ੴ ਸਤਿ ਗੁਰ ਪ੍ਰਸਾਦਿ ॥
(ਗੁਰਬਾਣੀ ਦੀ ਸਰਲ ਵਿਆਖਿਆ)
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥
ਇਸ ਬਾਰੇ ਸਮਝਣ ਦੀ ਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ , ਕੁਝ ਬੇਨਤੀਆਂ ਦੁਹਰਾਉਣਾ ਚਾਹਾਂਗਾ ,
1. ਕਿਸੇ ਵੀ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ , ਪੂਰਵਾਗ੍ਰਹ , ਸਮਾਜ ਵਿਚ ਪੂਰਵ ਸਥਾਪਤ ਮਾਨਤਾਵਾਂ ਤੋਂ ਦਿਮਾਗ ਖਾਲੀ , ਸਾਫ ਹੋਣਾ ਚਾਹੀਦਾ ਹੈ ।
2. ਵਿਚਾਰ ਦਾ ਧੁਰਾ , ਰਹਾਉ ਦੀ ਪੰਗਤੀ ਹੋਣਾ ਚਾਹੀਦਾ ਹੈ ।
3. ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਚੌਹੱਦੀ ਵਿਚ ਹੀ ਰਹਣੇ ਚਾਹੀਦੇ ਹਨ ।
4. ਅੱਖਰਾਂ ਦੇ ਅਰਥ ਗੁਰਬਾਣੀ ਵਿਆਕਰਨ ਅਨੁਸਾਰ ਹੀ ਹੋਣੇ ਚਾਹੀਦੇ ਹਨ ।
5. ਅੱਖਰਾਂ ਦੇ ਅਰਥ ਵਿਸੇ ਅਨੁਸਾਰੀ ਹੀ ਲੈਣੇ ਚਾਹੀਦੇ ਹਨ ।
(ਜੈ ਕੋਈ ਗਲ ਸਮਝ ਨਾ ਆਵੇ ਤਾਂ ਉਸ ਵਿਚ ਆਪਣੀ ਮਨ ਮਤ ਵਰਤਣ ਨਾਲੋਂ , ਉਸ ਨੂੰ ਛਡ ਦੇਣਾ ਚੰਗਾ ਹੈ)
ਇਹ ਤੁਕ ਪਹਿਲੇ ਨਾਨਕ ਦੇ ਆਸਾ ਰਾਗੁ ਵਿਚਲੇ ਸ਼ਬਦ ਦੀ ਹੈ , ਜਿਸ ਦੀ ਰਹਾਉ ਦੀ ਤੁਕ ਹੈ ,
ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ਰਹਾਉ॥ (360)
(ਇਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ , ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਸ੍ਰਿਸ਼ਟੀ ਵਿਚ ਸਿਰਫ ਬੰਦਾ ਹੀ ਅਜਿਹਾ ਜੀਵ ਹੈ , ਜੋ ਅਪਣੇ ਕੰਮ ਅਪਣੀ ਮਰਜ਼ੀ ਅਨੁਸਾਰ ਕਰਨ ਲਈ ਆਜ਼ਾਦ ਹੈ । ਦੁਨੀਆਂ ਦੇ ਸਾਰੇ ਜੀਵ ਅਪਣੀ ਜ਼ਿੰਦਗੀ ਵਿਚ , ਅਪਣੀਆਂ ਲੋੜਾਂ ਦੀ ਪੂਰਤੀ ਲਈ ਹੀ ਸਾਰੇ ਕੰਮ ਕਰਦੇ ਹੋਏ ਪਰਮਾਤਮਾ ਦੀ ਰਜ਼ਾ ਵਿਚ ਜੀਵਨ ਬਿਤਾਉਂਦੇ ਹਨ । ਕਿਉਂਕਿ ਮਨੁੱਖਾ ਜੂਨ ਹੀ ਅਜਿਹੀ ਹੈ ਜਿਸ ਵਿਚ ਬੰਦਾ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਕਰਤਾਰ ਨਾਲ ਇਕ-ਮਿਕ ਹੋ ਕੇ , ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਸਕਦਾ ਹੈ । ਇਸ ਪਉੜੀ ਤੋਂ ਥਿੜਕਿਆ ਬੰਦਾ ਫਿਰ ਜੂਨਾਂ ਦੇ ਚੱਕਰ ਵਿਚ ਪੈ ਜਾਂਦਾ ਹੈ । ਇਸ ਲਈ ਕਰਤਾਰ ਨੇ ਇਸ ਨੂੰ ਇਹ ਛੋਟ ਦਿੱਤੀ ਹੋਈ ਹੈ ।)
ਰਹਾਉ ਦੀ ਇਸ ਤੁਕ ਵਿਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ , ਹੇ ਪਰਮਾਤਮਾ , ਤੂੰ ਹੀ ਸਭਨਾ ਦਾ ਕਰਤਾ , ਸਭ ਨੂੰ ਪੈਦਾ ਕਰਨ ਵਾਲਾ ਹੈਂ । ਸਭ ਦੀ ਸਾਰ ਸੰਭਾਲ ਕਰਨ ਵਾਲਾ ਹੈਂ । ਤੇਰੇ ਲਈ ਸਭ ਇਕੋ ਜਿਹੇ ਹਨ । ਇਸ ਕਰ ਕੇ ਜੇ ਕੋਈ , ਤਾਕਤਵਰ , ਕਿਸੇ ਤਾਕਤਵਰ ਨੂੰ ਮਾਰਦਾ ਹੈ ਤਾਂ ਤੇਰੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਰੋਸ , ਗੁੱਸਾ ਨਹੀਂ ਆਉਂਦਾ ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥
ਭਾਰਤ ਦੇ ਉਸ ਵੇਲੇ ਦੇ ਹਾਕਮ , ਬਤਦਸ਼ਾਹ ( ਜਿਨ੍ਹਾਂ ਨੂੰ , ਪਰਮਾਤਮਾ ਦੇ ਨਮਾਇੰਦੇ , ਅਵਤਾਰ ਵਜੋਂ ਵੀ ਮਾਨਤਾ ਮਿਲੀ ਹੋਈ ਸੀ , ਜਿਨ੍ਹਾਂ ਨੂੰ ਜੰਤਾ ਤੇ ਕਰ , ਟੈਕਸ ਲਗਾਉਣ ਦਾ ਅਧਿਕਾਰ ਸੀ , ਜਿਸ ਦੇ ਬਦਲੇ ਉਹ ਜੰਤਾ ਦੀ ਰਖਵਾਲੀ ਲਈ ਵਚਨ ਬੱਧ ਸਨ ) ਕਰ ਲਾਉਣ ਵਾਲੇ ਪਠਾਣਾਂ ਨੂੰ ਏਨੀ ਮਾਰ ਪੈਣ ਤੇ ਵੀ ਤੈਨੂੰ ਉਨ੍ਹਾਂ ਬਾਰੇ ਕੋਈ ਦਰਦ ਨਾ ਮਹਿਸੂਸ ਹੋਇਆ , ਕੋਈ ਤਰਸ ਨਾ ਆਇਆ । ਕਿਉਂ ?
(ਇਸ ਦਾ ਵੇਰਵਾ ਗੁਰੁ ਸਾਹਿਬ ਨੇ , ਬਾਬਰ ਨਾਲ ਸਬੰਧਤ , ਹੋਰ ਤਿੰਨਾਂ ਸ਼ਬਦਾਂ ਵਿਚ ਵੀ ਦਿੱਤਾ ਹੈ , ਜਿਸ ਨੂੰ ਆਪਾਂ ਅੱਗੇ ਚਲ ਕੇ ਵਿਚਾਰਾਂਗੇ । ਇਹ ਸ਼ਬਦ ਪ੍ਰਭੂ ਦੇ ਇੰਸਾਫ ਤੇ ਕਿੰਤੂ ਕਰਨ ਲਈ ਨਹੀਂ, ਬਲਕਿ ਲੋਕਾਂ ਨੂੰ ਇਹ ਸਮਝਾਉਣ ਲਈ ਹੈ ਕਿ ਅਜਿਹਾ ਕਿਉਂ ਹੋਇਆ )
ਪਰਮਾਤਮਾ ਨੇ ਆਪ ਹੀ , ਮੁਗਲ ਬਾਬਰ ਨੂੰ ਜਮ ਬਣਾ ਕੇ , ਭਾਰਤ ਦੇ ਪਠਾਣਾਂ ਤੇ ਚੜ੍ਹਾ ਦਿੱਤਾ , ਹਮਲਾ ਕਰਵਾ ਦਿੱਤਾ । ਪਰ ਕਿਸੇ ਵੀ ਗੱਲ ਲਈ ਪਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ , ਕਿਉਂਕਿ ਸਭ ਉਸ ਦੇ ਇਕੋ ਜਿਹੇ ਬੱਚੇ ਹਨ । ਉਸ ਦੇ ਨਿਯਮ ਸਾਰਿਆਂ ਤੇ ਇਕ ਸਮਾਨ ਲਾਗੂ ਹੁੰਦੇ ਹਨ । ਉਸ ਦੇ ਨਿਯਮਾਂ ਅਨੁਸਾਰ ਹੀ ਅਪਣੇ ਫਰਜ਼ਾਂ ਤੋਂ ਥਿੜਕੇ ਬੰਦਿਆਂ ਨੂੰ ਸਮੇ ਸਮੇ ਸਜ਼ਾ ਮਿਲਦੀ ਰਹਿੰਦੀ ਹੈ ।
ਬਾਬਰ ਨੇ ਖੁਰਾਸਾਨ ਦੇਸ਼ ਦਾ ਪ੍ਰਬੰਧ , ਅਪਣੇ ਅਹਿਲਕਾਰਾਂ ਨੂੰ ਸੌਂਪ ਕੇ , ਆਪ ਹਿੰਦੁਸਤਾਨ ਨੂੰ ਆ ਡਰਾਇਆ , ਹਿੰਦੁਸਤਾਨ ਤੇ ਆ ਹਮਲਾ ਕੀਤਾ ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਏ ਕੁਂਤੀ ਮੁਇਆ ਸਾਰ ਨ ਕਾਈ ॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥2॥
ਜੇ ਤਾਕਤਵਰ ਸ਼ੇਰ , ਭੇਡਾਂ-ਬਕਰੀਆਂ ਦੇ ਇੱਜੜ ਨੂੰ ਪੈ ਜਾਵੇ ਤਾਂ ਉਨ੍ਹਾਂ ਨਤਾਣੇ ਜਾਨਵਰਾਂ ਨੂੰ ਬਚਾਉਣ ਦੀ ਜ਼ਿਮੇਵਾਰੀ , ਵੱਗ ਦੇ ਆਜੜੀ ਦੀ ਹੁੰਦੀ ਹੈ । ਇਵੇਂ ਹੀ ਜੇ ਤਾਕਤ ਦੇ ਨਸ਼ੇ ਵਿਚ ਚੂਰ ਕੋਈ ਬੰਦਾ , ਧਰਮੀ ਬੰਦਿਆਂ ਤੇ ਜ਼ੁਲਮ ਕਰਦਾ ਹੈ ਤਾਂ ਉਨ੍ਹਾਂ ਬੰਦਿਆਂ ਨੂੰ ਬਚਾਉਣ ਦੀ ਜ਼ਿਮੇਵਾਰੀ ਤੇਰੀ ਹੈ । ਪਰ ਜੇ ਕੋਈ ਬੰਦਾ ਹੀਰੇ ਵਰਗੇ ਦੁਰਲੱਭ , ਮਨੂੱਖਾ ਜਨਮ ਨੂੰ , ਕੁਤਿਆਂ ਸਮਾਨ , ਵਿਭਚਾਰ ਵਿਚ ਫਸ ਕੇ ਬਰਬਾਦ ਕਰੇ ਤਾਂ , ਉਸ ਦੀ ਤਾਂ ਮਰੇ ਦੀ ਵੀ ਕੋਈ ਸਾਰ ਨਹੀਂ ਲੈਂਦਾ । ਹੇ ਪ੍ਰਭੂ ਤੇਰੀ ਵਡਿਆਈ ਇਹੀ ਹੈ ਕਿ ਤੂੰ ਸਭ ਦੇ ਕਰਮਾਂ ਅਨੁਸਾਰ ਉਨ੍ਹਾਂ ਦੇ ਲੇਖੇ ਭੁਗਤਾਉਣ ਲਈ , ਆਪ ਹੀ ਸਾਰੀਆਂ ਵਿੱਧਾਂ ਬਣਾਉਂਦਾ ਹੈਂ । ਆਪੇ ਜੋੜ ਕੇ ਉਨ੍ਹਾਂ ਨੂੰ ਤਾਕਤਵਰ ਬਣਾਉਂਦਾ ਹੈਂ ਅਤੇ ਆਪ ਹੀ ਵਿਛੋੜੇ ਪਾ ਕੇ , ਕਮਜ਼ੋਰ ਕਰ ਕੇ , ਉਨ੍ਹਾਂ ਨੂੰ ਲੇਖੇ ਭੁਗਤਾਉਂਦਾ ਹੈਂ ।
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥3॥5॥39॥ (360)
ਧਨ-ਪਦਾਰਥ , ਹਕੂਮਤ ਆਦਿ ਦੇ ਨਸ਼ੇ ਵਿਚ ਮਨੁੱਖ ਅਪਣੀ ਹਸਤੀ ਨੂੰ ਭੁੱਲ ਕੇ , ਦੂਸਰਿਆਂ ਨੂੰ ਦੁੱਖ ਦਿੰਦਾ ਹੈ , ਪਰ ਉਹ ਇਹ ਭੁੱਲ ਜਾਂਦਾ ਹੈ ਕਿ ਕੋਈ ਬੰਦਾ ਅਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਅਖਵਾਵੇ , ਅਪਣੇ ਮਨ ਭਾਉਂਦੀਆਂ ਰੰਗ ਰਲੀਆਂ ਮਾਣੇ ਪਰ ਪ੍ਰਭੂ ਦੀ ਨਜ਼ਰ ਵਿਚ ਤਾਂ ਉਹ ਇਕ ਕੀੜੇ ਸਮਾਨ ਹੀ ਹੈ , ਜੋ ਧਰਤੀ ਦੀ ਕੁੱਖ ‘ਚੋਂ ਪੈਦਾ ਹੋਏ ਦਾਣੇ ਚੁਗ ਕੇ ਅਪਣਾ ਗੁਜ਼ਾਰਾ ਕਰਦਾ ਹੈ । ਉਹ ਵਿਕਾਰਾਂ ਵਿਚ ਹੀ ਅਪਣਾ , ਅਮੁੱਲਾ ਮਨੁੱਖਾ ਜੀਵਨ ਬਰਬਾਦ ਕਰ ਜਾਂਦਾ ਹੈ । (ਇਹੀ ਹਾਲਤ ਉਸ ਵੇਲੇ , ਪਠਾਣ ਹਾਕਮਾਂ ਦੀ ਸੀ )
ਹੇ ਨਾਨਕ , ਜੋ ਮਨੁੱਖ ਹਉਮੈ ਮਾਰ ਕੇ , ਵਿਕਾਰਾਂ ਵਲੋਂ ਮਰ ਕੇ ਜੀਵਨ ਜਿਊਂਦਾ ਹੈ , ਹਰ ਵੇਲੇ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ, ਉਹੀ ਇਸ ਸੰਸਾਰ ਵਿਚੋਂ ਕੁਝ ਹਾਸਲ ਕਰਦਾ ਹੈ ।
ਪੁਜਾਰੀ ਜਮਾਤ ਵਲੋਂ ਇਸ ਸ਼ਬਦ ਵਿਚ ਪਾੲੈ ਭੁਲੇਖਿਆਂ ਦੇ ਨਿਵਾਰਨ , ਅਤੇ ਕੁਝ ਹੋਰ ਗਲਤ ਫਹਿਮੀਆਂ ਦੂਰ ਕਰਨ ਲਈ , ਗੁਰੁ ਗ੍ਰੰਥ ਸਾਹਿਬ ਵਿਚਲੇ , ਬਾਬਰ ਦੇ ਹਮਲੇ ਨਾਲ ਸਬੰਧਤ , ਤਿੰਨ ਹੋਰ ਸ਼ਬਦਾਂ ਦੀ ਵਿਚਾਰ , ਬਹੁਤ ਲਾਹੇਵੰਦ ਹੋਵੇਗੀ , ਆਉ ਵਿਚਾਰ ਕਰਦੇ ਹਾਂ । ਦੋ ਸ਼ਬਦ 417 ਅੰਗ ਤੇ ਹਨ , ਜਿਨ੍ਹਾਂ ਵਿਚੋਂ ਪਹਿਲੇ ਦੀ ਰਹਾਉ ਦੀ ਤੁਕ ਹੈ ,
ਆਦੇਸੁ ਬਾਬਾ ਆਦੇਸੁ ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥1॥ਰਹਾਉ॥
