ਗੁਰਮਤਿ ਵਿਆਖਿਆ (ਭਾਗ ਬਾਰ੍ਹਵਾਂ)
ਗੁਰਬਾਣੀ ਦਰਸ਼ਨ !
(ਗੁਰਬਾਣੀ ਦਾ ਫਲਸਫਾ)
(ਗੁਰਮਤਿ ਸਿਧਾਂਤ)
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥
ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥
ਕੇਤੇ ਖਪਿ ਤੁਟਹਿ ਵੇਕਾਰ ॥
ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥
ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥
ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥25॥
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥
ਹੇ ਭਾਈ ਉਹ ਦਾਤਾ , ਸਭ ਨੂੰ ਦਾਤਾਂ ਦੇਣ ਵਾਲਾ , ਬਹੁਤ ਵੱਡਾ , ਸਭ ਤੋਂ ਵੱਡਾ ਹੈ । ਉਸ ਦੀ ਇਹ ਵਡਿਆਈ ਵੀ ਸਭ ਤੋਂ ਵੱਡੀ ਹੈ ਕਿ , ਉਸ ਨੂੰ ਤਿਲ ਮਾਤ੍ਰ ਵੀ ਤਮਾ , ਲਾਲਚ ਨਹੀਂ ਹੈ । ਸਾਰੀਆਂ ਦਾਤਾਂ ਤਾਂ ਉਸ ਦੀਆਂ ਆਪਣੀਆਂ ਹੀ ਦਿੱਤੀਆਂ ਹੋਈਆਂ ਹਨ , ਫਿਰ ਉਸ ਨੂੰ , ਇਨ੍ਹਾਂ ਵਿਚੋਂ ਕਿਸ ਚੀਜ਼ ਦਾ ਲਾਲਚ ਹੋ ਸਕਦਾ ਹੈ ? ਅਸੀਂ ਗੁਰੂ ਦੇ ਅੱਗੇ ਪੈਸੇ ਜਾਂ ਹੋਰ ਸਮਾਨ ਰੱਖ ਕੇ ਮੱਥਾ ਟੇਕਦੇ ਹਾਂ , ਪਰ ਇਹ ਕਦੇ ਨਹੀਂ ਸੋਚਿਆ ਕਿ ਸ਼ਬਦ ਗੁਰੂ ਜਾਂ ਪਰਮਾਤਮਾ ਗੁਰੂ ਨੂੰ , ਇਨ੍ਹਾਂ ਚੀਜ਼ਾਂ ਦੀ ਕੀ ਲੋੜ ਹੈ ? ਪੈਸੇ ਦੀ ਲੋੜ ਸਾਨੂੰ , ਗੁਰਦਵਾਰੇ ਦਾ ਪ੍ਰਬੰਧ ਚਲਾਉਣ ਲਈ ਹੁੰਦੀ ਹੈ , ਉਸ ਲੋੜ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਅਤੇ ਸ਼ਬਦ ਗੁਰੂ ਦੇ ਵਿਚਾਲੇ , ਗੋਲਕ ਰੂਪੀ ਮਾਇਆ ਕਿਉਂ ਸਥਾਪਤ ਕਰ ਲਈ ਹੈ ? ਜਦ ਕਿ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੀ “
ਕਿਵ ਕੂੜੈ ਤੁਟੈ ਪਾਲਿ ॥ ”
