ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ (ਸ਼ਬਦ ਵਿਚਾਰ)
ਸੈਦਪੁਰ ‘ਚ 1521 ਈ: (ਬਾਬਰ ਅਤੇ ਪਠਾਣਾਂ ਦੀ ਲੜਾਈ) ਨਾਲ ਸਬੰਧਤ ਮੰਨਿਆ ਜਾਂਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਆਸਾ ਰਾਗ ਅੰਗ 360 ‘ਤੇ ਇੱਕ ਰਹਾਉ ਅਤੇ ਤਿੰਨ ਪਦਿਆਂ ਵਿੱਚ ਦਰਜ ਹੈ, ਜਿਸ ਦੀ ਇੱਕ ਪੰਕਤੀ “ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ” ਦੇ ਅਰਥਾਂ ਬਾਰੇ ਪੰਥਕ ਵਿਦਵਾਨਾਂ ‘ਚ ਸਹਿਮਤੀ ਨਹੀਂ। ਕੀ ਕਾਰਨ ਹਨ, ਉਨ੍ਹਾਂ ਨੂੰ ਵੀਚਾਰਨ ‘ਤੋਂ ਪਹਿਲਾਂ ‘ਰਹਾਉ’ ਬੰਦ ਵਿੱਚ ਕਹੀ ਗਈ ਸਿਧਾਂਤਕ ਭਾਵਨਾ
“ਕਰਤਾ! ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ ॥1॥ ਰਹਾਉ ॥”
ਕਰਤਾਰ ਪ੍ਰਤੀ ਬੇਨਤੀ ਭਾਵਨਾ ਨੂੰ ਦਰਸਾਉਂਦੀ ਹੈ। ਭਾਵ ਹੇ ਸਭ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਜੀ! ਤੂੰ ਹੀ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਹੈਂ।(ਪ੍ਰਸ਼ਨ: ਸਰੀਰਕ ਰੋਗਾਂ ‘ਤੋਂ ਜਾਂ ਅੰਦਰੂਨੀ, ਮਾਨਸਿਕ ਵਿਕਾਰਾਂ ‘ਤੋਂ, ਅਗਲੀ ਅੱਧੀ ਪੰਕਤੀ ਸਾਫ਼ ਕਰੇਗੀ।) ਭਾਵ ਜੇ ਇੱਕ ਤਕੜਾ (ਹੰਕਾਰੀ) ਦੂਜੇ ਹੰਕਾਰੀ ਨੂੰ (ਸਰੀਰਕ ਪੱਖੋਂ) ਮਾਰੇ ਤਾਂ ਤੇਰੇ ਮਨ (ਵਿਚਾਰਧਾਰਾ) ‘ਚ ਰੋਸ਼ ਨਹੀਂ ਹੁੰਦਾ।(ਨੋਟ: ਸਾਕਤ ਦੀ ਮਾਰ ਵੀ ਪ੍ਰਭੂ ਜੀ ਦੀ ਸੰਭਾਲਣਾ ਵਿੱਚ ਆਉਂਦੀ ਹੈ, ਜਿਵੇਂ:
“ਜਮੁ ਕਰਿ ਮੁਗਲੁ ਚੜਾਇਆ॥… ਮਨਮੁਖਾ ਦੇਇ ਸਜਾਇ॥(ਮਃ 3/588),
ਨਿੰਦਕ ਦੀਏ ਰੁੜਾਈ ॥ ਆਸਾ (ਮਃ 5/381) ਆਦਿ।)
ਸਰੀਰਕ ਦੁੱਖਾਂ ਦੀ ਨਿਵਿਰਤੀ ਕਰਨ ਦੀ ਥਾਂ, ਗੁਰਬਾਣੀ ਉਪਦੇਸ ਰਾਹੀਂ; ਪ੍ਰਮਾਤਮਾ, ਦੁੱਖਾਂ ਨਾਲ ਲੜਨ ਦੀ ਸ਼ਕਤੀ ਦੇਂਦਾ ਹੈ। ਗੁਰਬਾਣੀ ਵਾਕ ਹੈ:-
“ਨਾਨਕ! ਬੋਲਣੁ ਝਖਣਾ, ਦੁਖ ਛਡਿ, ਮੰਗੀਅਹਿ ਸੁਖ ॥” ਕਿਉਂਕਿ
“ਸੁਖੁ ਦੁਖੁ ਦੁਇ, ਦਰਿ ਕਪੜੇ, ਪਹਿਰਹਿ ਜਾਇ ਮਨੁਖ ॥” ਇਸ ਲਈ
“ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ ॥2॥” ਮਾਝ ਕੀ ਵਾਰ (ਮਃ1/149)