ਹੇ ਬਾਬਾ , ਹੇ ਪ੍ਰਭੂ ਤੈਨੂੰ ਹੀ ਆਦੇਸ ਹੈ , ਨਮਸਕਾਰ ਹੈ । ਹੇ ਇਸ ਸ੍ਰਿਸ਼ਟੀ ਦੇ ਮੁੱਢ , ਸੰਸਾਰ ਦੇ ਇਕੋ ਇਕ ਪੁਰਸ਼ ( ਗੁਰਬਾਣੀ ਅਨੁਸਾਰ ਉਹੀ ਇਕ ਪੁਰਸ਼ ਹੈ ਬਾਕੀ ਸਬ ਉਸ ਦੀਆਂ ਜੀਵ ਇਸਤ੍ਰੀਆਂ ਹਨ ) ਤੇਰੇ ਕੌਤਕਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ , ਤੂੰ ਆਪ ਹੀ ਇਹ ਸਾਰੇ ਕੌਤਕ ਕਰ ਕੇ , ਆਪ ਹੀ ਉਨ੍ਹਾਂ ਦੀ ਦੇਖ ਭਾਲ ਕਰਦਾ ਹੈਂ ।
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅiਨ੍ ਗਲ ਵਿਚ ਆਵੈ ਧੂੜਿ ॥
ਮਹਿਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲiਨ੍ ਹਦੂਰਿ ॥1॥
ਜਿਨ੍ਹਾਂ ਸੁੰਦਰੀਆਂ ਦੇ ਸਿਰ ਦੇ ਵਾਲ , ਚੰਗੀ ਤਰ੍ਹਾਂ ਸਵਾਰ ਕੇ ਪੱਟੀਆਂ ਬਣਾਈਆਂ ਹੁੰਦੀਆਂ ਸਨ , ਚੀਰ ਦੇ ਵਿਚ ਸੰਧੂਰ ਪਾਇਆ ਹੁੰਦਾ ਸੀ , ਹੁਣ ਉਨ੍ਹਾਂ ਦੇ ਸਿਰਾਂ ਦੇ ਵਾਲ , ਕੈਂਚੀ ਨਾਲ ਮੁੰਨ (ਕੱਟ) ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਸਿਰ ਮੂੰਹ ਤੇ ਧੂੜ , ਘੱਟਾ-ਮਿੱਟੀ ਪੈ ਰਿਹਾ ਹੈ । ਜਿਹੜੀਆਂ ਪਹਿਲਾਂ ਮਹਿਲਾਂ ਦੀਆਂ ਵਾਸੀ , ਮਹਿਲਾਂ ਦੀਆਂ ਮਾਲਕ ਸਨ , ਅੱਜ ਉਨ੍ਹਾਂ ਨੂੰ ਮਹਿਲਾਂ ਦੇ ਨੇੜੇ ਬੈਠਣ ਦੀ ਵੀ ਇਜਾਜ਼ਤ ਨਹੀਂ ।
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥ 2 ॥ (417)
ਇਹ ਸੁੰਦਰੀਆਂ ਜਦ ਵਿਆਹ ਕੇ ਆਈਆਂ ਸਨ , ਇਨ੍ਹਾਂ ਦੇ ਪਤੀ ਇਨ੍ਹਾਂ ਕੋਲ ਸੋਭਦੇ ਸਨ । ਉਹ ਡੋਲੀ ਵਿਚ ਚੜ੍ਹ ਕੇ ਆਈਆਂ ਸਨ , ਉਨ੍ਹਾਂ ਦੀਆਂ ਬਾਹਾਂ ਵਿਚ , ਹਾਥੀ ਦੰਦ ਦੇ ਬਣੇ ਹੋਏ ਚੂੜੇ ਸਜਾਏ ਹੋਏ ਸਨ । ਉਨ੍ਹਾਂ ਦੇ ਉਤੋਂ ਦੀ ਪਾਣੀ ਵਾਰ ਹੁੰਦਾ ਸੀ , ਸ਼ੀਸ਼ਿਆਂ ਨਾਲ ਜੜੇ ਪੱਖੇ ਉਨ੍ਹਾਂ ਦੇ ਹੱਥਾਂ ਵਿਚ ਲਿਸ਼ਕਦੇ ਸਨ ।
ਇਕੁ ਲਖੁ ਲਹiਨ੍ ਬਹਿਠੀਆ ਲਖੁ ਲਹiਨ੍ ਖੜੀਆ ॥
ਗਰੀ ਛੁਹਾਰੇ ਖਾਂਦੀਆ ਮਾਣiਨ੍ ਸੇਜੜੀਆ ॥
ਤਿਨ੍ ਗਲਿ ਸਿਲਕਾ ਪਾਈਆ ਤੁਟiਨ੍ ਮੋਤਸਰੀਆ ॥3॥
ਜਿਨ੍ਹਾਂ ਸੁੰਦਰੀਆਂ ਨੂੰ ਸਹੁਰੇ ਘਰ ਆ ਕੇ ਉਠਦਿਆਂ ਬੈਠਦਿਆਂ ਸਗਨਾਂ ਵਜੋਂ ਲੱਖਾਂ ਰੁਪਏ ਦਿੱਤੇ ਜਾਂਦੇ ਸਨ । ਗਰੀ ਛੁਹਾਰੇ ਆਦਿ ਕੀਮਤੀ ਮੇਵੇ ਖਾਂਦੀਆਂ ਸਨ ਅਤੇ ਸੁਖਦਾਈ ਸੇਜਾਂ ਮਾਣਦੀਆਂ ਸਨ , ਅੱਜ ਉਨ੍ਹਾਂ ਦੇ ਗਲਾਂ ਵਿਚ ਰੱਸੀਆਂ , ਜ਼ੰਜੀਰਾਂ ਪਈਆਂ ਹੋਈਆਂ ਹਨ , ਉਨ੍ਹਾਂ ਦੇ ਗਲਾਂ ਵਿਚ ਪਏ ਹੋਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ ।
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍I ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥4॥
ਜਿਸ ਧਨ ਅਤੇ ਜੋਬਨ ਦਾ ਉਨ੍ਹਾਂ ਨੂੰ ਨਸ਼ਾ ਚੜ੍ਹਿਆ ਹੋਇਆ ਸੀ , ਜਿਨ੍ਹਾਂ ਕਾਰਨ ਉਹ ਰੰਗ ਰਲੀਆਂ ਮਾਣਦੀਆਂ ਸਨ , ਅੱਜ ਇਹ ਦੋਵੇਂ ਹੀ ਉਨ੍ਹਾਂ ਦੇ ਵੈਰੀ ਬਣੇ ਹੋਏ ਹਨ । ਅੱਜ ਬਾਬਰ ਦੇ ਸਿਪਾਹੀ , ਉਸ ਦੇ ਹੁਕਮ ਮੁਤਾਬਕ , ਉਨ੍ਹਾਂ ਸੁੰਦਰੀਆਂ ਨੂੰ ਲਿਜਾ ਕੇ ਉਨ੍ਹਾਂ ਦੀ ਪੱਤ ਰੋਲ ਰਹੇ ਹਨ ।
ਇਹ ਸਭ ਕੁਝ ਕਰਤਾਰ ਦੇ ਭਾਣੇ ਵਿਚ ਹੀ ਹੋ ਰਿਹਾ ਹੈ , ਜੇ ਉਸ ਨੂੰ ਚੰਗਾ ਲਗੇ , (ਬੰਦਾ ਉਸ ਦੇ ਭਾਣੇ ਵਿਚ ਚਲੇ ) ਤਾਂ ਪ੍ਰਭੂ ਬੰਦੇ ਨੂੰ ਵਡਿਆਈ ਦਿੰਦਾ ਹੈ । ਜੇ ਉਸ ਨੂੰ ਭਾਵੇ , ( ਬੰਦਾ ਉਸ ਦੀ ਰਜ਼ਾ ਵਿਚ ਨਾ ਚਲੇ ) ਤਾਂ ਪ੍ਰਭੂ ਉਸ ਨੂੰ ਸਜ਼ਾ ਦਿੰਦਾ ਹੈ ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥5॥
ਹਿੰਦੁਸਤਾਨ ਦੇ ਸ਼ਾਹਾਂ , ਹਾਕਮਾਂ , ਬਾਦਸ਼ਾਹਾਂ ਨੇ ਰੰਗ ਤਮਾਸ਼ਿਆਂ ਵਿਚ ਅਪਣੀ ਹੋਸ਼ ਭੁਲਾਈ ਹੋਈ ਸੀ , ਉਹ ਇਹ ਭੁੱਲੀ ਬੈਠੇ ਸਨ ਕਿ ਜਿਨ੍ਹਾਂ ਕੋਲੋਂ ਅਸੀਂ ਕਰ ਵਸੂਲਦੇ ਹਾਂ ਉਨ੍ਹਾਂ ਦੀ ਹਿਫਾਜ਼ਤ ਕਰਨਾ ਵੀ ਸਾਡਾ ਫਰਜ਼ ਹੈ । ਜੇ ਉਹ ਅਪਣੇ ਫਰਜ਼ ਪ੍ਰਤੀ ਪਹਿਲਾਂ ਹੀ ਸੁਚੇਤ ਹੁੰਦੇ ਤਾਂ , ਉਨ੍ਹਾਂ ਨੂੰ ਇਹ ਸਜ਼ਾ ਕਿਉਂ ਮਿਲਦੀ ?