ਬੰਦੇ ਅਤੇ ਪਰਮਾਤਮਾ ਦੇ ਵਿਚਾਲਿਉਂ , ਕੂੜ ਦੀ , ਮਾਇਆ ਦੀ ਕੰਧ ਕਿਵੇਂ ਟੁੱਟੇ ? ਤੋਂ ਸ਼ੁਰੂ ਹੁੰਦਾ ਹੈ । ਇਹੀ ਕਾਰਨ ਹੈ ਕਿ ਅੱਜ ਗੁਰਦਵਾਰਿਆਂ ਵਿਚੋਂ , ਕੂੜ ਦੀ ਪਾਲ ਦੂਰ ਕਰਨ ਦਾ ਉਪਦੇਸ਼ ਨਹੀਂ ਹੁੰਦਾ , ਬਲਕਿ ਹਰ ਕੰਮ ਹੀ ਮਾਇਆ ਨੂੰ ਮੁੱਖ ਰੱਖ ਕੇ ਉਲੀਕਿਆ ਜਾਂਦਾ ਹੈ , ਗੁਰੂ ਦਾ ਉਪਦੇਸ਼ , ਸੰਗਤ ਤਕ ਅਪੜਾਉਣ ਨੂੰ ਮੁੱਖ ਰੱਖ ਕੇ ਨਹੀਂ । ਸਾਨੂੰ ਗੁਰਦਵਾਰੇ ਦਾ ਪ੍ਰੋਗ੍ਰਾਮ , ਗੁਰ-ਸ਼ਬਦ ਦੀ ਵਿਚਾਰ ਘਰ-ਘਰ ਤਕ ਅਪੜਾਉਣ ਦਾ ਟੀਚਾ ਮਿਥ ਕੇ , ਉਲੀਕਣਾ ਚਾਹੀਦਾ ਹੈ । ਗੁਰਦਵਾਰੇ ਦੇ ਪ੍ਰਬੰਧ ਦਾ ਇੰਤਜ਼ਾਮ , ਗੁਰਦਵਾਰੇ ਦੇ ਦਫਤਰ ਤਕ ਹੀ ਸੀਮਿਤ ਹੋਣਾ ਚਾਹੀਦਾ ਹੈ ।
ਉਸ ਦਾਤੇ ਦਾ ਕਰਮ , ਉਸ ਦੀ ਜੀਵਾਂ ਤੇ ਬਖਸ਼ਿਸ਼ , ਏਨੀ ਮਹਾਨ ਹੈ ਕਿ ਉਸ ਬਾਰੇ ਕੁਝ ਲਿਖਣਾ ਜਾਂ ਦੱਸਣਾ ਤਾਂ ਬਹੁਤ ਦੂਰ ਦੀ ਗੱਲ ਹੈ , ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਨੂੰ ਰੋਜ਼ਾਨਾ ਕਿੰਨੀਆਂ ਚੀਜ਼ਾਂ ਚਾਹੀਦੀਆਂ ਹਨ ? ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ , ਕਿੰਨੀਆ ਬੇ-ਗਿਣਤ ਚੀਜ਼ਾਂ , ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੈ , ਪ੍ਰਭੂ ਉਹ ਚੀਜ਼ਾਂ , ਸਾਨੂੰ ਚਤਾਰੇ ਬਗੈਰ ਹੀ , ਸਾਨੂੰ ਦੇ-ਦੇ ਕੇ , ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ ।
ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥
ਕੇਤੇ ਖਪਿ ਤੁਟਹਿ ਵੇਕਾਰ ॥
ਪਹਿਲਾਂ ਤਾਂ ਦਾਤਾਂ ਦੇਣ ਵਾਲੇ , ਮਹਾਨਤਮ ਦਾਤੇ ਦੇ ਕਰਮ ਦੀ ਗੱਲ ਸੀ , ਹੁਣ ਉਸ ਦੇ ਕਰਮ ਆਸਰੇ ਜਿਨ੍ਹਾਂ ਨੂੰ ਦਾਤਾਂ ਮਿਲਦੀਆਂ ਹਨ , ਉਨ੍ਹਾਂ ਦੀ ਗੱਲ ਹੈ । ਅਨੇਕਾਂ ਹੀ ਉਹ ਬੰਦੇ , ਜੋ ਜੁੱਧ ਕਲਾ ਵਿਚ ਪਰਵੀਨ ਹਨ , ਬਹੁਤ ਬਹਾਦਰ ਹਨ , ਉਹ ਵੀ ਸਮੇ ਦੇ ਡਰ ਅਧੀਨ , ਕਿ ਕਿਸੇ ਵੇਲੇ ਕੋਈ ਹੋਰ ਸੂਰਮਾ ਉੱਠ ਖਲੋਣਾ ਹੈ , ਜਿਸ ਨੇ ਸਾਨੂ ਹਰਾ ਦੇਣਾ ਹੈ , ਪਰਮਾਤਮਾ ਕੋਲੋਂ ਹੋਰ-ਹੋਰ ਬਲ ਅਤੇ ਹੋਰ-ਹੋਰ ਸੂਰਮਤਾਈ ਮੰਗ ਰਹੇ ਹਨ ।
ਅਰਥਾਤ , ਪਰਮਾਤਮਾ ਇਨ੍ਹਾਂ ਸ਼ਕਤੀਆਂ ਦਾ ਵੀ ਅਥਾਹ ਭੰਡਾਰ ਹੈ । ਅਜਿਹੇ ਮੰਗਤੇ ਵੀ ਸ੍ਰਿਸ਼ਟੀ ਵਿਚ ਬਹੁਤ ਹਨ , ਗਿਣਤੀ ਤੋਂ ਬਾਹਰੇ ਹਨ , ਉਨ੍ਹਾਂ ਦਾ ਵੀ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ।
ਅਨੇਕਾਂ ਅਜਿਹੇ ਜੀਵ ਵੀ ਹਨ , ਜਿਨ੍ਹਾਂ ਤੇ ਪ੍ਰਭੂ ਨੇ ਮਿਹਰ ਕਰ ਕੇ , ਉਨ੍ਹਾਂ ਨੂੰ ਗਿਣਤੀ ਤੋਂ ਬਾਹਰੀਆਂ ਦਾਤਾਂ ਦਿੱਤੀਆਂ ਹਨ , ਪਰ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਥਾਂ , ਇਨ੍ਹਾਂ ਮਾਯਾਵੀ ਦਾਤਾਂ ਵਿਚ ਹੀ ਪਰਚੇ ਪਏ ਹਨ , ਇਨ੍ਹਾਂ ਨੂੰ ਭੋਗਦੇ , ਵਿਕਾਰਾਂ ਦੀ ਦਲ-ਦਲ ਵਿਚ ਫਸੇ , ਬੇਕਾਰ ਦੇ ਕੰਮ ਕਰਨ ਦੀ ਚਾਹ ਵਿਚ ਹੀ ਖਪ-ਖਪ ਕੇ ਟੁੱਟ ਜਾਂਦੇ ਹਨ , ਹਤਾਸ਼ ਹੋ ਕੇ ਖਤਮ ਹੋ ਜਾਂਦੇ ਹਨ ।
ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
ਅਜਿਹੇ ਵੀ ਅਨੇਕਾਂ ਬੰਦੇ ਹਨ , ਜੋ ਪਰਮਾਤਮਾ ਕੋਲੋਂ ਮਿਲੀਆਂ ਦਾਤਾਂ ਤੋਂ ਹੀ ਇੰਕਾਰੀ ਹੋ ਜਾਂਦੇ ਹਨ । ਇਸ ਦਾ ਇਹ ਮਤਲਬ ਨਹੀਂ ਕਿ , ਉਹ ਪਰਮਾਤਮਾ ਨੂੰ ਕੰਿਹੰਦੇ ਹਨ ਕਿ ਸਾਨੂ ਇਹ ਦਾਤਾਂ ਮਿਲੀਆਂ ਹੀ ਨਹੀਂ , ਬਲਕਿ ਉਹ ਬੰਦੇ ਮਿਲੀਆਂ ਦਾਤਾਂ (ਜੋ ਦਾਤਾਂ ਪਰਮਾਤਮਾ , ਬੰਦੇ ਦੀਆਂ ਲੋੜਾਂ ਅਨੁਸਾਰ , ਆਪ ਹੀ ਦਿੰਦਾ ਰਹਿੰਦਾ ਹੈ) ਨੂੰ ਘੱਟ ਸਮਝਦੇ , ਉਨ੍ਹਾਂ ਦਾਤਾਂ ਬਾਰੇ ਪੁਜਾਰੀਆਂ ਨੂੰ ਰਿਸ਼ਵਤ ਦੇ ਕੇ , ਪਰਮਾਤਮਾ ਅੱਗੇ ਅਰਦਾਸ ਕਰਵਾਉਂਦੇ ਰਹਿੰਦੇ ਹਨ , ਯਾਦ ਕਰਵਾਉਂਦੇ ਰਹਿੰਦੇ ਹਨ । ਉਨ੍ਹਾਂ ਨੂੰ , ਨਾ ਤਾਂ ਪਰਮਾਤਮਾ ਤੇ ਹੀ ਵਿਸ਼ਵਾਸ ਹੁੰਦਾ ਹੈ ਕਿ ਉਹ ਸਾਨੂੰ ਲੋੜੀਂਦੀਆਂ ਦਾਤਾਂ ਦੇ ਰਿਹਾ ਹੈ । ਨਾ ਹੀ ਇਹ ਵਿਸ਼ਵਾਸ ਹੁੰਦਾ ਹੈ ਕਿ , ਉਹ ਸਮਰੱਥ ਪ੍ਰਭੂ , ਸਾਡੇ ਬੋਲੇ ਬਗੈਰ , ਅਰਦਾਸ ਕਰਵਾਏ ਬਗੈਰ ਵੀ , ਸਾਡੇ ਮਨ ਦੀਆਂ ਲੋਚਾਂ ਬਾਰੇ ਸਭ ਕੁਝ ਜਾਣਦਾ ਹੈ । ਉਨ੍ਹਾਂ ਨੂੰ ਸਿਰਫ ਇਸ ਗੱਲ ਤੇ ਹੀ ਵਿਸ਼ਵਾਸ ਹੁੰਦਾ ਹੈ ਕਿ ਪਰਮਾਤਮਾ ਨੇ , ਪੁਜਾਰੀ ਵਲੋਂ ਕੀਤੀ ਅਰਦਾਸ ਵਿਚ , ਗਿਣਾਈ ਗਈ ਲਿਸਟ ਅਨੁਸਾਰ ਹੀ ਦਾਤਾਂ ਦੇਣੀਆਂ ਹਨ । ਅਸੀਂ ਜਿੰਨੇ ਵੱਧ ਪੈਸੇ ਦੇਵਾਂਗੇ , ਪੁਜਾਰੀ ਸਾਡੀਆਂ ਲੋੜਾਂ ਦੀ ਓਨੀ ਹੀ ਵੱਡੀ ਲਿਸਟ , ਪਰਮਾਤਮਾ ਦੇ ਹਜ਼ੂਰ ਪੇਸ਼ ਕਰੇਗਾ ।
(ਬਲਕਿ ਜੇ ਸੱਚ ਕਿਹਾ ਜਾਵੇ ਤਾਂ ਉਨ੍ਹਾਂ ਨੂੰ ਸਿਰਫ ਆਪਣੀ ਕੀਤੀ ਹੇਰਾ ਫੇਰੀ ਤੇ ਹੀ ਵਿਸ਼ਵਾਸ ਹੁੰਦਾ ਹੈ , ਇਸ ਲਈ ਉਹ ਪੁਜਾਰੀ ਵਲੋਂ ਕੀਤੀ ਅਰਦਾਸ ਨੂੰ ਵੀ ਵੇਲੇ-ਕੁਵੇਲੇ ਹੀ ਕੰਮ ਆਉਣ ਵਾਲੀ ਸਮਝਦਿਆਂ , ਆਪਣੀ ਹੇਰਾ-ਫੇਰੀ ਵਿਚ ਪੂਰੀ ਤਰ੍ਹਾਂ ਮਘਨ ਰਹਿੰਦੇ ਹਨ । ਇਹ ਤਾਂ ਉਹ ਭਲੀ-ਭਾਂਤ ਜਾਣਦੇ ਹਨ ਕਿ ਪੁਜਾਰੀ ਨੂੰ ਦਿੱਤੇ ਪੈਸੇ ਤਾਂ ਸਾਡੀ ਹੇਰਾ-ਫੇਰੀ ਦੀ ਕਮਾਈ ਹੀ ਹੈ )
ਇਸ ਤਰ੍ਹਾਂ ਉਹ , ਪਹਿਲਾਂ ਮਿਲੀਆਂ ਦਾਤਾਂ ਨੂੰ ਅਣਗੌਲਿਆਂ ਕਰ ਕੇ , ਉਨ੍ਹਾਂ ਨੂੰ ਭੋਗਦੇ ਵੀ ਰਹਿੰਦੇ ਹਨ , ਉਨ੍ਹਾਂ ਤੋਂ ਮੁਕਰਦੇ ਵੀ ਰਹਿੰਦੇ ਹਨ ।
ਕਈ ਅਜਿਹੇ ਮੂਰਖ ਲੋਕ ਵੀ ਹਨ , ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ , ਖਾਣਾ ਹੀ ਖਾਣਾ ਹੈ , ਲੈਣਾ ਹੀ ਲੈਣਾ ਹੈ । ਉਨ੍ਹਾਂ ਦੀ ਸਰੀਰਕ ਭੁੱਖ ਕਦੇ ਨਹੀਂ ਮਿਟਦੀ , ਭਾਵੇਂ ਉਹ ਭੁੱਖ ਖਾਣੇ ਦੇ ਪਦਾਰਥਾਂ ਦੀ ਹੋਵੇ , ਭੋਗਾਂ ਨਾਲ ਸਬੰਧਤ ਹੋਵੇ , ਭਾਵੇਂ ਤ੍ਰਿਸ਼ਨਾਵਾਂ ਦੀ ਹੋਵੇ , ਉਹ ਕਦੇ ਨਹੀਂ ਰੱਜਦੇ , ਕਦੇ ਸੰਤੁਸ਼ਟ ਨਹੀਂ ਹੁੰਦੇ ।