ਹੁਣ ਇਸ ਗੁਰਮਤਿ ਵੀਚਾਰਧਾਰਾ ਰਾਹੀਂ ਇਸ ਪੰਕਤੀ ਨੂੰ ਵੀਚਾਰੀਏ
“ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥”
ਭਾਵ ਸਰੀਰਕ ਦੁੱਖਾਂ ਕਾਰਨ ਪ੍ਰਮਾਤਮਾ ਜੀ ਅੱਗੇ ਗਿਲਾ ਕਰਨਾ ਤਾਂ ਦੂਰ, ਇਹ ਭਾਵਨਾ ਹੀ ਗੁਰਮਤਿ ਵਿਰੋਧੀ ਹੈ। ਇਸ ਦਾ ਇੱਕ ਦੂਸਰਾ ਪਹਿਲੂ ਇਹ ਵੀ ਹੈ:-
“ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥ ਜਪੁ(ਮਃ1)
ਪ੍ਰਸ਼ਨ ਉੱਠਦਾ ਹੈ ਕਿ ਫਿਰ ਇਸ ਪੰਕਤੀ ਵਿੱਚ ਕੀ ਭਾਵਨਾ ਵਿਅਕਤ ਕੀਤੀ ਜਾ ਰਹੀ ਹੈ? ਟੀਕਾਕਾਰਾਂ ਵੱਲੋਂ ਕੀਤੇ ਗਏ ਅਰਥ ਇਉਂ ਸੇਧ ਬਖ਼ਸ਼ਦੇ ਹਨ:- ਹੇ ਕਰਤਾਰ ਜੀ! ਬਾਬਰ ਦੇ ਹਮਲੇ ਰਾਹੀਂ ਸਮਾਜ (ਪਠਾਣਾਂ ‘ਤੇ, ਪਾਪੀ ਪਠਾਣਾਂ ‘ਤੋਂ ਬਿਨਾ ਗ਼ਰੀਬਾਂ ‘ਤੇ, ਹਿੰਦੋਸਤਾਨੀਆਂ ‘ਤੇ, ਬੱਚਿਆਂ ‘ਤੇ, ਔਰਤਾਂ ‘ਤੇ ਬਗੈਰਾ ਬਗੈਰਾ) ਇਤਨਾ ਸਰੀਰਕ ਕਸ਼ਟ ਹੋਇਆ ਹੈ। ਤੈਨੂੰ ਸਰੀਰਕ ਕਸ਼ਟ ਸਹਿਣ ਕਰਨ ਵਾਲਿਆਂ ‘ਤੇ ਤਰਸ ਨਹੀਂ ਆਇਆ? (ਜਾਂ) ਹੇ ਬਾਬਰ! ਤੈਨੂੰ ਨਿਰਦੋਸ਼ਾਂ ‘ਤੇ ਤਰਸ ਨਹੀਂ ਆਇਆ?
( ਨੋਟ:“ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ ॥…
ਬੰਦਿ ਖਲਾਸੀ, ਭਾਣੈ ਹੋਇ ॥ ਹੋਰੁ, ਆਖਿ ਨ ਸਕੈ ਕੋਇ ॥ (ਜਾਂ)
ਕੇਤਿਆ, ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ, ਦਾਤਾਰ ॥ ਜਪੁ (ਮਃ 1) ਅਤੇ ਵਾਰ ਵਾਰ
“ਜੋ ਤੁਧੁ ਭਾਵੈ, ਸਾਈ ਭਲੀ ਕਾਰ ॥ ਜਪੁ (ਮਃ 1) (ਜਾਂ)
ਜੇ ਕੋ ਖਾਇਕੁ, ਆਖਣਿ ਪਾਇ ॥ ਓਹੁ ਜਾਣੈ, ਜੇਤੀਆ ਮੁਹਿ ਖਾਇ ॥25॥ ਜਪੁ (ਮਃ 1)
ਉਚਾਰਨ ਕਰਨ ਵਾਲੇ ਗੁਰੂ ਜੀ, ਕੀ ਇਸ ਤਰ੍ਹਾਂ ਦੀ ਭਾਵਨਾ ਵਿਅਕਤ ਕਰ ਸਕਦੇ ਸਨ? ਨਹੀਂ।) ਪਰ ਟੀਕਾਕਾਰਾਂ ਨੇ ਗੁਰੂ ਪ੍ਰਤੀ ਸਤਿਕਾਰ ਬਣਾਏ ਰੱਖਣ ਲਈ ਉਕਤ ਅਰਥਾਂ ਨਾਲ ਆਪਣੇ ਵੱਲੋਂ ‘ਪਿਆਰ ਭਰਾ ਉਲਾਂਭਾ (ਜਾਂ) ਤਰਸ ਜ਼ਰੂਰ ਆਇਆ ਹੋਵੇਗਾ’ ਬਗੈਰਾ ਬਗੈਰਾ ਵਾਧੂ ਜੋੜ ਦਿੱਤਾ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਾਹਪੱਖੀ ਭਾਵਨਾ ਨੂੰ ਹਾਂਪੱਖੀ ਭਾਵਨਾ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ? ਇਸ ਉੱਤਰ ਦਾ ਜਵਾਬ ਨਾ ਸਮਝ ਵਿੱਚ ਆਉਣ ਕਾਰਨ ਹੀ ਕਈ ਵੀਰਾਂ ਨੇ ਇਸ ਸ਼ਬਦ ਨੂੰ ਸੈਦਪੁਰ ਦੀ ਘਟਨਾ (1521) ਨਾਲੋਂ ਹੀ ਅਲੱਗ ਕਰਨਾ ਅਰੰਭ ਕਰ ਦਿੱਤਾ।
