ਜਾਗਰੂਕ ਪਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਅਪੀਲ
ਅਵਤਾਰ ਸਿੰਘ ਮਿਸ਼ਨਰੀ
ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਪਸੀ ਤਾਲਮੇਲ ਬਣਾਈ ਰੱਖਣਾ ਚਾਹੀਦਾ ਹੈ ਤਾਂ ਕਿ ਗੁਰਮਤਿ ਦੇ ਪ੍ਰਚਾਰ ਵਿੱਚ ਕੋਈ ਰੁਕਾਵਟ ਨਾਂ ਆਵੇ। ਦਾਸ ਨਿਊਜੀਲੈਂਡ ਵਿੱਚ ਵਾਪਰੀ ਇਸ ਤਾਜੀ ਮੰਦਭਾਗੀ ਘਟਨਾ ਅਤੇ ਵੈਬਸਾਈਟਾਂ ਤੇ ਕੁਝ ਆਪਸੀ ਮਤਭੇਦਾਂ ਕਰਕੇ ਇੱਕ ਦੂਜੇ ਦੇ ਖਿਲਾਫ ਪੁੱਠਾ ਸਿੱਧਾ ਲਿਖਣ ਤੋਂ ਨਿਰਾਸ਼ ਹੈ। ਬਾਕੀ ਵੇਖੋ! ਵੀਹ ਪੱਚੀ ਸਾਲ ਤੋਂ ਲਗਾਤਾਰ ਪ੍ਰਬੰਧਕਾਂ ਦਾ ਬੁਲਾਉਣਾ ਤੇ ਗਿਆਨੀ ਰਣਜੋਧ ਸਿੰਘ ਜੀ ਦਾ ਨਿਊਜ਼ੀਲੈਂਡ ਆਉਣਾ ਅਤੇ ਗੁਰਮਤਿ ਦਾ ਨਿਧੜਕ ਹੋ ਕੇ ਪ੍ਰਚਾਰ ਕਰਨਾ ਬੜੀ ਅਹਿਮੀਅਤਾ ਰੱਖਦਾ ਹੈ। ਕਬੱਡੀ ਦਾ ਮੈਚ ਦੇਖਣਾ ਜਾਂ ਕਿਸੇ ਪੇਂਡੂ ਨੂੰ ਮਿਲਣ ਜਾਣਾ ਕੋਈ ਪਾਪ ਨਹੀਂ ਕਿਉਂਕ ਮੱਲਾਂ ਦੇ ਘੋਲ “ਮੱਲ ਅਖਾੜੇ” ਤਾਂ ਗੁਰੂ ਅੰਗਦ ਸਾਹਿਬ ਨੇ ਚਾਲੂ ਕੀਤੇ ਤੇ ਉਹ ਇਹ ਖੇਡਾਂ ਦੇਖਦੇ ਵੀ ਸਨ। ਇਸ ਲਈ ਗਿਆਨੀ ਰਣਜੋਧ ਸਿੰਘ ਜੀ ਦਾ ਕਬੱਡੀ ਮੈਚ ਦੇਖਣਾ ਕੋਈ ਗੁਨਾਹ ਨਹੀਂ। ਮੈਨੂੰ ਲਗਦਾ ਨਿਊਜੀਲੈਂਡ ਵਿਖੇ ਡੇਰਾਵਾਦੀ ਅਤੇ ਅਖੌਤੀ ਦਸਮ ਗ੍ਰੰਥ ਦੇ ਪੁਜਾਰੀ ਬਹੁਤ ਹਨ ਜੋ ਬਲਾਤਕਾਰੀ ਸਾਧਾਂ ਨੂੰ ਸਟੇਜਾਂ ਤੇ ਬੁਲਾਉਂਦੇ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਹਨ। ਬਹੁਤੀਆਂ ਲੜਾਈਆਂ ਜਾਂ ਪਾਰਟੀ ਬਾਜੀਆਂ ਤਾਂ ਪ੍ਰਬੰਧਕਾਂ ਦੀਆਂ ਹਨ ਜਿਸ ਦੀ ਭੇਟ ਪ੍ਰਚਾਰਕ ਵੀ ਚੜ੍ਹ ਜਾਂਦੇ ਹਨ।