ਹੁਣ ਜਦ ਬਾਬਰਵਾਣੀ ਫਿਰ ਗਈ ਹੈ , ਬਾਬਰ ਦਾ ਹੁਕਮ ਲਾਗੂ ਹੋ ਗਿਆ ਹੈ , ਅਜਿਹੀ ਹਾਲਤ ਵਿਚ , ਬੀਤੇ ਕੱਲ ਦੇ ਸ਼ਹਿਜ਼ਾਦਿਆਂ ਨੂੰ ਰੋਟੀ ਮਿਲਣੀ ਵੀ ਮੁਸ਼ਕਲ ਹੋ ਰਹੀ ਹੈ ।
ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
ਰਾਮ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਆਇ ॥6॥
ਇਸ ਹਾਲਤ ਵਿਚ ਮੁਸਲਮਾਨੀਆਂ ਦੇ ਨਮਾਜ਼ ਦੇ ਵੇਲੇ ਖੁੰਞ ਰਹੇ ਹਨ , ਹਿੰਦੂ ਜਨਾਨੀਆਂ ਦੇ ਪੂਜਾ ਦੇ ਵੇਲੇ ਖੁੰਞ ਰਹੇ ਹਨ । ਜੋ ਹਿੰਦੂ ਔਰਤਾਂ , ਨਹਾ ਕੇ , ਟਿੱਕੇ ਲਗਾ ਕੇ ਸੁੱਚੇ ਚੌਂਕੈ ਵਿਚ ਬੈਠਦੀਆਂ ਸਨ , ਹੁਣ ਨਾ ਤਾਂ ਉਹ ਨਹਾ ਧੋ ਕੇ ਟਿੱਕੇ ਲਗਾਉਣ ਜੋਗੀਆਂ ਰਹਿ ਗਈਆਂ ਹਨ , ਨਾ ਸੁੱਚੇ ਚੌਂਕੇ ਹੀ ਰਹਿ ਗਏ ਹਨ । ਜਿਨ੍ਹਾਂ ਨੂੰ ਧਨ ਜੋਬਨ ਦੇ ਮਾਣ ਵਿਚ ਕਦੇ ਰਾਮ ਦਾ ਨਾਮ ਵੀ ਚੇਤੇ ਨਹੀਂ ਆਉਂਦਾ ਸੀ , ਹੁਣ ਬਾਬਰ ਦੇ ਸਿਪਾਹੀਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਕੋਲੋਂ ਖੁਦਾ ਵੀ ਨਹੀਂ ਕਹਿਆ ਜਾਂਦਾ ।
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
ਇਕਨ੍w ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥7॥11॥
ਇਸ ਕਾਰੇ ‘ਚੋਂ ਬਚੇ ਜੋ ਲੋਕ ਅਪਣੇ ਘਰ ਆਉਂਦੇ ਹਨ , ਉਹ ਇਕ ਦੂਸਰੇ ਨੂੰ ਮਿਲ ਮਿਲ ਕੇ ਸੁਖ ਸਾਂਦ ਪੁਛਦੇ ਹਨ । ਜਿਨ੍ਹਾਂ ਦੇ ਘਰ ਵਾਲੇ ਮਾਰੇ ਗੲy , ਜਾਂ ਕੈਦ ਕਰ ਲਏ ਗੲy ਹਨ , ਉਨ੍ਹਾਂ ਦੀ ਕਿਸਮਤ ਵਿਚ ਇਹ ਬਿਪਤਾ ਹੀ ਲਿਖੀ ਹੋਈ ਸੀ , ਉਹ ਇਕ ਦੂਸਰੇ ਕੋਲ ਬੈਠ ਕੇ ਅਪਣੇ ਦੁਖ ਰੋਂਦੇ ਹਨ ।
ਹੇ ਨਾਨਕ ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ ? ਉਹੀ ਕੁਝ ਵਾਪਰਦਾ ਹੈ ਜੋ ਉਸ ਮਾਲਕ ਨੂੰ ਭਾਉਂਦਾ ਹੈ ।
ਇਸ ਪੂਰੇ ਸ਼ਬਦ ਵਿਚ , ਕਿਤੇ ਕਿਸੇ ਲਾਚਾਰ ਮਜਬੂਰ ਬੰਦੇ ਦੀ ਗੱਲ ਨਹੀਂ ਹੈ , ਬਲਕਿ ਉਨ੍ਹਾਂ ਦੀ ਗੱਲ ਹੈ ਜੋ ਰਾਜ ਨਾਲ ਸਬੰਧਤ ਮੌਜਾਂ ਮਾਣਦੀਆਂ ਸਨ , ਜਿਨ੍ਹਾਂ ਨੂੰ ਸਗਨਾਂ ਵਜੋਂ ਹੀ ਲੱਖਾਂ ਰੁਪਏ ਮਿਲਦੇ ਸਨ । ਧਨ ਤੇ ਜੋਬਨ ਵਿਚ ਮਸਤ ਸਨ । ਜਿਨ੍ਹਾਂ ਨੇ ਸੁਚੇਤ ਹੋ ਕੇ ਕਦੇ ਅਪਣਾ ਫਰਜ਼ ਨ੍ਹੀਂ ਨਿਭਾਇਆ । ਉਨ੍ਹਾਂ ਦੀ ਗੱਲ ਹੈ , ਜਿਨ੍ਹਾਂ ਨੂੰ ਅਪਣੇ ਕਰਮ ਕਾਂਡਾਂ ਵਿਚੋਂ ਕਦੇ ਰੱਬ ਨੂੰ ਯਾਦ ਕਰਨ ਦਾ ਵੀ ਵੇਹਲ ਨਹੀਂ ਮਿਲਦਾ ਸੀ । ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ , ਫਿਰ ਰੱਬ ਨੂੰ ਨਿਹੋਰਾ ਮਾਰਨ ਦੀ ਗੱਲ ਕਿਵੇਂ ?
