ਇਤਿਹਾਸ ਬਨਾਮ ਮਿਥਿਹਾਸ !
ਤੋਪ ਕੰਮ ਦੀ ਹੋਵੇ ਸਿੱਖ ਇਤਿਹਾਸ ਵਿਚ ਬਰੂਦ ਇਨਾ ਪਿਆ, ਕਿ ਮਰੇ ਬੰਦੇ ਨੂੰ ਉਠਣ ਲਾ ਦਿੰਦਾ। ਤੋਪਾਂ ਜੰਗਾਲੀਆਂ, ਗਲੀਆਂ, ਸੜੀਆਂ ਉਹ ਚੰਗੇ ਭਲੇ ਬਰੂਦ ਨੂੰ ਵੀ ਠੁੱਸ ਕਰਕੇ ਚਲਾਉਂਦੀਆਂ! ਚੰਗਾੜੇ ਛੱਡਣ ਵਾਲੇ ਬਰੂਦ ਲਈ ਤੋਪ ਵੀ ਮਜਬੂਤ ਹੋਣੀ ਚਾਹੀਦੀ। ਮਾੜੀ ਤੋਪ ਤਾਂ ਖੁਦ ਦੀਆਂ ਫੌਜਾਂ ਵਿਚ ਹੀ ਫੱਟ ਜਾਵੇਗੀ ਯਾਨੀ ਖੁਦ ਨੂੰ ਹੀ ਮਾਰੇਗੀ?
ਸਿੱਖ ਕੌਮ ਦੇ ਇਤਿਹਾਸ ਦਾ ਦੁਖਾਂਤ ਰਿਹਾ ਹੈ, ਕਿ ਇਸ ਦੇ ਬਰੂਦ ਨੂੰ ਚਲਾਉਂਣ ਵਾਲੀਆਂ ਤੋਪਾਂ ਦੇ ਪੱਲੇ ਹੀ ਕੱਖ ਨਹੀਂ। ਲਿਖਣ ਤੋਂ ਲੈ ਕੇ ਬੋਲਣ ਵਾਲਿਆਂ ਤੱਕ! ਸਿੱਖ ਇਤਿਹਾਸ ਦੇ ਬਾਹਲੇ ਗਰੰਥ ਗੱਪਾਂ ਨਾਲ ਭਰੇ ਪਏ ਨੇ। ਬਹੁਤੇ ਤਾਂ ਪੰਡੀਏ ਦੇ ਪੁਰਾਣਾ ਦੀ ਤਰਜ ਤੇ! ਕਾਪੀ ਪੇਸਟ? ਲਿਖੇ ਹੀ ਪੰਡੀਏ ਦੇ! ਇਨ ਬਿਨ ਪੁਰਾਣਾਂ ਵਰਗੇ! ਤੇ ਅਗੋਂ ਬੋਲਣ ਵਾਲਾ ਪ੍ਰਚਾਰਕ ਵੀ ਮੱਖੀ ਤੇ ਮੱਖੀ ਮਾਰੀ ਤੁਰੀ ਜਾ ਰਿਹੈ। ਤੁਹਾਡੀਆਂ ਸਟੇਜਾਂ ਕਿਸ ਕੋਲੇ ਨੇ? ਕਿਸ ਨੂੰ ਸੁਣਦੇ ਤੁਸੀਂ ਰੋਜ! ਕੌਲਾਂ ਭਗਤ ਨੂੰ? ਨਾਨਕਸਰੀਏ, ਰਾੜੇ, ਰਤਵਾੜੇ, ਟਕਸਾਲੀ, ਜਗਾਧਰੀ, ਰੰਗੀਲੇ, ਸੋਢੀ, ਜੋਗੀ, ਢਾਡੀ?? ਬਹੁਤੇ ਪ੍ਰਚਾਰਕ ਜੰਗਾਲੀਆਂ ਤੋਪਾਂ ਹੀ ਹਨ, ਉਹ ਜੋਧਿਆਂ ਸੂਰਬੀਰਾਂ ਦੇ ਇਤਿਹਾਸ ਨੂੰ ਸੁਣਾਉਂਣ ਵੇਲੇ ਉਸ ਦੀ ਕੜ੍ਹੀ ਕਰ ਦਿੰਦੇ ਹਨ ਤੇ ਬਾਬੇ? ਉਹ ਪਹਿਲੀ ਗੱਲ ਇਤਿਹਾਸ ਸੁਣਾਉਂਦੇ ਹੀ ਨਹੀਂ। ਉਨ੍ਹਾਂ ਕੋਲੇ ਮਰਿਆਂ ਸਾਧਾਂ ਦੀਆਂ ਕਹਾਣੀਆਂ ਹੀ ਇਨੀਆਂ ਹਨ ਕਿ ਵਿਹਲ ਹੀ ਕਿਥੇ। ਪਰ ਜੇ ਸੁਣਾਉਂਦੇ ਵੀ ਹਨ ਤਾਂ ਅਪਣੇ ਵਰਗਾ ਕਰਕੇ! ਪੋਲਾ ਜਿਹਾ, ਕਮਜੋਰ , ਨਾਜੁਕ ਜਿਹਾ, ਕੱਚ ਵਰਗਾ? ਐਵੇਂ ਟੁੱਟਣ ਟੁੱਟਣ ਕਰਦਾ! ਸਾਧ ਦੇ ਹੱਥ ਫੜੇ ਕੱਚੇ ਧਾਗੇ ਦੇ ਸਿਮਰਨੇ ਵਰਗਾ?
ਅਬਦਾਲੀ-ਨਾਦਰ ਨੂੰ ਟਿੱਚ ਸਮਝਣ ਵਾਲੇ ਸੂਰਬੀਰ ਜੋਧਿਆਂ ਦਾ ਇਤਿਹਾਸ ਜਦ ਗੋਰੇ ਜਿਹੇ ਹੱਥਾਂ ਵਿਚ ਸਿਮਰਨਾ ਫੜਨ ਵਾਲਾ ਸਾਧ ਸੁਣਾਏਗਾ ਤਾਂ ਉਸ ਵਿਚ ਬਚੇਗਾ ਕੀ! ਹੁਣ ਸੋਚੋ ਜਗਾਧਰੀ ਵਰਗਾ ਭਾਈ ਬਚਿੱਤਰ ਸਿੰਘ ਦਾ ਇਤਿਹਾਸ ਸੁਣਾਉਂਦਾ ਕਿਵੇਂ ਜਾਪੇਗਾ। ਰੰਗੀਲਾ ਕੀ ਸੁਣਾਏਗਾ ਹਰੀ ਸਿੰਘ ਨਲੂਆ! ਨਾਨਕਸਰੀਆ ਜਾਂ ਰਾੜੇ ਵਾਲਾ ਕੋਈ ਸਾਧ ਅਕਾਲੀ ਫੂਲਾ ਸਿੰਘ ਨਾਲ ਕੀ ਕਰੇਗਾ। ਉਹ ਤਾਂ ਭਾਈ ਸੁਬੇਗ ਸਿੰਘ ਸ਼ਾਹਬਾਜ ਸਿੰਘ ਦੀ ਚਰਖੜੀ ਨੂੰ ਵੀ ਉਪਰ ਸ਼ੇਰ ਦੀ ਖੱਲ ਪਾ ਕੇ ਸੁਣਾਵੇਗਾ?? ਤੇ ਦਵਿੰਦਰ ਸੋਢੀ?
