* - ਸੰਪਾਦਕ - #
ਸੰਪਾਦਕ, ਕਿਸ ਭਾਸ਼ਾ ਦਾ ਸ਼ਬਦ ਹੈ? ਸ਼ਬਦ ਕੋਸ਼ਾਂ ਵਿੱਚ ਇਸ ਦੇ ਕੀ ਅਰਥ ਹਨ? ਮੈ ਇਹ ਭਾਵਨਾ ਇਸਤੇਮਾਲ ਬਿਲਕੁਲ ਨਹੀਂ ਕਰਾਂਗਾ ਕਿਉਂਕਿ ਬਹੁਤ ਸੱਜਣ ਕੋਸ਼ਾਂ ਦਾ ਇਸਤੇਮਾਲ ਆਪਣੀ ਮੱਤ ਅਨੁਸਾਰ ਕਰ ਲੈਂਦੇ ਹਨ ਜਦਕਿ ਉਸ ਕੋਸ਼ ਦਾ ਹਵਾਲਾ ਕਿਸੇ ਦੂਸਰੇ ਵਿਸ਼ੇ ’ਤੇ ਲੈਣ ’ਤੋਂ ਪ੍ਰਹੇਜ ਵੀ ਕਰਦੇ ਹਨ।
ਸੰਪਾਦਕ ਇੱਕ ਵਿਅਕਤੀ ਨਹੀਂ ਬਲਕਿ ਸਹਿਣਸ਼ੀਲ, ਗੰਭੀਰ, ਉਦਾਰਵਾਦੀ ਵਿਸ਼ਿਆਂ ਨਾਲ ਭਰਪੂਰ ਇੱਕ ਮੰਚ ਹੁੰਦਾ ਹੈ। ਪਰ ਅਜੋਕੇ ਸੰਪਾਦਕਾਂ (ਮੰਚਾਂ) ਨੂੰ ਆਪਾਂ ਦੋ ਭਾਗਾਂ ’ਚ ਵੰਡ ਕੇ ਇਉਂ ਸਮਝ ਸਕਦੇ ਹਾਂ:
ਦੁਨਿਆਵੀ (ਸੁਆਰਥੀ) ਵਿਸ਼ਿਆਂ ਨਾਲ ਭਰਪੂਰ ਮੰਚ ਅਤੇ ਅਧਿਆਤਮਿਕ (ਸੱਚ) ਵਿਸ਼ਿਆਂ ਨਾਲ ਭਰਪੂਰ ਮੰਚ।
ਦੁਨਿਆਵੀ (ਸੁਆਰਥੀ, ਲੋਭੀ) ਵਿਸ਼ਿਆਂ ਨਾਲ ਭਰਪੂਰ ਮੰਚ:- ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤ੍ਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਆਟੋ ਚਾਲਕਾਂ ਨੂੰ ਕਸਮ ਖਿਲਾਈ ਕਿ ਸਵਾਰੀ ਭਗਵਾਨ ਦਾ ਰੂਪ ਹੁੰਦੀ ਹੈ, ਇਸ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਹੈ। ਪਰ ਦਿੱਲੀ ਦੇ ਇੱਕ ਵੱਡੇ ਹਿੰਦੀ ਚੈਨਲ ਦੀ ਰਿਪੋਟਰ ਬੀਬੀ, ਜੋ ਕਿ ਖਾਨਪੁਰ (ਅੰਬੇਡਕਰ) ’ਤੋਂ ਬਦਰਪੁਰ ਜਾਣ ਲਈ ਆਟੋ ਬਿਪ੍ਰੀਤ ਦਿਸ਼ਾ (ਖਾਨਪੁਰ ’ਤੋਂ ਬਾਇਆ ਦੇਵਲੀ ਗਾਂਵ, ਸੰਗਮ ਵਿਹਾਰ ਦੀ ਬਜਾਏ ਖਾਨਪੁਰ ’ਤੋਂ ਚਿੜੀਆਘਰ, ਅੱਪੂਘਰ, ਬਸ ਸਟੈਂਡ ਵਾਲੇ ਪਾਸੇ) ਖੜ੍ਹੀ ਆਪਣੇ ਸੰਪਾਦਕ (ਟੀ ਵੀ ਐਂਕਰ) ਨੂੰ ਆਟੋ ਵਾਲਿਆਂ ਦੀ ਮਨਮਾਨੀ (ਭਾਵ ਝੂਠੀ ਖਾਧੀ ਕਸਮ) ਸਾਬੁਤ ਕਰਨ ’ਤੇ ਤੁਲੀ ਹੋਈ ਸੀ। ( ਮੇਰੇ ਵੱਲੋਂ ਦੂਸਰੇ ਪਾਸੇ ਖੜ੍ਹ ਕੇ ਆਟੋ ਪਕੜਨ ਦੀ ਸਹੀ ਸਲਾਹ ਵੀ ਨਹੀਂ ਲਈ ਕਿਉਂਕਿ ਉਸ ਦਾ ਮਕਸਦ ਬਦਰਪੁਰ ਜਾਣਾ ਨਹੀਂ ਬਲਕਿ ਕੁਝ ਹੋਰ ਸੀ।) ਦੂਸਰੇ ਪਾਸੇ ਸਟੂਡੀਓ ’ਚ ਬੈਠੀ ਭੋਲੀ ਜਨਤਾ ਟੀ ਵੀ ਵੱਲੋਂ ਵਿਖਾਈ ਗਈ ਅਸਲ ਖਬਰ ’ਤੇ ਤਾਲੀਆਂ ਮਾਰ ਰਹੀ ਸੀ।
ਅਧਿਆਤਮਿਕ (ਸੱਚ) ਵਿਸ਼ਿਆਂ ਨਾਲ ਭਰਪੂਰ ਮੰਚ:- (ਲੇਖ ਦੇ ਵਿਸਥਾਰ ਨੂੰ ਵੇਖਦਿਆਂ ਇਸ ਵਿੱਚ ਮੈਂ ਕੇਵਲ ਸਿੱਖ ਸਮਾਜ ਨਾਲ ਸੰਬੰਧਤ ਵਿਸ਼ੇ ਹੀ ਲਵਾਂਗਾ।) ਸਮਾਜ ਦੇ ਹਰ ਰੋਗ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਰਹਿ ਕੇ ਪਾਠਕਾਂ ਅੱਗੇ ਵਿਸ਼ੇ ਨੂੰ ਇਉਂ ਰੱਖਣਾ, ਤਾਂ ਜੋ ਪਾਠਕਾਂ ਵੱਲੋਂ ਸਹੀ ਅਤੇ ਗ਼ਲਤ ਰਸਤੇ ਦੀ ਪਹਿਚਾਣ ਕਰਨ ਵਿੱਚ ਕੋਈ ਕਠਿਨਾਈ ਨਾ ਆਵੇ।
ਉਕਤ ਸ਼ਕਤੀ ਲਈ ਸੰਪਾਦਕ ਨੂੰ ਅਲੱਗ-2 ਵਿਸ਼ਿਆਂ ’ਤੇ ਨਿਪੁੰਨ ਲੇਖਕਾਂ ਦੀ ਜ਼ਰੂਰਤ ਪੈਂਦੀ ਹੈ। ਜੋ ਕਿ ਕਿਸੇ ਮੰਚ ਦਾ ਪਹਿਲਾ ਮਨੋਰਥ ਹੁੰਦਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਉਹਨਾਂ ਨਿਪੁੰਨ ਲੇਖਕਾਂ ਦੇ ਵਿਚਾਰ ਕਿਸੇ ਵੀ ਵਿਸ਼ੇ ’ਤੇ ਆਪਸ ਵਿੱਚ 100% ਮਿਲਦੇ ਹੋਵਣ।
ਇੱਥੇ ਸੰਪਾਦਕ (ਮੰਚ) ਦੀ ਜਵਾਬਦੇਹੀ ਵਧ ਜਾਂਦੀ ਹੈ ਕਿ ਉਹ ਇੱਕ ਪਾਸੇ ਆਪਣੇ ਪਾਠਕਾਂ ਨੂੰ ਸੰਤੁਸਟ ਕਰਨ ਵਾਲੇ ਵਿਸ਼ੇ ਉਪਲੱਭਦ ਕਰਾਵੇ ਅਤੇ ਦੂਸਰੇ ਪਾਸੇ ਆਪਣੇ ਨਿਪੁੰਨ ਲੇਖਕਾਂ ਦੇ ਵਿਚਾਰਾਂ ਵਿੱਚ ਤਾਲਮੇਲ ਬਿਠਾਉਣ ਦਾ ਯਤਨ ਕਰੇ।