ਦੂਸਰੇ ਸ਼ਬਦ ਦੀ ਰਹਾਉ ਦੀ ਤੁਕ ਹੈ ,
ਇਹੁ ਜਗੁ ਤੇਰਾ ਤੂ ਗੋਸਾਈ ॥
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥1॥ਰਹਾਉ ॥
ਹੇ ਪ੍ਰਭੂ ਇਹ ਸਾਰਾ ਜਗਤ ਤੇਰਾ ਹੈ , ਤੂੰ ਹੀ ਇਸ ਦਾ ਇਕੋ ਇਕ ਮਾਲਕ ਹੈਂ , ਤੇਰੇ ਬਗੈਰ ਹੋਰ ਕਿਸੇ ਦਾ ਕੋਈ ਵਜੂਦ ਨਹੀਂ।
ਇਹ ਤੇਰੀ ਅਸਚਰਜ ਸਮਰਥਾ ਹੈ ਕਿ ਤੂੰ ਇਕ ਘੜੀ ਵਿਚ , ਜਗਤ ਵਿਚਲੇ ਜੀਵਾਂ ਨੂੰ ਮਾਇਆ ਬਖਸ਼ ਕੇ ਸਥਾਪਤ ਕਰ ਦਿੰਦਾ ਹੈਂ , ਉਹ ਮਾਇਆ ਦੇ ਰੰਗਾਂ ਵਿਚ ਤੈਨੂੰ ਵੀ ਭੁੱਲ ਜਾਂਦੇ ਹਨ , ਫਿਰ ਤੂੰ ਇਕ ਪਲ ਵਿਚ ਹੀ , ਉਨ੍ਹਾਂ ਜੀਵਾਂ ਨੂੰ ਖਤਮ ਕਰ ਕੇ , ਜਿਸ ਮਾਇਆ ਆਸਰੇ ਉਹ ਤੈਨੂੰ ਵੀ ਭੁੱਲ ਗਏ ਸਨ , ਉਸ ਮਾਇਆ ਨੂੰ ਦੂਸਰਿਆਂ ਵਿਚ ਵੰਡ ਦਿੰਦਾ ਹੈਂ ।
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥ (417)
ਕਿੱਥੇ ਹਨ ਪਠਾਣਾਂ ਦੇ ਖੇਡ ਤਮਾਸ਼ੇ ? ਕਿੱਥੇ ਹਨ ਘੋੜੇ ਅਤੇ ਉਨ੍ਹਾਂ ਦੇ ਤਬੇਲੇ ? ਕਿੱਥੇ ਗਏ ਨਗਾਰੇ ਤੇ ਤੂਤੀਆਂ ? ਕਿੱਥੇ ਹਨ ਪਸ਼ਮੀਨੇ ਦੇ ਗਾਤਰੇ ਅਤੇ ਫੌਜੀਆਂ ਦੀਆਂ ਲਾਲ ਵਰਦੀਆਂ ? ਕਿੱਥੇ ਹਨ ਸ਼ੀਸ਼ੇ ਅਤੇ ਉਨ੍ਹਾਂ ਵਿਚ ਵੇਖੈ ਜਾਣ ਵਾਲੇ ਸੋਹਣੇ ਮੂੰਹ ? ਹੁਣ ਇਨ੍ਹਾਂ ਵਿਚੋਂ ਕੁਝ ਵੀ ਏਥੇ ਨਜ਼ਰ ਨਹੀਂ ਆਉਂਦਾ ।
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸ ਵੇਖਿ ਨੀਦ ਨ ਪਾਈ ॥
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥ 2 ॥
ਉਹ ਸੋਹਣੇ ਘਰ , ਮਹਲ ਮਾੜੀਆਂ , ਸੋਹਣੀਆਂ ਸਰਾਵਾਂ ਕਿੱਥੇ ਹਨ ? ਉਹ ਸੋਹਣੀ ਸੇਜ , ਉਸ ਤੇ ਸੁਖ ਦੇਣ ਵਾਲੀ ਸੋਹਣੀ ਇਸਤ੍ਰੀ , ਜਿਸ ਨੂੰ ਵੇਖ ਕੇ ਨੀਂਦ ਉੜ ਜਾਂਦੀ ਸੀ , ਕਿੱਥੇ ਹੈ ? ਉਹ ਪਾਨ , ਪਾਨ ਵੇਚਣ ਵਾਲੀਆਂ , ਹਰਮਾਂ ਦੇ ਪਰਦੇ ਵਿਚ ਰਹਣ ਵਾਲੀਆਂ ਪਰਦੇਦਾਰ ਜਨਾਨੀਆਂ ਕਿੱਥੇ ਹਨ ? ਇਹ ਸਭ ਕੁਝ ਪਲਾਂ ਵਿਚ ਪਰਛਾਵੇਂ ਵਾਙ ਅਲੋਪ ਹੋ ਗਿਆ ਹੈ ।
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਜਿਸ ਨੋ ਆਪਿ ਖੁਆਇ ਕਰਤਾ ਖੁਸਿ ਲਏ ਚੰਗਿਆਈ ॥3॥
ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ , ਇਸ ਦੌਲਤ ਨੇ ਦੁਨੀਆ ਨੂੰ ਬਹੁਤ ਖੁਆਰ ਕੀਤਾ ਹੈ । ਮਜ਼ੇ ਦੀ ਗੱਲ ਹੈ ਕਿ ਇਹ ਦੌਲਤ ਪਾਪ ਕੀਤੇ ਬਗੈਰ , ਦੂਸਰਿਆਂ ਦਾ ਹੱਕ ਮਾਰੇ ਬਗੈਰ ਇਕੱਠੀ ਨਹੀਂ ਹੁੰਦੀ , ਅਤੇ ਮਰਨ ਵੇਲੇ ਕਿਸੇ ਦੇ ਨਾਲ ਨਹੀਂ ਜਾਂਦੀ । ਏਥੇ ਦੁਨੀਆਂ ਵਿਚ ਹੀ ਰਹ ਜਾਂਦੀ ਹੈ , ਇਸ ਖਾਤਰ ਕੀਤੇ ਪਾਪ , ਲੇਖਾ ਦੇਣ ਲਈ ਨਾਲ ਜਾਂਦੇ ਹਨ । ਪਰ ਜੀਵ ਵੀ ਵਿਚਾਰਾ ਕੀ ਕਰੇ , ਪਰਮਾਤਮਾ ਜਿਸ ਬੰਦੇ ਨੂੰ ਉਸ ਦੇ ਕੀਤੇ ਕਰਮਾਂ ਦਾ ਲੇਖਾ ਭੁਗਤਾਉਣ ਲਈ ਕੁਰਾਹੇ ਪਾਉਂਦਾ ਹੈ , ਪਹਿਲਾਂ ਉਸ ਦੀ ਚੰਗਿਆਈ ਖੋਹ ਲੈਂਦਾ ਹੈ ।
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ 4 ॥
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਬਾਬਰ ਬਾਦਸ਼ਾਹ ਹਮਲਾ ਕਰ ਕੇ ਆ ਰਿਹਾ ਹੈ , ਤਾਂ ਉਨ੍ਹਾਂ ਨੇ ਫੌਜੀ ਤਿਆਰੀ ਕਰਨ ਦੀ ਥਾਂ , ਅਨੇਕਾਂ ਹੀ ਪੀਰਾਂ ਨੂੰ , ਜਾਦੂ ਟੂਣੇ ਕਰਨ ਲਈ ਸੱਦ ਕੇ ਰੋਕ ਲਿਆ । ਉਨ੍ਹਾਂ ਦੇ ਤਸਬੀਹਾਂ ਫੇਰਨ ਦਾ , ਜਾਦੂ ਟੂਣੇ ਕਰਨ ਦਾ ਕੋਈ ਫਾਇਦਾ ਨਾ ਹੋਇਆ , ਕੋਈ ਕਰਾਮਾਤ ਨਾ ਵਾਪਰੀ , ਕੋਈ ਇਕ ਵੀ ਮੁਗਲ ਅੰਨ੍ਹਾ ਨਾ ਹੋਇਆ । ਉਨ੍ਹਾਂ ਦੇ ਸਾਮ੍ਹਣੇ ਹੀ , ਪੱਕੇ ਅਸਥਾਨ ਮਹਲ , ਸੜ ਕੇ ਸੁਆਹ ਹੋ ਗਏ , ਸ਼ਹਿਜ਼ਾਦੇ ਟੋਟੇ ਟੋਟੇ ਹੋ ਕੇ , ਮਿੱਟੀ ਵਿਚ ਰੁੱਲ ਗਏ ।
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
ਓਨ੍I ਤੁਪਕ ਤਾਣਿ ਚਲਾਈ ਓਨ੍I ਹਸਤਿ ਚਿੜਾਈ ॥
ਜਿਨ੍ ਕੀ ਚੀਰੀ ਦਰਗਹ ਪਾਟੀ ਤਿਨ੍w ਮਰਣਾ ਭਾਈ ॥5 ॥
ਜਦੋਂ ਮੁਗਲਾਂ ਅਤੇ ਪਠਾਣਾਂ ਵਿਚ ਲੜਾਈ ਹੋਈ, ਤਾਂ ਲੜਾਈ ਵਿਚ ਦੋਵਾਂ ਨੇ ਮੈਦਾਨ ਵਿਚ ਚੰਗੀ ਤੇਗ ਵਾਹੀ , ਪਰ ਜਿੱਥੇ ਗੱਲ ਬੰਦੂਕਾਂ ਦੀ ਆ ਗਈ ਤਾਂ ਮੁਗਲਾਂ ਨੇ ਤਾਣ ਤਾਣ ਕੇ ਬੰਦੂਕਾਂ ਚਲਾਈਆਂ ( ਕਿਉਂਕਿ ਉਨ੍ਹਾਂ ਕੋਲ ਲੜਾਈ ਦੀ ਤਿਆਰੀ ਵਜੋਂ ਬੰਦੂਕਾਂ ਸਾਫ ਸੁਥਰੀਆਂ ਅਤੇ ਕਾਰਤੂਸ ਨਵੇਂ ਸਨ ।) ਪਰ ਪਠਾਣਾਂ ਦੀਆਂ ਬੰਦੂਕਾਂ , ਉਨ੍ਹਾਂ ਦੇ ਹੱਥਾਂ ਵਿਚ ਹੀ ਚਿੜ ਚਿੜ ਕਰ ਕੇ ਰਹ ਗਈਆਂ । (ਕਿਉਂਕਿ ਉਨ੍ਹਾਂ ਨੇ ਲੜਾਈ ਦੀ ਤਿਆਰੀ ਲਈ ਹਥਿਆਰ ਸੰਭਾਲਣ ਨਾਲੋਂ ਜਾਦੂ ਟੂਣਿਆਂ ਤੇ ਜ਼ਿਆਦਾ ਭਰੋਸਾ ਕੀਤਾ ਸੀ । ਉਨ੍ਹਾਂ ਦੀਆਂ ਬੰਦੂਕਾਂ ਅਣਗੌਲੀਆਂ ਅਤੇ ਕਾਰਤੂਸ ਪੁਰਾਣੇ ਸਨ ।) ਜਿਨ੍ਹਾਂ ਦੀ ਜ਼ਿੰਦਗੀ ਦੀ ਚਿੱਠੀ ਦਰਗਾਹ ਤੋਂ ਹੀ ਪਾਟ ਜਾਂਦੀ ਹੈ , ਉਨ੍ਹਾਂ ਨੇ ਤਾਂ ਮਰਨਾ ਹੀ ਹੁੰਦਾ ਹੈ ।
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
ਇਕਨ੍w ਪੇਰਣ ਸਿਰ ਖੁਰ ਪਾਟੇ ਇਕਨ੍w ਵਾਸ ਮਸਾਣੀ ॥
ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ ॥6॥ (418)
ਕੀ ਹਿੰਦੂ ਜਨਾਨੀਆਂ ਤੇ ਕੀ ਮੁਸਲਮਾਨੀਆਂ , ਕੀ ਪੰਡਤਾਣੀਆਂ ਤੇ ਕੀ ਠੁਕਰਾਣੀਆਂ , ਸਭ ਦਾ ਇਕੋ ਹਾਲ ਸੀ । ਕਈਆਂ ਦੇ ਤਾਂ ਬੁਰਕੇ , ਪਹਿਨਣ ਵਾਲੇ ਕਪੜੇ , ਸਿਰ ਤੋਂ ਪੈਰਾਂ ਤਕ ਪਾਟੇ ਹੋਏ ਸਨ , ਇਜ਼ਤ ਲੀਰੋ ਲੀਰ ਹੋ ਰਹੀ ਸੀ । ਕਈ ਮਰ ਕੇ ਮਸਾਣਾਂ ਦੀਆਂ ਵਾਸੀ ਹੋ ਗਈਆਂ ਸਨ । ਜਿਹੜੀਆਂ ਬਚ ਗਈਆਂ ਉਹ ਵੀ ਵਿਚਾਰੀਆਂ ਕੀ ਬਚੀਆਂ , ਜਿਨ੍ਹਾਂ ਦੇ ਪਤੀ , ਮੁੜ ਕੇ ਘਰ ਹੀ ਨਹੀਂ ਆਏ ਉਨ੍ਹਾਂ ਦੀ ਜ਼ਿੰਦਗੀ ਦੀ ਕਾਲੀ ਰਾਤ ਕਿਵੇਂ ਬੀਤੇਗੀ ।
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥
ਇਹ ਸਭ ਕੁਝ ਕਰਨ ਕਰਾਉਣ ਵਾਲਾ ਤਾਂ ਪ੍ਰਭੂ ਆਪ ਹੀ ਹੈ , ਫਿਰ ਇਸ ਬਾਰੇ ਫਰਿਆਦ ਕਿਸ ਕੋਲ ਕੀਤੀ ਜਾ ਸਕਦੀ ਹੈ ? ਹੇ ਪ੍ਰਭੂ ਸਾਰਾ ਦੁਖ ਸੁਖ ਤਾਂ ਤੇਰੇ ਭਾਣੇ , ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ , ਫਿਰ ਇਸ ਬਾਰੇ ਕਿਸ ਕੋਲ ਰੋਣਾ ਰੋਇਆ ਜਾ ਸਕਦਾ ਹੈ ?
ਹੇ ਨਾਨਕ ਹੁਕਮ ਦਾ ਮਾਲਕ ਪ੍ਰਭੂ , ਸਭ ਨੂੰ ਅਪਣੇ ਹੁਕਮ ਵਿਚ ਚਲਾਉਂਦਾ ਹੈ , ਅਤੇ ਅਪਣੇ ਹੁਕਮ ਦੀ ਪਾਲਣਾ ਹੁੰਦੀ ਵੇਖ ਕੇ ਖੁਸ਼ ਹੁੰਦਾ ਹੈ ।
ਇਸ ਵਿਚ ਪ੍ਰਭੂ ਦੀ ਸਮਰੱਥਾ ਦੀ ਗੱਲ ਹੈ , ਫੌਜਾਂ , ਰਾਜਸੀ ਠਾਠ ਦੀ ਗੱਲ ਹੈ । ਮਹਿਲਾਂ , ਸੁਹਣੀਆਂ ਸਰਾਵਾਂ , ਉਨ੍ਹਾਂ ਵਿਚ ਰਾਜਸੀ ਠਾਠ ਨਾਲ ਐਸ਼ ਕਰਨ ਵਾਲੀਆਂ ਜਨਾਨੀਆਂ ਦੀ ਗੱਲ ਹੈ । ਧਨ ਖਾਤਰ ਪਾਪ ਕਰ ਕੇ ਖੁਆਰ ਹੋਣ ਵਾਲਿਆਂ ਦੀ ਗੱਲ ਹੈ । ਇਕ ਰਾਜੇ ਦੇ , ਦੂਸਰੇ ਰਾਜੇ ਵਲੋਂ ਹਮਲਾ ਕਰਨ ਦੀ ਗੱਲ ਸੁਣ ਕੇ , ਅਪਣੇ ਫਰਜ਼ ਤੋਂ ਅਵੇਸਲੇ ਹੋ ਕੇ ਕਰਮ ਕਾਂਡਾਂ ਦਾ ਆਸਰਾ ਲੈਣ ਦੀ ਗੱਲ ਹੈ , ਜਿਸ ਕਾਰਨ ਉਹ ਹਾਰੇ । ਰਾਜ ਮਹਿਲਾਂ ਵਿਚ ਰਹਣ ਵਾਲੀਆਂ ਜਨਾਨੀਆਂ ਦੀ ਗੱਲ ਹੈ, ਜਿਸ ਦਾ ਵੇਰਵਾ ਦਿੰਦਿਆਂ ਵੀ ਕਿਸੇ ਗਰੀਬ ਲਾਚਾਰ ਦੀ ਗੱਲ ਨਹੀਂ ।
ਫਿਰ ਗੁਰੂ ਸਾਹਿਬ ਸਾਫ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ , ਇਸ ਬਾਰੇ ਵੀ ਉਹ ਆਪ ਹੀ ਖਿਆਲ ਰੱਖਦਾ ਹੈ ਕਿ ਹਰ ਕਿਸੇ ਤੇ ਉਸ ਦਾ ਹੁਕਮ ਇਕ ਸਮਾਨ ਲਾਗੂ ਹੋਵੇ । ਫਿਰ ਉਸ ਨੂੰ ਕਿਸੇ ਤਰ੍ਹਾਂ ਦਾ ਉਲਾਮ੍ਹਾ ਦੇਣ ਦੀ ਗੱਲ ਕਿਥੋਂ ਪੈਦਾ ਹੋ ਗਈ ?