ਜਿਸ ਤਰ੍ਹਾਂ ਦਾ ਸੂਰਬੀਰਤਾ ਨਾਲ ਲਬਾ ਲਬ ਸਿੱਖ ਇਤਿਹਾਸ ਸੀ, ਉਸ ਨੂੰ ਸੁਣਾਉਂਣ ਵਾਲੇ ਬਾਹਲੇ ਪ੍ਰਚਾਰਕ ਇਨੇ ਮਹਾਂ-ਮੂਰਖ ਤੇ ਉਜੱਡ ਹਨ ਕਿ ਇਤਿਹਾਸ ਦਾ ਨਾਸ ਮਾਰ ਕੇ ਰੱਖ ਦਿੱਤਾ। ਇਤਿਹਾਸ ਸੁਣਾਉਣ ਵੇਲੇ ਤੁਹਾਨੂੰ ਇਤਿਹਾਸ ਵਾਂਗ ਹੋਣਾ ਪੈਂਦਾ ਹੈ। ਭਾਈ ਅਮਰੀਕ ਸਿੰਘ ਚੰਡੀਗੜ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਇਤਿਹਾਸ ਕਿਹਾ ਹੈ। ਜਾਨ ਪਾ ਦਿੱਤੀ ਬੰਦੇ ਨੇ। ਅੱਤ ਕੀਤੀ ਪਈ ਹੈ! ਪਿੱਛਲੇ ਦਿਨੀ ਦੋ ਦਿਨ ਉਹ ਡਿਕਸੀ ਗੁਰਦੁਆਰੇ "ਕਿਰਪਾਨ" ਉਪਰ ਬੋਲਿਆ। ਕ੍ਰਿਪਾਨ ਵਰਗਾ ਹੀ ਤਿੱਖਾ ਹੋ ਕੇ! ਕ੍ਰਿਪਾਨ ਉਪਰ ਬੋਲਣਾ ਹੋਵੇ ਤਾਂ ਅਮਰੀਕ ਸਿੰਘ ਹੀ ਚਾਹੀਦਾ। ਉਹ ਜਦ ਹਰੀ ਸਿੰਘ ਨਲੂਆ ਦੀ ਸ਼ੇਰ ਨੂੰ ਪਾੜ ਦੇਣ ਦੀ ਗਾਥਾ ਸੁਣਾਉਂਦਾ ਤਾਂ ਸਟੇਜ ਤੋਂ ਬੁੜਕ ਬੁੜਕ ਪੈ ਰਿਹਾ ਸੀ। ਆਂਦਰਾ ਤੱਕ ਜੋਰ ਲਾ ਦਿੰਦਾ ਉਹ ਇਤਿਹਾਸ ਸੁਣਾਉਂਦਾ। ਤੇ ਯਕੀਨਨ ਉਸ ਸਮੇਂ ਉਹ ਸੁਣਨ ਵਾਲਿਆਂ ਦੇ ਦਿੱਲ ਦੀ ਧੜਕਨ ਤੇਜ ਕਰ ਦਿੰਦਾ ਤੇ ਨਾੜਾਂ ਵਿਚਲਾ ਲਹੂ ਅੰਦਰ ਸ਼ੋਰ ਪਾਉਂਣ ਲੱਗ ਪੈਂਦਾ!
ਕਿਥੇ ਬੰਦ ਬੱਤੀਆਂ ਦੇ ਹਉਕੇ ਅਤੇ ਔਖੇ ਔਖੇ ਸਾਹ ਜਿਹੜੇ ਤੁਹਾਡੇ ਲਹੂ ਨੂੰ ਬਰਫ ਲਾ ਘੱਤਦੇ ਤੇ ਕਿਥੇ ਬਰਛਿਆਂ ਵਰਗੇ ਸੂਰਬੀਰ ਜੋਧਿਆਂ ਦੀਆਂ ਗਾਥਾਵਾਂ ਜਿਹੜੀਆਂ ਤੁਹਾਡੇ ਖੂਨ ਨੂੰ ਉਬਲਣ ਲਾ ਦਿੰਦੀਆਂ। ਤੇ ਤੁਹਾਨੂੰ ਸਮਝ ਆਉਂਣ ਲੱਗਦੀ ਕਿ ਇਹ ਚਲੀਸੇ ਅਤੇ ਬੰਦ ਬੱਤੀਆਂ ਦਾ ਸ਼ੋਰ ਕਿਉਂ ਸ਼ੁਰੂ ਕੀਤਾ ਗਿਆ ਹੈ! ਡੇਰੇਦਾਰ ਜਦ ਇਤਿਹਾਸ ਦੀ ਵਿਆਖਿਆ ਕਰਦਾ ਉਹ ਉਸ ਨੂੰ ਨਿਰਜਿੰਦ ਜਿਹਾ ਕਰ ਦਿੰਦਾ ਹੈ। ਜਿਦਾਂ ਕੁ ਦਾ ਉਹ ਆਪ ਹੈ ਕੂਲਾ ਜਿਹਾ, ਪੋਲੜ ਜਿਹਾ ਉਦਾਂ ਕੁ ਦਾ ਉਹ ਇਤਿਹਾਸ ਨੂੰ ਕਰਕੇ ਸੁਣਾਉਂਦਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਦੀ ‘ਸਿੰਘ ਬੁਕੇ ਮ੍ਰਿਗਾਵਲੀ’ ਵਾਲੀ ਵਿਆਖਿਆ ਨਹੀਂ ਕਰਦਾ, ਬਲਕਿ ਗੁਰੂ ਸਾਹਿਬ ਨੂੰ ਵੀ ਅਪਣੇ ਕੁ ਵਰਗਾ ਕਰਾਮਾਤੀ ਤੇ ਮਰੀ ਜਿਹੀ ਕਹਾਣੀ ਵਰਗਾ ਬਣਾ ਕੇ ਸੁਣਾਉਂਦਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਜਦ ਲੋਕਾਂ ਵਿਚ ਲਿਜਾਂਦਾ ਹੈ ਤਾਂ ਬਾਲੇ ਵਾਲੀ ਸਾਖੀ ਵਰਗਾ ਕਰਾਮਾਤੀ ਕਰਕੇ ਲਿਜਾਂਦਾ ਹੈ। ਤੁਸੀਂ ਵੱਡੇ ਤੋਂ ਵੱਡੇ ਸੱਚ ਨਾਲ ਵੀ ਜਦ ਕਰਾਮਾਤ ਨੱਥੀ ਕਰ ਦਿੱਤੀ ਤਾਂ ਸਮਝੋ ਸੱਚ ਵਿਚੋਂ ਜਾਨ ਕੱਢ ਕੇ ਰੱਖ ਦਿੱਤੀ। ਸੱਚ ਨੂੰ ਕਰਾਮਾਤ ਦੀ ਲੋੜ ਹੀ ਨਹੀਂ। ਸੱਚ ਕਰਾਮਾਤ ਦਾ ਮੁਥਾਜ ਨਹੀਂ। ਸੱਚ ਨੂੰ ਕਰਾਮਾਤ ਚਾਹੀਦੀ ਹੀ ਨਹੀਂ। ਕਰਾਮਾਤ ਕਰਨੀ ਕੀ ਸੱਚ ਨੇ! ਹਾਂਅ! ਸੱਚ ਨੂੰ ਜੇ ਤੁਸੀਂ ਫਾਹੇ ਲਾਉਂਣਾ ਹੋਵੇ, ਉਸ ਦੀ ਮੌਤ ਕਰਨੀ ਹੋਵੇ ਤਾਂ ਨਾਲ ਕਰਾਮਾਤ ਜੋੜ ਦਿਓ! ਪੰਡੀਏ ਦਾ ਪੁਰਾਣਾ ਤਜਰਬਾ ਹੈ। ਮਾਰੋ ਨਾ ਅਪਣੇ ਵਰਗਾ ਕਰ ਲਓ।
ਤੁਸੀਂ ਖੁਦ ਨਹੀਂ ਉਪਰ ਜਾ ਸਕਦੇ ਉਪਰ ਵਾਲੇ ਨੂੰ ਹੇਠਾਂ ਲੈ ਆਵੋ। ਅਪਣੇ ਵਿੱਚ। ਅਪਣੀ ਭੀੜ ਵਿਚ! ਭੀੜ ਵਿਚ ਗੁਆਚਿਆ ਕੌਣ ਲੱਭਦਾ! ਜਾ ਕੇ ਦੇਖੋ ਨਾ ਬਾਬਾ ਜੀ ਅਪਣੇ ਬਜਾਰ ਵਿਚ ਦੇਵੀਆਂ, ਦੇਵਤਿਆਂ, ਬ੍ਰਹਮਾ, ਬਿਸ਼ਨਾ, ਰਾਮਾ, ਕ੍ਰਿਸ਼ਨਾ ਦੀ ਭੀੜ ਵਿਚ ਖੜੇ ਵਿੱਕ ਰਹੇ ਹਨ! ਨਹੀਂ ਵਿੱਕ ਰਹੇ? ਜਿਹੜਾ ਬਾਜ਼ਾਰ ਵਿਚ ਵਿੱਕਦਾ ਪਿਆ ਹੈ ਉਹ ਸੱਚ ਕਿਵੇਂ ਹੈ? ਸੱਚ ਕਦੇ ਬਜਾਰ ਵਿਚ ਵਿੱਕਿਆ ਹੈ? ਵਿੱਕਣ ਵਾਲਾ ਸੱਚ ਹੋ ਹੀ ਨਹੀਂ ਸਕਦਾ! ਸੱਚ ਕਿਵੇਂ ਵਿੱਕ ਜੂ? ਤੇ ਵਿੱਕਣ ਵਾਲਾ ਸੱਚ ਕਿਵੇਂ ਹੋਇਆ? ਗੁਰੂ ਨਾਨਕ ਸੱਚ ਸੀ, ਪਰ ਵੇਚਣ ਵਾਲਿਆਂ ਗੁਰੂ ਨਾਨਕ ਦੇ ਸੱਚ ਨੂੰ ਅਪਣੇ ਝੂਠ ਵਰਗਾ ਕਰ ਲਿਆ! ਉਹ ਗੁਰੂ ਨਾਨਕ ਸਾਹਿਬ ਦੀ ਵਿਰੋਧਤਾ ਨਹੀਂ ਕਰਦਾ, ਬਲਕਿ ਕਰਾਮਾਤਾਂ ਰਾਹੀਂ ਗੁਰੂ ਨੂੰ ਅਪਣੇ ਵਰਗਾ ਕਰ ਦਿੰਦਾ ਹੈ। ਵਿਰੋਧਤਾ ਤਾਂ ਸਗੋਂ ਵਿਰੋਧਤਾ ਵਾਲੇ ਨੂੰ ਹੋਰ ਵੱਡਾ ਕਰਦੀ ਹੈ। ਵਿਰੋਧਤਾ ਬਗਾਵਤ ਨੂੰ ਜਨਮ ਦਿੰਦੀ ਹੈ ਤੇ ਬਾਗੀ ਤਾਂ ਸਗੋਂ ਹੋਰ ਉੱਚਾ ਹੋ ਜਾਂਦਾ ਹੈ।
ਪੰਡੀਆ ਗੁਰੂ ਨਾਨਕ ਸਾਹਿਬ ਨੂੰ ਉੱਚਾ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਤੇ ਉਸ ਕੀ ਕੀਤਾ? ਸੂਰਜ ਪ੍ਰਕਾਸ਼ ਤੇ ਬਾਲੇ ਵਰਗੀਆਂ ਸਾਖੀਆਂ ਵਾਲੀਆਂ ਗੱਪਾਂ ਗੁਰੂ ਨਾਲ ਜੋੜ ਦਿੱਤੀਆਂ ਜਿੰਨਾ ਗੁਰੂ ਦੇ ਕਹੇ ਸੱਚ ਦਾ ਨਾਸ ਮਾਰ ਕੇ ਰੱਖ ਦਿੱਤਾ! ਕਰ ਲਿਆ ਨਾ ਗੁਰੂ ਨਾਨਕ ਦੇ ਸੱਚ ਨੂੰ ਪੰਡੀਏ ਨੇ ਅਪਣੇ ਵਰਗਾ? ਮਾੜੀਆਂ ਤੇ ਜੰਗਾਲੀਆਂ ਤੋਪਾਂ ਨੇ ਚੰਗਾੜੇ ਛੱਡਣ ਵਾਲੇ ਬਰੂਦ ਦਾ ਗੋਹਾ ਕਰ ਕੇ ਰੱਖ ਦਿੱਤਾ। ਖਾਲਸੇ ਦੇ ਸ਼ਾਨ ਮੱਤੇ ਇਤਿਹਾਸ ਦੇ ਸੂਰਜ ਨੂੰ ‘ਬਾਬਿਆਂ’ ਦੀਆਂ ਗੱਪਾ ਵਾਲੇ ਕਾਲੇ ਬੱਦਲਾਂ ਢੱਕ ਲਿਆ। ‘ਸੰਤ’ ਨੂੰ ਪਤਾ ਕਿ ਕਰਾਮਾਤ ਕਰਨ ਲਈ ਕਿਸੇ ਜੋਰ ਦੀ ਲੋੜ ਨਹੀਂ। ਕੀ ਕਰਨਾ ਪੈਂਦਾ ਕਰਾਮਾਤ ਕਰਨ ਲਈ? ਗੱਪ ਮਾਰੋ ਕਰਾਮਾਤ ਹੋ ਜਾਂਦੀ ਹੈ।
