ਕੈਟੇਗਰੀ

ਤੁਹਾਡੀ ਰਾਇ

New Directory Entries


ਸਰਬਜੀਤ ਸਿੰਘ ਦਿੱਲੀ
ਕੀ ਹੁਣ ‘ਗੁਰੂ’ ਵੀ ਨਿਗਲਿਆ ਜਾਵੇਗਾ ?
ਕੀ ਹੁਣ ‘ਗੁਰੂ’ ਵੀ ਨਿਗਲਿਆ ਜਾਵੇਗਾ ?
Page Visitors: 2837

ਕੀ ਹੁਣ ‘ਗੁਰੂ’ ਵੀ ਨਿਗਲਿਆ ਜਾਵੇਗਾ ?
ਖੁਦ ਨੂੰ 'ਸਿੱਖ' ਦੱਸਣ ਵਾਲੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ। ਜੇਕਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਤਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਇਸਦੀ ਪ੍ਰਮਾਣਿਕਤਾ ਪ੍ਰਤੀ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਖੁਸ਼ਕਿਸਮਤੀ ਨਾਲ, ਮੌਜੂਦਾ ਸਿੱਖ ਸਮਾਜ ਵਿਚ ਕਾਇਮ ਤਮਾਮ ਤਰ੍ਹਾਂ ਦੀ ਅਗਿਆਨਤਾ ਦੇ ਬਾਵਜੂਦ, ਸਿੱਖ ਗੁਰੂ ਗ੍ਰੰਥ ਸਾਹਿਬ ਦੀ ਉੱਚੇ-ਸੁੱਚੇ ਉਪਦੇਸ਼ਾਂ ਪ੍ਰਤੀ ਸ਼ੰਕਾ ਨਹੀਂ ਕਰਦੇ। ਉਹ ਇਨ੍ਹਾਂ ਉਪਦੇਸ਼ਾਂ ਵਿਚੋਂ ਬਹੁਤੇ ਉਪਦੇਸ਼ਾਂ 'ਤੇ ਅਮਲ ਭਾਵੇਂ ਨਾ ਕਰਦੇ ਹੋਣ, ਪਰ ਇਹ ਯਕੀਨ ਜਰੂਰ ਰੱਖਦੇ ਹਨ ਕਿ ਇਹ ਉਪਦੇਸ਼ ਗੁਰੂ ਸਾਹਿਬਾਨ ਅਤੇ ਹੋਰ ਮਹਾਂਪੁਰਖਾਂ ਵੱਲੋਂ, ਪਰਮਾਤਮਾ ਦੇ ਗੁਣਾਂ ਨੂੰ ਸਮਝਣ ਅਤੇ ਅਪਣਾਉਣ ਦੇ ਅਨੁਭਵ ਉਪਰੰਤ, ਲੋਕਾਈ ਨੂੰ ਸਦੀਵੀ ਤੌਰ 'ਤੇ ਸੇਧ ਦੇਣ ਵਾਸਤੇ ਜਾਰੀ ਕੀਤੇ ਗਏ ਸਨ। ਅਤੇ ਸਿੱਖੀ ਦਾ ਖੁਰਾ-ਖੋਜ ਮਿਟਾਉਣ ਲਈ ਜਤਨਸ਼ੀਲ ਤਾਕਤਾਂ ਨੂੰ ਇਹ ਗੱਲ ਉਵੇਂ ਹੀ ਨਹੀਂ ਭਾਉਂਦੀ, ਜਿਵੇਂ ਅੰਧਕਾਰ ਵਿਚ ਰਹਿਣ ਦੇ ਆਦੀ ਉੱਲੂਆਂ ਨੂੰ ਸੂਰਜ ਦਾ ਚਾਣਨਾ ਨਹੀਂ ਭਾਉਂਦਾ। ਇਹੀ ਕਾਰਨ ਹੈ ਕਿ ਪੁਰਾਣੇ ਸਮੇਂ ਤੋਂ ਹੀ ਸਿੱਖ-ਵਿਰੋਧੀ ਤਾਕਤਾਂ ਦੀ ਇਹ ਮਨਸ਼ਾ ਰਹੀ ਹੈ ਕਿ ਸਿੱਖਾਂ ਦੀ ਟੇਕ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਹੋਰਨਾਂ ਸ੍ਰੋਤਾਂ 'ਤੇ ਟਿਕਾ ਦਿੱਤੀ ਜਾਵੇ।
'ਬਚਿੱਤਰ ਨਾਟਕ' ਦੇ ਨਾਮ ਤੋਂ ਜਾਣੀਆਂ ਜਾਂਦੀਆਂ ਰਚਨਾਵਾਂ ਦਾ ਸਮੂਹ ਵੀ ਇਸੇ ਦਿਸ਼ਾ ਵਿਚ ਇਕ ਕਦਮ ਸੀ, ਜਿਸ ਰਾਹੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰਲ ਅਤੇ ਸਪਸ਼ਟ ਉਪਦੇਸ਼ਾਂ ਨਾਲੋਂ ਤੋੜ ਕੇ, ਮਨਮਤਿ ਭਰਪੂਰ ਰਚਨਾਵਾਂ ਨਾਲ ਜੋੜ ਦਿੱਤਾ ਗਿਆ। ਪਰ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਪੜ੍ਹਨ, ਵਿਚਾਰਨ, ਸਮਝਣ ਦਾ ਉਦਮ ਕਰ ਲੈਂਦੇ ਹਨ, ਉਹ ਬਚਿੱਤਰ ਨਾਟਕ ਜਾਂ ਹੋਰਨਾਂ ਮਨਮਤਿ ਵਾਲੇ ਸ੍ਰੋਤਾਂ ਤੋਂ ਦੂਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਸਿੱਖਾਂ ਦੇ ਮਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਪ੍ਰਚਾਰਕ ਟੋਰਾਂਟੋ ਯੂਨਿਵਰਸਿਟੀ ਦੇ 'ਵਿਦਵਾਨ' ਡਬਲਿਊ.ਐਚ. ਮੈਕਲਾਊਡ ਨੂੰ ਮੰਨਿਆ ਜਾਂਦਾ ਹੈ, ਜਿਸਨੇ ਸਿੱਖ ਧਰਮ ਬਾਰੇ ਆਪਣੀ ਅਖੌਤੀ 'ਖੋਜ' ਵਿਚ ਕੁਝ ਇਸ ਕਿਸਮ ਦੇ ਨੁਕਤੇ ਪੇਸ਼ ਕੀਤੇ ਜਿਨ੍ਹਾਂ ਨਾਲ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਫਲਸਫੇ, ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮੌਜੂਦ ਹੈ, ਦੀ ਪ੍ਰਮਾਣਿਕਤਾ ਬਾਰੇ ਭੰਬਲਭੂਸੇ (Confusion) ਵਿਚ ਪਾਇਆ ਜਾ ਸਕੇ। ਇਨ੍ਹਾਂ ਵਿਚੋਂ ਕੁਝ ਨੁਕਤੇ ਸਨ : ਗੁਰੂ ਨਾਨਕ ਸਾਹਿਬ ਨੇ ਆਪਣੇ ਅੱਗੇ ਕਿਸੇ ਨੂੰ ਗੁਰੂ ਨਹੀਂ ਥਾਪਿਆ ਸੀ ਕਿਉਂਕਿ ਉਹ ਡੇਰਾਵਾਦੀਆਂ ਦੀ ਤਰ੍ਹਾਂ ਗੱਦੀ ਨਹੀਂ ਚਲਾਉਣਾ ਚਾਹੁੰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਅਸਲ ਬੀੜ ਸ੍ਰੀਚੰਦੀਆਂ ਨੇ ਸਾੜ ਦਿੱਤੀ ਸੀ, ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿੱਖ ਬਣਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਵੀ ਮੌਜੂਦ ਸੀ... ਆਦਿਕ। ਇਨ੍ਹਾਂ ਕੁਤਰਕਾਂ ਦੇ ਡਾ: ਗੁਰਦਰਸ਼ਨ ਸਿੰਘ ਢਿੱਲੋਂ, ਸ੍ਰ: ਗੁਰਤੇਜ ਸਿੰਘ ਆਈ.ਏ.ਐਸ. ਅਤੇ ਹੋਰ ਵਿਦਵਾਨਾਂ ਵੱਲੋਂ ਢੁਕਵੇਂ ਉੱਤਰ ਦਿੱਤੇ ਜਾ ਚੁੱਕੇ ਹਨ।
ਡਾ: ਗੁਰਦਰਸ਼ਨ ਸਿੰਘ ਢਿੱਲੋਂ ਵੱਲੋਂ ਟੋਰਾਂਟੋ ਯੂਨਿਵਰਸਿਟੀ ਨੂੰ ਮੈਕਲਾਊਡ ਵੱਲੋਂ ਖੋਜ ਦੇ ਨਾਮ 'ਤੇ ਜਾਣਬੁੱਝ ਕੇ ਭੁਲੇਖਾ-ਪਾਊ ਲਿਖਤਾਂ ਲਿਖਣ ਬਾਰੇ ਸੁਚੇਤ ਕਰਨ 'ਤੇ, ਇਸ ਯੂਨਿਵਰਸਿਟੀ ਨੇ ਮੈਕਲਾਊਡ ਨੂੰ ਆਪਣੇ ਮਹਿਕਮੇ ਵਿਚੋਂ ਨੌਕਰੀ ਤੋਂ ਹੀ ਹਟਾ ਦਿੱਤਾ ਸੀ। ਪਰ ਆਮ ਸਿੱਖਾਂ ਨੂੰ ਮੈਕਲਾਊਡ ਜਾਂ ਮੈਕਲਾਊਡਵਾਦੀ ਕੁਤਰਕਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ, ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖੀ ਵੇਸ ਵਾਲੇ ਲੋਕਾਂ ਦਾ ਸਹਾਰਾ ਲੈ ਕੇ, ਮੁੜ ਮੁੜ ਉਨ੍ਹਾਂ ਹੀ ਕੁਤਰਕਾਂ ਦਾ ਪ੍ਰਚਾਰ ਕਰਨ ਦਾ ਜਤਨ ਕੀਤਾ ਜਾਂਦਾ ਹੈ। ਵਿਸ਼ੇਸ਼ ਤੌਰ ਤੇ, ਮੋਹਾਲੀ ਤੋਂ ਛਪਦੀ ਤੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੀ ਇਕ ਪੰਜਾਬੀ ਅਖਬਾਰ ਵੱਲੋਂ ਉਕਤ ਵਿਚਾਰਧਾਰਾ ਨੂੰ ਗਾਹੇ-ਬਗਾਹੇ ਪ੍ਰਚਾਰਿਆ ਜਾਂਦਾ ਹੈ। ਇਸ ਅਖਬਾਰ ਦੇ ਮੋਹਰੀ ਦਾ ਤਾਂ ਸਪਸ਼ਟ ਐਲਾਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ਤੇ 'ਅਸਲ' ਸਰੂਪ ਨੂੰ ਲੱਭਣ ਲਈ ੪ ਕਰੋੜ ਰੁਪਏ ਦੀ ਰਕਮ ਉਚੇਚੇ ਤੌਰ 'ਤੇ ਖਰਚੀ ਜਾਵੇਗੀ। ਇਸੇ ਅਖਬਾਰ ਦੇ ਇਕ ਹਮਾਇਤੀ ਅਤੇ ਅੰਮ੍ਰਿਤਸਰ ਦੀ ਇਕ ਯੂਨਿਵਰਸਿਟੀ ਦੇ ਪ੍ਰੋਫੈਸਰ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਵਿਚ ਭਾਰੀ ਗਿਣਤੀ ਵਿਚ 'ਗਲਤੀਆਂ' ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਹੁਣ ਮੌਜੂਦਾ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਕਰਕੇ, ਸਿੱਖਾਂ ਦੇ ਮਨਾਂ ਵਿਚ ਗੁਰਮਤਿ ਫਲਸਫੇ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਵਧੇਰੇ ਸੂਖਮ ਨੀਤੀ ਅਪਣਾਈ ਜਾ ਰਹੀ ਹੈ। ਇਸ ਨੀਤੀ ਦੇ ਹਮਾਇਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਰਤਾਰ ਪੁਰੀ ਬੀੜ ਜਾਅਲੀ/ਨਕਲੀ ਹੈ ਕਿਉਂਕਿ ਇਸ ਵਿਚ ਰਾਗਮਾਲਾ ਅਤੇ ਕੁਝ ਹੋਰ ਵਾਧੂ ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਦੇ ਅਸਲ ਸਰੂਪ ਉਪਲਬਧ ਨਹੀਂ ਹਨ। ਇਸਲਈ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਵੀ ਨਕਲੀ ਹੈ। ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਦੇ ਇਕਬਾਲ ਸਿੰਘ ਢਿੱਲੋਂ ਨਾਂ ਦੇ ਇਕ ਵਿਅਕਤੀ ਵੱਲੋਂ ਉਕਤ ਮਨੌਤ ਬਾਰੇ ਵਿਸ਼ੇਸ਼ ਤੌਰ 'ਤੇ ਲੇਖ ਲਿਖੇ ਗਏ, ਜਿਸ ਨੂੰ 'ਸਿੱਖ ਮਾਰਗ' ਵੈਬਸਾਈਟ ਦੇ ਸੰਪਾਦਕ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ, ਹਾਲਾਂਕਿ ਇਹ ਵਿਅਕਤੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਹੀ ਇਨਕਾਰੀ ਹੈ ਅਤੇ ਉਨ੍ਹਾਂ ਨੂੰ 'ਸ੍ਰੀ ਗ੍ਰੰਥ ਜੀ' ਕਹਿ ਕੇ ਸੰਬੋਧਨ ਕਰਦਾ ਹੈ।
ਸਿੱਖ ਮਾਰਗ ਵੈਬਸਾਈਟ ਉੱਤੇ 'ਕਰਤਾਰਪੁਰੀ ਬੀੜ ਦਾ ਸੱਚ' ਨਾਮ ਨਾਲ ਪ੍ਰਕਾਸ਼ਿਤ ਇਕਬਾਲ ਸਿੰਘ ਢਿੱਲੋਂ ਦੇ ਲੇਖ ਵਿਚ ਸਪਸ਼ਟ ਨਿਰਣਾ ਦਿੱਤਾ ਗਿਆ ਹੈ ਕਿ ''ਮੁਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰ-ਮੌਜੂਦਗੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ, ਅਗਿਆਨਤਾ ਵੱਸ ਉਨ੍ਹਾਂ ਵਿੱਚੋਂ ਕੁਝ ਕੁ ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀ ਗਈਆਂ।'' ਭਾਵ, ਇਕਬਾਲ ਸਿੰਘ ਢਿੱਲੋਂ ਮੁਤਾਬਿਕ, ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਨਾ ਤਾਂ ਗੁਰੂ ਅਰਜਨ ਸਾਹਿਬ ਵੱਲੋਂ ਸੰਪਾਦਿਤ ਆਦਿ ਗ੍ਰੰਥ ਤੇ ਅਧਾਰਿਤ ਹੈ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਪਾਦਿਤ ਦਮਦਮੀ ਬੀੜ ਤੇ ਅਧਾਰਿਤ ਹੈ। ਇਸ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਵੀ ਨਕਲੀ/ਮਿਲਾਵਟੀ ਹੈ (ਹਾਲਾਂਕਿ ਇਕਬਾਲ ਢਿੱਲੋਂ ਜਾਂ ਉਸਦੀ ਨਸਲ ਦੇ ਹੋਰ 'ਪ੍ਰਚਾਰਕ', ਹਾਲ ਦੀ ਘੜੀ ਆਪਣਾ ਇਹ ਨਿਰਣਾ ਦੇਣ ਤੋਂ ਟਾਲਾ ਵੱਟ ਜਾਂਦੇ ਹਨ ਅਤੇ ਇਹ ਕਹਿ ਕੇ ਗੱਲ ਮੁਕਾ ਦਿੰਦੇ ਹਨ ਕਿ ''ਇਹੀ ਵੱਡਾ ਕਾਰਨ ਹੈ ਕਿ ਸਮੇਂ-ਸਮੇਂ ਤੇ ਸ੍ਰੀ ਗ੍ਰੰਥ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ ਪਹਿਲੂਆਂ ਬਾਰੇ ਵਿਵਾਦ ਭਖਦਾ ਰਹਿੰਦਾ ਹੈ।'') ਇਸ ਤਰ੍ਹਾਂ ਅਜਿਹੇ ਲੋਕ ਇਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਦੀ ਪ੍ਰਮਾਣਿਕਤਾ ਬਾਰੇ ਵਿਵਾਦ ਖੜਾ ਕਰਨ ਨੂੰ ਜਾਇਜ ਠਹਿਰਾਉਂਦੇ ਹਨ। ਦੂਜਾ, ਉਹ ਆਪਣੀ ਮਾੜੀ ਕਰਤੂਤ ਨੂੰ ਲੁਕਾਉਣ ਲਈ ਅਜਿਹੇ ਵਿਵਾਦ ਦੀ ਜਿੰਮੇਦਾਰੀ ਵੀ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀ ਕਥਿਤ ਗੈਰ-ਮੌਜੂਦਗੀ ਦੇ ਸਿਰ ਮੜ ਦਿੰਦੇ ਹਨ।
ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਦੁਨੀਆਵੀ ਸਤਿਕਾਰ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਅਤੇ ਕਿਸੇ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਨ ਪ੍ਰਤੀ ਸਖਤ ਵਤੀਰਾ ਅਪਣਾਇਆ ਜਾਂਦਾ ਹੈ। ਕੁਝ ਸਮਾਂ ਪਹਿਲਾਂ, ਲੁਧਿਆਣੇ ਵਿਚ ਗੁਰੂ ਗ੍ਰੰਥ ਦੇ ਪਤਰਿਆਂ ਦੀ ਬੇਅਦਬੀ ਕਰਨ ਵਾਲੇ ਇਕ ਭਈਏ ਨੂੰ ਇਕ ਸਥਾਨਕ ਸਿੱਖ ਵੱਲੋਂ ਥਾਣੇ ਵਿਚ ਹੀ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਗਿਆ ਸੀ (ਇਸ ਸਿੱਖ ਨੂੰ ਪਿਛਲੇ ਦਿਨੀਂ ਹੀ ੫ ਸਾਲਾਂ ਦੀ ਜੇਲ੍ਹ ਦੀ ਸਜਾ ਮਿਲੀ ਹੈ)। ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਸੰਵੇਦਨਸ਼ੀਲ ਹੋਣਾ ਕੋਈ ਮਾੜੀ ਗੱਲ ਨਹੀਂ। ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦੇਣ ਅਤੇ ਗੁਰੂ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਕਰਕੇ ਸਿੱਖਾਂ ਨੂੰ ਸਦੀਵੀ ਤੌਰ 'ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੰਕਾਲੂ ਬਣਾ ਦੇਣ ਦੀਆਂ ਸਾਜਿਸ਼ਾਂ ਪ੍ਰਤੀ ਕਿਸੇ ਜਥੇਬੰਦੀ/ਕਮੇਟੀ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਫਲਸਫੇ ਤੋਂ ਟੁੱਟੇ ਹੋਣ ਕਾਰਨ, ਬਹੁਤੇ ਸਿੱਖਾਂ ਦੀ ਮਾਨਸਿਕ ਸਥਿਤੀ ਏਨੀ ਕਮਜੋਰ ਹੋ ਗਈ ਹੈ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਸਮਝ ਹੀ ਨਹੀਂ ਆਉਂਦੀ। ਇਸੇ ਕਰਕੇ ਸਿੱਖਾਂ ਵੱਲੋਂ ਅਜਿਹੇ ਕੋਝੇ ਹਮਲੇ ਕਰਨ ਵਾਲੇ ਗੁਰੂ-ਦੋਖੀਆਂ ਦਾ ਵਿਰੋਧ ਦਾ ਵਿਰੋਧ ਕਰਨਾ ਤਾਂ ਦੂਰ, ਉਲਟਾ ਉਨ੍ਹਾਂ ਨੂੰ ਸਿਰ 'ਤੇ ਚੜ੍ਹਾ ਲਿਆ ਜਾਂਦਾ ਹੈ - ਚੰਡੀਗੜ੍ਹ ਦੀ ਪੰਜਾਬੀ ਅਖਬਾਰ ਇਸ ਦੀ ਇਕ ਪ੍ਰਤੱਖ ਮਿਸਾਲ ਹੈ, ਜਿਸਦਾ ਮੋਹਰੀ ਸਿੱਖਾਂ ਤੋਂ ਮਿਲ ਚੁੱਕੀ ਅਪਾਰ ਆਰਥਕ ਮਦਦ ਨਾਲ ਆਪਣਾ ਮਜਬੂਤ ਵਪਾਰ ਸਥਾਪਿਤ ਕਰਨ ਦੇ ਇਲਾਵਾ, ਸਿੱਖਾਂ ਨੂੰ ਅਸਲ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਕਿਸੇ ਹੋਰ ਕਥਿਤ 'ਅਸਲੀ' ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ ਕੇਂਦਰ ਤਿਆਰ ਕਰ ਰਿਹਾ ਹੈ (ਜਿਸ 'ਅਸਲ' ਗ੍ਰੰਥ ਨੂੰ ਤਿਆਰ ਕਰਨ ਲਈ ਉਸਨੇ ੪ ਕਰੋੜ ਰੁਪਏ ਦਾ ਖਰਚਾ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ)। ਭਾਵੇਂ ਕਿ ਬਹੁਤ ਸਾਰੇ ਚੇਤੰਨ ਬੁੱਧੀਜੀਵੀ ਇਸ ਸੰਪਾਦਕ ਦੀਆਂ ਕਰਤੂਤਾਂ ਨੂੰ ਸਮਝਣ ਉਪਰੰਤ ਇਸ ਨਾਲੋਂ ਦੂਰੀ ਬਣਾ ਚੁੱਕੇ ਹਨ, ਪਰ ਖੁਦ ਨੂੰ 'ਜਾਗ੍ਰਿਤ' ਸਮਝਦੇ ਕਾਫੀ ਸਾਰੇ ਸਿੱਖ ਅੱਜ ਵੀ ਇਸ ਅਖਬਾਰ ਦੇ ਸੰਪਾਦਕ ਦੇ ਸੋਹਿਲੇ ਗਾਉਣ ਤੋਂ ਨਹੀਂ ਚੂੱਕਦੇ ਅਤੇ ਉਸਦਾ ਪਰਦਾਫਾਸ਼ ਕਰਨ ਵਾਲੇ ਲੇਖਕਾਂ ਨੂੰ ਹੀ ਬੁਰਾ-ਭਲਾ ਕਹਿੰਦੇ ਹਨ। ਪਰ ਪੰਜੋਂ ਉਂਗਲੀਆਂ ਕਦੇ ਬਰਾਬਰ ਨਹੀਂ ਹੁੰਦੀਆਂ ਅਤੇ ਤਮਾਮ ਅਗਿਆਨਤਾ ਦੇ ਪਸਾਰੇ ਦੇ ਬਾਵਜੂਦ, ਹਾਲਾਂ ਵੀ ੧੦੦ ਫੀਸਦੀ ਸਿੱਖ ਏਨੇ ਅਵੇਸਲੇ ਨਹੀਂ ਹੋਏ ਕਿ ਪੰਥ-ਦੋਖੀਆਂ ਦੀਆਂ ਕਰਤੂਤਾਂ ਨੂੰ ਸਮਝ ਨਾ ਸਕਣ। ਮੋਹਾਲੀ ਦੇ ਅਜਿਹੇ ਇਕ ਸਿੱਖ, ਮਨਜੀਤ ਸਿੰਘ ਖਾਲਸਾ ਨੇ ਸਿੱਖ ਮਾਰਗ ਅਤੇ ਇਕਬਾਲ ਸਿੰਘ ਢਿੱਲੋਂ ਵੱਲੋਂ ਕਰਤਾਰ ਪੁਰੀ ਬੀੜ ਦੇ ਨਾਮ 'ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਨ ਦੀ ਮੁਹਿੰਮ ਨੂੰ ਸਮਝਿਆ ਅਤੇ ਫੇਸਬੁੱਕ ਤੇ ਇਸ ਬਾਰੇ ਸਿੱਖਾਂ ਨੂੰ ਜਾਗਰੁਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਿੱਖ ਮਾਰਗ ਦੇ ਸੰਪਾਦਕ ਦੇ ਵਿਚਾਰਧਾਰਕ ਸਾਥੀਆਂ ਨੇ ਅਸਲ ਸਾਜਿਸ਼ ਬਾਰੇ ਚਰਚਾ ਕਰਨ ਦੀ ਥਾਂ, ਮਨਜੀਤ ਸਿੰਘ ਖਾਲਸਾ ਨੂੰ ਬੁਰਾ-ਭਲਾ ਕਹਿ ਕੇ ਅਤੇ ਬਾਰ-ਬਾਰ ਇਕੋ ਕਿਸਮ ਦੇ ਸਵਾਲਾਂ ਨੂੰ ਦੁਹਰਾ ਕੇ, ਮੁੱਦੇ ਨੂੰ ਅਧ-ਵਿਚਾਲੇ ਹੀ ਦਬਾ ਦਿੱਤਾ।
ਜਨਵਰੀ ੨੦੧੪ ਵਿਚ ਮਨਜੀਤ ਸਿੰਘ ਖਾਲਸਾ ਨੇ ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਦੀ ਇਕ ਵੀਡੀਓ ਇੰਟਰਵਿਊ ਕੀਤੀ, ਜਿਸ ਵਿਚ ਸਿੱਖ ਮਾਰਗ ਦੇ ਸੰਚਾਲਕ ਦੇ (ਮਾਨਸਿਕਤਾ ਪੱਖੋਂ) ਸਿੱਖ ਹੋਣ ਬਾਰੇ ਸਵਾਲ ਕਰ ਦਿੱਤਾ। ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਨੇ ਸਵਾਲ ਦਾ ਜਵਾਬ ਕੂਟਨੀਤਕ (diplomatic) ਢੰਗ ਨਾਲ ਦੇ ਕੇ ਮਸਲਾ ਖਤਮ ਕਰ ਦਿੱਤਾ। ਪਰ 'ਚੋਰ ਮਚਾਏ ਸ਼ੋਰ' ਦੀ ਕਹਾਵਤ ਮੁਤਾਬਿਕ ਸਿੱਖ ਮਾਰਗ ਦੇ ਸੰਪਾਦਕ ਨੇ ਮਸਲੇ ਪ੍ਰਤੀ ਕੋਈ ਸੁਹਿਰਦ ਨੀਤੀ ਅਪਣਾਉਣ ਦੀ ਥਾਂ, ੧੧ ਜਨਵਰੀ ੨੦੧੪ ਨੂੰ ਮਨਜੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯੂ-ਟਿਊਬ ਤੋਂ ਉਕਤ ਵੀਡੀਓ ਵਿਚ ਸਿੱਖ ਮਾਰਗ ਦੇ ਜਿਕਰ ਵਾਲਾ ਅੰਸ਼ ਕੱਟਣ ਜਾਂ ਕਰਤਾਰ ਪੁਰੀ ਬੀੜ ਬਾਰੇ ਸਿੱਖ ਮਾਰਗ ਵੈਬਾਸਾਈਟ ਰਾਹੀਂ ਅਤੇ ਡਾ: ਜੋਧ ਸਿੰਘ ਲਿਖਤ ਪੁਸਤਕ ਦੇ ਅਧਾਰ 'ਤੇ ਚਰਚਾ ਕਰਨ ਦੀ ਚੁਣੌਤੀ ਦੇ ਮਾਰੀ। ਇਸ ਚੁਣੌਤੀ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਮਨਜੀਤ ਸਿੰਘ ਖਾਲਸਾ ਦੇ ਦਿੱਲੀਵਾਸੀ ਸਾਥੀਆਂ ਸਰਬਜੀਤ ਸਿੰਘ ਅਤੇ ਜਸਪਾਲ ਸਿੰਘ, ਜੋ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਮੈਂਬਰ ਵੀ ਹਨ, ਨੇ ੧੭ ਜਨਵਰੀ ੨੦੧੪ ਨੂੰ ਇਕ ਪੱਤਰ ਲਿਖ ਕੇ ਸਿੱਖ ਮਾਰਗ ਦੇ ਸੰਪਾਦਕ ਕੋਲੋਂ ੧੩ ਸਵਾਲਾਂ ਦੇ ਜਵਾਬ ਪੁੱਛੇ, ਤਾਂ ਜੋ ਕਰਤਾਰ ਪੁਰੀ ਬੀੜ ਬਾਰੇ ਜਨਤੱਕ ਤੌਰ ਤੇ ਚਰਚਾ ਕਰਨ ਦੀਆਂ ਲਾਭ-ਹਾਨੀਆਂ, ਚਰਚਾ ਦੀਆਂ ਨੇਮ ਤੇ ਸ਼ਰਤਾਂ (terms and conditions) ਅਤੇ ਚਰਚਾ ਕਰਨ ਲਈ ਉਕਸਾਉਣ ਪ੍ਰਤੀ ਸੰਪਾਦਕ ਦੇ ਅਸਲ ਮਕਸਦ ਨੂੰ ਸਮਝਿਆ ਜਾ ਸਕੇ। ਪਰ ਸੰਪਾਦਕ ਨੇ ਇਨ੍ਹਾਂ ਸਵਾਲਾਂ ਦੇ ਸਪਸ਼ਟ ਜਵਾਬ ਦੇਣ ਦੀ ਥਾਂ, ''ਇਹ ਸਵਾਲ ਤੁਹਾਡਾ ਜੁਆਕਾਂ/ਨਿਆਣਿਆਂ ਵਾਲਾ ਹੈ...'', ''ਇਸ ਸਵਾਲ ਦਾ ਜਵਾਬ ਫਲਾਣੇ ਸਵਾਲ ਦੇ ਜਵਾਬ ਵਿਚ ਆ ਚੁੱਕਾ ਹੈ'' ਆਦਿਕ ਜਵਾਬ ਦੇ ਕੇ ਆਪਣਾ ਬੁੱਤਾ ਸਾਰ ਲਿਆ। ਹੱਦ ਤਾਂ ਇਹ ਰਹੀ ਕਿ ਸੰਪਾਦਕ ਨੇ ਉਕਤ ਪੱਤਰ ਦੇ ਸਵਾਲ ਨੰਬਰ ੧੩ (ਕੀ ਆਪ ਜੀ ਇਹ ਤੱਥ ਮੰਨਦੇ ਹੋ ਕਿ ਮੈਕਲਾਊਡ ਇੱਕ ਝੂਠਾ ਅਤੇ ਕਪਟੀ ਵਿਦਵਾਨ ਸੀ ਅਤੇ ਉਸਦੀ ਵਿਚਾਰਧਾਰਾ ਨੂੰ ਪ੍ਰਚਾਰ ਰਹੇ ਸਿੱਖੀ ਵੇਸ ਵਾਲੇ ਲੋਕ ਵੀ ਝੂਠੇ ਅਤੇ ਕਪਟੀ ਹਨ?) ਦਾ ਸਿੱਧੀ 'ਹਾਂ' ਜਾਂ 'ਨਾ' ਵਿਚ ਜਵਾਬ ਦੇਣ ਦੀ ਥਾਂ ਇਹ ਕਹਿ ਕੇ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਕਿ ''ਉਹ ਸਾਰੇ ਝੂਠੇ ਅਤੇ ਕਪਟੀ ਹਨ, ਜਿਹੜੇ ਜਾਣ ਬੁੱਝ ਕੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ।'' ਸਵਾਲਾਂ ਦਾ ਜਵਾਬ ਨਾ ਮਿਲਣ 'ਤੇ, ਸਰਬਜੀਤ ਸਿੰਘ ਅਤੇ ਜਸਪਾਲ ਸਿੰਘ ਨੇ ੨੦ ਜਨਵਰੀ ੨੦੧੪ ਨੂੰ ਮੁੜ ਤੋਂ ਸਿੱਖ ਮਾਗਰ ਦੇ ਸੰਪਾਦਕ ਦੇ ਨਾਂ ਇਕ ਪੱਤਰ ਲਿਖਿਆ। ਪੱਤਰ ਵਿਚ ਸੰਪਾਦਕ ਨੂੰ ਉਸਦੇ ਜਵਾਬਾਂ ਵਿਚ ਊਣਤਾਈਆਂ ਬਾਰੇ ਜਾਣਕਾਰੀ ਦਿੰਦਿਆਂ ਬੇਨਤੀ ਕੀਤੀ ਗਈ ਕਿ ਉਹ ਸਵਾਲਾਂ ਦੇ ਸਪਸ਼ਟ ਜਵਾਬ ਦੇਣ ਦੀ ਖੇਚਲ ਕਰਨ।
ਸਿੱਖ ਮਾਰਗ ਦੇ ਸੰਪਾਦਕ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਉਸਨੇ ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ ਦੇ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ ਹਨ। ਇਸਲਈ ਸੰਪਾਦਕ ਨੇ ਆਪਣੇ ਸਰਵਰ 'ਤੇ ਕੁਝ ਇਸ ਪ੍ਰਕਾਰ ਦੀ ਸੈਟਿੰਗ ਕਰ ਦਿੱਤੀ ਕਿ ਸਰਵਰ ਨੇ ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ ਤੋਂ ਭੇਜੀ ਜਾ ਰਹੀ ਈ-ਮੇਲ ਨੂੰ ਪ੍ਰਵਾਨ ਕਰਨਾ ਹੀ ਬੰਦ ਕਰ ਦਿੱਤਾ। ਅਖੀਰ, ਸਰਬਜੀਤ ਸਿੰਘ ਨੂੰ ਆਪਣੇ ਨਿੱਜੀ ਈ-ਮੇਲ ਖਾਤੇ ਤੋਂ ਸਿੱਖ ਮਾਰਗ ਦੇ ਸੰਪਾਦਕ ਨੂੰ ਦੂਜਾ ਪੱਤਰ ਭੇਜਣ ਲਈ ਮਜਬੂਰ ਹੋਣਾ ਪਿਆ। ਸਿੱਖ ਮਾਰਗ ਦੇ ਸੰਪਾਦਕ ਨੇ ਦੂਜੇ ਪੱਤਰ ਵਿਚ ਚੁੱਕੇ ਬਾਕੀ ਸਵਾਲਾਂ ਦਾ ਤਾਂ ਕੋਈ ਜਵਾਬ ਨਹੀਂ ਦਿੱਤਾ ਪਰ ਪੱਤਰ ਵਿਚ ਭੇਜੀ ਗਈ ਇਸ ਜਾਣਕਾਰੀ ਕਿ ''੨੪ ਨਵੰਬਰ ੨੦੧੩ ਨੂੰ ਲੁਧਿਆਣਾ ਵਿਖੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਇਕੱਤਰਤਾ ਵਿਚ ਪ੍ਰੋ: ਦਰਸ਼ਨ ਸਿੰਘ ਨੇ ਸਪਸ਼ਟ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਸੰਸਥਾ ਦੇ ਮੁਢਲੇ ਸੰਚਾਲਕ ਦੀ ਭੂਮਿਕਾ ਨਹੀਂ ਨਿਭਾ ਸਕਦੇ'', ਦੇ ਅਧਾਰ 'ਤੇ ਹਾਸੋਹੀਣਾ ਅਤੇ ਅਤਿ ਸ਼ਰਾਰਤ ਭਰਪੂਰ ਦਾਅਵਾ ਕੀਤਾ ਕਿ ''ਤੁਹਾਡੇ ਪੱਤਰ ਮੁਤਾਬਿਕ ੨੪ ਨਵੰਬਰ ੨੦੧੩ ਨੂੰ ਪ੍ਰੋ: ਦਰਸ਼ਨ ਸਿੰਘ ਜੀ ਨੇ ਇਸ ਜਥੇਬੰਦੀ/ਲਹਿਰ ਤੋਂ ਆਪਣਾ ਨਾਤਾ ਤੋੜ ਲਿਆ ਹੈ...।'' ਖੁਦ ਨੂੰ ਨਿਰਪੱਖ ਦੱਸਣ ਵਾਲੇ ਸੰਪਾਦਕ ਨੇ ਇਸ ਪੱਤਰ ਦੇ ਪਹਿਲੇ ਪੈਰੇ (ਜੋ ਪ੍ਰੋ: ਦਰਸ਼ਨ ਸਿੰਘ ਦੇ ਲਹਿਰ ਦੇ ਮੁਢਲੇ ਸੰਚਾਲਕ ਵਜੋਂ ਹੁਣ ਸੇਵਾ ਨਾ ਨਿਭਾਉਣ ਬਾਰੇ ਜਾਣਕਾਰੀ ਦਿੰਦਾ ਸੀ) ਨੂੰ ਛੱਡ ਕੇ, ਬਾਕੀ ਸਾਰੇ ਪੱਤਰ ਨੂੰ ਏਨੇ ਬਰੀਕ ਅੱਖਰਾਂ ਵਿਚ ਵੈਬਸਾਈਟ ਵਿਚ ਪਾਇਆ, ਜਿਸ ਨੂੰ ਬਹੁਤੇ ਲੋਕ ਖਾਸ ਉਪਰਾਲੇ ਬਿਨ੍ਹਾਂ ਨਹੀਂ ਪੜ੍ਹ ਸਕਦੇ। ਇਸਦੇ ਇਲਾਵਾ, ਸੰਪਾਦਕ ਨੇ ਇਸ ਦੂਜੇ ਪੱਤਰ ਵਿਚ ਚੁੱਕੇ ਗਏ ਸਵਾਲਾਂ/ਨੁਕਤਿਆਂ ਬਾਰੇ ਵੀ ਆਪਣਾ ਪੱਖ ਪੇਸ਼ ਨਾ ਕੀਤਾ। ਇਸਲਈ ੧ ਫਰਵਰੀ ੨੦੧੪ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ ਵੱਲੋਂ ਇਕ ਤੀਜਾ ਪੱਤਰ ਲਿਖ ਕੇ ਸਿੱਖ ਮਾਰਗ ਦੇ ਸੰਪਾਦਕ ਦੀਆਂ ਗੈਰ-ਜਿੰਮੇਦਾਰਾਨਾ ਅਤੇ ਗੁੰਮਰਾਹਕੁੰਨ ਨੀਤੀਆਂ ਬਾਰੇ ਜਿਕਰ ਕੀਤਾ ਕਿ :
''ਇਕ ਬੜਾ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਕਰਤਾਰ ਪੁਰੀ ਬੀੜ ਜਾਂ ਅਜਿਹੇ ਕਿਸੇ ਹੋਰ ਅਤਿ ਸੰਵੇਦਨਸ਼ੀਲ ਮੁੱਦੇ ਬਾਰੇ ਸਿੱਖ ਮਾਰਗ ਦੇ (?) ਕੋਲ ਉਸਾਰੂ ਬਹਿਸ ਕਰਨ ਦੀ ਸਮਰੱਥਾ ਹੈ ਵੀ ਜਾਂ ਨਹੀਂ। ਸਾਨੂੰ ਇਹ ਗੱਲ ਇਸ ਵਾਸਤੇ ਲਿਖਣੀ ਪੈ ਰਹੀ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਦੇ ਸੰਦਰਭ ਵਿਚ ਗੁਰਮੁਖੀ ਵਿਚ ਲਿਖੀ ਗਈ ਸਰਲ ਪੰਜਾਬੀ ਭਾਸ਼ਾ ਦੇ ਇਕ ਵਾਕ ਦਾ ਅਰਥ ਆਪ ਜੀ ਜਾਂ ਤਾਂ ਅਣਜਾਨੇ ਵਿਚ ਸਹੀ ਤਰੀਕੇ ਨਾਲ ਨਹੀਂ ਸਮਝ ਸਕੇ ਜਾਂ ਜਾਣ-ਬੁੱਝ ਕੇ ਆਪ ਜੀ ਨੇ ਇਸ ਵਾਕ ਦੇ ਗਲਤ ਅਰਥ ਕੀਤੇ ਹਨ। ਦੋਵੇਂ ਹੀ ਸਥਿਤੀਆਂ ਵਿਚ ਇਹ ਸਪਸ਼ਟ ਹੁੰਦਾ ਹੈ ਕਿ ਜਾਂ ਤਾਂ ਆਪ ਜੀ ਦੀ ਅਕਾਦਮਿਕ ਕਾਬਿਲੀਅਤ ਵਿਚ ਘਾਟ ਹੈ (ਮੁਆਫ ਕਰਨਾ, ਅਸੀਂ ਆਪਣੀ ਅਕਾਦਮਿਕ ਕਾਬਿਲੀਅਤ ਦੀਆਂ ਡੀਂਗਾਂ ਨਹੀਂ ਮਾਰ ਰਹੇ ਪਰ ਆਪ ਜੀ ਦੀ ਲਿਖਤ ਤੋਂ ਸਪਸ਼ਟ ਹੁੰਦੇ ਤੱਥ ਦਾ ਜਿਕਰ ਕਰ ਰਹੇ ਹਾਂ) ਜਾਂ ਫਿਰ ਆਪ ਜੀ ਜਾਣ-ਬੁੱਝ ਕੇ ਤੱਥਾਂ ਨੂੰ ਤੋੜਨਾ-ਮਰੋੜਨਾ ਚਾਹੁੰਦੇ ਹੋ। ਇਸਲਈ ਕਰਤਾਰ ਪੁਰੀ ਬੀੜ ਬਾਰੇ ਆਪ ਜੀ ਨਾਲ ਮਨਜੀਤ ਸਿੰਘ ਖਾਲਸਾ ਜਾਂ ਤੁਹਾਡੇ ਵਿਰੋਧੀ ਵਿਚਾਰਾਂ ਵਾਲੇ ਕਿਸੇ ਹੋਰ ਵਿਅਕਤੀ ਦੀ ਬਹਿਸ ਉਸਾਰੂ ਸਾਬਿਤ ਨਹੀਂ ਹੋ ਸਕੇਗੀ ਕਿਉਂਕਿ ਆਪਣੇ ਤੋਂ ਵੱਖਰੇ ਵਿਚਾਰਾਂ ਵਾਲੇ ਵਿਅਕਤੀਆਂ ਦੀਆਂ ਲਿਖਤਾਂ ਨੂੰ ਜਾਂ ਤਾਂ ਤੁਸੀਂ ਸਮਝ ਨਹੀਂ ਸਕੋਗੇ ਜਾਂ ਫਿਰ ਉਨ੍ਹਾਂ ਦੇ ਅਰਥ (ਪ੍ਰੋ: ਦਰਸ਼ਨ ਸਿੰਘ ਸਬੰਧੀ ਆਪ ਜੀ ਦੀ ਤਾਜਾ ਟਿੱਪਣੀ ਮੁਤਾਬਿਕ) ਆਪਣੀ ਮਨ-ਮਰਜੀ ਮੁਤਾਬਿਕ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੋਗੇ। ਦੋਵੇਂ ਹੀ ਸਥਿਤੀਆਂ ਇਹ ਠੋਸ ਪ੍ਰਗਟਾਵਾ ਕਰਦੀਆਂ ਹਨ ਕਿ ਜੇਕਰ ਮਨਜੀਤ ਸਿੰਘ ਵੱਲੋਂ ਕਰਤਾਰ ਪੁਰੀ ਬੀੜ ਬਾਰੇ ਆਪ ਜੀ ਨਾਲ ਬਹਿਸ ਕੀਤੀ ਜਾਂਦੀ ਹੈ, ਤਾਂ ਆਪ ਜੀ ਅਤਿ ਗਹਿਰੇ ਫਲਸਫੇ ਅਤੇ ਪੁਰਾਤਨ ਭਾਸ਼ਾਵਾਂ/ਬੋਲੀਆਂ ਵਾਲੀਆਂ ਕਾਵਿ ਰਚਨਾਵਾਂ ਵਾਲੇ ਵਿਸ਼ਾਲ ਗ੍ਰੰਥ ਦੀਆਂ ਰਚਨਾਵਾਂ ਨੂੰ ਜਾਂ ਤਾਂ ਸਮਝ ਨਹੀਂ ਪਾਓਗੇ ਜਾਂ ਫਿਰ ਆਪਣੀ ਮਨ-ਮਰਜੀ ਮੁਤਾਬਿਕ ਉਨ੍ਹਾਂ ਦੇ ਅਰਥ ਕਰਨ ਦੀ ਕੋਸ਼ਿਸ਼ ਕਰੋਗੇ। ਇਸਲਈ ਸਾਡੀ ਜਾਚੇ, ਮਨਜੀਤ ਸਿੰਘ ਖਾਲਸਾ ਅਤੇ ਸਿੱਖ ਮਾਰਗ ਦੇ (?) ਵਿਚਕਾਰ ਕਰਤਾਰ ਪੁਰੀ ਬੀੜ ਬਾਰੇ ਬਹਿਸ ਹੋਣ ਨਾਲ ਸਿੱਖ ਕੌਮ ਨੂੰ ਤਾਂ ਦੂਰ, ਨਿਰਪੱਖ ਪਾਠਕਾਂ ਨੂੰ ਵੀ ਕੋਈ ਲਾਭ ਨਹੀਂ ਹੋ ਸਕੇਗਾ।''
ਪੱਤਰ ਵਿਚ ਚੁੱਕੇ ਗਏ ਨੁਕਤਿਆਂ ਤੋਂ ਲਾਜਵਾਬ ਹੋਏ ਸਿੱਖ ਮਾਰਗ ਦੇ ਸੰਪਾਦਕ ਨੇ ਪੱਤਰ ਦੇ ਨੁਕਤਿਆਂ ਬਾਰੇ ਕੋਈ ਜਵਾਬ ਨਾ ਦਿੱਤਾ ਅਤੇ ਨਾ ਹੀ ਪੱਤਰ ਨੂੰ ਆਪਣੀ ਵੈਬਸਾਈਟ 'ਤੇ ਪ੍ਰਕਾਸ਼ਿਤ ਕੀਤਾ (ਤਾਂ ਜੋ ਪਾਠਕਾਂ ਸਾਹਮਣੇ ਝੂਠ ਤੇ ਸੱਚ ਦਾ ਨਿਸਤਾਰਾ ਹੋ ਸਕੇ)। ਬਲਕਿ ਸੰਪਾਦਕ ਨੇ ਮੁੜ ਤੋਂ ਆਪਣਾ ਪੁਰਾਣਾ ਰਾਗ ਅਲਾਪਦਿਆਂ ਮਨਜੀਤ ਸਿੰਘ ਤੇ ਸਾਥੀਆਂ ਨੂੰ ਕਰਤਾਰ ਪੁਰੀ ਬੀੜ ਬਾਰੇ ਜਨਤੱਕ ਤੌਰ 'ਤੇ ਚਰਚਾ ਕਰਨ ਲਈ ਚੈਲੰਜ ਕੀਤਾ। ਸਿੱਖ ਮਾਰਗ ਦੇ ਸੰਪਾਦਕ ਅਤੇ ਉਸਦੇ ਸਾਥੀਆਂ ਦੀਆਂ ਇਹ ਹਰਕਤਾਂ ਬਚਿੱਤਰ ਨਾਟਕ ਗ੍ਰੰਥ ਦੇ ਉਨ੍ਹਾਂ ਉਪਾਸਕਾਂ ਦੀ ਤਰ੍ਹਾਂ ਹੀ ਸਨ, ਜਿਹੜੇ ਬਚਿੱਤਰ ਨਾਟਕ ਦੀ ਹੋਂਦ ਬਾਰੇ ਸੁਹਿਰਦਤਾ ਨਾਲ ਤੱਥਾਂ ਤੇ ਵਿਚਾਰ ਕਰਨ ਦੀ ਥਾਂ ''ਕੀ ਤੁਸੀਂ ਜਾਪੁ ਸਾਹਿਬ ਨੂੰ ਗੁਰਬਾਣੀ ਮੰਨਦੇ ਹੋ ਜਾਂ ਨਹੀਂ, ਜਦੋਂ ਤੁਸੀਂ ਅੰਮ੍ਰਿਤ ਛਕਿਆ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ-ਕਿਹੜੀਆਂ ਬਾਣੀਆਂ ਪੜ੍ਹੀਆਂ ਸਨ...'' ਆਦਿਕ ਸਵਾਲਾਂ ਨੂੰ ਦੁਹਰਾਉਣ ਨੂੰ ਹੀ 'ਚਰਚਾ' ਸਮਝਦੇ ਹਨ।
ਇਸਲਈ ਸਿੱਖ ਮਾਰਗ ਟੋਲੇ ਦੇ ਸਾਥੀਆਂ ਦੀਆਂ ਇਨ੍ਹਾਂ ਹਰਕਤਾਂ ਤੋਂ ਇਹ ਸਪਸ਼ਟ ਹੋ ਗਿਆ ਕਿ ਜਿਵੇਂ ਗੁਰੂ ਗ੍ਰੰਥ ਦੇ ਸਿੱਖਾਂ ਅਤੇ ਕਾਲਕਾ-ਪੰਥੀ ਸਿੱਖਾਂ ਦੀਆਂ ਚਰਚਾਵਾਂ ਕਿਸੇ ਨਤੀਜੇ ਤੇ ਨਹੀਂ ਪੁੱਜਦੀਆਂ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਪ੍ਰਮਾਣਿਕ ਗੁਰੂ ਮੰਨਣ ਵਾਲੇ ਸਿੱਖਾਂ ਅਤੇ ਕਰਤਾਰ ਪੁਰੀ ਬੀੜ ਦੇ ਬਹਾਨੇ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ/ਮਿਲਾਵਟੀ ਗੁਰੂ ਪ੍ਰਚਾਰਨ 'ਤੇ ਤੁਲੇ ਮਨਮੁਖਾਂ ਵਿਚਕਾਰ ਚਰਚਾ ਕਿਸੇ ਨਤੀਜੇ 'ਤੇ ਨਹੀਂ ਪੁੱਜ ਸਕਦੀ। ਇਹ ਵਰਤਾਰਾ ਮਨਜੀਤ ਸਿੰਘ ਖਾਲਸਾ ਦੇ ਨਿੱਜੀ ਫੇਸਬੁੱਕ ਖਾਤੇ ਵਿਚ ਵੀ ਵੇਖਿਆ ਜਾ ਸਕਦਾ ਹੈ, ਜਿਥੇ ਸਿੱਖ ਮਾਰਗ ਅਤੇ ਇਕਬਾਲ ਸਿੰਘ ਢਿੱਲੋਂ ਦੇ ਸਮਰਥਕ ਮਨਜੀਤ ਸਿੰਘ ਖਾਲਸਾ ਪ੍ਰਤੀ ਬੜੀ ਅਣਸੁਖਾਵੀਂ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਦਾ ਮਨੋਬਲ ਗਿਰਾਉਣ ਅਤੇ ਮੁੱਦੇ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰਦੇ ਹਨ। ਇਸਦੇ ਇਲਾਵਾ, ਵਰਿੰਦਰ ਸਿੰਘ ਗੋਲਡੀ, ਸਰਵਜੀਤ ਸਿੰਘ ਸੈਕਰਾਮੈਂਟੋ, ਜਗਜੀਤ ਸਿੰਘ ਖਾਲਸਾ ਤੇ ਹੋਰਾਂ ਵੱਲੋਂ ਮਨਜੀਤ ਸਿੰਘ ਖਾਲਸਾ ਨੂੰ ਬਾਰ-ਬਾਰ ਬਚਿੱਤਰ ਨਾਟਕੀਆਂ ਦੀ ਤਰਜ ਤੇ ਸਵਾਲ ਪੁੱਛੇ ਜਾ ਰਹੇ ਸਨ, ''ਕੀ ਤੁਸੀਂ ਰਾਗਮਾਲਾ ਨੂੰ ਗੁਰਬਾਣੀ ਮੰਨਦੇ ਹੋ, ਤੁਸੀਂ ਸਿੱਖ ਮਾਰਗ ਦੇ ਸੰਪਾਦਕ ਦੇ ਸੱਦੇ (ਅਸਲ ਵਿਚ ਚੈਲੰਜ) ਦਾ ਜਵਾਬ ਕਿਉਂ ਨਹੀਂ ਦੇ ਰਹੇ...'' ਆਦਿਕ।