ਆਉ ਹੁਣ 722 ਅੰਗ ਵਾਲਾ ਸ਼ਬਦ ਵੀ ਜ਼ਰਾ ਵਿਚਾਰ ਵੇਖੀਐ ,
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮ ਧਰਮ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸ਼ੈਤਾਨ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰ ਹਿੰਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥
ਹੇ ਲਾਲੋ ਮੈਨੂੰ ਪਰਮਾਤਮਾ ਵਲੋਂ ਜੈਸਾ ਗਿਆਨ ਪਰਾਪਤ ਹੁੰਦਾ ਹੈ , ਮੈਂ ਉਸ ਅਨੁਸਾਰ ਹੀ ਲੋਕਾਂ ਨੂੰ ਸੋਝੀ ਦਿੰਦਾ ਹਾਂ , ਤੂੰ ਵੀ ਮੇਰੀ ਗੱਲ ਧਿਆਨ ਨਾਲ ਸੁਣ । ਪਾਪ ਦੀ ਜੰਞ , ਧਰਮ ਹੀਣ ਫੌਜੀਆਂ ਦਾ ਟੋਲਾ ਲੈ ਕੇ , ਬਾਬਰ ਕਾਬਲ ਤੋਂ ਚੜ੍ਹ ਪਿਆ , ਧੱਕੇ ਨਾਲ ਹਿੰਦੁਸਤਾਨ ਦੀ ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹਾ ਹੈ । (ਇਹ ਸ਼ਬਦ ਵਿਆਹ ਦਾ ਅਲੰਕਾਰ ਲੈ ਕੇ ਲਿਖਿਆ ਹੈ )
ਇਸ ਵਿਆਹ ਵਿਚ ਆਮ ਵਿਆਹਾਂ ਵਾਲੇ ਸ਼ਰਮ ਤੇ ਧਰਮ ਦੇ ਦੋਵੇਂ ਕੰਮ ਗਾਇਬ ਹਨ । ਇਸ ਵਿਚ ਹਰ ਥਾਂ ਝੂਠ ਹੀ ਝੂਠ ਪ੍ਰਧਾਨ ਹੋ ਕੇ ਵਰਤ ਰਿਹਾ ਹੈ ।
ਇਸ ਵਿਆਹ ਵਿਚ ਕਾਜ਼ੀਆਂ ਅਤੇ ਬ੍ਰਾਹਮਣਾਂ ਵਲੋਂ ਵਿਆਹ ਕਰਵਾਉਣ ਦੀ ਰੀਤ ਦਾ ਭੋਗ ਪਾ ਦਿੱਤਾ ਗਿਆ ਹੈ , ਹੁਣ ਤਾਂ ਸ਼ੈਤਾਨ ਹੀ ਨਿਕਾਹ ਕਰਵਾ ਰਿਹਾ ਹੈ । ਬਗੈਰ ਰਜ਼ਾਮੰਦੀ , ਜ਼ੋਰ-ਜ਼ਬਰਦਸਤੀ ਹੀ ਸ੍ਰੀਰਕ ਸਬੰਧ ਜੋੜੇ ਜਾ ਰਹੇ ਹਨ ।
ਮੁਸਲਮਾਨੀਆਂ ਇਹ ਸਮਝ ਕੇ ਕਿ ਖੁਦਾ , ਅਲ੍ਹਾ ਨੇ ਵਖਤ ਪਾ ਦਿੱਤਾ ਹੈ , ਧਰਮ ਪੁਸਤਕਾਂ ਪੜ੍ਹ ਰਹੀਆਂ ਹਨ । ਹੇ ਲਾਲੋ ਹਿੰਦੂ ਔਰਤਾਂ ਵੀ ਬਿਨਾ ਕਿਸੇ ਉਚੀ ਨੀਵੀਂ ਜਾਤ ਦੇ ਵਿਤਕਰੇ ਦਾ ਖਿਆਲ ਕੀਤਿਆਂ ਏਸੇ ਲੇਖੇ ਵਿਚ ਸਮਝ ।
ਹੇ ਨਾਨਕ ਇਸ ਵਿਆਹ ਵਿਚ ਖੁਸ਼ੀ ਦੇ ਗੀਤਾਂ ਦੀ ਥਾਂ , ਖੁਨ ਦੇ ਸੋਹਲੇ , ਫੜ ਲਵੋ , ਮਾਰ ਦਿਉ ਗਾਏ ਜਾ ਰਹੇ ਹਨ । ਅਤੇ ਆਪਸ ਵਿਚ ਮਿਲਣ ਸਮੇ ਕੇਸਰ ਛਿੜਕਣ ਦੀ ਥਾਂ , ਖੂਨ ਛਿੜਕਿਆ ਜਾ ਰਿਹਾ ਹੈ ।
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੋਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥
ਇਸ ਮਾਸਪੁਰੀ ਵਿਚ , ਜਿੱਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ , ਉਸ ਸ਼ਹਿਰ ਵਿਚ ਬੈਠ ਕੇ ਨਾਨਕ , ਉਸ ਪ੍ਰਭੂ ਦੇ ਗੁਣ ਗਾਉਂਦਾ ਹੈ । ਹੇ ਲਾਲੋ ਤੂੰ ਵੀ ਇਹੀ ਅਸੂਲ਼ ਦੀ ਗੱਲ ਆਖ , ਉਸ ਪ੍ਰਭੂ ਦੇ ਗੁਣ ਗਾ ।
ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ , ਇਸ ਨੂੰ ਮਾਇਆ ਮੋਹ ਦੇ ਰੰਗ ਵਿਚ ਰੰਗਿਆ ਹੈ , ਉਹ ਆਪ ਇਸ ਮਾਇਆ ਮੋਹ ਤੋਂ ਨਿਰਲੇਪ ਰਹ ਕੇ ਇਹ ਸਾਰਾ ਕੁਝ ਵੇਖ ਰਿਹਾ ਹੈ । ਉਹ ਸਾਹਿਬ , ਮਾਲਿਕ , ਸਚੇ , ਅਟੱਲ ਨਿਯਮਾਂ ਵਾਲਾ ਹੈ , ਉਸ ਦਾ ਨਿਆਂ ਵੀ ਸਚਾ ਹੈ । ਉਹ ਇਸ ਮਸਲ੍ਹੇ ਦਾ ਇੰਸਾਫ ਵੀ ਅਟੱਲ ਨਿਯਮਾਂ ਦੇ ਅਧਾਰ ਤੇ ਕਰੇਗਾ ।
ਇਹ ਜੋ ਕਾਇਆ , ਸ੍ਰੀਰ ਰੂਪੀ ਕਪੜੇ ਦੇ ਟੁਕੜੇ ਟੁਕੜੇ ਹੋ ਰਹੇ ਹਨ , ਇਸ ਨੂੰ ਹਿੰਦੁਸਤਾਨ ਦੀ ਤਾਰੀਖ ਸੰਭਾਲ ਕੇ ਰੱਖੇਗੀ , ਹਮੇਸ਼ਾ ਯਾਦ ਰੱਖੇਗੀ ।