ਰਣਜੋਧ ਸਿੰਘ ਦਾਸ ਦਾ ਗੁਰਮਤਿ ਸਿਖਿਆ ਵਿੱਚ ਕਲਾਸ ਫੈਲੋ ਹੈ। ਅਸੀਂ ਦੋਵੇਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਰਨੀ ਕਾਲਜ ਰੋਪੜ ਦੇ ਵਿਦਿਆਰਥੀ ਹਾਂ। ਅਸੀਂ ਕਾਲਜ ਵਿੱਚ ਰਹਿੰਦੇ ਸਮੇਂ ਵੀ ਪਾਖੰਡੀ ਸਾਧਾਂ ਸੰਤਾਂ, ਮੜੀਆਂ ਮੱਟਾਂ ਅਤੇ ਪਾਖੰਡਾਂ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਦੇ ਸੀ। ਕਾਲਜ ਨੇ ਪ੍ਰਚਾਰਕ ਬਹੁਤ ਬਣਾ ਦਿੱਤੇ ਪਰ ਸਿਸਟੇਮੈਟਿਕ ਤੌਰ ਤੇ ਉਂਨ੍ਹਾਂ ਨੂੰ ਸੰਭਾਲਿਆ ਨਹੀਂ ਜਿਸ ਕਰਕੇ ਉਹ ਆਪਣੇ ਤੌਰ ਤੇ ਗੁਰਦੁਆਰਿਆਂ ਜਾਂ ਹੋਰ ਅਧਾਰਿਆਂ ਵਿੱਚ ਸੈੱਟ ਹੋ ਗਏ। ਇਸੀ ਵਜਾ ਕਰਕੇ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸਾਹਿਬ ਸਿੰਘ ਵਰਗੇ ਸਿਰਕੱਢ ਪ੍ਰਚਾਰਕ ਡੇਰੇਦਾਰ, ਸੰਪ੍ਰਦਾਈ ਸਾਧਾਂ ਦੇ ਟੇਟੇ ਚੜ੍ਹ ਗਏ। ਕਾਲਜ ਤੋਂ ਬਾਹਰ ਜਾ ਕੇ ਭਾਵੇ ਗਿਆਨੀ ਰਣਜੋਧ ਸਿੰਘ ਵੀ ਗਿਆਨੀ ਅਲਵਰ ਵਰਗਿਆਂ ਤੋਂ ਪ੍ਰਭਾਵਿਤ ਹੋ ਗਏ ਪਰ ਉਨ੍ਹਾਂ ਨੇ ਆਪਣੀ ਅਕਲ ਨੂੰ ਤਾਲੇ ਨਹੀਂ ਲਾਏ ਸਗੋਂ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਵਰਗੇ ਵਿਦਵਾਨ ਲਿਖਾਰੀਆਂ ਦੇ ਪੁਸਤਕ ਵੀ ਪੜ੍ਹੇ ਅਤੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਮਿਲ ਕੇ, ਅਖੌਤੀ ਦਸਮ ਗ੍ਰੰਥ ਦੇ ਬਚਿੱਤਰ ਨਾਟਕਾਂ ਅਤੇ ਤਰੀਆ ਚਰਿਤਰਾਂ ਦਾ ਖੰਡਨ ਵੀ ਕੀਤਾ। ਕਾਲਜ ਦੇ ਸਲਾਨਾਂ ਸਮਾਗਮਾਂ ਤੇ ਜਾ ਕੇ ਅਖੌਤੀ ਸਾਧਾਂ ਦੀ ਝੋਲੀ ਵਿੱਚ ਪੈ ਰਹੇ ਕਾਲਜ ਦੇ ਵਿਦਿਆਰਥੀਆਂ ਬਾਰੇ ਵੀ ਬੜੀ ਬੇਬਾਕੀ ਨਾਲ ਕਾਲਜ ਦੇ ਪ੍ਰਬੰਧਕਾਂ ਅਤੇ ਸਟਾਪ ਨੂੰ ਹਲੂਣਦੇ ਹੋਏ ਸੁਚੇਤ ਕੀਤਾ। ਕੋਈ ਪ੍ਰਚਾਰਕ ਵੀ 100% ਦਾਹਵਾ ਨਹੀਂ ਕਰ ਸਕਦਾ ਕਿ ਉਹ ਹੀ ਸਹੀ ਪ੍ਰਚਾਰਕ ਹੈ।
ਪਰ ਪ੍ਰਚਾਰਕ ਧੜੇਬੰਦੀਆਂ ਦੀ ਵਲਗਣ ਵਿੱਚ ਵੀ ਕੈਦ ਨਹੀਂ ਹੋਣਾਂ ਚਾਹੀਦਾ ਸਗੋਂ ਸਭ ਥਾਂ ਜਾਵੇ ਅਤੇ ਗੁਰਮਤਿ ਦਾ ਨਿਰੋਲ ਪ੍ਰਚਾਰ ਕਰੇ ਨਾਂ ਕਿ ਮੌਕਾ ਵੇਖ ਕੇ, ਮਾਇਆ ਅਤੇ ਪ੍ਰਭਤਾ ਦੀ ਖਾਤਰ ਜੀ ਹਜੂਰੀਆਂ ਕਰਨ ਲੱਗ ਪਵੇ। ਦਾਸ ਸ੍ਰ. ਇੰਦਰਜੀਤ ਸਿੰਘ ਕਾਹਨਪੁਰੀ ਨਾਲ ਸਹਿਮਤ ਹੈ ਕਿ ਗਿਆਨੀ ਰਣਜੋਧ ਸਿੰਘ ਦਾ ਅਖੌਤੀ ਦਸਮ ਗ੍ਰੰਥ ਚੋਂ ਪ੍ਰਮਾਣ ਦੇਣਾ ਅਤੇ ਗਿਆਨੀ ਅਲਵਰ ਨੂੰ ਸਹੀ ਕਹਿਣਾ ਠੀਕ ਨਹੀਂ ਲਗਦਾ। ਬਾਕੀ ਰਣਜੋਧ ਸਿੰਘ ਦਾ ਇਹ ਕਹਿਣਾ ਕਿ ਪ੍ਰਚਾਰਕਾਂ ਉੱਤੇ ਪ੍ਰਬੰਧਕਾਂ ਨੂੰ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਠੀਕ ਨਹੀਂ ਜੇ ਪ੍ਰਚਾਰਕ ਆਪ ਹੁਦਰੇ ਹੋ ਕੇ, ਮਿਲਗੋਭਾ ਪ੍ਰਚਾਰ ਕਰਨ ਲੱਗ ਜਾਣ ਤਾਂ ਫਿਰ ਕੀ ਬਣੇਗਾ? ਹਾਂ ਪ੍ਰਬੰਧਕਾਂ ਨੂੰ ਪ੍ਰਚਾਰਕਾਂ ਦੇ ਸਮਾਜਿਕ, ਪ੍ਰਵਾਰਿਕ ਅਤੇ ਸੰਗਤਾਂ ਨਾਲ ਤਾਲਮੇਲ ਤੇ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਅਤੇ ਨਾਂ ਹੀ ਉਨ੍ਹਾਂ ਨੂੰ ਗੁਲਾਮ ਜਾਂ ਦਾਸ ਸੇਵਕ ਬਣਾ ਕੇ ਰੱਖਣਾ ਚਾਹੀਦਾ ਹੈ। ਪ੍ਰਬੰਧਕਾਂ ਵੱਲੋਂ ਪੰਥਕ ਪਾਬੰਦੀਆਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ ਤਾਂ ਕਿ ਪ੍ਰਚਾਰਕ ਘੱਟ ਤੋਂ ਘੱਟ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਤੋਂ ਬਾਹਰ ਨਾਂ ਜਾਣ। ਇਸ ਵਿੱਚ ਸਿੱਖ ਕੌਮ ਦੀ ਵਿਲੱਖਣਤਾ ਦਾ ਸਵਾਲ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅਜ਼ਾਦ ਵਿਲੱਖਣਤਾ ਦੇ ਪ੍ਰਤੀਕ ਹਨ। ਮਰਯਾਦਾ ਤਾਂ ਸਮੇ ਅਨੁਸਾਰ ਬਦਲਦੀ ਰਹਿੰਦੀ ਹੈ ਪਰ ਮੂਲ ਮਰਯਾਦਾ ਤਾਂ ਗੁਰਬਾਣੀ ਤੇ ਹੀ ਅਧਾਰਤ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ ਟਕਸਾਲ ਸੰਪਰਦਾ ਅਨੁਸਾਰ।
