਗਟ ਹੋ ਜਾਏਗਾ।ਜਿਸ ਦੇ ਦਿਲੋ-ਦਿਮਾਗ਼ ਤੇ ਪਦਾਰਥਵਾਦੀ ਸੋਚ ਦਾ ਪੜਦਾ ਪਿਆ ਹੋਵੇ ਉਸ ਨੂੰ ਪਾਣੀ ਵਿੱਚ ਹਾਈਡਰੋਜਨ ਅਤੇ ਔਕਸੀਜਨ ਗੈਸਾਂ ਤੋਂ ਵੱਧ ਕੁਝ ਨਜ਼ਰ ਨਹੀਂ ਆਏਗਾ।ਪਰ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲੇ ਦੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ- ਕਿਵੇਂ ਪਾਣੀ ਸਮੁੰਦਰ ਤੋਂ ਭਾਫ ਬਣਕੇ ਉੱਚੇ ਪਹਾੜਾਂ ਤੇ ਪਹੁੰਚ ਜਾਂਦਾ ਹੈ।ਅਤੇ ਪਹਾੜਾਂ ਤੋਂ ਬਰਫ ਰੂਪ ਪਾਣੀ ਖੁਰ ਕੇ ਨਦੀਆਂ ਦੇ ਰੂਪ ਵਿੱਚ ਜੀਵਾਂ ਤੱਕ ਪਹੁੰਚਦਾ ਰਹਿੰਦਾ ਹੈ।ਅਤੇ ਵਾਧੂ ਪਾਣੀ ਫੇਰ ਸਮੁੰਦਰ ਵਿੱਚ ਜਾ ਰਲਦਾ ਹੈ।ਇਸ ਤਰ੍ਹਾਂ ਜੀਵਾਂ ਨੂੰ ਹਰ ਵੇਲੇ ਪਾਣੀ ਮੁਹਈਆ ਹੁੰਦਾ ਰਹਿੰਦਾ ਹੈ।ਇਹ ਹੈ ਕਰਤੇ ਦੀ ਕਾਰੀਗਰੀ ਦਾ ਕਰਿਸ਼ਮਾ।ਜੋ ਕਿ ਪਦਾਰਥਵਾਦੀਆਂ ਨੂੰ ਸਿਰਫ ਕੁਦਰਤ ਦਾ ਨਿਯਮ ਹੀ ਦਿਸਦਾ ਹੈ।ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ।ਅਤੇ ਵਿਗਿਆਨਕਾਂ ਦੀ ਹਰ ਨਵੀਂ ਖੋਜ ਦੇ ਪਿੱਛੇ ਪ੍ਰਭੂ ਦੁਆਰਾ ਮੁਹਈਆ ਕੀਤੇ ਪਦਾਰਥ ਅਤੇ ਕੁਦਰਤੀ ਨਿਯਮਾਂ ਕਾਰਨ ਉਸ ਦਾ ਕੋਟਿ ਕੋਟਿ ਸ਼ੁਕਰਾਨਾ ਕਰਦਾ ਹੈ।
ਇਹ ਪਦਾਰਥਵਾਦੀ ਸੋਚ ਵਾਲੇ ਲੋਕ, ਗੱਲਾਂ ਤਾਂ ਇਸ ਤਰ੍ਹਾਂ ਕਰਦੇ ਹਨ ਜਿਵੇਂ ਸਾਰਾ ਗਿਆਨ ਤਾਂ ਇਨ੍ਹਾਂ ਨੂੰ ਹੀ ਕਿਤੋਂ ਉਤਰਿਆ ਹੈ।ਕਵਿਤਾ ਵਿੱਚ ਕਵਿ ਜੀ ਲਿਖਦੇ ਹਨ-
“ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਤੈਨੂੰ ਨਜ਼ਰ ਨਹੀਂ ਆਉਂਦਾ” (ਕਵਿਤਾ ਵਿੱਚੋਂ)
ਕਵੀ ਜੀ ਇਹ ਜੋ ਲਿਖ ਰਹੇ ਹਨ, ਪਤਾ ਨਹੀਂ ਇਨ੍ਹਾਂ ਨੂੰ ਖੁਦ ਨੂੰ ਵੀ ਇਸ ਲਿਖੇ ਹੋਏ ਦਾ ਮਤਲਬ ਪਤਾ ਹੈ ਕਿ ਨਹੀਂ?
ਪਹਿਲੀ ਤਾਂ ਗੱਲ ਇਹ ਹੈ ਕਿ ਇਹ ਦਿਸਦਾ ਸੰਸਾਰ ਸੂਖਮ (ਸੂਖਸ਼ਮ /ਜ਼ੀਰੋ /ਕੁਝ ਵੀ ਨਹੀਂ) ਤੋਂ ਸਥੂਲ ਰੂਪ /ਹੋਂਦ ਵਿੱਚ ਆਇਆ ਹੈ।ਜੋ ਕਿ ਕਿਸੇ ਕੁਦਰਤੀ ਤਰੀਕੇ ਨਾਲ ਆਉਣਾ ਵਿਗਿਆਨਕ ਨਜ਼ਰੀਏ ਤੋਂ ਨਾ-ਮੁਮਕਿਨ ਹੈ।ਕਿਉਂਕਿ ਕੁਦਰਤੀ ਤਰੀਕੇ ਨਾਲ ਕਿਸੇ ਚੀਜ ਦੇ ਹੋਂਦ ਵਿੱਚ ਆਉਣ ਲਈ ਵੀ ਪਹਿਲਾਂ ਕੁਦਰਤੀ ਨਿਯਮਾਂ ਦਾ ਹੋਣਾ ਜਰੂਰੀ ਹੈ।ਇਸ ਤਰ੍ਹਾਂ ਇਹ ਸਵਾਲ ਹਮੇਸ਼ਾਂ ਬਣਿਆ ਹੀ ਰਹੇਗਾ ਕਿ ਜਿਨ੍ਹਾਂ ਕੁਦਰਤੀ ਨਿਯਮਾਂ ਅਨੁਸਾਰ ਬ੍ਰਹਮੰਡ ਹੋਂਦ ਵਿੱਚ ਆਇਆ ਉਹ ਕੁਦਰਤੀ ਨਿਯਮ ਕਿੱਥੋਂ ਆਏ? ਸੋ ਇਨ੍ਹਾਂ ਲੋਕਾਂ ਕੋਲ ਇਨ੍ਹਾਂ ਦੀ ਖੁਦ ਦੀ ਗੱਲ ਦਾ ਜਵਾਬ ਨਹੀਂ ਕਿ ਜੇ ਕੁਦਰਤ ਤੋਂ ਵੱਖਰਾ ਰੱਬ ਨਹੀਂ ਹੈ ਤਾਂ ਏਨਾਂ ਵਡਾ ਬ੍ਰਹਮੰਡ ਕਿਵੇਂ ਹੋਂਦ ਵਿੱਚ ਆ ਗਿਆ?
“ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਤੈਨੂੰ ਨਜ਼ਰ ਨਹੀਂ ਆਉਂਦਾ” (ਕਵਿਤਾ ਵਿੱਚੋਂ)
ਜੜ੍ਹ ਪਦਾਰਥ /ਤੱਤਾਂ ਤੋਂ ਬਣੇ ਜੀਵ ਵਿੱਚ ਜੀਵਨ ਅਤੇ ਚੇਤਨਾਂ ਕਿਹੜੇ ਕੁਦਰਤੀ ਨਿਯਮ ਨਾਲ ਪੈਦਾ ਹੋਈ? ਕੁਦਰਤ ਨੂੰ ਬਨਾਉਣ ਵਾਲੇ ‘ਰੱਬ’ ਦੀ ਹੋਂਦ ਨੂੰ ਮੰਨਣ ਵਾਲਿਆਂ ਨੂੰ ਤਾਂ ਨਜ਼ਰ ਆਉਂਦਾ ਹੈ, ਕਿ ਇਹ ਨਿਰਾਕਾਰ ਤੋਂ ਆਕਾਰ ਰੂਪ ਪਸਾਰਾ ਉਸੇ ਦਾ ਕੀਤਾ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ।ਪਰ ਕੁਦਰਤ ਨੂੰ ਹੀ ਰੱਬ ਕਹਿਣ ਵਾਲਿਆਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਕੁਦਰਤ ਦੇ ਕਿਹੜੇ ਨਿਯਮ ਨਾਲ ਨਿਰਾਕਾਰ ਤੋਂ ਆਕਾਰ ਦਾ ਪਸਾਰਾ ਹੋ ਗਿਆ? ਜੜ੍ਹ-ਤੱਤਾਂ ਦੇ ਬਣੇ ਜੀਵ ਵਿੱਚ ਚੇਤਨਾਂ ਕੁਦਰਤ ਦੇ ਕਿਹੜੇ ਨਿਯਮਾਂ ਅਨੁਸਾਰ ਪੈਦਾ ਹੁੰਦੀ ਹੈ?
“ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ” (ਕਵਿਤਾ ਵਿੱਚੋਂ)
ਇਨ੍ਹਾਂ ਨਾਸਤਕਾਂ ਨੇ ਕੁਦਰਤੀ *ਨਿਯਮਾਂ* ਨੂੰ ਰੱਬ ਨਾਮ ਦੇ ਰੱਖਿਆ ਹੈ।ਪਰ
“ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ॥*
ਹਰਿ ਆਪਿ ਬਹਿ ਕਰੇ ਨਿਆਉ* ਕੂੜਿਆਰ ਸਭ ਮਾਰਿ ਕਢੋਇ॥” (ਪੰਨਾ-89)
ਸਵਾਲ- ਕੁਦਰਤ ਦਾ ਕਿਹੜਾ ਨਿਯਮ ਬਹਿ ਕੇ ਨਿਆਉਂ ਕਰਦਾ ਹੈ?
“ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥” (ਪੰਨਾ-143)
ਸਵਾਲ- ਕਿਹੜਾ ਕੁਦਰਤੀ ਨਿਯਮ ਆਪਣੇ ਆਪ ਨੂੰ ਸਾਜਦਾ ਹੈ, ਅਤੇ ਫੇਰ ਬਹਿ ਕੇ ਵਿਚਾਰ ਅਤੇ ਪਰਖ ਕਰਦਾ ਹੈ?
“ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ॥
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ॥
ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੈ ਸਿਫਤਿ ਭੰਡਾਰ॥” (1280)
ਸਵਾਲ- ਕਿਹੜੇ ਕੁਦਰਤੀ ਨਿਯਮ ਨੇ ਜਗਤ ਉਪਾਇਆ? ਅਤੇ ਉਹ ਨਿਯਮ ਜਿਸ ਤੋਂ ਜਗਤ ਉਪਜਿਆ ਉਹ ਨਿਯਮ ਕਿੱਥੋਂ ਆਏ? ਕਿਹੜਾ ਕੁਦਰਤੀ ਨਿਯਮ ਮਨਮੁਖਾ ਦਾ ਲੇਖਾ ਕਰਦਾ ਹੈ? ਕਿਹੜਾ ਕੁਦਰਤੀ ਨਿਯਮ ਗੁਰਮੁਖਾਂ ਨੂੰ ਸਿਫਤੀ ਦੇ ਭੰਡਾਰ ਬਖਸ਼ਦਾ ਹੈ?
“ਅਸਮਾਨਾਂ ਵੱਲ ਬੂਥਾ ਚੁੱਕੀ, ਕਿਹੜੇ ਰੱਬ ਨੂੰ ਭਾਲੇਂ॥ (ਕਵਿਤਾ ਵਿੱਚੋਂ)”
ਸਵਾਲ- ਇਸ ਚੱਲਦੀ ਵਿਚਾਰ ਵਿੱਚ ਕਿਸ ਨੇ ਕਿਹਾ ਹੈ ਕਿ ਰੱਬ ਉੱਪਰ ਅਸਮਾਨਾਂ ਵਿੱਚ ਹੈ? (ਇਸ ਦੀ ਜਾਣਕਾਰੀ ਕਵੀ ਜੀ ਦੇਣਗੇ?)
ਨੋਟ: ਇਹ ਲੇਖ ਸੰਬੰਧਤ ਆਸਤਕ(?) /ਨਾਸਤਕ ਕਵੀ ਜੀ ਨੂੰ ਭੇਜ ਦਿੱਤਾ ਜਾਏਗਾ।ਇਸ ਸਾਇਟ ਤੇ ਜਾਂ ਆਪਣੇ ਮਨ-ਪਸੰਦ ਦੀ ਸਾਇਟ ਤੇ ਇਸ ਲੇਖ ਬਾਰੇ ਆਪਣੇ ਵਿਚਾਰ ਦੇਣੇ ਚਾਹੁਣ ਤਾਂ ਦੇ ਸਕਦੇ ਹਨ।
ਜਸਬੀਰ ਵਿੰਘ ਵਿਰਦੀ 01-05-2014