ਜਿਸ ਤਰ੍ਹਾਂ ਇਹ ਸੇਰ ਨੂੰ ਸਵਾ ਸੇਰ ਹੋਕੇ ਟੱਕਰਿਆ ਹੈ , ਇਵੇਂ ਹੀ ਕੋਈ ਹੋਰ , ਮਰਦ , ਪ੍ਰਭੂ ( ਸਿੱਖੀ ਅਨੁਸਾਰ ਸ੍ਰਿਸ਼ਟੀ ਵਿਚ ਪRਭੂ ਹੀ ਇਕੋ ਇਕ ਮਰਦ ਹੈ ) ਦਾ ਚੇਲਾ , ਭਗਤ ਉਠੇ ਗਾ , ਜੋ ਇਸ ਨੂੰ ਵੀ ਟਕਰੇ ਗਾ , ਇਸ ਦਾ ਰਾਜ ਵੀ ਖਤਮ ਕਰੇ ਗਾ । ਇਹ ਆਉਣ ਜਾਣ ਦਾ ਚੱਕਰ ਹਮੇਸ਼ਾ ਚਲਦਾ ਰਹੇਗਾ ।
ਨਾਨਕ ਤਾਂ ਸਦਾ ਕਾਇਮ ਰਹਣ ਵਾਲੇ ਪ੍ਰਭੂ ਦੀ ਸਿਫਤ ਸਾਲਾਹ ਕਰਦਾ ਹੈ , ਹਮੇਸ਼ਾ ਉਸ ਦੀ ਹੀ ਸਿਫਤ ਸਾਲਾਹ ਕਰਦਾ ਰਹੇਗਾ ਕਿਉਂਕਿ ਇਹ ਮਨੁੱਖਾ ਜਨਮ ਤਾਂ ਮਿਲਿਆ ਹੀ ਉਸ ਦੀ ਸਿਫਤ ਸਾਲਾਹ ਕਰਨ ਲਈ ਹੈ ।
ਇਸ ਵਿਚ ਕਰਤਾਰ ਵਲੋਂ ਮਿਲੇ ਗਿਆਨ ਦੀ ਗੱਲ ਹੈ , ਮਾਸ ਪੁਰੀ ਵਿਚ ਬੈਠ ਕੇ ਵੀ , ਉਸ ਪ੍ਰਭੂ ਦੇ ਗੁਣ ਗਾਉਣ, ਉਸ ਦੀ ਰਜ਼ਾ ਵਿਚ ਚੱਲਣ ਦੀ ਗੱਲ ਹੈ । ਉਸ ਬਾਰੇ ਇਸ ਵਿਸ਼ਵਾਸ ਦੀ ਗੱਲ ਹੈ ਕਿ ਉਹ ਇਸ ਮੁਆਮਲੇ ਵਿਚ ਵੀ , ਅਪਣੇ ਅਟੱਲ ਨਿਯਮਾਂ ਅਨੁਸਾਰ ਹੀ ਇੰਸਾਫ ਕਰੇਗਾ । ਇਹ ਸੋਝੀ ਦਿੱਤੀ ਹੈ ਕਿ ਹਰ ਹਾਲਤ ਵਿਚ ਉਸ ਦੀ ਰਜ਼ਾ ਵਿਚ ਚਲਦਿਆਂ ਉਸ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ । ਇਸ ਹਾਲਤ ਵਿਚ ਪ੍ਰਭੂ ਨੂੰ ਉਲਾਮ੍ਹਾ ਦੇਣ ਜਾਂ ਉਸ ਨੂੰ ਨਿਹੋਰਾ ਮਾਰਨ ਦੀ ਕੀ ਗੱਲ ?
ਇਸ ਗੱਲ ਨੂੰ ਖਾਲੀ ਆਖਿਆ ਹੀ ਨਹੀਂ ਬਲਕਿ 240 ਸਾਲ ਕਰੀਬ ਪੰਜਵੇਂ ਨਾਨਕ ਦੇ ਰੂਪ ਵਿਚ , ਛੇਵੇਂ ਨਾਨਕ ਦੇ ਰੂਪ ਵਿਚ , ਨੌਵੇਂ ਨਾਨਕ ਦੇ ਰੂਪ ਵਿਚ ਦਸਵੇਂ ਨਾਨਕ ਦੇ ਰੂਪ ਵਿਚ , ਅਪਣੇ ਪਿੰਡੇ ਤੇ ਅੱਤ ਦੇ ਤਸੀਹੇ ਝੱਲ ਕੇ ਵੀ , ਉਸ ਦਾ ਸ਼ੁਕਰ , ਉਸ ਦੀ ਸਿਫਤ ਸਾਲਾਹ ਹੀ ਕIqI ਹੈ । ਇਸ ਦਾ ਅਨੁਸਰਨ ਕਰਦਿਆਂ ਹੀ ਸਿੱਖਾਂ ਨੇ ਵੀ , ਗਿਣਤੀ ਤੋਂ ਬਾਹਰੀਆਂ ਕੁਰਬਾਨੀਆਂ ਦੇ ਕੇ ਵੀ , ਪਰਮਾਤਮਾ ਦਾ ਸ਼ੁਕਰ ਹੀ ਕੀਤਾ ਹੈ , ਕਦੀ ਕੋਈ ਗਿਲ੍ਹਾ ਸ਼ਿਕਵਾ ਨਹੀਂ ਕੀਤਾ , ਕਦੀ ਵੀ ਡੋਲੇ ਨਹੀਂ ।
ਜਦੋਂ ਤੋਂ ਉਦਾਸੀਆਂ , ਨਿਰਮਲਿਆਂ ਨੇ ਬਾਣੀ ਦੀ ਗਲਤ ਵਿਆਖਿਆ ਕਰਦਿਆਂ , ਬਾਬਾ ਨਾਨਕ ਜੀ ਨੂੰ ਹੀ , ਰੱਬ ਦੇ ਵਿਸ਼ਵਾਸ ਤੋਂ ਥਿੜਕਿਆ , ਅਕਾਲ ਪੁਰਖ ਨੂੰ ਉਲ੍ਹਾਮੇ ਦਿੰਦੇ ਵਿਖਾਇਆ ਹੈ , ਤਦ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਇਕ ਅਕਾਲ ਵਲੋਂ ਥਿੜਕ ਕੇ , ਗੰਦ ਭਰੇ ਪੁਤਲਿਆਂ ਤੇ ਟਿਕਿਆ ਹੈ , ਜਿਸ ਦਾ ਫੱਲ ਸਿੱਖ ਭੁਗਤ ਰਹੇ ਹਨ ।
ਜਦ ਤਕ ਇਕ ਅਕਾਲ , ਉਸ ਦੇ ਅਟੱਲ ਨਿਯਮਾਂ ਤੇ ਪੂਰਨ ਵਿਸ਼ਵਾਸ ਨਹੀਂ ਹੁੰਦਾ , ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚਲਣਾ ਹੀ , ਬੰਦੇ ਲਈ ਲਾਹੇਵੰਦ ਹੋਣ ਤੇ ਭਰੋਸਾ ਨਹੀਂ ਹੁੰਦਾ । ਵਿਖਾਵੇ ਦੇ ਕਰਮ ਕਾਂਡਾਂ ਤੋਂ ਜਾਨ ਨਹੀਂ ਛਡਾਉਂਦੇ , ਤਦ ਤਕ ਇਹ ਨਿਘਾਰ , ਨਿਰੰਤਰ ਜਾਰੀ ਰਹਣਾ ਹੈ । ਭਲਾ ਏਸੇ ਵਿਚ ਹੀ ਹੈ ਕਿ ਅਸੀਂ ਇਸ ਅਟੱਲ ਸਚਾਈ ਤੇ ਛੇਤੀ ਤੋਂ ਛੇਤੀ ਭਰੋਸਾ ਕਰ ਕੇ , ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਤੇ ਉਸ ਦੇ ਸਹੀ ਅਰਥਾਂ ਨਾਲ ਜੁੜੀਏ ।
ਅਮਰ ਜੀਤ ਸਿੰਘ ਚੰਦੀ
ਫੋਨ : 9568541414