ਤੀਜਾ ਫ੍ਰੰਟ ! (ਨਿੱਕੀ ਕਹਾਣੀ)
ਕੁਝ ਵੀ ਠੀਕ ਨਹੀ ਹੋ ਰਿਹਾ ! ਪਤਾ ਨਹੀ ਕਦੋਂ ਬਣੇਗਾ ਤੀਜਾ ਫ੍ਰੰਟ ? (ਸਤਨਾਮ ਸਿੰਘ ਨੇ ਕੋਫ਼ੀ ਦਾ ਘੁੱਟ ਭਰਦੇ ਹੋਏ ਕਿਹਾ)
ਲੀਡਰ ਅੱਤੇ ਟੀਮ ਵਿੱਚ ਕੁਝ ਸ਼ਰਤਾਂ ਪੂਰੀਆਂ ਹੋ ਜਾਣ ਤਾਂ ਤੀਜਾ ਫ੍ਰੰਟ ਬਣਨ ਤੋਂ ਕੋਈ ਨਹੀ ਰੋਕ ਸਕਦਾ ! ਵੈਸੇ ਐਥੇ ਦੀ ਕੋਫ਼ੀ ਹੈ ਬੜੀ ਲਾਜ਼ਵਾਬ ! ਸੈਂਡਵਿਚ ਤੇ ਕਮਾਲ ਹੈ ! ਕਮਾਲ ! (ਜਸਬੀਰ ਸਿੰਘ ਨੇ ਆਪਣਾ ਪੱਖ ਰਖਿਆ)
ਕਿਹੋ ਜਹੀਆਂ ਸ਼ਰਤਾਂ ? (ਪੜਚੋਲ ਸਿੰਘ ਨੇ ਪੁਛਿਆ)
ਜਸਬੀਰ ਸਿੰਘ : ਪੈਸੇ ਪੱਖੋਂ ਸੌਖਾ ਹੋਵੇ ਤੇ ਕਿਰਤ ਵੀ ਕਰਦਾ ਹੋਵੇ ! ਗੁਰਸਿੱਖੀ ਸਰੂਪ ਵਿੱਚ ਹੋਵੇ ਅੱਤੇ ਗੁਰਬਾਣੀ ਦੀ ਪੂਰੀ ਜਾਣਕਾਰੀ ਰਖਦਾ ਹੋਵੇ ! ਕੋਈ ਸਿਆਸੀ ਟੀਚਾ ਨਾ ਹੋਵੇ ! ਹਉਮੈ ਘੱਟ ਤੋਂ ਘੱਟ ਹੋਵੇ ! ਸਭ ਨਾਲ ਮਿੱਠਾ ਬੋਲਣ ਵਾਲਾ ਹੋਵੇ ! ਇਮਾਨਦਾਰ ਹੋਵੇ ! ਉਸਦਾ ਟੱਬਰ ਗੁਰਸਿਖ ਹੋਵੇ ! ਆਪਣੀ ਗੱਲ ਰਖਣ ਲਈ ਸੜਕਾਂ ਤੇ ਉਤਰ ਸਕਦਾ ਹੋਵੇ !
ਪੜਚੋਲ ਸਿੰਘ : ਇਹ ਗੁਣ ਤਾਂ ਹਰ ਅਕਾਲੀ ਦਲ ਦੀ ਟੀਮ ਵਿੱਚ ਮਿਲ ਜਾਣਗੇ ਤਾਂ ਫਿਰ ਤੀਜੇ ਫ੍ਰੰਟ ਦੀ ਜਰੂਰਤ ਕੀ ਹੈ ? ਵਿਖਾਉਣ ਲਈ ਕਿਸੀ ਪ੍ਰਧਾਨ-ਸੱਕਤਰਾਂ ਵਿੱਚ ਇਹ ਸਾਰੇ ਗੁਣ ਵਕਤੀ ਤੌਰ ਤੇ ਵਿਖਾਏ ਜਾ ਸਕਦੇ ਹਨ ! ਮੇਰੇ ਵਿਚਾਰ ਵਿੱਚ ਇਨ੍ਹਾਂ ਗੁਣਾ ਤੋ ਬਿਨਾਂ ਹੋਰ ਕੁਝ ਗੁਣ ਵੀ ਲੋੜੀਂਦੇ ਹਨ ! ਜਿਸਦਾ ਧੜਾ "ਸੱਚੇ ਦਾ ਧਰਮ" ਹੋਵੇ ਨਾ ਕੀ ਕਿਸੀ ਖਾਸ ਜੱਥੇ, ਧੜੇ, ਸੰਸਥਾ ਜਾਂ ਪਾਰਟੀ ਦੀ ਭੁੱਖ ਦਾ ਗੁਲਾਮ !
