ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਦੀਆਂ ਤਰੀਖਾਂ ਦਾ ਸ਼੍ਰੋਮਣੀ ਕਮੇਟੀ ਨੇ ਪਾਇਆ ਝਮੇਲਾ
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਗੁਰੂ ਅਰਜੁਨ ਸਾਹਿਬ ਦੂਰਅੰਦੇਸ਼ੀ ਹੋਣ ਦੇ ਨਾਲ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਸਮਝ ਕੇ ਉਸ ਤਹਿਤ ਨੀਤੀ ਬਣਾਉਣ ਵਿਚ ਮਾਹਰ ਸਨ। ਉਹ ਇਸ ਪੱਖੋਂ ਵੀ ਸੁਚੇਤ ਸਨ ਕਿ ਗੁਰਮਤਿ ਦੇ ਇਸ ਫਲਸਫੇ ਨੂੰ ਸ਼ੁਧ ਸਰੂਪ ਵਿਚ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਕੋਈ ਵੀ ਮਨੁੱਖ ਸੱਚ ਦੇ ਗਿਆਨ ਵਿਚ ਕੱਚ ਪਿੱਚ ਰਚਨਾਵਾਂ ਦਾ ਰਲ਼ਾ ਨਾ ਪਾ ਸਕੇ। ਉਨ੍ਹਾਂ ਨੇ ਬ੍ਰਾਹਮਣਵਾਦੀ ਲੋਕਾਂ ਦੀਆਂ ਚਾਲਾਂ ਨੂੰ ਛੇਤੀ ਸਮਝਦੇ ਹੋਏ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ {ਉਸ ਸਮੇਂ ਦਾ ਨਾਮ ਪੋਥੀ ਸਾਹਬਿ ਜੀ (ਪੋਥੀ ਪਰਮੇਸਰ ਕਾ ਥਾਨੁ ॥)} ਨੂੰ ਸੰਕਲਤ ਤੇ ਸੰਪਾਦਨ ਦਾ ਮਹਾਨ ਕਾਰਜ ਸਿਰੇ ਚਾੜ੍ਹਿਆ ਅਤੇ ਦਰਬਾਰ ਸਾਹਿਬ ਵਿਚ ਸ਼ਬਦ ਗੁਰੂ ਆਦਿ ਬੀੜ (ਧੁਰ ਕੀ ਬਾਣੀ) ਦਾ ਪ੍ਰਕਾਸ਼ ਕਰਕੇ ਇਸ ਦੇ ਸਤਿਕਾਰ ਨੂੰ ਸਦੀਵੀ ਕਾਇਮ ਰੱਖਣ ਲਈ ਲੋਕਾਈ ਨੂੰ ਇਸ ਸੱਚ ਦੇ ਗਿਆਨ ਤੋਂ ਜੀਵਨ ਸੇਧਾਂ ਲੈਣ ਲਈ ਪ੍ਰੇਰਿਆ। ਇਸੇ ਕਰ ਕੇ ਗੁਰੂ ਦਰਬਾਰ ਵਿਚ ਛੱਜੂ, ਕਾਨ੍ਹਾ, ਪੀਲੂ ਤੇ ਸ਼ਾਹ ਹੂਸੈਨ ਵਰਗਿਆਂ ਦੀਆਂ ਕੱਚ ਪਿੱਚ ਰਚਨਾਵਾਂ ਨੂੰ ਕੋਈ ਥਾਂ ਪ੍ਰਾਪਤ ਨਾ ਹੋਈ। ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦੇ ਹੋਰ ਵੀ ਕਾਰਣ ਸਨ ਪਰ ਸਭ ਤੋਂ ਵੱਡਾ ਕਾਰਣ “ਸੱਚ ਦੇ ਗਿਆਨ” ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪਾਦਤ ਤੇ ਸੰਕਲਤ ਕਰਨਾ ਸੀ।
ਅਮੋਲਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੇ ਪ੍ਰਕਾਸ਼ ਦੇ ਸਾਹਮਣੇ ਵੇਦਾਂ, ਸਿਮ੍ਰਤੀਆਂ, ਪੁਰਾਣਾਂ ਅਤੇ ਕੁਰਾਨ ਦੀਆਂ ਗੱਲਾਂ ਧੁੰਦਲੀਆਂ ਪੈਣ ਲੱਗੀਆਂ। ਨਕਸ਼ਬੰਦੀ ਆਗੂ ਸ਼ੇਖ ਅਹਿਮਦ ਸਰਹੰਦੀ ਅਤੇ ਇਸ ਦਾ ਪ੍ਰਭਾਵ ਕਬੂਲਣ ਵਾਲੇ ਮੁਰਤਜਾ ਖਾਂ (ਸ਼ੇਖ ਅਹਿਮਦ ਬੁਖਾਰੀ) ਦੀ ਸੋਚ ਅਨੁਸਾਰ ਗੁਰੂਘਰ ਦੀਆਂ ਉਪਰੋਕਤ ਸਭ ਉਪਲੱਬਧੀਆਂ, “ਇਸਲਾਮਿਕ ਪ੍ਰਚਾਰ” ਦੇ ਰਸਤੇ ਵਿੱਚ ਵੱਡੀ ਰੁਕਾਵਟ ਸਨ ਪਰ ਉਹ ਸਿੱਧੇ ਤੌਰ 'ਤੇ ਗੁਰੂ ਜੀ ਨਾਲ ਟੱਕਰ ਨਹੀਂ ਲੈ ਸਕਦੇ ਸਨ। ਇਸ ਲਈ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਝੂਠੀ ਸਾਜਿਸ਼ ਜਹਾਂਗੀਰ ਦੇ ਦਰਬਾਰ 'ਚ ਪੇਸ਼ ਕੀਤੀ ਗਈ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਖੁਸਰੋ ਨੂੰ ਗੋਇੰਦਵਾਲ ਵਿਖੇ ਆਸਰਾ ਤੇ ਮੱਦਦ ਦਿੱਤੀ। ਉਸ ਨੂੰ ਤਖ਼ਤ ਹਾਸਿਲ ਕਰਨ ਲਈ ਆਸ਼ੀਰਵਾਦ ਦਿੱਤਾ, ਉਸ ਦੇ ਮੱਥੇ 'ਤੇ ਕੇਸਰ ਦਾ ਤਿਲਕ ਲਗਾਇਆ ਸੀ। ਇਹ ਫਰਜੀ ਕਹਾਣੀ ਬਣਾ ਕੇ ਜਹਾਂਗੀਰ ਦੇ ਗੁੱਸੇ ਨੂੰ ਉਸ ਵਖਤ ਗੁਰੂ ਜੀ ਵਿਰੁੱਧ ਭੜਕਾਇਆ, ਜਦੋਂ ਉਹ ਖੁਸਰੋ ਦੇ ਸਾਥੀਆਂ ਨੂੰ ਸਖਤ ਸਜਾਵਾਂ ਦੇ ਰਿਹਾ ਸੀ। ਨਕਸ਼ਬੰਦੀਆਂ ਦੀ ਇਹ ਗਿਣੀ ਮਿਥੀ ਇਕ ਚਾਲ ਸੀ ਕਿਉਂਕਿ ਜਿਸ ਸਮੇਂ ਖੁਸਰੋ ਗੋਇੰਦਵਾਲ ਤੋਂ ਪਾਰ ਲੰਘਿਆ ਸੀ ਉਸ ਸਮੇਂ ਗੁਰੂ ਅਰਜੁਨ ਸਾਹਿਬ ਤਰਨਤਾਰਨ ਪ੍ਰਚਾਰ 'ਚ ਮੌਜੂਦ ਸਨ। ਦੂਜਾ ਜਹਾਂਗੀਰ ਆਪ ਖੁਸਰੋ ਦੀ ਬਗਾਵਤ ਦਫਨ ਕਰਨ ਲਈ ਪੰਜਾਬ, ਗੋਇੰਦਵਾਲ, ਲਾਹੌਰ ਆਇਆ ਸੀ; ਸਾਰੇ ਬਗਾਵਤੀਆਂ ਨੂੰ ਆਪ ਸਜਾਵਾਂ ਦਿੱਤੀਆਂ ਉਸ ਸਮੇਂ ਗੁਰੂ ਜੀ ਬਾਰੇ ਉਨ੍ਹਾਂ ਨੇ ਐਸਾ ਕੁਝ ਨਾ ਸੁਣਿਆ ਪਰ ਜਦੋਂ ਉਹ ਦਿੱਲੀ ਪਹੁੰਚਿਆ ਤਾਂ ਲਾਹੌਰ ਦੇ ਸੂਬੇਦਾਰ ਮੁਰਤਜਾ ਖਾਂ ਨੇ ਇਹ ਸਾਰੀ ਰਿਪੋਰਟ ਜਹਾਂਗੀਰ ਤੱਕ ਇੱਕ ਸਾਜਿਸ਼ ਤਹਿਤ ਸ਼ੇਖ ਅਹਿਮਦ ਸਰਹੰਦੀ ਨਾਲ ਮਿਲ ਕੇ ਪਹੁੰਚਾ ਦਿੱਤੀ। ਸੱਚ ਨੂੰ ਨਫ਼ਰਤ ਕਰਨ ਵਾਲੇ ਜਾਣਦੇ ਸਨ ਕਿ ਗੁਰੂ ਅਰਜੁਨ ਪਾਤਸ਼ਾਹ ਵੱਲੋਂ ਤਿਆਰ ਕੀਤੇ ਗ੍ਰੰਥ ਵਿਚ ਸਮੁੱਚੀ ਮਨੁੱਖਤਾ ਨੂੰ ਇਕ ਸੂਤਰ ਵਿਚ ਪਰੋ ਕੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਦੀ ਗੱਲ ਕੀਤੀ ਗਈ ਹੈ ਜਿਸ ਨਾਲ ਸਮਾਜ ਵਿਚ ਜਾਤ-ਪਾਤ, ਭੇਦ ਭਾਵ ਦੇ ਵਿਤਕਰੇ ਸਦੀਵੀ ਤੌਰ 'ਤੇ ਖਤਮ ਹੋ ਜਾਣਗੇ ਤੇ ਸਮਾਜਿਕ ਤੌਰ 'ਤੇ ਵੱਡਾ ਰੁਤਬਾ ਪ੍ਰਾਪਤ ਕਰੀ ਬੈਠੇ ਬ੍ਰਾਹਮਣ ਵਰਗ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇਗਾ। ਬ੍ਰਾਹਮਣਾਂ ਤੋਂ ਇਲਾਵਾ ਈਰਖਾਲੂ ਚੰਦੂ, ਗੱਦੀ ਪ੍ਰਾਪਤ ਕਰਨ ਦੀ ਲਾਲਸਾ ਅਧੀਨ ਗੁਰੂ ਅਰਜੁਨ ਸਾਹਿਬ ਜੀ ਨਾਲ ਈਰਖਾ ਕਮਾ ਰਹੇ ਉਨ੍ਹਾਂ ਦੇ ਵੱਡੇ ਭਰਾ ਬਾਬਾ ਪ੍ਰਿਥੀਚੰਦ, ਮੁਤੱਸਵੀ ਮੁਸਲਮਾਨ ਨਕਸ਼ਬੰਦੀ ਆਗੂ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ ਜੋ ਜਹਾਂਗੀਰ ਦਾ ਵਫਾਦਾਰ ਫੌਜਦਾਰ ਸੀ; ਵੱਲੋਂ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਅਰਜੁਨ ਸਾਹਬਿ ਜੀ ਵਿਰੁੱਧ ਰੱਜ ਕੇ ਭੜਕਾਇਆ ਗਿਆ। ਜਹਾਂਗੀਰ ਨੇ ਬਿਨਾਂ ਸੋਚੇ-ਵਿਚਾਰੇ ਹੁਕਮ ਜਾਰੀ ਕੀਤਾ ਕਿ ਗੁਰੂ ਅਰਜੁਨ ਨੂੰ ਗਿਫਤਾਰ ਕਰਕੇ ਲਹੌਰ ਲਿਆਂਦਾ ਜਾਵੇ ਅਤੇ 'ਸਿਆਸਤ ਯਾਸਾ' ਕਾਨੂੰਨ ਅਧੀਨ ਸਜਾ ਦਿੱਤੀ ਜਾਵੇ। ਇਤਿਹਾਸਿਕ ਵਸੀਲਿਆˆ ਮੁਤਾਬਕ, ਆਪਣੀ ਸ਼ਹੀਦੀ ਨੂੰ ਅਟੱਲ ਜਾਣ ਕੇ ਗੁਰੂ ਅਰਜਨ ਸਾਹਿਬ ਜੀ ਨੇ 28 ਜੇਠ, ਜੇਠ ਵਦੀ 14, ਸੰਮਤ 1663 ਮੁਤਾਬਿਕ 25 ਮਈ 1606 (ਜੂਲੀਅਨ) ਨੂੰ ਗੁਰਗੱਦੀ ਦੀ ਜਿੰਮੇਵਾਰੀ ਆਪਣੇ ਸਪੁੱਤਰ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸੌਂਪ ਕੇ ਲਾਹੌਰ ਚਾਲੇ ਪਾ ਦਿੱਤੇ ਜਿੱਥੇ ਉਨ੍ਹਾਂ ਨੂੰ 5 ਦਿਨ ਦਰਦਨਾਕ ਸਖਤ ਤਸੀਹੇ ਦੇ ਕੇ 2 ਹਾੜ, ਜੇਠ ਸੁਦੀ 4, ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ 1606 (ਜੂਲੀਅਨ) ਦਿਨ ਸ਼ੁੱਕਰਵਾਰ ਨੂੰ ਸ਼ਹੀਦ ਕਰ ਦਿੱਤਾ। 28 ਜੇਠ, ਜੇਠ ਵਦੀ 14, ਸੰਮਤ 1663 ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ 2 ਹਾੜ, ਜੇਠ ਸੁਦੀ 4, ਬਿਕ੍ਰਮੀ ਸੰਮਤ 1663 ਨੂੰ ਸ਼ਹੀਦੀ ਪ੍ਰਾਪਤ ਕੀਤੀ; ਇਨ੍ਹਾਂ ਤਰੀਕਾਂ ’ਤੇ ਪੰਥ ਵਿੱਚ ਕੋਈ ਵੀ ਮੱਤ ਭੇਦ ਨਹੀ ਹਨ। 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਪਹਿਲਾਂ ਗੁਰਪੁਰਬ ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨਿਆਂ ਮੁਤਾਬਿਕ ਮਨਾਏ ਜਾਂਦੇ ਹੋਣ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਜੇਠ ਵਦੀ 14 ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਸੀ। ਪਰ ਕਿਉਂਕਿ ਚੰਦਰ ਸਾਲ ਸੂਰਜੀ ਸਾਲ ਨਾਲੋਂ ਲਗਪਗ 11 ਦਿਨ ਛੋਟਾਂ ਹੋਣ ਕਰਕੇ ਇਹ ਦਿਹਾੜੇ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਸਨ ਆਉਂਦੇ।
ਇਸ ਮੁਸ਼ਕਲ ਨੂੰ ਹੱਲ ਕਰਨ ਲਈ ਕਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦੀ ਸਖ਼ਤ ਮਿਹਨਤ ਅਤੇ ਸਿੱਖ ਪੰਥ ਦੇ ਸਮੁੱਚੇ ਵਿਦਵਾਨਾਂ ਦੀ ਲੰਬੀ ਸੋਚ ਵੀਚਾਰ ਉਪ੍ਰੰਤ ਸ਼੍ਰੋਮਣੀ ਕਮੇਟੀ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ। ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੈ ਜਿਸ ਦੇ ਸਾਲ ਦੀ ਲੰਬਾਈ ਸੰਸਾਰ ਭਰ ਵਿੱਚ ਲਾਗੂ ਸਾਂਝੇ ਕੈਲੰਡਰ (ਗਰੇਗੋਰੀਅਨ ਕੈਲੰਡਰ) ਦੇ ਬਿਲਕੁਲ ਬਰਾਬਰ ਯਾਨੀ ਕਿ 365.2425 ਦਿਨ ਭਾਵ 365 ਦਿਨ 5 ਘੰਟੇ 49 ਮਿੰਟ 12 ਸੈਕੰਡ (ਲਗ ਪਗ) ਹੈ ਜੋ ਕਿ ਮੌਸਮੀ ਸਾਲ ਦੀ ਲੰਬਾਈ 365.24219 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ ਦੇ ਬਹੁਤ ਹੀ ਨਜ਼ਦੀਕ ਹੈ। ਗਰੇਗੋਰੀਅਨ ਕੈਲੰਡਰ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ ਨਾਲੋਂ ਲਗਪਗ 26 ਸੈਕੰਡ ਵੱਧ ਹੋਣ ਕਰਕੇ ਇਸ ਦਾ 3300 ਸਾਲ ਵਿੱਚ ਸਿਰਫ ਇੱਕ ਦਿਨ ਦਾ ਫਰਕ ਪੈਂਦਾ ਹੈ; ਜਦੋਂ ਕਿ ਸੂਰਜੀ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਜੋ ਗੁਰੂ ਕਾਲ ਵੇਲੇ ਲਾਗੂ ਸੀ ਦੇ ਸਾਲ ਦੀ ਲੰਬਾਈ 365.258756481 ਦਿਨ ਭਾਵ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ ਹੈ। ਸੂਰਜੀ ਸਿਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ 60-61 ਸਾਲਾਂ ਵਿੱਚ ਲਗਪਗ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ। 1964 ਵਿੱਚ ਉਤਰੀ ਭਾਰਤ ਦੇ ਪੰਡਿਤਾਂ ਵੱਲੋਂ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਕੀਤੀ ਸੋਧ ਮੁਤਾਬਿਕ ਸਾਲ ਦੀ ਲੰਬਾਈ ਘਟਾ ਕੇ 365.256363004 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਲਗਪਗ 20 ਮਿੰਟ ਵੱਡਾ ਹੋਣ ਕਰਕੇ ਤਕਰੀਬਨ 70-71 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਹੈ। ਇਸ ਨੂੰ ਦ੍ਰਿਕਗਣਿਤ ਸਿਧਾਂਤ ਕਹਿੰਦੇ ਹਨ। ਦੱਖਣੀ ਭਾਰਤ ਦੇ ਪੰਡਿਤ ਵਿਦਵਾਨਾਂ ਨੇ ਇਸ ਸੋਧ ਨੂੰ ਨਹੀਂ ਮੰਨਿਆ ਇਸ ਲਈ ਦੱਖਣੀ ਭਾਰਤ ਵਿੱਚ ਸੂਰਜੀ ਸਿਧਾਂਤ ਅਤੇ ਉਤਰੀ ਭਾਰਤ ਵਿੱਚ ਦ੍ਰਿਕਗਣਿਤ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਹੈ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧ ਕੀਤੀ ਗਈ ਹੈ ਉਹ 1964 ਵਿੱਚ ਸੋਧੇ ਹੋਏ ਦ੍ਰਿੱਕਗਣਿਤ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਅਨੁਸਾਰ ਕੀਤੀ ਗਈ ਹੈ।
