ਅਖੌਤੀ ਡਿਗਰੀ
ਮਿਤਰਾ! ਮੌਸਮ ਖ਼ਰਾਬ ਲੱਗਦੈ ਆਟੋ ਫਿਰ ਨਹੀਂ ਆਏਗਾ। ਸੱਜਣ ਨੇ ਉਪਰ ਵੱਲ ਤਕਦਿਆਂ ਗੋਪੀ ਚੰਦ ਨੂੰ ਕਿਹਾ।
ਗੋਪੀ: ਕੱਲ ਵੀ ਚਿੱਕੜ ’ਚ ਵਰਦੀ ਤੇ ਥੈਲਾ ਗੰਦਾ ਹੋਣ ’ਤੇ ਮੰਮੀ ਨੇ ਮਾਰਿਆ ਸੀ।
ਸੱਜਣ: ਜੁਤੀਆਂ ਤਾਂ ਸਕੂਲ ਲੇਟ ਜਾਣ ਨਾਲ ਵੀ ਪੈਣੀਐ।
ਗੋਪੀ: ਚੱਲ ਫਿਰ ਕੀਚੜ ’ਚ ਪੈਦਲ ।
ਸੱਜਣ: ਯਾਰ, ਗੋਪੀ! ਕਦ ਤੱਕ ਇਸ ਤਰ੍ਹਾਂ ਚਲਦੇ ਤੇ ਜੁਤੀਆਂ ਖਾਂਦੇ ਰਹਾਂਗੇ ?
ਗੋਪੀ: ਕੀ ਕਹਿਣਾ ਚਾਹੁੰਦੈ? ਇਕ ਤਾਂ ਪਹਿਲਾਂ ਹੀ ਚਲਦਿਆਂ ਪੈਰ ਦਰਦ ਕਰ ਰਿਹੈ।
ਸੱਜਣ: ਵੱਡਾ ਹੋ ਕੇ ਤੂੰ ਕੀ ਬਣੇਗਾ ? ਮੇਰਾ ਵੀ ਦਿਮਾਗ਼ ਅੱਜ ਕੁਝ ਬਣਣ ਲਈ ਸੋਚ ਰਿਹੈ।
ਗੋਪੀ: ਮੈ ਤਾਂ ਮਿਤਰਾ! ਅਖੌਤੀ ਡਿਗਰੀ ਲੈਣੀ ਐ।
ਸੱਜਣ: ਪਾਗ਼ਲ ਹੋ ਗਿਐ, ਕੀ ਕਹਿ ਰਿਹੈ ?
ਗੋਪੀ: ‘ਅਖੌਤੀ ਡਿਗਰੀ’, ਪੰਜਾਬੀ ਵੀ ਭੁੱਲ ਗਿਐ।
ਸੱਜਣ: ਅਖੌਤੀ ਡਿਗਰੀ ਕਿਹੜੀਐ ? ਪਹਿਲਾਂ ਤਾਂ ਡਾਕਟਰ ਬਣਣ ਨੂੰ ਫਿਰਦਾ ਸੀ।
ਗੋਪੀ: ਅਰਥਾਂ ’ਚ ਕੀ ਰੱਖਿਐ? ਪਿਛਲੇ ਹਫਤੇ ਛੁਟੀਆਂ ਦੌਰਾਨ ਮੰਮੀ ਗੁਰਦੁਆਰੇ ਲੈ ਗਈ।
ਸੱਜਣ: ਕਿੱਥੇ ਗੁਰਦੁਆਰਾ, ਕਿੱਥੇ ਅਖੌਤੀ ਡਿਗਰੀ ? ਤਾਹੀਂ ਤਾਂ ਬਿੰਗਾ-ਟੇਡਾ ਪੈਰ ਰੱਖਣ ਨਾਲ ਕੱਪੜੇ ਗੰਦੇ ਤੇ ਜੁਤੀਆਂ ਖਾਂਦੈ।
ਗੋਪੀ: ਤੂੰ ਮਜਾਕ ’ਚ ਨਾ ਲੈ, ਮੈ ਸੱਚ ਕਹਿਨਾ।
ਸੱਜਣ: ਉਹ ਕਿਵੇਂ ?