ਨਾਲ ਹੀ ਉਸਦਾ ਅੰਦਰਲਾ ਦਇਆਲੂ ਹੋਵੇ ਕਿਓਂਕਿ ਜਿਨ੍ਹਾਂ ਦੇ ਦਿਲ ਕਠੋਰ ਹੁੰਦੇ ਨੇ ਓਹ "ਸੱਚੇ ਦੇ ਧਰਮ" ਦੀ ਪਾਲਣਾ ਨਹੀ ਕਰ ਸਕਦੇ ! (ਸਤਨਾਮ ਸਿੰਘ ਜੋ ਹੁਣ ਤਕ ਦੋਹਾਂ ਦੀ ਗੱਲ ਸੁਣਦਾ ਪਇਆ ਸੀ ਬੋਲ ਉੱਠਿਆ !)
ਪੜਚੋਲ ਸਿੰਘ (ਨਾਲ ਸੁਰ ਮਿਲਾਉਂਦਾ ਹੋਇਆ) : ਸਿੱਖ ਸਿਆਸਤ ਵਿੱਚ ਗਿਰਾਵਟ ਆਪਣੀ ਹੱਦ ਪਾਰ ਕਰ ਚੁੱਕੀ ਹੈ ਤੇ ਹੁਣ ਇਸਦੀ ਅਗੁਆਈ ਬੰਦ ਕਮਰਿਆਂ ਵਿੱਚ ਬੈਠ ਕੇ ਜਾਂ ਹੋਟਲਾਂ ਦੀਆਂ ਲਾਬੀਆਂ ਵਿੱਚ ਮੀਟਿੰਗਾ ਕਰ ਕੇ ਨਹੀ ਹੋ ਸਕਦੀ ! ਇੱਕ ਵਾਰ ਫਿਰ ਇੱਕ ਲਹਿਰ ਬਣ ਕੇ ਸੜਕਾਂ ਤੇ ਆਉਣਾ ਪਵੇਗਾ ਅੱਤੇ "ਸਚ ਧਰਮ" ਨੂੰ "ਝੂਠ ਸਿਆਸਤ" ਤੋਂ ਆਜ਼ਾਦ ਕਰਵਾਉਣਾ ਪਵੇਗਾ ! ਧਰਮ ਦੀ ਪਾਲਣਾ ਅੱਤੇ ਪੰਥਕ ਸਿਆਸਤ ਦੋਹਾਂ ਨੂੰ ਇੱਕ ਦਰਿਆ ਦੇ ਦੋਵੇਂ ਪਾਸਿਆਂ ਵਾਂਗ ਨਾਲ-ਨਾਲ ਚਲਣਾ ਪਵੇਗਾ ਨਾਂਕਿ ਅੱਜ ਵਾਂਗੂ ਜਿਸ ਵਿੱਚ ਸਿਆਸਤ ਤਾਂ ਦੀਰਘ ਕਹਾਉਂਦੀ ਹੈ ਤੇ ਧਰਮ ਲੱਗ-ਮਾਤ, ਜਿਸ ਕਰਕੇ ਪੰਥਕ ਤੌਰ ਤੇ ਅਸੀਂ ਦੋਜ਼ਖ (ਨਰਕਾਂ) ਵਾਲਾ ਜੀਵਣ ਬਤੀਤ ਕਰ ਰਹੇ ਹਾਂ!