ਗੁਰਬਾਣੀ ਨੂੰ ਸਮਝਣ ਵਿੱਚ ਮੁਸਕਿਲ ਕੇਵਲ ਇੱਥੇ ਹੀ ਨਹੀਂ। ਇਧਰ ਵੇਖੋ:-
ਸੋਰਠਿ ਮਹਲਾ 5 ਘਰੁ 2 ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥1॥
ਪਿਆਰੇ! ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ ॥ ਰਹਾਉ ॥
ਮੋਨਿ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ ॥2॥
ਮਨ ਕਾਮਨਾ ਤੀਰਥ ਜਾਇ ਬਸਿਓ, ਸਿਰਿ ਕਰਵਤ ਧਰਾਏ ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ, ਜੇ ਲਖ ਜਤਨ ਕਰਾਏ ॥3॥
ਕਨਿਕ ਕਾਮਿਨੀ ਹੈਵਰ ਗੈਵਰ, ਬਹੁ ਬਿਧਿ ਦਾਨੁ ਦਾਤਾਰਾ ॥
ਅੰਨ ਬਸਤ੍ਰ ਭੂਮਿ ਬਹੁ ਅਰਪੇ, ਨਹ ਮਿਲੀਐ ਹਰਿ ਦੁਆਰਾ ॥4॥
ਪੂਜਾ ਅਰਚਾ ਬੰਦਨ ਡੰਡਉਤ, ਖਟੁ ਕਰਮਾ ਰਤੁ ਰਹਤਾ ॥
ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ ॥5॥
ਜੋਗ ਸਿਧ ਆਸਣ ਚਉਰਾਸੀਹ, ਏ ਭੀ ਕਰਿ ਕਰਿ ਰਹਿਆ ॥
ਵਡੀ ਆਰਜਾ ਫਿਰਿ ਫਿਰਿ ਜਨਮੈ, ਹਰਿ ਸਿਉ ਸੰਗੁ ਨ ਗਹਿਆ ॥6॥
ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮੁ ਅਫਾਰਾ ॥
ਸੇਜ ਸੋਹਨੀ ਚੰਦਨੁ ਚੋਆ, ਨਰਕ ਘੋਰ ਕਾ ਦੁਆਰਾ ॥7॥
ਹਰਿ ਕੀਰਤਿ ਸਾਧਸੰਗਤਿ ਹੈ, ਸਿਰਿ ਕਰਮਨ ਕੈ ਕਰਮਾ ॥
ਕਹੁ ਨਾਨਕ ਤਿਸੁ ਭਇਓ ਪਰਾਪਤਿ, ਜਿਸੁ ਪੁਰਬ ਲਿਖੇ ਕਾ ਲਹਨਾ ॥8॥
ਤੇਰੋ ਸੇਵਕੁ, ਇਹ ਰੰਗਿ ਮਾਤਾ ॥
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ, ਹਰਿ ਹਰਿ ਕੀਰਤਨਿ, ਇਹੁ ਮਨੁ ਰਾਤਾ ॥ ਰਹਾਉ ਦੂਜਾ ॥1॥3॥ ਸੋਰਠਿ (ਮਃ 5/642)
ਕੀ ਉਪਰੋਕਤ ਸ਼ਬਦ ਵਿੱਚ ਲਾਲ ਕੀਤੀਆਂ ਪੰਕਤੀਆਂ ਵਿੱਚ ਦਰਸਾਈ ਗਈ ਭਾਵਨਾ ਗੁਰੂ ਅਰਜੁਨ ਦੇ ਜੀ ਦੇ ਜੀਵਨ ਦਾ ਭਾਗ ਹੈ? ਨਹੀਂ, ਤਾਂ ਦਰਜ ਕਿਉਂ? ਇਹ ਭਾਵਨਾ ਕਿਸ ਦੇ ਜੀਵਨ ਦਾ ਭਾਗ ਹੈ? ਟੀਕਾਕਾਰ ਇੱਥੇ ਵੀ ਇੱਕ ਮਤ ਨਹੀਂ। ਆਖ਼ਿਰ ਕਿਉਂ? ਅਜੇਹੇ ਹੋਰ ਵੀ ਅਨੇਕਾਂ ਸ਼ਬਦ ਅਰਥ-ਅੰਤਰ ਹਨ। ਜਿਹਨਾਂ ਦਾ ਕਾਰਨ ਲੱਭਣ ਲਈ ਮੇਰਾ ਇਹ ਪੱਖ ਵੀਚਾਰ ਕੇ ਵੇਖੋ :-