2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇਤਿਹਾਸਕ ਤੌਰ ’ਤੇ ਸਰਬ ਪ੍ਰਵਾਨਤ ਮਿਤੀ 28 ਜੇਠ ਨਿਸਚਿਤ ਕਰ ਦਿੱਤੀ ਗਈ ਜੋ ਸਾਂਝੇ ਕੈਲੰਡਰ ਮੁਤਾਬਿਕ ਹਰ ਸਾਲ ਹੀ 11 ਜੂਨ ਨੂੰ ਆਉਣ ਕਰਕੇ ਸਦਾ ਲਈ ਸਥਿਰ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਆਸਾਨ ਹੋ ਗਈ। ਇਸੇ ਤਰ੍ਹਾਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ ਨੂੰ ਨਿਸਚਿਤ ਕਰ ਦਿੱਤਾ ਗਿਆ ਸੀ ਜੋ ਸਾਂਝੇ ਕੈਲੰਡਰ ਅਨੁਸਾਰ ਹਰ ਸਾਲ 16 ਜੂਨ ਨੂੰ ਆਉਣ ਲੱਗ ਪਿਆ ਸੀ। ਪਰ ਸੋਧ ਦੇ ਨਾਮ ’ਤੇ 14 ਮਾਰਚ 2010 ਨੂੰ ਲਾਗੂ ਕੀਤੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ 11 ਜੂਨ ਨੂੰ ਹੀ ਮਨਾਇਆ ਜਾਂਦਾ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਚੰਦਰ ਸਾਲ ਮੁਤਾਬਕ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਹੈ। ਚੰਦਰ ਸਾਲ ਦੀ ਲੰਬਾਈ 354 ਦਿਨ ਅਤੇ ਸੂਰਜੀ ਸਾਲ ਦੀ ਲੰਬਾਈ 365 ਦਿਨ ਹੋਣ ਕਰਕੇ 11 ਦਿਨ ਦਾ ਫਰਕ ਹੈ ਇਸ ਲਈ ਇਹ ਦਿਨ ਕਦੀ ਵੀ ਸਥਿਰ ਨਹੀਂ ਰਹਿੰਦੇ ਤੇ ਹਮੇਸ਼ਾਂ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਜਿਵੇਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ/ 2 ਹਾੜ (ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਗੁਰਪੁਰਬ 11 ਜੂਨ ਤੋਂ 5 ਦਿਨ ਪਿੱਛੋਂ ਆਇਆ; ਜੋ ਠੀਕ ਸੀ),
2011 ਵਿੱਚ 5 ਜੂਨ/ 22 ਜੇਠ (6 ਦਿਨ ਪਹਿਲਾਂ ਹੋਣ ਕਰਕੇ ਗਲਤ ਸੀ),
2012 ਵਿਚ 25 ਮਈ/ 12 ਜੇਠ (17 ਦਿਨ ਪਹਿਲਾਂ ਹੋਣ ਕਰਕੇ ਗਲਤ ਸੀ),
2013 ਵਿਚ 12 ਜੂਨ/ 30 ਜੇਠ (1 ਦਿਨ ਪਿੱਛੋਂ ਹੋਣ ਕਰਕੇ ਗਲਤ ਸੀ)
2014 ਵਿੱਚ 01 ਜੂਨ (10 ਦਿਨ ਪਹਿਲਾਂ ਹੋਣ ਕਰਕੇ ਗਲਤ ਹੈ)
2015 ਵਿੱਚ 22 ਮਈ (20 ਦਿਨ ਪਹਿਲਾਂ ਆਵੇਗਾ ਜੋ ਗਲਤ ਹੋਵੇਗਾ) ਇਸੇ ਤਰ੍ਹਾਂ
2016 ਵਿੱਚ 08 ਜੂਨ (03 ਦਿਨ ਪਹਿਲਾਂ) ਅਤੇ
2017 ਵਿੱਚ 29 ਮਈ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 13 ਦਿਨ ਪਹਿਲਾਂ ਆਉਣ ਕਰਕੇ ਗਲਤ ਹੋਣਗੇ।
ਗੁਰਬਾਣੀ ਅਤੇ ਸਿੱਖ ਇਤਿਹਾਸ ਮੁਤਾਬਿਕ ਸਿੱਖ ਪਲ ਭਰ ਲਈ ਭੀ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਗੁਰਬਾਣੀ ਦਾ ਫ਼ੁਰਮਾਨ ਹੈ : ‘ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੇਟੈ ਦਾਤਿ ॥1॥’ (ਗੋਂਡ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 864) ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰਕ ਚੋਲ਼ੇ ਵਿੱਚ ਹੁੰਦਿਆਂ ਹੀ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਕਰਕੇ ਥਾਪਿਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਆਪਣੀ ਮੌਜੂਦਗੀ ਵਿੱਚ ਸੌਂਪੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ, ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਆਪਣੇ ਸਰੀਰਕ ਚੋਲ਼ੇ ਵਿੱਚ ਰਹਿੰਦਿਆਂ ਹੀ ਦਿੱਤੀ। ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀਜੋਤ ਸਮਾਉਣ ਸਮੇਂ (ਗੁਰੂ) ਤੇਗ ਬਹਾਦਰ ਸਾਹਿਬ ਜੀ ਉਥੇ ਮੌਜੂਦ ਨਹੀਂ ਸਨ ਤੇ ਉਹ ਬਾਬਾ ਬਕਾਲੇ ਵਿਖੇ ਰਹਿ ਰਹੇ ਸਨ, ਇਸ ਲਈ ਉਹ ਵੀ ਸੰਕੇਤ ਕਰ ਗਏ ਸਨ ਕਿ ਅਗਲਾ ਗੁਰੂ ਬਾਬਾ ਬਕਾਲੇ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀਜੋਤ ਸਮਾਉਣ ਤੋਂ ਪਹਿਲਾਂ ਨੰਦੇੜ ਵਿਖੇ ਗੁਰਿਆਈ ਜੁਗੋਜੁੱਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਸਖ਼ਸ਼ੀ ਗੁਰੂ ਦਾ ਹਮੇਸ਼ਾਂ ਲਈ ਖਾਤਮਾ ਕਰ ਦਿੱਤਾ। ਇਸ ਤਰ੍ਹਾਂ ਸਿੱਖ ਦੀ ਜਿੰਦਗੀ ਦਾ ਛਿਣਮਾਤਰ ਸਮਾਂ ਵੀ ਅਜੇਹਾ ਨਹੀਂ ਕਿ ਉਹ ਗੁਰੂ ਦੀ ਅਗਵਾਈ ਤੋਂ ਵਾਂਝਾ ਰਹੇ।
ਜੇ ਇਹ ਸਿੱਧ ਹੋ ਗਿਆ ਕਿ ਸਿੱਖ ਇਤਿਹਾਸ ਵਿੱਚ ਕੋਈ ਵੀ ਸਮਾਂ ਅਜੇਹਾ ਨਹੀਂ ਕਿ ਸਿੱਖ ਗੁਰੂ ਦੀ ਅਗਵਾਈ ਤੋਂ ਵਾਂਝਾ ਰਿਹਾ ਹੋਵੇ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਤਾਰੀਖਾਂ ਸਬੰਧੀ ਵੀ ਕੋਈ ਮਤਭੇਦ ਨਹੀਂ ਤਾˆ ਅੱਜ ਸ਼ਹੀਦੀ ਦਿਹਾੜਾ ਮਨਾਉਣ ’ਤੇ ਮੱਤ ਭੇਦ ਕਿਉਂ ਹਨ? ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਾਲ ਭਾਵ 2014 ਵਿੱਚ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ 1 ਜੂਨ ਦੀ ਹੋਈ ਤਾਂ 11 ਜੂਨ ਤੱਕ 10 ਦਿਨਾਂ ਤੱਕ ਸਿੱਖਾਂ ਦਾ ਗੁਰੂ ਕੌਣ ਸੀ ਤੇ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਿਸ ਨੇ ਦਿੱਤੀ? ਇਹੀ ਸਵਾਲ 2015 ਇਸ ਤੋਂ ਵੀ ਗੰਭੀਰ ਰੂਪ ਵਿੱਚ ਸਾਡੇ ਸਾਹਮਣੇ ਹੋਵੇਗਾ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 22 ਮਈ ਨੂੰ ਮਨਾਇਆ ਜਾਵੇਗਾ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਪੁਰਬ 11 ਜੂਨ ਨੂੰ ਤਾਂ 