ਦਰਅਸਲ ਗੱਪ ਦਾ ਦੂਜਾ ਨਾਂ ਹੀ ਕਰਾਮਾਤ ਹੈ ਜਾਂ ਕਰਾਮਾਤ ਦਾ ਦੂਜਾ ਨਾਂ ਗੱਪ? ਅਬਦਾਲੀਆਂ-ਨਾਦਰਾਂ ਅੱਗੇ ਬਰਛੇ ਗੱਡ ਕੇ ਖੜਨ ਵਾਲਿਆਂ ਦਾ ਰਹਿਬਰ ਕਿਹੋ ਜਿਹਾ ਹੋਵੇਗਾ। ਕਰਾਮਾਤੀ? ਤਮਾਸ਼ੇ ਕਰਨ ਵਾਲਾ? ਪੁੱਤਰਾਂ ਦੀਆਂ ਲਾਸ਼ਾਂ ਉਪਰੋਂ ਲੰਘਣਾ ਕੀ ਕਰਾਮਾਤ ਹੈ? ਕਰੇ ਕੋਈ ਇਹ ਕਰਾਮਾਤ? 40 ਬੰਦੇ ਲੱਖਾਂ ਨਾਲ ਭਿੜਾ ਛੱਡੇ? ਵੰਗਾਰ ਕੇ ਲੰਘੀਆਂ ਭੀੜਾਂ ਗੁਰੂ ਨੇ! ਤਾੜੀ ਮਾਰਕੇ! ਤੇ ਅੱਗੇ ਸਿੱਖ ਉਸਦੇ! ਫਨੀਅਰ ਸੱਪ! ਭੁੱਖੇ ਵੀ ਉੱਡ ਉੱਡ ਪਈ ਜਾਂਦੇ ਸਨ ਮੁਗਲਾਂ ਨੂੰ। ਸ਼ਾਮ ਸਿੰਘ ਅਟਾਰੀ ਡਿੱਗ ਪਿਆ ਘੋੜੇ ਤੋਂ, ਫੌਜਾਂ ਤਹਿਸ ਨਹਿਸ ਹੋ ਗਈਆਂ ਤੇ ਇਕੱਲਾ ਬਚਿਆ ਵੀ ਤੇਗਾਂ ਵਾਹੀ ਜਾਂਦਾ ਹੈ!! ਕਿਸੇ ਇੱਕ ਨੇ ਹਥਿਆਰ ਨਹੀਂ ਸੁੱਟਿਆ।
ਤੇ ਹਾਲੇ ਕੱਲ ਦੀ ਗੱਲ ਹੈ। 1984 ਵੇਲੇ ਲੜਨ ਗਏ ਬਰਾੜ ਵਰਗਿਆਂ ਖੁਦ ਮੰਨਿਆ ਕਿ ਟੱਟੀਆਂ ਲੱਗ ਗਈਆਂ ਉਸ ਨੂੰ। ਗੰਨਿਆਂ ਵਾਂਗ ਵਿਛਾ ਵਿਛਾ ਮਾਰੇ ਅਗਲਿਆਂ। ਤੇ ਬੰਦੇ ਕਿੰਨੇ ਸਨ ਅੰਦਰ? ਕਮਜੋਰ ਬੰਦਾ ਇਸ ਇਤਿਹਾਸ ਨੂੰ ਜਦ ਸੁਣਾਏਗਾ, ਤਾਂ ਉਹ ਇਤਿਹਾਸ ਨੂੰ ਵੀ ਮਿਥਹਾਸ ਕਰ ਦਏਗਾ। ਬਹੁਤੇ ਪ੍ਰਚਾਰਕਾਂ ਅਤੇ ਡੇਰੇਦਾਰਾਂ ਖਾਲਸੇ ਦੇ ਭਿੜ ਭਿੜ ਸ਼ਹਾਦਤਾਂ ਪਾਉਂਣ ਵਾਲੇ ਇਤਿਹਾਸ ਨੂੰ ਮਿਥਹਾਸ ਕਰ ਦਿੱਤਾ ਹੈ। ਤੁਸੀਂ ਕਰਾਮਾਤ ਜੋੜੀ ਨਹੀਂ ਤੇ ਇਤਿਹਾਸ ਮਿਥਹਾਸ ਹੋਇਆ ਨਹੀਂ। ਸੱਚ ਨੂੰ ਫਾਹੇ ਲਾਉਂਣ ਲਈ ਕਰਾਮਾਤ ਦਾ ਰੱਸਾ ਬੜਾ ਕਾਰਗਰ ਅਤੇ ਸਖਤ ਹੈ, ਜਿਹੜਾ ਸੱਚ ਨੂੰ ਤੜਫਾ ਤੜਫਾ ਕੇ ਮਾਰ ਤਾਂ ਦਿੰਦਾ ਪਰ ਟੁੱਟਦਾ ਨਹੀਂ!! ਕਿ ਟੁੱਟਦਾ?
-ਗੁਰਦੇਵ ਸਿੰਘ ਸੱਧੇਵਾਲੀਆ