ਇੱਕ ਮਲਾਹ (ਗੁਰੂ) ਆਪਣੀ ਬੇੜੀ (ਸਿਧਾਂਤ) ਰਾਹੀਂ ਬਹੁਤੇ ਮੁਸਾਫਿਰਾਂ (ਸ਼ਰਧਾਲੂਆਂ) ਨੂੰ ਦਰਿਆ (ਦੁਨਿਆਵੀ ਵਿਕਾਰਾਂ) ‘ਤੋਂ ਅਨੇਕਾਂ ਵਾਰੀ ਪਰਲੇ ਕੰਢੇ ਲੰਘਾ ਚੁੱਕਿਆ ਹੈ। ਇਸ ਸਫਰ ਦੌਰਾਨ ਮੁਸਾਫਿਰਾਂ ਨੂੰ “ਕਰਤਾ! ਤੂੰ ਸਭਨਾ ਕਾ ਸੋਈ ॥” ਭਾਸ਼ਾ ਬੋਲਣ ਦੀ ਜਾਂਚ ਸਿਖਾਈ। ਲੰਬੇ ਸਫ਼ਰ ਕਾਰਨ ਕੁਝ ਇਸ ਵਿਸਵਾਸ ‘ਤੇ ਪੂਰਨ ਭਰੋਸਾ ਕਰਨ ਵਿੱਚ ਸਫਲ ਹੋ ਗਏ ਪਰ ਕੁਝ ਅਜੇ ਵੀ ਦੁਬਿਧਾ ਵਿੱਚ ਹੀ ਸਨ ਜਦ ਸਮੁੰਦਰ ਵਿੱਚ ਤੁਫਾਨ ਆ ਗਿਆ।ਯਾਦ ਰਹੇ ਮਲਾਹ (ਗੁਰੂ) ਨੇ ਮੁਸਾਫਰਾਂ ਨੂੰ ਸਿਧਾ “ਕਰਤਾ! ਤੂੰ ਸਭਨਾ ਕਾ ਸੋਈ ॥ ਨਾਲ ਸੰਬਾਦ ਕਰਨ ਲਈ ਹੀ ਪ੍ਰੇਰਨਾ ਦਿੱਤੀ ਸੀ। ਇਸ ਲਈ ਸਮੁੰਦਰੀ ਤੁਫਾਨ ਦੌਰਾਨ ਕੁਝ ਦੁਬਿਧਾ ਵਾਲੇ ਵਿਅਕਤੀਆਂ ਦੇ ਮੂਹੋਂ ਸਿਧਾ ਕਰਤਾਰ ਪ੍ਰਤੀ ਹੀ ਸ਼ੰਕਾ ਪ੍ਰਗਟ ਹੋਇਆ ਕਿ “ਕਰਤਾ!....
.. “ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥”
ਅਨੇਕਾਂ ਜੀਵਾਂ ਨੂੰ ਪਾਰ ਲੰਘਾ ਚੁੱਕੇ ਆਪਣੇ ਸਿਧਾਂਤ ਉੱਤੇ ਪੂਰਨ ਵਿਸਵਾਸੀ ਅਤੇ ਸੱਚੇ ਮਲਾਹ ਦੇ ਸਾਥ ਨੇ ਦੁਬਿਧਾ ਬਣਾਈ ਬੈਠੇ ਮੁਸਾਫਿਰਾਂ ਨੂੰ
“ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ ॥ਤਿਲੰਗ (ਮਃ 1/ਅੰਗ 723)
‘ਤੇ ਅਮਲ ਕਰਦਿਆਂ ਤੁਰੰਤ ਸਹਾਰਾ ਦਿੰਦਿਆਂ ਕਿਹਾ:
“ਜੇ ਸਕਤਾ, ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ॥” ਭਾਵ ਤੁਫਾਨ ਤੁਹਾਡੇ ਲਈ ਨਹੀਂ ਆਇਆ।(ਨਹੀਂ ਤਾਂ ਗੁਰੂ ਨਾਨਕ ਜੀ ਸੈਦਪੁਰ ਰੁਕਦੇ ਹੀ ਕਿਉਂ?) ਇਹ ਤਾਂ ਕਰਤਾਰ ਦਾ ਸਕਤੇ ਨੂੰ ਦੰਡ ਦੇਣ (ਜਾਂ) ਸਬਕ ਸਿਖਾਉਣ ਦਾ ਭਾਗ, ਹਿੱਸਾ ਹੈ। ਤੁਸੀਂ ਹੁਣ ਵੀ ਇਹੀ ਕਹਿੰਦੇ ਰਹੋ ਕਿ
“ਕਰਤਾ! ਤੂੰ ਸਭਨਾ ਕਾ ਸੋਈ ॥”
ਪੂਰੇ ਸ਼ਬਦ ਦੇ ਅਰਥ (ਰਹਾਉ ਵਾਲੀ ਪੰਕਤੀ ਦੇ ਅਰਥ ਪਿੱਛੇ ਹੋ ਚੁੱਕੇ ਹਨ।) (1).
ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ ॥
ਆਪੈ, ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ॥1॥
ਹੇ ਕਰਤਾਰ! ਤੈਂ ਖੁਰਾਸਾਨ (ਸ਼ਹਿਰ) ਦਾ ਤਾਂ ਮਾਲਕ (ਮਦਦਗਾਰ ਪੱਖ, ਲੜਾਈ ਮੁਕਤ, ਸ਼ਾਤੀ ਪੱਖ) ਹੋਣ ਦਾ ਫ਼ਰਜ਼ ਨਿਭਾਇਆ ਪਰ ਸਿੰਧ ਦਰਿਆ ਵਾਲਾ ਇਲਾਕਾ (ਸੈਦਪੁਰ, ਬਾਬਰ ਰਾਹੀਂ) ਡਰਾ ਦਿੱਤਾ। ਬੇਸ਼ੱਕ ਮੁਗਲ ਬਾਬਰ ਨੂੰ ਜਮਰਾਜ ਬਣਾ ਕੇ ਤੈਂ ਹੀ (ਪਾਪੀ ਪਠਾਣਾਂ ‘ਤੇ) ਚੜਾਇਆ ਹੈ। (ਫਿਰ ਵੀ ਤੂੰ)
“ਆਪੇ ਕਰੇ ਕਰਾਏ ਕਰਤਾ, ਕਿਸ ਨੋ ਆਖਿ ਸੁਣਾਈਐ ॥
ਦੁਖੁ ਸੁਖੁ ਤੇਰੈ ਭਾਣੈ ਹੋਵੈ, ਕਿਸ ਥੈ ਜਾਇ ਰੂਆਈਐ ॥
ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ! ਲਿਖਿਆ ਪਾਈਐ ॥ ਆਸਾ (ਮਃ 1/418)
ਅਨੁਸਾਰ; ਇਸ ਸਾਰੇ ਖੇਲ ਵਿੱਚ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ (ਲੈਂਦਾ) ਹੈਂ।
( ਕਿਉਂ? ਕਿਉਂਕਿ “ਏਹਿ ਭਿ ਦਾਤਿ ਤੇਰੀ, ਦਾਤਾਰ ॥” ਤੇਰੀ ਇਸ ਰਜਾ ਰੂਪ ਯੁਕਤੀ ‘ਤੇ ਪੂਰਨ ਭਰੋਸਾ ਨਾ ਬਣਾ ਸਕਣ ਵਾਲੇ ਤੇਰੇ ਅੱਗੇ ਕਹਿ ਰਹੇ ਹਨ ਕਿ) ਇਤਨੀ ਮਾਰ ਪਈ ਕਿ ਅਸੀਂ ਕੁਰਲਾ ਉਠੇ ਪਰ ਤੈਨੂੰ ਫਿਰ ਵੀ ਤਰਸ ਨਹੀਂ ਆਇਆ?॥1॥
(2). ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤਂØØੀ, ਮੁਇਆ ਸਾਰ ਨ ਕਾਈ ॥ ਆਪੇ ਜੋੜਿ, ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ ॥2॥ ਹੇ ਕਰਤਾਰ! (ਤੇਰੇ ਵਿਧੀ ਵਿਧਾਨ ਅਨੁਸਾਰ, ਜਦ ਕੋਈ) ਤਾਕਤਵਰ ਸ਼ੇਰ (ਪਠਾਣ) ਗਉਆਂ ਦੇ ਵਗ (ਪ੍ਰਜਾ) ‘ਤੇ ਹਮਲਾ ਕਰੇ ਤਾਂ ਮਾਲਕ (ਤਤਕਾਲੀ ਰਾਜੇ ਪਠਾਣਾਂ) ‘ਤੋਂ (ਇਸ ਦੇ ਕਾਰਨ ਬਾਰੇ) ਪੁੱਛ ਪੜਤਾਲ ਤਾਂ ਹੁੰਦੀ ਹੀ ਹੈ। (ਜੋ, ਤੈਂ ਬਾਬਰ ਦੀ ਰਾਹੀਂ ਕਰਵਾਈ। ਹੁਣ ਸੈਦਪੁਰ ਦੇ ਇਹ ਸਤਿਕਾਰਯੋਗ ਪਠਾਣਾਂ ਰੂਪ) ਰਤਨਾਂ ਦੇ (ਸਤਿਕਾਰ, ਬਾਬਰ) ਕੁਤਿਆਂ ਨੇ ਵਿਗਾੜ ਕੇ ਨਾਸ਼ ਕਰ ਦਿੱਤੇ।