ਜੇਕਰ ਖ਼ਾਲਸਾ ਵਾਹਿਗੁਰੂ ਦਾ ਹੈ ਅੱਤੇ ਫਤਿਹ ਵੀ ਵਾਹਿਗੁਰੂ ਦੀ ਹੈ ਤਾਂ ਫਿਰ ਰਾਜ ਭੀ ਵਾਹਿਗੁਰੂ ਦਾ ਹੀ ਚਲਣਾ ਚਾਹੀਦਾ ਹੈ ! ਟੇਕਨੋਲੋਜੀ ਨੇ ਅੱਜ "ਸਰਬਤ ਖਾਲਸਾ" ਬੁਲਾਉਣਾ ਬਹੁਤ ਸੌਖਾ ਕਰ ਦਿੱਤਾ ਹੈ! ਹਰ 1000 ਲੋਕਾਂ ਨਾਲ ਇੱਕ ਮੁੱਖ ਸੇਵਾਦਾਰ ਹੋਵੇ ਤੇ ਓਹ ਉਨ੍ਹਾਂ ਦੀ ਗੱਲ ਸਰਬਤ ਖਾਲਸਾ ਵਿੱਚ ਪੇਸ਼ ਕਰੇ ਅੱਤੇ ਜੇਕਰ ਓਹ "ਆਪਣੇ ਧਰਮ ਤੋਂ ਪਾਸਾ ਵੱਟੇ" ਤਾਂ ਉਸ ਨੂੰ ਹਟਾ ਦਿੱਤਾ ਜਾਵੇ ਅੱਤੇ ਆਪਣੇ ਵਿੱਚੋਂ ਹੀ ਇੱਕ ਨਵਾਂ ਮੁੱਖ ਸੇਵਾਦਾਰ ਬਣਾ ਲੈਣ !
ਜਸਬੀਰ ਸਿੰਘ (ਵਿੱਚ ਟੋਕ ਕੇ ਬੋਲਿਆ): ਬਸ ਕਰੋ ਯਾਰ ! ਤੁਸੀਂ ਤੇ ਅੱਜ ਹੀ ਤੀਜਾ ਫ੍ਰੰਟ ਬਣਾ ਦੇਣਾ ਹੈ ! ਜੇਕਰ ਸੇਬਾਂ ਦੀ ਟੋਕਰੀ ਵਿੱਚ ਕੁਝ ਸੇਬ ਸੜਨ ਲੱਗ ਪੈਣ ਤਾਂ ਟੋਕਰੀ ਬਦਲਣਾ ਕੋਈ ਸਹੀ ਤਰੀਕਾ ਨਹੀ ਹੈ, ਸੜੇ ਹੋਏ ਸੇਬ ਬਾਹਰ ਕਢ ਦੇਣੇ ਚਾਹੀਦੇ ਹਨ ! ਇਸ ਤਰੀਕੇ ਨਾਲ ਟੋਕਰੀ ਦੇ ਬਾਕੀ ਸੇਬ ਤੰਦਰੁਸਤ ਰਹਿਣਗੇ !
ਮੁਕਦੀ ਗੱਲ ਤੇ ਇਹ ਹੈ ਕੀ ਅਸੀਂ ਹੁਣ "ਸਿੱਖ" ਨਹੀ ਰਹੇ ਬਲਕਿ ਅਸੀਂ "ਸਿਆਣੇ" ਹੋ ਗਏ ਹਾਂ ! ਕਿਓਂਕਿ ਅੱਜ ਸਿੱਖ ਨੇ ਸਿਖਣਾ ਬੰਦ ਕਰ ਦਿੱਤਾ ਹੈ ਤੇ ਸਿਆਣਿਆਂ ਨਾਲ ਰੱਬ ਦੀ ਪਟਰੀ ਬੈਠਦੀ ਨਹੀ, ਇਸ ਕਰਕੇ ਦਿਨੋਂ-ਦਿਨ ਢਹਿੰਦੀ ਕਲਾ ਵਰਤ ਰਹੀ ਹੈ ! ਹੁਣ ਆਪਣੀ ਆਪਣੀ ਕੋਫ਼ੀ ਖਤਮ ਕਰੋ, ਵੋਹਟੀ ਰਾਹ ਉਡੀਕਦੀ ਹੋਵੇਗੀ ! ਵਰਨਾ ਪੰਥ ਵਿੱਚ ਸ਼ਾਂਤੀ ਜਦੋਂ ਹੋਵੇਗੀ ਤਦੋਂ ਹੋਵੇਗੀ, ਘਰ ਦੇ ਵਿੱਚ ਲੜਾਈ ਦੀ ਬਿਗੁਲ ਵੱਜ ਜਾਣੀ ਹੈ !
- ਬਲਵਿੰਦਰ ਸਿੰਘ ਬਾਈਸਨ
http://nikkikahani.com/