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਅਨੇਕਾਂ ਜੀਵਾਂ ਦੀ ਸਾਰੀ ਜ਼ਿੰਦਗੀ ਹੀ ਦੁੱਖਾਂ ਵਿਚ , ਭੁੱਖ ਵਿਚ ਅਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵਿਚ ਹੀ ਨਿਕਲ ਜਾਂਦੀ ਹੈ । ਪਰ ਹੇ ਦਾਤਾਰ , ਦਾਤਾਂ ਦੇਣ ਵਾਲੇ ਪ੍ਰਭੂ , ਇਹ ਵੀ ਤੇਰੀ ਦਾਤ ਹੀ ਹੈ , ਜਿਸ ਆਸਰੇ ਸਬਰ-ਸੰਤੋਖ ਵਿਚ ਰਹਿੰਦਿਆਂ , ਤੇਰੀ ਰਜ਼ਾ ਨੂੰ ਖਿੜੇ ਮੱਥੇ ਮੰਨਣ ਦੀ ਆਦਤ ਪੈਂਦੀ ਹੈ । ਅੱਜ-ਕਲ ਗੁਰੂ ਦੇ ਅਖਵਾਉਂਦੇ ਸਿੱਖ ਹੀ , ਇਸ ਦਾਤ ਤੋਂ ਬਹੁਤ ਡਰਦੇ ਹਨ । ਜਦ ਕੋਈ ਨਵੀਂ ਗੱਡੀ , ਨਵੀਂ ਕਾਰ ਮਿਲ ਜਾਵੇ , ਤਾਂ ਉਸ ਦੇ ਪਿੱਛੇ ਲਿਖਣਾ ਨਹੀਂ ਭੁਲਦੇ ,
॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਪਰ ਜੇ ਉਹੀ ਕਾਰ, ਆਪਣੀ ਗਲਤੀ ਨਾਲ ਟੁੱਟ-ਭੱਜ ਜਾਵੇ , ਤਾਂ ਓਸੇ ਦਾਤਾਰ ਨੂੰ ਕੋਸਿਆ ਜਾਂਦਾ ਹੈ ਕਿ , ਤੈਨੂੰ ਮੇਰੇ ਕੋਲ ਇਹ ਕਾਰ ਵੀ ਚੰਗੀ ਨਹੀਂ ਲੱਗੀ , ਇਸ ਤੋਂ ਤਾਂ ਚੰਗਾ ਸੀ , ਤੂੰ ਦੇਂਦਾ ਹੀ ਨਾ । ਪਰ ਉਸ ਟੁੱਟੀ-ਭੱਜੀ ਕਾਰ ਕੋਲ ਕੋਈ ਵੀ ਫੱਟੀ ਲਿਖ ਕੇ ਨਹੀਂ ਲਾਉਂਦਾ ,
॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਜਦੋਂ ਬੰਦਾ ਜਵਾਨ ਹੋਵੇ , ਸਿਹਤ ਚੰਗੀ ਹੋਵੇ , ਤਾਂ ਬੰਦਾ ਤਿੜ ਕੇ ਕਹਿੰਦਾ ਹੈ “ ਰੱਬ ਦੀ ਫੁੱਲ ਕ੍ਰਿਪਾ ਹੈ ” ਪਰ ਜੇ ਕਿਤੇ ਬਿਮਾਰ ਹੋ ਜਾਵੇ , ਜਾਂ ਲੱਤ ਟੁੱਟ ਜਾਵੇ ਤਾਂ ਇਹ ਨਹੀਂ ਕਹਿੰਦਾ ਕਿ “ ਇਹ ਵੀ ਰੱਬ ਦੀ ਕਿਰਪਾ ਹੈ ” ਬਲਕਿ ਰੱਬ ਨੂੰ ਦਿਨ ਵਿਚ ਸੌ-ਸੌ ਵਾਰੀ ਕੋਸਦਾ ਹੈ । ਸਿੱਖਾਂ ਨੂੰ ਪਰਮਾਤਮਾ ਦੀਆਂ ਦੋਵੇਂ ਤਰ੍ਹਾਂ ਦੀਆਂ ਦਾਤਾਂ , ਖਿੜੇ ਮੱਥੇ ਕਬੂਲ ਕਰਨੀਆਂ ਚਾਹੀਦੀਆਂ ਹਨ ।
ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥
ਜ਼ਿੰਦਗੀ ‘ਚ ਵਾਪਰਦੇ ਦੁਖ-ਸੁਖ ਤੋਂ , ਖੁਸ਼ੀ-ਗਮੀ ਤੋਂ ਛੁਟਕਾਰਾ , ਉਸ ਪ੍ਰਭੂ ਦੇ ਭਾਣੇ , ਉਸ ਦੀ ਰਜ਼ਾ ਵਿਚ ਚੱਲਣ , ਉਸ ਵਿਚ ਹੀ ਖੁਸ਼ ਰਹਣ ਨਾਲ ਮਿਲਦਾ ਹੈ । ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚਲਣ ਤੋਂ ਬਗੈਰ , ਇਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਸਾਧਨ , ਹੋਰ ਕੋਈ ਢੰਗ , ਕੋਈ ਵੀ ਮਨੁੱਖ ਨਹੀਂ ਦੱਸ ਸਕਦਾ । ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਖੁਸ਼ ਹੋ ਕੇ ਚਲਣਾ ਹੀ , ਇਨ੍ਹਾਂ ਮੁਸੀਬਤਾਂ ਤੋਂ ਛੁਟਕਾਰੇ ਦਾ ਇਕ ਮਾਤ੍ਰ ਸਾਧਨ ਹੈ ।
ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥
ਜੇ ਕੋਈ ਮੂਰਖ , ਗਪੌੜੀ ਬੰਦਾ , ਆਪਣੀ ਮਨ-ਮਤ ਆਸਰੇ , ਇਨ੍ਹਾਂ ਦੁਨਿਆਵੀ ਝਮੇਲਿਆਂ ਤੋਂ ਛੁਟਕਾਰੇ ਦਾ ਹੋਰ ਕੋਈ ਸਾਧਨ ਦੱਸਦਾ ਹੈ , (ਜਿਵੇਂ ਕਿਰਤ ਤੋਂ ਭਗੌੜੇ ਹੋ ਕੇ , ਸੰਤ-ਬ੍ਰਹਮ ਗਿਆਨੀ ਹੋ ਜਾਣਾ , ਗ੍ਰਿਹਸਤ ਤਿਆਗ ਕੇ ਆਪਣੇ ਆਪ ਨੂੰ ਜਤੀ ਅਖਵਾ ਕੇ ਦੂਸਰਿਆਂ ਨਾਲੋਂ ਉੱਚੇ ਸਮਝਣਾ , ਤੀਰਥਾਂ ਤੇ ਧੱਕੇ ਖਾਣੇ , ਅਖੰਡ-ਪਾਠ ਕਰਵਾ ਲੈਣੇ , ਦਾਨ-ਪੁੰਨ ਆਦਿ ਦੇ ਪਖੰਡ ਕਰਨੇ) ਤਾਂ ਇਹ ਤਾਂ ਉਹੀ ਜਾਣ ਸਕਦਾ ਹੈ ਕਿ ਉਹ ਆਪਣੇ ਮੂੰਹ ਤੇ ਕਿੰਨੀਆਂ ਫਿਟਕਾਰਾਂ ਖਾਂਦਾ ਹੈ ? ਕਿਉਂਕਿ ਉਹ ਇਨ੍ਹਾਂ , ਉਪਰ ਦੱਸੀਆਂ ਗੱਲਾਂ ਵਿਚੋਂ , ਜੋ ਮਰਜ਼ੀ ਕਰ ਲਵੇ , ਮਨ ਦੀ ਭਟਕਨਾ , ਕਾਮ-ਕ੍ਰੋਧ-ਲੋਭ–ਮੋਹ-ਹੰਕਾਰ ਤਾਂ ਹਰ ਵੇਲੇ ਉਸ ਦੇ ਨਾਲ ਰਹਿੰਦੇ ਹਨ । ਇਨ੍ਹਾਂ ਦੇ ਪ੍ਰਭਾਵ ਹੇਠ , ਉਸ ਤੋਂ ਕੁ-ਕਰਮ ਹੁੰਦੇ ਹੀ ਰਹਿੰਦੇ ਹਨ । ਉਨ੍ਹਾਂ ਕੁ-ਕਰਮਾਂ ਦੇ ਲੇਖੇ ਵਜੋਂ ਉਸ ਦਾ ਕੀ ਹਾਲ ਹੁੰਦਾ ਹੈ ? ਇਹ ਤਾਂ ਉਹ ਆਪ ਹੀ ਜਾਣ ਸਕਦਾ ਹੈ ।
ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥
ਸੰਸਾਰ ਵਿਚ ਅਨੇਕਾਂ ਬੰਦੇ , ਅਜਿਹੇ ਵੀ ਹਨ , ਜੋ ਉਸ ਪ੍ਰਭੂ ਦਾ ਸ਼ੁਕਰ ਕਰਦੇ , ਇਹ ਵੀ ਆਖਦੇ ਹਨ ਕਿ , ਅਕਾਲ-ਪੁਰਖ ਆਪ ਹੀ ਸਾਰੇ ਜੀਵਾਂ ਦੀਆਂ ਲੋੜਾਂ ਬਾਰੇ ਜਾਣਦਾ ਹੈ , ਅਤੇ ਉਨ੍ਹਾਂ ਲੋੜਾਂ ਦੀ ਪੂਰਤੀ ਵੀ ਆਪ ਹੀ ਕਰਦਾ ਹੈ । ਉਨ੍ਹਾਂ ਲੋੜਾਂ ਅਨੁਸਾਰ , ਆਪ ਹੀ ਦਾਤਾਂ ਦਿੰਦਾ ਹੈ , ਕਿਸੇ ਨੂੰ ਵੀ ਆਪਣੀ ਬਖਸ਼ਿਸ਼ ਤੋਂ ਵਾਞੇ ਨਹੀਂ ਰਹਣ ਦਿੰਦਾ ।
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥25॥
ਹੇ ਨਾਨਕ , ਜਿਸ ਮਨੁੱਖ ਨੂੰ ਵੀ ਪ੍ਰਭੂ , ਆਪਣੀ ਸਿਫਤ ਸਾਲਾਹ ਦੀ ਦਾਤ ਬਖਸ਼ਦਾ ਹੈ , ਉਹੀ ਬੰਦਾ ਦੁਨਿਆਵੀ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੋ ਜਾਂਦਾ ਹੈ , ਉਸ ਨੂੰ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਦੀ ਵੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ । ਅਸਲ ਵਿਚ ਪਰਮਾਤਮਾ ਵਲੋਂ ਬਖਸ਼ੀ , ਸਿਫਤ-ਸਾਲਾਹ ਦੀ ਦਾਤ ਹੀ ਸਭ ਤੋਂ ਵੱਡੀ ਦਾਤ ਹੈ । ਬੰਦੇ ਨੂੰ ਉਸ ਪ੍ਰਭੂ ਦੇ ਦਰ ਤੋਂ , ਸਿਰਫ ਤੇ ਸਿਰਫ ਏਸੇ ਦਾਤ ਦੀ ਹੀ ਯਾਚਨਾ ਕਰਨੀ ਚਾਹੀਦਾ ਹੈ , ਦੁਨਿਆਵੀ ਦਾਤਾਂ ਇਸ ਦੇ ਸਾਮ੍ਹਣੇ ਹੇਚ ਹਨ । ਇਸ ਦਾਤ ਆਸਰੇ ਹੀ ਬੰਦੇ ਦੀ ਤ੍ਰਿਸ਼ਨਾ ਮੁਕਦੀ ਹੈ , ਮਨ ਦੀ ਭਟਕਣਾ ਖਤਮ ਹੋ ਕੇ , ਮਨ ਸਹਿਜ ਵਿਚ ਟਿਕਦਾ ਹੈ । ਇਸ ਤੋਂ ਇਲਾਵਾ , ਤ੍ਰਿਸ਼ਨਾ ਖਤਮ ਹੋਣ ਦਾ , ਮਨ ਦੇ ਟਿਕਾਉ ਦਾ , ਹੋਰ ਕੋਈ ਸਾਧਨ ਨਹੀਂ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414