ਭਾਵ ਮਰਿਆਂ ਦੀ ਵੀ ਕੋਈ ਖ਼ਬਰ ਲੈਣ ਵਾਲਾ ਨਹੀਂ। ਤੂੰ ਆਪ ਹੀ (ਸਕਤੇ ਅਤੇ ਸਕਤਿਆਂ ਨੂੰ ਲੜਾਈ ਲਈ) ਮੇਲ ਕੇ (ਦੁਨਿਆਵੀ ਜਿਮੇਵਾਰੀਆਂ ‘ਤੋਂ) ਮੁਕਤ ਕਰ ਦਿੰਦਾ ਹੈਂ, ਮਾਰ ਦਿੰਦਾ ਹੈਂ।ਇਹ ਤੇਰੀ ਖੇਲ ਰੂਪ ਅਸਚਰਜ ਸੋਭਾ ਹੈ॥2॥
(3). ਜੇ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ, ਤਾ ਕਿਛੁ ਪਾਏ, ਨਾਨਕ! ਨਾਮੁ ਵਖਾਣੇ ॥3॥ (ਦੁਨਿਆਵੀ ਜੀਵਨ ਬਤੀਤ ਕਰਦਿਆਂ, ਅਗਰ ਕੋਈ ਠੱਗੀ ਠੋਰੀ ਕਰਕੇ ਰਾਜਾ, ਕਲਪਨਿਕ ਮਾਲਕ) ਆਪਣਾ ਚੰਗਾ ਨਾਮਣਾ ਵੀ ਕਮਾ ਲਏ।ਮਨ ‘ਚ ਇੱਛਾ ਅਨੁਸਾਰ ਸੁਆਦ ਵੀ ਭੋਗ ਲਏ (ਤਾਂ ਵੀ ਕੀ ਹੋਇਆ? ਕਿਉਂਕਿ ਅਸਲ ਵੱਡੇ) ਮਾਲਕ ਪ੍ਰਭੂ ਜੀ ਦੀਆਂ ਨਜ਼ਰਾਂ ਵਿੱਚ ਤਾਂ (ਮਾਮੂਲੀ ਤਾਕਤ ਰੱਖਣ ਵਾਲਾ) ਕੀੜਾ ਹੀ ਹੈ, ਉਝ ਭਾਵੇਂ ਉਹ ਜਿਤਨੇ ਵੀ ਦਾਣੇ ਚੁਗਦਾ (ਇਕੱਠੇ ਕਰਦਾ) ਫਿਰੇ।(ਅਸਲ ਮੌਤ ਤਾਂ ਇਹ ਹੈ ਕਿ ਜੇ ਜੀਵ ਵਿਕਾਰਾਂ ਵੱਲੋਂ) ਮਰ-ਮਰ (ਸੰਕੋਚ ਕਰ ਕਰ) ਕੇ ਜੀਵਨ ਭੋਗੇ, ਤਾਂ ਹੀ ਕੁਝ ਮਨੋਰਥ, ਇਨਸਾਨੀਆਤ (ਪ੍ਰਭੂ ਭਗਤੀ ਰਾਹੀਂ ਪ੍ਰਾਪਤ ਕੀਤੀ ਮਾਨਸਿਕ ਵਿਕਾਰਾਂ ਅਤੇ ਸਰੀਰਕ ਦੁੱਖਾਂ ਦੇ ਮੁਕਾਬਲੇ ਅੰਦਰੂਨੀ ਸ਼ਕਤੀ) ਪਾ ਸਕਦਾ ਹੈ।ਹੇ ਨਾਨਕ! (ਕਿਉਂਕਿ ਅਜੇਹਾ ਵਿਅਕਤੀ ਹਮੇਸਾਂ ਪ੍ਰਭੂ) ਨਾਮ ਉਚਾਰਦਾ ਹੈ।(ਉਸ ਦੀ ਰਜਾ ਵਿੱਚ ਰਹਿੰਦਾ ਹੈ ਭਾਵ “ਕਰਤਾ! ਤੂੰ ਸਭਨਾ ਕਾ ਸੋਈ ॥” ਆਖਦਾ ਰਹਿੰਦਾ ਹੈ।)॥3॥
ਸੋ ਅੰਤ ਵਿੱਚ ਇਹ ਉਕਾਤ ਭਾਵਨਾ ਇਹਨਾਂ ਮੁਸਕਲ ਸ਼ਬਦਾਂ ਦੇ ਅਰਥ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਜਿਤਨੇ ਵੀ ਗੁਰਬਾਣੀ ਵਿੱਚ ਦਰਜ਼ ਪ੍ਰਸ਼ਨ ਵਾਚਕ ਸੰਕੇਤ ਸ਼ਬਦ ਹਨ, ਨੂੰ ਗੁਰੂ ਜੀ ਵੱਲੋਂ ਜੀਵ ਰੂਪ ਹੋ ਕੇ ਜੀਵਾਂ ਦੀ ਭਾਵਨਾ ਨੂੰ ਪ੍ਰਗਟ ਕਰਨਾ ਮੰਨਣਾ ਚਾਹੀਦਾ ਹੈ ਅਤੇ ਫਿਰ ਆਪ ਹੀ ਗੁਰੂ ਰੂਪ ਹੋ ਕੇ ਉਸ ਸ਼ੰਕੇ ਦਾ ਉੱਤਰ ਦੇਣਾ ਗੁਰਬਾਣੀ ਨੂੰ ਸਮਝਣ ਦਾ ਆਸਾਨ ਤਰੀਕਾ ਹੋ ਸਕਦਾ ਹੈ, ਜਿਵੇਂ ਕਿ ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ: ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ॥ ਅਤੇ ਗੁਰੂ ਰੂਪ ਹੋ ਕੇ ਕਹਿ ਰਹੇ ਹਨ: ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ ॥ਜਪੁ (ਮਃ 1) ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ: “ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥ ਗੁਰੂ ਰੂਪ ਹੋ ਕੇ ਕਹਿ ਰਹੇ ਹਨ: “ਪਿਆਰੇ! ਇਨ ਬਿਧਿ ਮਿਲਣੁ ਨ ਜਾਈ”, (ਬੇਸ਼ੱਕ ਆਖੀਂ ਜਾ ਕਿ) “ਮੈ ਕੀਏ ਕਰਮ ਅਨੇਕਾ ॥” ਇਉਂ ਕਹਿਣਾ ਹੀ ਪਊ ਕਿ “ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ ॥ ਰਹਾਉ ॥” ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ: ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ॥ ਗੁਰੂ ਰੂਪ ਹੋ ਕੇ ਕਹਿ ਰਹੇ ਹਨ: ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ ॥1॥ ਰਹਾਉ ॥ ਆਦਿ ਸ਼ਬਦਾਂ ਨੂੰ ਸਮਝਣਾ ਬੜਾ ਹੀ ਆਸਾਨ ਤਰੀਕਾ ਬਣ ਸਕਦਾ ਹੈ।
ਪਰ ਉਹਨਾ ਵੀਰਾਂ ਨੂੰ ਇਸ ਤਰ੍ਹਾਂ ਦੀ ਅਰਥ ਭਾਵਨਾ ਸਮਝਣ ਵਿੱਚ ਜ਼ਰੂਰ ਪ੍ਰੇਸ਼ਾਨੀ ਹੋਵੇਗੀ ਜੋ ਮਨੁੱਖ ਨੂੰ ਹੀ ਸਭ ਕਿਸੀ ਦਾ ਕਰਤਾ ਸਮਝਦਾ ਹੈ ਜਦ ਕਿ ਗੁਰਬਾਣੀ ਫੁਰਮਾਨ ਰੌਜ਼ਾਨਾ ਨਿਤਨੇਮ ਨਾਲ ਪੜ੍ਹਿਆ ਜਾਣ ਵਾਲਾ ਇਉਂ ਮੌਜ਼ੂਦ ਹੈ:- ਕੇਤਿਆ, ਦੂਖ ਭੂਖ ਸਦ ਮਾਰ ॥ਏਹਿ ਭਿ ਦਾਤਿ ਤੇਰੀ, ਦਾਤਾਰ ॥ ਜਪੁ (ਮਃ 1) ਉਮੀਦ ਹੈ ਸੰਗਤ ਇਸ ਪੱਖ ‘ਤੇ ਵੀ ਵੀਚਾਰ ਜ਼ਰੂਰ ਕਰੇਗੀ। ਨਹੀਂ ਤਾਂ ਉਕਤ ਦੁਬਿਧਾ ਕਾਰਨ ਕੌਮ ਵਿੱਚ ਹੋਰ ਵਿਤਕਰੇ ਪੈਦਾ ਹੋ ਜਾਣ ਦੇ ਸ਼ੰਕੇਤ ਮਿਲਦੇ ਵਿਖਾਈ ਦੇ ਰਹੇ ਹਨ।
ਹੇਠਾਂ ਦਿੱਤੇ ਜਾ ਰਹੇ ਸਾਰੇ ਹੀ ਸ਼ਬਦ ਮਾਨਸਿਕ ਵਿਕਾਰਾਂ ਦੇ ਮੁਕਾਬਲੇ ਸ਼ਕਤੀ ਬਖ਼ਸ਼ਦੇ ਹਨ:-