20 ਦਿਨ ਲਈ ਸਿੱਖਾਂ ਦਾ ਗੁਰੂ ਕੌਣ ਸੀ ਤੇ 20 ਦਿਨ ਬਾਅਦ ਗੁਰਗੱਦੀ ਕਿਸ ਨੇ ਸੌਂਪੀ? ਆਰਐੱਸਐੱਸ ਦੇ ਪ੍ਰਭਾਵ ਹੇਠ ਡੇਰੇਦਾਰਾਂ ਅਤੇ ਬ੍ਰਾਹਮਣਵਾਦੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ਹੇਠ ਇਸ ਦਾ ਮਿਲਗੋਭਾ ਕਰਕੇ ਕਤਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਜੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, ਦੀ ਥਾਂ 2 ਹਾੜ ਨੂੰ ਮਨਾ ਲਿਆ ਜਾਵੇ ਜਿਸ ਨਾਲ 16 ਜੂਨ ਦੀ ਤਰੀਖ ਹਮੇਸ਼ਾਂ ਲਈ ਸਥਿਰ ਆਉਣ ਕਰਕੇ ਯਾਦ ਰੱਖਣੀ ਵੀ ਸੌਖੀ ਹੋ ਜਾਵੇਗੀ ਤੇ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਵੀ ਨਹੀ ਰਹੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਸੱਟ ਵੱਜੇਗੀ?
“ਤੇਰਾ ਕੀਆ ਮੀਠਾ ਲਾਗੈ” ਸਿਧਾਂਤ ਦੇ ਪਹਿਰੇਦਾਰ ਗੁਰੂ ਅਰਜੁਨ ਸਾਹਿਬ ਨੇ ਸ਼ਹੀਦੀ ਤਾਂ ਦੇ ਦਿੱਤੀ ਪਰ ਸਿਧਾਂਤ ਨੂੰ ਆਂਚ ਨਾ ਆਉਣ ਦਿੱਤੀ। ਪਰ ਮੌਜੂਦਾ ਸਮੇਂ ਵਿਚ ਗੁਰੂ ਸਾਹਿਬ ਦੇ ਪੈਰੋਕਾਰ ਅਖਵਾਉਣ ਵਾਲੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਹੀ ਆਰਐੱਸਐੱਸ ਦੇ ਪ੍ਰਭਾਵ ਹੇਠ ਆ ਕੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਦੀਆਂ ਇਤਿਹਾਸਕ ਤਰੀਖਾਂ ਨੂੰ ਰਲ਼ਗੱਡ ਕਰਕੇ ਕੌਮ ਵਿੱਚ ਦੁਬਿਧਾ ਖੜ੍ਹੀ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਇਤਿਹਾਸਕ ਤਰੀਖਾਂ ਨੂੰ ਸਦਾ ਲਈ ਸਥਿਰ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਅਕਾਲ ਤਖ਼ਤ ਦੇ ਵਿਰੋਧੀ ਗਰਦਾਨ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਅਕਾਲ ਤਖ਼ਤ ਦਾ ਨਾਮ ਵਰਤ ਕੇ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਦੇ ਨਾਮ ’ਤੇ ਕਿਸ ਤਰ੍ਹਾਂ ਵਿਗਾੜ ਰਹੇ ਹਨ ਉਸ ਦਾ ਇੱਕ ਨਮੂਨਾ ਇਨ੍ਹਾਂ ਦੀ ਇਸ ਤਥਾ ਕਥਿਤ ਸੋਧਾਂ ਦੀ ਕਾਰਵਾਈ ਵਿੱਚੋਂ ਹੀ ਵੇਖਿਆ ਜਾ ਸਕਦਾ ਹੈ। ਅਕਤੂਬਰ 2009 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਲਈ ਅਕਾਲ ਤਖ਼ਤ ਵੱਲੋਂ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ’ਤੇ ਅਧਾਰਤ ਦੋ ਮੈਂਬਰੀ ਕਮੇਟੀ ਦੀ ਨਿਯੁਕਤੀ ਕੀਤੀ ਗਈ। ਇਸ ਕਮੇਟੀ ਨੇ ਸੋਧ ਲਈ ਕਿਸੇ ਸਿਧਾਂਤ ਅਤੇ ਫਾਰਮੂਲੇ ਅਨੁਸਾਰ ਕੈਲਕੂਲੇਸ਼ਨਾਂ ਕਰਨ ਦੀ ਵਜਾਏ ਇਹ ਸੁਝਾਉ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇ। ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਸੀ। ਦੋ ਮੈਂਬਰੀ ਕਮੇਟੀ ਦੀਆਂ ਇਨ੍ਹਾਂ ਸਿਫਾਰਸ਼ਾਂ ਨੂੰ ਪੰਜ ਸਿੰਘ ਸਾਹਿਬਾਨ ਨੇ ਅਗਲੀ ਕਾਰਵਾਈ ਲਈ ਮਤਾ ਨੰਬਰ 1 (ਮੀਮੋ ਨੰ: ਅ:3/09/3570, ਮਿਤੀ 30.12.2009) ਰਾਹੀਂ ਹੂਬਹੂ ਕਾਰਜਕਾਰੀ ਕਮੇਟੀ ਨੂੰ ਭੇਜ ਦਿੱਤਾ। ਇਸ ਮਤੇ ਦੀ ਆਖਰੀ ਲਾਈਨ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਇਸ ਦੀ ਰੀਪੋਰਟ ਅਕਾਲ ਤਖ਼ਤ ਵਿਖੇ ਭੇਜੀ ਜਾਵੇ।
ਹਾਲਾਂਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਉਸ ਸਮੇਂ ਤੋਂ ਅੱਜ ਤੱਕ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਵਿਰੋਧ ਕਰਦੇ ਆ ਰਹੇ ਹਨ। ਇਸ ਮਤੇ ਮੁਤਾਬਕ ਨਾ ਤਾਂ ਦੋ ਮੈਂਬਰੀ ਕਮੇਟੀ ਨੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਪੁਰਾਤਨਤਾ ਅਨੁਸਾਰ ਜੇਠ ਸੁਦੀ 4 ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਆਪਣੀ 30 ਦਸੰਬਰ 2009 ਦੀ ਮੀਟਿੰਗ ’ਚ ਪ੍ਰਵਾਨ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਿਸ ਨੇ ਅਤੇ ਕਦੋਂ ਕੀਤੀ ਹੈ? ਵਾਰ-ਵਾਰ ਬੇਨਤੀਆˆ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਸਵਾਲ ਦਾ ਜਵਾਬ ਨਹੀ ਦਿੱਤਾ। ਹੁਣ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰਦੀ, ਓਨਾˆ ਚਿਰ ਸਾਡਾ ਇਹ ਦਾਵਾ ਕਾਇਮ ਰਹੇਗਾ ਕਿ ਇਹ ਸੋਧ 2010 ਵਿੱਚ ਕੈਲੰਡਰ ਛਾਪਣ ਵੇਲੇ ਚੁੱਪ-ਚੁਪੀਤੇ ਆਰਐੱਸਐੱਸ ਦੇ ਇਸ਼ਾਰੇ ’ਤੇ ਹੀ ਕੀਤੀ ਗਈ ਹੈ। ਸਿੱਖ ਵਿਰੋਧੀ ਸੰਸਥਾ ਦੇ ਇਸ਼ਾਰੇ ’ਤੇ ਵਿਗਾੜੇ ਗਏ ਕੈਲੰਡਰ ਨੂੰ ਅਕਾਲ ਤਖ਼ਤ ਵੱਲੋਂ ਕੀਤੀਆਂ ਸੋਧਾਂ ਦੱਸਣਾ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਤੁਲ ਹੈ ਜਿਸ ਦਾ ਜਵਾਬ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਲਈ ਦੇਣਾ ਬਣਦਾ ਹੈ।
ਕਿਰਪਾਲ ਸਿੰਘ ਬਠਿੰਡਾ
ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਦੀਆਂ ਤਰੀਖਾਂ ਦਾ ਸ਼੍ਰੋਮਣੀ ਕਮੇਟੀ ਨੇ ਪਾਇਆ ਝਮੇਲਾ
Page Visitors: 2910