ਵੀਰ ਇੰਦਰਜੀਤ ਸਿੰਘ ਕਾਨਪੁਰ, ਜਸਪਾਲ ਸਿੰਘ ਦਿੱਲੀ ਅਤੇ ਕੁਝ ਹੋਰਨਾਂ ਗੁਰਸਿੱਖਾਂ ਵੱਲੋਂ ਇਨ੍ਹਾਂ ਗੁੰਮਰਾਹਕੁੰਨ ਸਵਾਲਾਂ/ਵਿਅੰਗਾਂ ਦੇ ਠੋਕਵੇਂ ਜਵਾਬ ਦਿੱਤੇ ਗਏ ਹਨ, ਪਰ ਉਕਤ ਸੱਜਣ ''ਸਵਾਲ ਇੱਲ, ਜਵਾਬ ਕੁੱਕੜ'' ਦੀ ਤਰਜ ਤੇ ਮਨਜੀਤ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਕਰਤਾਰ ਪੁਰੀ ਬੀੜ ਬਾਰੇ ਜਨਤੱਕ ਤੌਰ 'ਤੇ ਚਰਚਾ ਕਰਨ ਲਈ ਉਕਸਾ ਰਹੇ ਹਨ। ਜਦਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ ਨੇ ਸਿੱਖ ਮਾਰਗ ਦੇ ਸੰਪਾਦਕ ਨੂੰ ਸਪਸ਼ਟ ਤੌਰ 'ਤੇ ਕਿਹਾ ਸੀ ਕਿ ''ਅਸੀਂ ਕਰਤਾਰ ਪੁਰੀ ਬੀੜ ਦੇ ਵਿਸ਼ੇ ਬਾਰੇ ਆਪ ਜੀ ਦੀ ਜਾਂ ਆਪਦੇ 'ਕੁਝ ਪਾਠਕਾਂ' ਦੀ ਰਾਏ ਗਲਤ ਜਾਂ ਠੀਕ ਹੋਣ ਬਾਰੇ ਫੈਸਲਾ ਨਹੀਂ ਦੇ ਰਹੇ ਬਲਕਿ ਇਸ ਮਸਲੇ ਨੂੰ ਜਨਤੱਕ ਤੌਰ ਤੇ ਉਛਾਲਣ ਵਾਲੀ ਪਹੁੰਚ (approach) ਦਰੁਸਤ ਕਰਨ ਦੀ ਬੇਨਤੀ ਕਰ ਰਹੇ ਹਾਂ।''
ਇਸ ਸਾਰੇ ਦੁਖਦਾਈ ਘਟਨਾਕ੍ਰਮ ਦਾ ਇਕ ਹਾਂ-ਪੱਖੀ ਪਹਿਲੂ ਇਹ ਰਿਹਾ ਹੈ ਕਿ ਮਨਜੀਤ ਸਿੰਘ ਖਾਲਸਾ ਦੀ ਬਦਨਾਮੀ ਕਰਨ ਦੇ ਜਤਨ ਵਿਚ ਮੈਕਲਾਊਡਵਾਦੀ ਸਿੱਖਾਂ ਨੇ ਆਪਣੇ ਚਾਲਬਾਜ ਸੁਭਾਅ ਦਾ ਖੁਦ ਹੀ ਪਰਦਾਫਾਸ਼ ਕਰ ਲਿਆ ਹੈ, ਜਿਸਨੂੰ ਹਰ ਨਿਰਪੱਖ ਸੱਜਣ ਅਸਾਨੀ ਨਾਲ ਮਹਿਸੂਸ ਕਰ ਸਕਦਾ ਹੈ। ਮਿਸਾਲ ਵਜੋਂ, ਇਹ ਸੱਜਣ ਏਨੀ ਕੁ ਗੱਲ ਸਪਸ਼ਟ ਨਹੀਂ ਕਰ ਸਕੇ ਕਿ ਜਿਹੜੀ ਗੱਲ ਦੋ ਧਿਰਾਂ (ਸਿੱਖ ਮਾਰਗ ਦੇ ਸੰਪਾਦਕ ਅਤੇ ਮਨਜੀਤ ਸਿੰਘ ਤੇ ਉਸਦੇ ਸਾਥੀਆਂ) ਵਿਚਕਾਰ ਹੋ ਰਹੀ ਸੀ, ਉਸ ਵਿਚ ਇਨ੍ਹਾਂ ਲੋਕਾਂ ਨੂੰ ਟੰਗ ਅੜਾਉਣ ਦੀ ਕੀ ਲੋੜ ਸੀ? ਇਸੇ ਤਰ੍ਹਾਂ, ਜਦ ਇਨ੍ਹਾਂ ਲੋਕਾਂ ਨੂੰ ਇਕਬਾਲ ਸਿੰਘ ਢਿੱਲੋਂ ਦੀਆਂ ਲਿਖਤਾਂ ਬਾਰੇ ਸਵਾਲ ਕੀਤੇ ਜਾਂਦੇ ਹਨ, ਤਾਂ ਇਹ ਲੋਕ ਕਹਿੰਦੇ ਹਨ ਕਿ ਇਨ੍ਹਾਂ ਬਾਰੇ ਢਿੱਲੋਂ ਨੂੰ ਹੀ ਸਵਾਲ ਕਰੋ (ਹਾਲਾਂਕਿ ਇਹੀ ਲੋਕ ਅਜਿਹਾ ਕਦੇ ਨਹੀਂ ਕਹਿੰਦੇ ਕਿ ਸਿੱਖ ਮਾਰਗ ਦੇ ਸੰਪਾਦਕ ਦੇ ਚੈਲੰਜ ਬਾਰੇ ਮਨਜੀਤ ਸਿੰਘ ਤੇ ਸਾਥੀ, ਸੰਪਾਦਕ ਨਾਲ ਖੁਦ ਹੀ ਗੱਲ ਕਰਨ - ਉਸ ਮਾਮਲੇ ਵਿਚ ਇਹ ਲੋਕ ਸੰਪਾਦਕ ਦੇ ਵਕੀਲ ਬਣ ਕੇ ਉਸਦਾ ਪੱਖ ਪੂਰਨ ਲਈ ਹਰ ਹਥਕੰਡਾ ਵਰਤਣ 'ਤੇ ਉਤਾਰੂ ਹੋ ਜਾਂਦੇ ਹਨ ਅਤੇ ਮੱਲੋ-ਮੱਲੀ ਕਰਤਾਰਪੁਰੀ ਬੀੜ ਬਾਰੇ ਬਹਿਸ ਛੇੜਨ ਦੀ ਕੋਸ਼ਿਸ਼ ਕਰਦੇ ਹਨ)। ਇਸੇ ਤਰ੍ਹਾਂ, ਇਨ੍ਹਾਂ ਵਿਚੋਂ ਇੱਕ ਸੱਜਣ ਦਾਅਵਾ ਕਰਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਵੀ ਕਰਤਾਰ ਪੁਰੀ ਬੀੜ ਨੂੰ ਜਾਅਲੀ ਬੀੜ ਮੰਨਦੇ ਹਨ ਪਰ ਜਦ ਉਸਨੂੰ ਪ੍ਰੋ: ਦਰਸ਼ਨ ਸਿੰਘ ਦੇ ਇਸ ਬਿਆਨ ਦੀ ਵੀਡੀਓ ਇੰਟਰਨੈੱਟ ਤੇ ਪਾਉਣ ਲਈ ਕਿਹਾ ਜਾਂਦਾ ਹੈ, ਤਾਂ ਉਹ ਅਜਿਹਾ ਨਹੀਂ ਕਰਦਾ।
ਸਿੱਖ ਲਹਿਰ ਦੇ ਹੋਂਦ ਦੇ ਆਉਣ ਦੇ ਸਮੇਂ ਤੋਂ ਹੀ ਇਸ ਨੂੰ ਖਤਮ ਕਰਨ ਲਈ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖ ਹਥਕੰਡੇ ਅਪਣਾਏ ਜਾਂਦੇ ਰਹੇ। ਜਿਥੇ ਮੁਗਲ ਹੁਕਮਰਾਨਾਂ ਵੱਲੋਂ ਸਿੱਧਾ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਬ੍ਰਾਹਮਣਵਾਦੀਆਂ ਨੇ ਸਿੱਖੀ, ਯਾਨੀ ਗੁਰਮਤਿ ਫਲਸਫੇ ਅਤੇ ਇਤਿਹਾਸ ਬਾਰੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਅਪਣਾਈ। ਮੈਕਲਾਊਡਵਾਦੀਆਂ ਵੱਲੋਂ ਵੀ ਸਿੱਖਾਂ ਵਿਚ ਵੱਖ-ਵੱਖ ਮੁੱਦਿਆਂ ਬਾਰੇ ਭੰਬਲ-ਭੂਸਾ ਪਾਉਣ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ। ਇਸੇ ਨੀਤੀ ਤਹਿਤ, ਕਰਤਾਰ ਪੁਰੀ ਬੀੜ ਦੇ ਬਹਾਨੇ ਸਿੱਖਾਂ ਦੇ ਮਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਨਹੀਂ ਤਾਂ, ਇਹ ਗੱਲ ਤਾਂ ਇਕ ਬੱਚਾ ਵੀ ਸਮਝ ਸਕਦਾ ਹੈ ਕਿ ੫੦੦੦ ਤੋਂ ਵੱਧ ਸ਼ਬਦਾਂ ਵਾਲੇ ਮਹਾਨ ਗ੍ਰੰਥ ਦੀ ਕਿਸੇ ਪ੍ਰਤੀ ਵਿਚ ਜੇਕਰ ੮-੧੦ ਸ਼ਬਦ ''ਵਾਧੂ'' ਹਨ, ਤਾਂ ਇਨ੍ਹਾਂ ''ਵਾਧੂ'' ਸ਼ਬਦਾਂ ਬਦਲੇ ਬਾਕੀ ਸਾਰੀਆਂ ਮਹਾਨ ਰਚਨਾਵਾਂ ਨੂੰ ਵੀ ਜਾਅਲੀ/ਨਕਲੀ ਕਰਾਰ ਦੇ ਦੇਣਾ ਕਿਸੇ ਤਰ੍ਹਾਂ ਦੀ ਅਕਲਮੰਦੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ 'ਨਕਲੀ' ਐਲਾਣਨ ਦੀਆਂ ਸਾਜਿਸ਼ਾਂ ਏਨੇ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਆਮ ਸਿੱਖ ਕਦੇ ਮਹਿਸੂਸ ਵੀ ਨਹੀਂ ਕਰ ਸਕਦੇ। ਇਸ ਨੀਤੀ ਤਹਿਤ, ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪਾਂ ਨੂੰ 'ਬਿਰਧ ਬੀੜਾਂ' ਕਹਿ ਕੇ ਅੱਗ ਵਿਚ ਸਾੜ ਦੇਣ ਦੀ ਵਿਸ਼ੇਸ਼ ਮੁਹਿੰਮ ਪੰਜਾਬ ਅਤੇ ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਕਈ ਗੁਰਦੁਆਰਿਆਂ ਵਿਚ ਚਲਾਈ ਜਾ ਰਹੀ ਹੈ। ਹਾਲਾਂਕਿ ਇਸ ਮੁਹਿੰਮ ਨੂੰ ਚਲਾਉਣ ਵਾਲੇ ਡੇਰੇਦਾਰ ਇਸਨੂੰ 'ਬਿਰਧ ਬੀੜਾਂ ਦੇ ਸਸਕਾਰ ਦੀ ਸੇਵਾ' ਦਾ ਨਾਮ ਦਿੰਦੇ ਹਨ, ਪਰ ਅਸਲ ਵਿਚ ਇਹ ਬੜੀ ਗਹਿਰੀ ਚਾਲ ਹੈ, ਜਿਸ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣਿਕ ਹਥ-ਲਿਖਤ ਸਰੂਪਾਂ ਨੂੰ ਖਤਮ ਕਰਕੇ, ਅਜਿਹੀਆਂ ਬੀੜਾਂ ਨੂੰ ਅਸਲੀ ਦਰਸਾਇਆ ਜਾਵੇਗਾ, ਜਿਨ੍ਹਾਂ ਵਿਚਲੀਆਂ ਰਚਨਾਵਾਂ ਗੁਰਮਤਿ ਫਲਸਫੇ ਨਾਲ ਇਨਸਾਫ ਨਹੀਂ ਕਰਦੀਆਂ ਹੋਣਗੀਆਂ। ਬਹੁਤ ਸੰਭਾਵਨਾ ਹੈ ਕਿ ਅਜਿਹੀ ਕਿਸੇ ਬੀੜ ਦਾ ਪ੍ਰਗਟਾਵਾ ਚੰਡੀਗੜ੍ਹ ਦੀ ਵਿਵਾਦਿਤ ਪੰਜਾਬੀ ਅਖਬਾਰ ਦੇ ਸੰਪਾਦਕ ਕੋਲੋਂ ਕਰਵਾਇਆ ਜਾਵੇ।
ਇਥੇ ਇਕ ਹੋਰ ਗੱਲ ਵੱਲ ਧਿਆਨ ਦੇਣਾ ਅਤਿ ਜਰੂਰੀ ਹੈ। ਧਰਮ ਦਾ ਪਸਾਰਾ ਆਪਣੇ ਫਲਸਫੇ ਦੀ ਸੰਭਾਲ ਨਾਲ ਹੁੰਦਾ ਹੈ, ਇਸ ਬਾਰੇ ਸ਼ੰਕੇ ਪੈਦਾ ਕਰਨ ਨਾਲ ਨਹੀਂ। ਇਹੀ ਕਾਰਨ ਹੈ ਕਿ ਇਸਾਈਆਂ ਨੇ ਆਪਣੇ ਧਰਮ ਗ੍ਰੰਥ 'ਬਾਈਬਲ' ਬਾਰੇ ਇਸ ਤਰ੍ਹਾਂ ਦਾ ਕੋਈ ਸ਼ੰਕਾ ਖੜੀ ਨਹੀਂ ਕੀਤੀ, ਜਿਸ ਤਰ੍ਹਾਂ ਦੀ ਮੈਕਲਾਊਡਵਾਦੀ ਸਿੱਖਾਂ ਵੱਲੋਂ ਕਰਤਾਰਪੁਰੀ ਬੀੜ ਦੇ ਬਹਾਨੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੀਤੀ ਜਾ ਰਹੀ ਹੈ। ਹਾਲਾਂਕਿ ਬਾਈਬਲ ਦੇ ੫੦ ਤੋਂ ਵੱਧ ਸੰਸਕਰਨ ਮੌਜੂਦ ਹਨ। ਇਹੀ ਨਹੀਂ, ਬਾਈਬਲ ਦੇ ਨਵੇਂ ਟੈਸਟਾਮੈਂਟ ਦੀਆਂ ੧੪,੦੦੦ ਤੋਂ ਵੱਧ ਹਥ-ਲਿਖਤ ਪ੍ਰਤੀਆਂ ਹਨ। ਪਰ ਕਿਸੇ ਇਸਾਈ ਪ੍ਰਚਾਰਕ ਨੇ ਇਹ ਨਹੀਂ ਕਿਹਾ ਫਲਾਣੀ ਹਥ-ਲਿਖਤ ਵਿਚ ਫਲਾਣੇ ਲਫਜ਼ ਵਾਧੂ ਹਨ, ਇਸਲਈ ਉਹ ਲਿਖਤ ਜਾਅਲੀ/ਨਕਲੀ ਹੈ ਜਾਂ ਉਸ 'ਤੇ ਅਧਾਰਿਤ ਹੋਣ ਕਾਰਨ ਬਾਈਬਲ ਦਾ ਨਵਾਂ ਟੈਸਟਾਮੈਂਟ ਜਾਅਲੀ/ਨਕਲੀ ਹੈ। (ਜੇਕਰ ਇਸਾਈਆਂ ਦਾ ਧਰਮ ਗ੍ਰੰਥ ਕਿਸੇ ਇਕ ਹਥ-ਲਿਖਤ ਤੇ ਅਧਾਰਿਤ ਹੁੰਦਾ, ਤਾਂ ਹੁਣ ਤੱਕ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਨ ਵਾਲੀਆਂ ਧਾਰਨਾਵਾਂ ਦਾ ਸਮੁੱਚੀ ਦੁਨੀਆ ਵਿਚ ਪ੍ਰਚਾਰ ਕਰ ਦੇਣਾ ਸੀ) ਇਹ ਉਪਲਬਧੀ ਸਿੱਖੀ ਵੇਸ ਵਾਲੇ ਉਨ੍ਹਾਂ ਲੋਕਾਂ ਤੱਕ ਸੀਮਤ ਹੈ, ਜਿਹੜੇ ਜਾਣੇ-ਅਨਜਾਣੇ ਵਿਚ ਮੈਕਲਾਊਡਵਾਦੀ ਧਾਰਨਾਵਾਂ ਨੂੰ ਸਿੱਖਾਂ ਵਿਚ ਪ੍ਰਚਾਰਨਾ ਚਾਹੁੰਦੇ ਹਨ ਅਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੰਕਾਲੂ ਬਣਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਸੱਜਣਾਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਜਨਤੱਕ ਤੌਰ 'ਤੇ ਨਾ ਉਛਾਲਣ ਦੀਆਂ ਬੇਨਤੀਆਂ ਮੱਝ ਅੱਗੇ ਬੀਨ ਬਜਾਉਣ ਵਾਲਾ ਉਦਮ ਸਾਬਿਤ ਹੋ ਨਿਬੜੀਆਂ ਹਨ। ਇਸਲਈ ਇਹ ਸਪਸ਼ਟ ਹੈ ਕਿ ਮਨਜੀਤ ਸਿੰਘ ਖਾਲਸਾ ਦੇ ਬਹਾਨੇ ਇਹ ਲੋਕ ਆਉਣ ਵਾਲੇ ਸਮੇਂ ਵਿਚ ਵੀ ਕਰਤਾਰ ਪੁਰੀ ਬੀੜ ਦੇ ਮੁੱਦੇ ਨੂੰ ਗਲਤ ਰੰਗਤ ਦੇ ਕੇ ਉਛਾਲਦੇ ਰਹਿਣਗੇ ਕਿਉਂਕਿ ਕਹਾਵਤ ਹੈ ਕਿ ੧੦੦੦ ਵਾਰ ਬੋਲਿਆਂ ਝੂਠ ਵੀ ਸੱਚ ਲੱਗਣ ਲੱਗ ਪੈਂਦਾ ਹੈ। ਸ਼ਾਇਦ ਮੈਕਲਾਊਡਵਾਦੀ ਸਿੱਖਾਂ ਦਾ ਮੰਨਣਾ ਹੈ ਕਿ ਆਪਣੀ ਆਲੋਚਨਾ ਤੋਂ ਪਰੇਸ਼ਾਨ ਹੋ ਕੇ ਮਨਜੀਤ ਸਿੰਘ ਖਾਲਸਾ ਅਤੇ ਸਾਥੀ, ਸਿੱਖ ਮਾਰਗ ਦੇ ਸੰਪਾਦਕ ਅਤੇ ਉਸਦੇ ਪਿਆਦਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਨ ਦੀ ਨੀਤੀ ਪ੍ਰਤੀ ਜਾਗਰੁਕਤਾ ਪੈਦਾ ਕਰਨ ਦੀ ਮੁਹਿੰਮ ਨੂੰ ਤਿਆਗ ਦੇਣਗੇ। ਪਰ ਇਹ ਇਨ੍ਹਾਂ ਸੱਜਣਾਂ ਦੀ ਭਾਰੀ ਗਲਤ-ਫਹਿਮੀ ਹੈ। ਜੇਕਰ ਗੁਰਬਾਣੀ ਦੀ ਸਦੀਵੀ ਸੰਭਾਲ ਕਰਨ ਵਾਲੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਉਦਮ ਦਾ ਮੁੱਲ ਆਪਣੀ ਸ਼ਹਾਦਤ ਦੇ ਰੂਪ ਵਿਚ ਤਾਰਨ ਤੋਂ ਸੰਕੋਚ ਨਹੀਂ ਹੁੰਦਾ, ਤਾਂ ਉਸੇ ਗੁਰੂ ਦੇ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੀ ਮੁਹਿੰਮ ਵਿਚ ਹਰ ਨਤੀਜਾ ਭੁਗਤਣ ਲਈ ਤਿਆਰ ਹਨ - ਭਾਵੇਂ ਇਸਦਾ ਨਤੀਜਾ ਅਜਿਹੇ ਸਿੱਖਾਂ ਦੀ ਬਦਖੋਈ ਹੋਵੇ, ਉਨ੍ਹਾਂ ਦਾ ਆਰਥਕ/ਸਰੀਰਕ ਤੌਰ ਤੇ ਨੁਕਸਾਨ ਹੋਵੇ ਜਾਂ ਉਨ੍ਹਾਂ ਦੀ ਕਿਸੇ ਸੰਸਥਾ/ਲਹਿਰ ਤੋਂ ਬਰਖਾਸਤਗੀ ਹੋਵੇ।
ਅਤੇ ਅੰਤ ਵਿਚ : ਜਿੰਦਗੀ ਵਿਚ ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਜੋ ਅੱਖਾਂ ਨੂੰ ਦਿੱਸਦਾ ਹੈ, ਉਹ ਦਿਸਣ ਦੇ ਬਾਵਜੂਦ ਸੱਚ ਨਹੀਂ ਹੁੰਦਾ। ਮਾਹਿਰ ਜਾਦੂਗਰਾਂ ਵੱਲੋਂ ਦਿਖਾਏ ਜਾਂਦੇ ਜਾਦੂ/ਕਰਤਬ ਇਸਦੀ ਇਕ ਪ੍ਰਤੱਖ ਮਿਸਾਲ ਹਨ, ਜੋ ਜਾਦੂ ਪ੍ਰਤੀਤ ਹੋਣ ਦੇ ਬਾਵਜੂਦ ਮਹਿਜ ਅੱਖਾਂ ਦਾ ਧੋਖਾ ਹੁੰਦੇ ਹਨ। ਕੁਝ ਇਸੇ ਤਰ੍ਹਾਂ, ਸਿੱਖ ਮਾਰਗ ਬਨਾਮ ਮਨਜੀਤ ਸਿੰਘ ਖਾਲਸਾ ਵਿਵਾਦ ਵਿਚ ਹੋ ਰਿਹਾ ਹੈ। ਉਪਰੀ ਤੌਰ 'ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਝਗੜਾ ਕਰਤਾਰ ਪੁਰੀ ਬੀੜ ਨੂੰ ਮਨਜੀਤ ਸਿੰਘ ਖਾਲਸਾ ਵੱਲੋਂ 'ਸ਼ੁੱਧ' ਜਾਂ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸ੍ਰੋਤ ਦਰਸਾਉਣ ਕਾਰਨ ਪੈਦਾ ਹੋਇਆ ਹੈ। ਪਰ ਅਸਲ ਵਿਚ ਇਸ ਵਿਵਾਦ ਦੀਆਂ ਜੜ੍ਹਾਂ ਉਕਤ ਮਨੌਤ ਨਾਲੋਂ ਬਹੁਤ ਡੂੰਘੀਆਂ ਅਤੇ ਜਟਿਲ ਹਨ। ਦਰਅਸਲ, ਮਨਜੀਤ ਸਿੰਘ ਖਾਲਸਾ ਵੱਲੋਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦਾ ਕਾਰਜਭਾਰ ਬੜੀ ਸਰਗਰਮੀ ਨਾਲ ਸੰਭਾਲਿਆ ਜਾ ਰਿਹਾ ਹੈ। ਵਿਸ਼ੇਸ਼ਕਰ, ਪੰਥਕ ਦਰਦ ਰੱਖਣ ਵਾਲੇ ਸਿੱਖਾਂ ਨੂੰ ਲਹਿਰ ਵਿਚ ਸ਼ਾਮਲ ਹੋਣ ਲਈ ਪ੍ਰੇਰਨ ਵਿਚ ਮਨਜੀਤ ਸਿੰਘ ਖਾਲਸਾ ਦੀ ਵਿਸ਼ੇਸ਼ ਮੁਹਾਰਤ ਹੈ। ਇਸਦੇ ਇਲਾਵਾ, ਉਹ ਵੀਡੀਓ ਸੰਦੇਸ਼ਾਂ ਰਾਹੀਂ ਮੌਜੂਦਾ ਮਸਲਿਆਂ ਬਾਰੇ ਜਾਣਕਾਰੀ ਦੇਣ ਵਿਚ ਵੀ ਮਾਹਿਰ ਹਨ। ਪਰ ਇਸ ਲਹਿਰ ਨੂੰ ਸਮਰਥਨ ਦੇਣ ਦਾ ਦਾਅਵਾ ਕਰਦੇ ਕਈ ਡੋਗਰਾਵਾਦੀ ਮਾਨਸਿਕਤਾ ਵਾਲੇ ਸੱਜਣਾਂ ਨੂੰ ਇਹ ਗੱਲ ਚੰਗੀ ਨਹੀਂ ਲਗਦੀ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਮਨਜੀਤ ਸਿੰਘ ਖਾਲਸਾ ਨੂੰ ਇਸ ਲਹਿਰ ਵਿਚੋਂ ਪਾਸੇ ਹਟਾ ਦਿੱਤਾ ਜਾਵੇ, ਤਾਂ ਅਜਿਹੇ ਲੋਕ ਪ੍ਰੋ: ਦਰਸ਼ਨ ਸਿੰਘ ਜੀ 'ਤੇ ਦਬਾਅ ਪਾ ਕੇ, ਲਹਿਰ ਦੀਆਂ ਗਤੀਵਿਧੀਆਂ ਨੂੰ ਆਪਣੇ ਢੰਗ ਨਾਲ ਸੰਚਾਲਿਤ ਕਰਵਾ ਸਕਦੇ ਹਨ। ਇਸਦੇ ਇਲਾਵਾ, ਲਹਿਰ ਵਿਚ ਸ਼ਾਮਲ ਮੈਂਬਰਾਂ ਨੂੰ ਅਹੁਦੇ ਦੇਣ ਜਾਂ ਉਨ੍ਹਾਂ ਨੂੰ ਕਿਨਾਰੇ ਕਰਨ ਦਾ ਅਧਿਕਾਰ ਵੀ ਇਹ ਸੱਜਣ ਖੁਦ ਪ੍ਰਾਪਤ ਕਰਨਾ ਚਾਹੁੰਦੇ ਹਨ। ਆਪਣੇ ਇਸ ਮਕਸਦ ਦੀ ਪ੍ਰਾਪਤੀ ਲਈ, ਇਹ ਸੱਜਣ ਮਨਜੀਤ ਸਿੰਘ ਖਾਲਸਾ ਦੀ ਬਹੁਤ ਸਾਰੀਆਂ ਗਤੀਵਿਧੀਆਂ 'ਤੇ ਜਾਂ ਤਾਂ ਖੁਦ ਕਿੰਤੂ-ਪਰੰਤੂ ਕਰਦੇ ਹਨ ਜਾਂ ਫਿਰ ਮੈਕਲਾਊਡਵਾਦੀ ਪ੍ਰਚਾਰਕਾਂ ਨੂੰ ਅਜਿਹਾ ਕਰਨ ਲਈ ਉਕਸਾਉਂਦੇ ਹਨ, ਤਾਂ ਜੋ ਮਨਜੀਤ ਸਿੰਘ ਜੀ ਦੀ ਲਗਾਤਾਰ ਹੁੰਦੀ ਆਲੋਚਨਾ ਤੋਂ ਪਰੇਸ਼ਾਨ ਹੋ ਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਲਹਿਰ ਦੇ ਪ੍ਰਬੰਧਕ ਜਾਂ ਤਾਂ ਮਨਜੀਤ ਸਿੰਘ ਨੂੰ ਲਹਿਰ ਵਿਚੋਂ ਬਾਹਰ ਕੱਢ ਦੇਣ ਜਾਂ ਫਿਰ ਉਨ੍ਹਾਂ ਦੇ ਪਰ ਕੁਤਰ ਦੇਣ। ਅਜਿਹੇ ਸੱਜਣ ਪਿਛੋਕੜ ਵਿਚ ਇਹ ਮੰਗ ਕਰ ਚੁੱਕੇ ਹਨ ਕਿ ਮਨਜੀਤ ਸਿੰਘ ਖਾਲਸਾ ਵੱਲੋਂ ਯੂਂਟਿਊਬ 'ਤੇ ਵੀਡੀਓ ਅਪਲੋਡ ਕਰਨ ਲਈ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਖਾਤੇ ਦੀ ਦੁਰਵਰਤੋਂ ਨਾ ਕੀਤੀ ਜਾਵੇ। ਸਿੱਖ ਮਾਰਗ ਅਤੇ ਹੋਰਨਾਂ ਮੈਕਲਾਊਡਵਾਦੀ ਸਿੱਖਾਂ ਵੱਲੋਂ ਮਨਜੀਤ ਸਿੰਘ ਦੀ ਭਾਰੀ ਅਤੇ ਨਾਜਾਇਜ ਆਲੋਚਨਾ ਦੇ ਮਾਮਲੇ ਵਿਚ ਵੀ ਇਹ ਸੱਜਣ ਮੈਕਲਾਊਡਵਾਦੀਆਂ ਦੀ ਝਾੜ-ਝੰਬ ਕਰਨ ਦੀ ਥਾਂ ਫਿਲਹਾਲ ਤੱਕ ਮਾਮਲੇ ਪ੍ਰਤੀ ਚੁੱਪ ਰਹਿਣ, ਮਨਜੀਤ ਸਿੰਘ ਦੀਆਂ ਗਤੀਵਿਧੀਆਂ ਨਾਲ ਸਬੰਧ ਨਾ ਹੋਣ ਦਾ ਐਲਾਨ ਕਰਨ ਜਾਂ ਮਨਜੀਤ ਸਿੰਘ ਨੂੰ ਦੋਸ਼ੀ ਠਹਿਰਾਉਣ ਦੀਆਂ ਨੀਤੀਆਂ ਹੀ ਅਪਣਾਉਂਦੇ ਆ ਰਹੇ ਹਨ। ਇਸਲਈ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦਾ ਦਾਅਵਾ ਕਰਦੇ ਹਰ ਸਿੱਖ/ਜਥੇਬੰਦੀ ਨੂੰ ਚਾਹੀਦਾ ਹੈ ਕਿ ਉਹ ਡੋਗਰਾਵਾਦੀ ਮਾਨਸਿਕਤਾ ਅਤੇ ਮਨਜੀਤ ਸਿੰਘ ਖਾਲਸਾ ਪ੍ਰਤੀ ਰੰਜਿਸ਼ ਦੀ ਭਾਵਨਾ ਨੂੰ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉੱਪਰ ਮੈਕਲਾਊਡਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਇਕ ਜੁੱਟ ਹੋ ਜਾਣ। ਨਹੀਂ ਤਾਂ ਅੱਜ ਜਦੋਂ ਸਾਨੂੰ ਸਿੱਖਾਂ ਬਾਰੇ ਇਹ ਕਹਿਣਾ ਪੈਂਦਾ ਹੈ ਕਿ ''ਸਿੱਖ ਵੀ (ਬ੍ਰਾਹਮਣਵਾਦ ਦੀ ਜਕੜ ਵਿਚ) ਨਿਗਲਿਆ ਗਿਆ'', ਉਥੇ ਭਵਿੱਖ ਵਿਚ ਸਾਨੂੰ ਕਹਿਣਾ ਪਵੇਗਾ ਕਿ ''ਸਿੱਖਾਂ ਦਾ ਗੁਰੂ ਵੀ (ਮੈਕਲਾਊਡਵਾਦ ਦੀ ਜਕੜ ਵਿਚ) ਨਿਗਲਿਆ ਗਿਆ।'' ਬਾਕੀ ਇਹ ਨਿਰਣਾ ਹਰ ਵਿਅਕਤੀ ਦਾ ਆਪਣਾ ਹੈ ਕਿ ਉਸ ਵਾਸਤੇ ਕਿਸੇ ਮਨਜੀਤ ਸਿੰਘ ਖਾਲਸਾ ਨੂੰ ਨੀਵਾਂ ਦਿਖਾਉਣਾ ਜਿਆਦਾ ਜਰੂਰੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣਾ ਜਰੂਰੀ ਹੈ।
ਇਸ ਸਬੰਧ ਵਿਚ ਬਾਕੀ ਵਿਚਾਰ ਮੈਕਲਾਊਡਵਾਦੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਧਿਰਾਂ ਦੇ ਪ੍ਰਤੀਕਰਮ ਵਾਚਣ ਉਪਰੰਤ ਦਿੱਤੇ ਜਾਣਗੇ।
ਗੁਰੂ ਗ੍ਰੰਥ ਸਾਹਿਬ ਦੇ ਸਿੱਖ
ਸਰਬਜੀਤ ਸਿੰਘ, ਜਸਪਾਲ ਸਿੰਘ ਅਤੇ ਹਰਨਾਮ ਸਿੰਘ ਖਾਲਸਾ ਮਿਤੀ : ੫ ਮਈ ੨੦੧੪
ਵਿਸ਼ਨੂੰ ਗਾਰਡਨ, ਨਵੀਂ ਦਿੱਲੀ
ਨੋਟ : ਇਸ ਲੇਖ ਦਾ ਪਹਿਲਾ ਖਰੜਾ ੩੦ ਅਪਰੈਲ ੨੦੧੪ ਨੂੰ ਤਿਆਰ ਹੋ ਗਿਆ ਸੀ। ਪਰ ਲੇਖ ਪ੍ਰਤੀ ਗੁਰੂ ਗ੍ਰੰਥ ਦਾ ਖਾਲਸਾ ਪੰਥ ਦਿੱਲੀ ਇਕਾਈ ਦੇ ਮੈਂਬਰਾਂ ਦੀ ਰਾਏ ਲੈਣ ਅਤੇ ਲੇਖ ਵਿਚ ਲੋੜੀਂਦੀਆਂ ਸੋਧਾਂ ਕਰਨ ਵਿਚ ਨਿੱਜੀ ਰੁਝੇਵਿਆਂ ਅਤੇ ਕੁਝ ਅਵੇਸਲੇਪਨ ਕਾਰਨ ਜਿਆਦਾ ਹੀ ਸਮਾਂ ਲੱਗ ਗਿਆ। ਇਸ ਦਰਮਿਆਨ ਖਾਲਸਾ ਨਿਊਜ਼ ਵੈਬਸਾਈਟ ਤੇ ਕੁਝ ਵੀਰਾਂ ਵੱਲੋਂ ਇਸ ਮਸਲੇ ਪ੍ਰਤੀ ਆਪਣੀ-ਆਪਣੀ ਰਾਏ ਦਿੱਤੀ ਗਈ ਹੈ। ਆਸ ਹੈ ਕਿ ਇਹ ਲੇਖ ਪੜ੍ਹ ਕੇ ਉਨ੍ਹਾਂ ਵੀਰਾਂ ਨੂੰ ਅਸਲ ਮਸਲੇ ਦੀ ਸਮਝ ਆ ਜਾਏਗੀ ਅਤੇ ਉਹ ਮੈਕਲਾਊਡਵਾਦੀਆਂ ਦੇ ਜਾਲ ਵਿਚ ਫਸਣ ਦੀ ਥਾਂ, ਆਪਣੀਆਂ ਲਿਖਤਾਂ ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਹੋਣਗੇ।
-ਸਰਬਜੀਤ ਸਿੰਘ                          

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.