ਗੁਰਿ ਰਾਖੇ ਸੇ ਉਬਰੇ, ਹੋਰਿ ਮੁਠੀ ਧੰਧੈ ਠਗਿ ॥ ਸਿਰੀਰਾਗੁ (ਮਃ 1/19)
ਗੁਰਸਿਖ ਰਾਖੇ, ਗੁਰ ਗੋਪਾਲਿ ॥ ਆਸਾ (ਮਃ 5/382)
ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਨਹਾਰੇ ॥ ਆਸਾ (ਮਃ 5/ਅੰਗ 383)
ਉਨਿ ਸਭੁ ਜਗੁ ਖਾਇਆ, ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ ਆਸਾ (ਮਃ 5/ 394)
ਬੰਧਨ ਕਾਟਿ, ਸੇਵਕ ਕਰਿ ਰਾਖੇ ॥ ਆਸਾ (ਮਃ 5/395)
ਕਹੁ ਕਬੀਰ! ਹਮ ਰਾਮ ਰਾਖੇ, ਕ੍ਰਿਪਾ ਕਰਿ ਹਰਿ ਰਾਇ ॥ ਆਸਾ (ਭ. ਕਬੀਰ/479)
ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ ॥ ਗੂਜਰੀ (ਮਃ 5/ 499)
ਤਾ ਕਉ ਬਿਘਨੁ ਨ ਕੋਊ ਲਾਗੈ, ਜੋ ਸਤਿਗੁਰਿ ਅਪੁਨੈ ਰਾਖੇ ॥ ਸੋਰਠਿ (ਮਃ 5/616)
ਤਾਤੀ ਵਾਉ ਨ ਲਗਈ, ਪਾਰਬ੍ਰਹਮ ਸਰਣਾਈ ॥ ਬਿਲਾਵਲੁ (ਮਃ 5/ਅੰਗ 819)
ਅਗਰ ਉਪਰੋਕਤ ਸ਼ਬਦ ਕੇਵਲ ਸਰੀਰਕ ਦੁੱਖਾਂ ਨਾਲ ਸੰਬੰਧਤ ਹੁੰਦੇ ਤਾਂ ‘ਸੁਖਮਣੀ’ ਬਾਣੀ ਉਚਾਰਨ ਵਾਲੇ ਸਾਹਿਬ ਤੱਤੀ ਤਵੀ ‘ਤੇ ਬੈਠੇ ਇਉਂ ਨਾ ਆਖਦੇ: ਤੇਰਾ ਕੀਆ ਮੀਠਾ ਲਾਗੈ ॥ ਆਸਾ (ਮਃ 5/394)
ਅਜੋਕੇ ਸਮੇਂ ਦੌਰਾਨ ਮਾਨਸਿਕ ਦੁੱਖਾਂ ਨਾਲ ਸਬੰਧਤ ਸ਼ਬਦਾਂ ਨੂੰ ਕੇਵਲ ਸਰੀਰਕ ਦੁੱਖਾਂ ਨਾਲ ਜੋੜ ਕੇ ਦੁੱਖ ਭੰਜਨੀ ਗੁਟਕਾ ਬਣਾ ਕੇ ਨਿਤਨੇਮ ਨਾਲ ਪੜ੍ਹਣ ਵੱਲ ਪ੍ਰੇਰਨਾ, ਸੁਖਮਣੀ ਅਤੇ ਚੌਪਈ ਪਾਠ ਪਿੱਛੇ ਵੀ ਇਹੀ ਭਾਵਨਾ ਬਣਾਉਣੀ ਆਦਿ ਮਰਯਾਦਾ ਦੁੱਖ ਭੰਜਨੀ ਬੇਰੀ ਹੇਠਾਂ ਇਸਨਾਨ, ਛੋਟੀ ਹੁੰਦੀ ਜਾ ਰਹੀ ਸ਼੍ਰੀ ਸਾਹਿਬ, ਝੂਠ ਦੇ ਵਿਰੋਧ ਵਿੱਚ ਨਾ ਬੋਲਣਾ ਆਦਿ ਭਾਵਨਾ ਮਰ ਰਹੀ ਜ਼ਮੀਰ ਦੇ ਪ੍ਰਤੱਖ ਸਬੂਤ ਹਨ। ਤੁਹਾਡੇ ਹਾਂਪੱਖੀ ਸੁਝਾਵ ਦੀ ਉਡੀਕ ਵਿੱਚ
ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ-098140-35202
ਮਿਤੀ 06-05-2014
ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ (ਸ਼ਬਦ ਵਿਚਾਰ)
Page Visitors: 3535