ਗੋਪੀ: ਭਾਈ ਜੀ ਕਥਾ ਕਰ ਰਹੇ ਸੀ। ਕਹਿੰਦੇ ਅਖੌਤੀ ਸੰਤ, ਅਖੌਤੀ ਬ੍ਰਹਮ ਗਿਆਨੀ, ਅਖੌਤੀ ਮਿਸ਼ਨਰੀ, ਅਖੌਤੀ ਪ੍ਰਚਾਰਕ, ਅਖੌਤੀ ਪ੍ਰਫੈਸਰ,ਅਖੌਤੀ ਪ੍ਰਧਾਨ, ਅਖੌਤੀ ਜਥੇਦਾਰ, ਅਖੌਤੀ ਇਹ ਗ੍ਰੰਥ, ਅਖੌਤੀ ਔਹ ਗ੍ਰੰਥ । ਇਹ ਸਭ ਕੁਝ ਸਾਡੇ ਜਾਣ ’ਤੋਂ ਪਹਿਲਾਂ ਦਾ ਗਿਣਦਾ ਸਾਡੇ ਆਉਣ ’ਤੋਂ ਬਾਅਦ ਵੀ ਗਿਣ ਰਿਹਾ ਸੀ। ਸੰਗਤਾਂ ਵੀ ਖੁਸ਼ੀ ਨਾਲ ਝੂਮ ਰਹੀਆਂ ਸਨ ਤੇ ਪੈਸੇ ਦੇ ਰਹੀਆਂ ਸਨ।
ਸੱਜਣ: ਇਸੇ ਕਰਕੇ ਤਾਂ ਬਣੀਏ ਬਿਜ਼ਨਸ ’ਚ ਸਫਲ ਐ। ਡਿਮਾਂਡ ਵੇਖ, ਫਟ ਪਾਸਾ ਬਦਲ ਲੈਂਦੇ ।
ਗੋਪੀ: ਲੰਗਰ ’ਚ ਕਹਿ ਰਹੇ ਸੀ, ਇਹ ਪ੍ਰਚਾਰਕ ਪਹਿਲਾਂ ਡਰਾਇਵਰ ਸੀ। ਅੱਜ ਵੇਖੋ, ਅੱਗੇ ਪਿੱਛੇ ਗੱਡੀਆਂ! ਮੇਰੇ ਤਾਂ ਉਸੇ ਸਮੇਂ ਮੂੰਹ ’ਚ ਪਾਣੀ ਆ ਗਿਆ।
ਸੱਜਣ: ਹਾਂ, ਯਾਰ, ਨਾ ਤਾਂ ਇਹ ਸ਼ੜਕ ਬਣਨੀਐ, ਨਾ ਮੀਂਹ ਪੈਣੋ ਹਟਨੈ, ਨਾ ਆਟੋ ਆਉਣੈ, ਨਾ ਕੱਪੜੇ ਤੇ ਥੈਲਾ ਗੰਦਾ ਹੋਣੋ ਹਟਣੈ, ਨਾ ਮੰਮੀ ’ਤੋਂ ਮਾਰ ਤੇ ਨਾ ਲੇਟ ਕਾਰਨ ਸਕੂਲ ’ਚੋਂ ਕੂੜਾ ਚੁੱਕਣ ’ਤੋਂ ਪਿਛਾ ਛੁਟਣੈ।
ਗੋਪੀ: ਅਗਲੇ ਸੰਡੇ ਵੀ ਉਹੀ ਭਾਈ ਜੀ ਆ ਰਹੇਨੇ।
ਸੱਜਣ: ਮੈ ਮੇਰੇ ਪਿਤਾ ਨੂੰ ਲੈ ਕੇ ਆਉਂਗਾ ਪਰ ਉਹ ਹੈਂ ਜ਼ਿੱਦੀ। ਪਿਛਲੇ 30 ਸਾਲ ’ਤੋਂ ਵਿਆਕਰਨ ਦੇ ਪਿੱਛੇ ਪਏਨੇ । ਦੋ ਦਰਜ਼ਨ ’ਤੋਂ ਜਿਆਦਾ ਸੰਗਤ ਕਦੇ ਇੱਕਠੀ ਨਹੀਂ ਹੁੰਦੀ। ਤਦ ’ਤੋਂ ਸਾਇਕਲ ’ਤੇ ਧੱਕੇ ਖਾ ਰਹੇਨੇ।
ਗੋਪੀ: ਉਹਨਾ ਨੂੰ ਕਹਿ ਡੈਡੀ! ਜਮਾਨਾ ਬਦਲਗਿਐ, ਆਦੀਵਾਸੀਆਂ ਦੀ ਤਰ੍ਹਾਂ ਨਰਕ ਨਾ ਭੋਗੋ।
ਸੱਜਣ: ਘੰਟੀ ਵੱਜ ਗਈ ਓਏ ਅਖੌਤੀਆ! ਭੱਜ ਓਏ ਭੱਜ!
ਗੋਪੀ: ਤੂੰ ਤੇਜ ਭੱਜ ਸਕਦੈ ਭੱਜ। ਮੇਰੇ ਕਰਮਾ ’ਚ ਤਾਂ ਅੱਜ ਫਿਰ ਕੂੜਾ ਚੁੱਕਣਾ ਲਿਖਿਐ।
ਅਵਤਾਰ ਸਿੰਘ, ਜਲੰਧਰ, ਸੰਪਾਦਕ ‘ਮਿਸ਼ਨਰੀ ਸੇਧਾਂ’