ਸਰਦਾਰ ਹਰਨੇਕ ਸਿੰਘ ਜੀ ਵੀ ਪੰਥਕ ਪ੍ਰਬੰਧਕ ਹਨ ਜੋ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਬੁਲਾਉਂਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਵੀ ਪ੍ਰਚਾਰਕਾਂ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ। ਫਿਰ ਦੂਜੇ ਧਰਮ ਚੋਂ ਸਿੱਖ ਧਰਮ ਵਿੱਚ ਆਏ ਪ੍ਰਚਾਰਕਾਂ ਦਾ ਤਾਂ ਵੱਧ ਖਿਆਲ ਰੱਖਣਾ ਚਾਹੀਦਾ ਹੈ। ਰਣਜੋਧ ਸਿੰਘ ਜੀ ਦਾ ਗੁਰਮਤਿ ਸਿੱਖ ਕੇ ਬ੍ਰਾਹਮਣ ਪ੍ਰਵਾਰ ਚੋਂ ਸਿੱਖੀ ਦੇ ਦਾਇਰੇ ਵਿੱਚ ਆਉਣਾ, ਪ੍ਰਵਾਰ ਦਾ ਵੱਡਾ ਵਿਰੋਧ ਝੱਲਦੇ, ਘਰ ਦੀ ਪ੍ਰਾਪਰਟੀ ਚੋਂ ਬੇਦਖਲ ਹੁੰਦੇ ਹੋਏ ਵੀ ਨਿਧੜਕ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਘੱਟ ਮਹਿਨੇ ਨਹੀਂ ਰੱਖਦਾ। ਜਾਗਰੂਕ ਵੀਰੋ! ਮਖੌਟੇਧਾਰੀ ਸਿੱਖੀ ਦੇ ਦੁਸ਼ਮਣ ਤਾਂ ਪਹਿਲਾਂ ਹੀ ਚਾਹੁੰਦੇ ਹਨ ਕਿ ਤੱਤ ਗੁਰਮਿਤ ਦੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਵਿੱਚ ਫੁੱਟ ਪਈ ਰਹੇ ਤੇ ਸਾਡੇ ਡੇਰੇਨੁਮਾਂ ਗੁਰਦੁਆਰਿਆਂ ਵਿੱਚ ਅੰਧਵਿਸ਼ਵਾਸ਼ਾਂ ਪਾਖੰਡਾਂ ਅਤੇ ਮਿਲਗੋਭਿਆਂ ਰਾਹੀਂ ਸ਼ਰਧਾਲੂਆਂ ਤੋਂ ਵੱਧ ਤੋਂ ਵੱਧ ਮਾਇਆ ਬਟੋਰੀ ਜਾ ਸੱਕੇ।
ਅਖੀਰ ਤੇ ਦਾਸ ਦੀ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਡ ਅਤੇ ਹੋਰ ਵੀ ਸਾਰੇ ਜਾਗਰੂਕ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਪੁਰਜੋਰ ਅਪੀਲ ਹੈ ਕਿ ਆਪਸੀ ਮਤਭੇਦਾਂ ਨੂੰ ਮੀਡੀਏ ਵਿੱਚ ਉਛਾਲ ਕੇ ਆਪਸੀ ਕੁੜੱਤਣਾਂ ਨਾਂ ਵਧਾਈਆਂ ਜਾਣ ਸਗੋਂ ਮਿਲ ਬੈਠ ਕੇ ਗਲ ਬਾਤ ਰਾਹੀਂ ਮਸਲੇ ਕੀਤੇ ਜਾਣ। ਸੰਗਤਾਂ ਅਤੇ ਪ੍ਰਬੰਧਕਾਂ ਨੂੰ ਇੱਕ ਕੇਂਦਰੀ ਤਾਲਮੇਲ ਸੈਂਟਰ ਸਥਾਪਤ ਕਰਨਾ ਚਹੀਦਾ ਹੈ ਜਿੱਥੇ ਅਜਿਹੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸੱਕੇ। ਕੋਸ਼ਿਸ਼ ਕਰੋ ਸਾਰੇ ਜਾਗਰੂਕ ਪ੍ਰਚਾਰਕ ਆਦਾਰੇ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਹੀ ਹੋਵੇ ਅਤੇ ਪ੍ਰਚਾਰਕਾਂ ਦੀ ਵੀ ਪੂਰੀ ਸੇਵਾ ਸੰਭਾਲ ਕੀਤੀ ਜਾ ਸੱਕੇ ਤਾਂ ਕਿ ਉਨ੍ਹਾਂ ਨੂੰ ਵੀ ਜਣੇ ਖਣੇ ਅੱਗੇ ਹੱਥ ਨਾਂ ਜੋੜਨੇ ਪੈਣ। ਧਰਮ ਅਦਾਰੇ ਗੁਰਦੁਆਰੇ ਧਰਮਸਾਲਾ ਹੋਣ ਨਾਂ ਕਿ ਪੈਸਾ ਅਤੇ ਪਾਰਟੀਬਾਜੀ ਕਮਾਉਣ ਦੇ ਅੱਡੇ, ਹੋ ਸੱਕੇ ਤਾਂ ਪ੍ਰਚਾਰਕ ਕਿਰਤੀ ਹੋਣ ਜੋ ਆਪੋ ਆਪਣੀ ਵਿਤ ਮੁਤਾਬਕ ਵੱਧ ਤੋਂ ਵੱਧ ਨਿਸ਼ਕਾਮ ਪ੍ਰਚਾਰ ਕਰਨ ਫਿਰ ਪੁਜਾਰੀ ਪ੍ਰਚਾਰਕਾਂ ਅਤੇ ਪੁਜਾਰੀ ਪ੍ਰਬੰਧਕਾਂ ਦੀ ਲੋੜ ਹੀ ਖਤਮ ਹੋ ਜਾਵੇਗੀ। ਕਿੰਨਾਂ ਚੰਗਾ ਹੋਵੇ ਈਸਾਈਆਂ ਵਾਂਗ ਗੁਰਸਿੱਖ ਵੀ ਹਫਤੇ ਵਿੱਚ ਪੰਜ ਦਿਨ ਕਿਰਤ ਕਮਾਈ ਕਰਨ ਅਤੇ ਵੀਕਐਂਡ ਤੇ ਦੋ ਦਿਨ ਆਪੋ ਆਪਣੇ ਥਾਵਾਂ ਤੇ ਗੁਰਮਤਿ ਸਿਖਾਉਣ ਅਤੇ ਵੱਧ ਤੋਂ ਵੱਧ ਲਿਟ੍ਰੇਚਰ ਵੰਡਣ, ਆਪਣਾ ਜੀਵਨ ਉੱਚਾ ਸੁੱਚਾ ਰੱਖਣ ਤਾਂ ਕਿ ਉਨ੍ਹਾਂ ਵੱਲ ਵੇਖ ਜਾਂ ਉਨ੍ਹਾਂ ਨਾਲ ਵਰਤ ਕੇ ਹੋਰ ਵੀ ਸਿੱਖੀ ਦੀ ਮਹਿਕ ਦੇ ਭੌਰੇ ਬਣ ਸੱਕਣ।
________________________________________