ਇੱਕ ਸੰਪਾਦਕ (ਮੰਚ) ਨਾਲ ਜੁੜਿਆ ਕਿਸੇ ਵਿਸ਼ੇ ’ਚ ਨਿਪੁੰਨ ਲੇਖਕ, ਜ਼ਰੂਰੀ ਨਹੀਂ ਕਿ ਉਹ ਦੂਸਰੇ ਵਿਸ਼ੇ ਬਾਰੇ ਵੀ ਨਿਪੁੰਨ ਹੀ ਹੋਵੇ। ਅਗਰ ਸੰਪਾਦਕ ਨੇ ਉਸ ਦੀਆਂ ਸੇਵਾਵਾਂ ਦੂਸਰੇ ਵਿਸ਼ੇ ਬਾਰੇ ਲੈਣੀਆਂ ਹਨ ਤਾਂ ਪਹਿਲਾਂ ਉਸ ਨੂੰ ਤਿਆਰ ਕਰਨਾ ਪਵੇਗਾ।
ਅਜੋਕੇ ਵਿਗਿਆਨਕ (ਠੲਚਹਨੋਲੋਗੇ) ਯੁੱਗ ਵਿੱਚ ਗੁਰੂ ਕ੍ਰਿਪਾ ਨਾਲ ਕਈ ਵੀਰਾਂ ਨੇ ਸੰਪਾਦਕ (ਮੰਚ) ਰਾਹੀਂ ਸਿੱਖ ਸਮਾਜ (ਪਾਠਕਾਂ) ਅੱਗੇ ਗੁਰਮਤਿ ਵਿਚਾਰਧਾਰਾ ਨੂੰ ਸਰਲ ਤਰੀਕੇ ਨਾਲ ਰੱਖਣ ਦੀ ਸਫਲ ਜਿੰਮੇਵਾਰੀ ਨਿਭਾਈ ਹੈ ਜੋ ਕਿ ਸਲਾਹੁਣ ਯੋਗ ਕਦਮ ਹੈ ਪਰ ਤਕਨੀਕ ਦੀ ਦੁਰਵਰਤੋਂ ਵੀ ਆਮ ਵੇਖਣ ਵਿੱਚ ਮਿਲ ਜਾਂਦੀ ਹੈ, ਜਿਸ ਨੂੰ ਪਹਿਚਾਨਣ ਦੀ ਜ਼ਰੂਰਤ ਹੈ।
ਕਿਸੇ ਵਿਸ਼ੇ ਦਾ ਗ਼ਲਤ ਜਾਂ ਠੀਕ ਨਿਰਣਾ ਕਰਨਾ ਸੰਪਾਦਕ ਦਾ ਕੰਮ ਨਹੀਂ। ਸੰਪਾਦਕ ਨੇ ਕੇਵਲ ਬੁਧੀਜੀਵੀ ਵਰਗ ਦੀਆਂ ਸੇਵਾਵਾਂ ਲੈ ਕੇ ਮੰਚ ਤਿਆਰ ਕਰਨਾ ਹੁੰਦਾ ਹੈ। ਗ਼ਲਤ ਜਾਂ ਠੀਕ ਨਿਰਣਾ ਕਰਨਾ ਪਾਠਕਾਂ ਦਾ ਅਧਿਕਾਰ ਹੁੰਦਾ ਹੈ। ਅਗਰ ਗ਼ਲਤ ਜਾਂ ਠੀਕ ਦਾ ਨਿਰਣਾ ਆਪ ਹੀ ਕਰ ਚੁੱਕਾ ਸੰਪਾਦਕ ਕਿਸੇ ਵਿਸ਼ੇ ਦੇ ਦੂਸਰੇ ਪਹਿਲੂ ਨੂੰ ਪਾਠਕਾਂ ਤੱਕ ਪਹੁੰਚਣ ਹੀ ਨਾ ਦੇਵੇ ਤਾਂ ਪਾਠਕ ਨਿਰਣਾ ਕਿਵੇਂ ਕਰੇਗਾ? ਅਦਾਲਤਾਂ ’ਚ ਵੀ ਕੇਸ ਦੋਨਾਂ ਪੱਖਾਂ ’ਤੋਂ ਸੁਣ ਕੇ ਹੀ ਜੱਜ (ਪਾਠਕ) ਫੈਸਲਾ ਲੈਂਦਾ ਹੈ। ਅਗਰ ਸੰਪਾਦਕ ਕਿਸੇ ਵਿਸ਼ੇ ਦਾ ਦੂਸਰਾ ਪਹਿਲੂ ਪਾਠਕਾਂ ਤੱਕ ਪਹੁੰਚਾਉਣ ਵਿੱਚ ਰੁਕਾਵਟ ਬਣਦਾ ਹੈ ਤਾਂ ਉਸ ਨੂੰ ਉਸੇ ਵਿਸ਼ੇ ਦਾ ਪਹਿਲਾ ਪਹਿਲੂ ਰੱਖਣ ਦਾ ਅਧਿਕਾਰ ਕਿਸ ਨੇ ਦਿੱਤਾ?
ਸੰਪਾਦਕੀ ਮੰਚ ਦੁਆਰਾ ਕਿਸੇ ਲੇਖ ਦੇ ਪੜ੍ਹਨ ’ਤੋਂ ਉਪਰੰਤ ਸੂਝਵਾਨ ਪਾਠਕਾਂ ਵੱਲੋਂ ਕੀਤੀ ਜਾਂਦੀ ਅੰਤ ਵਿੱਚ ਟਿੱਪਣੀ (comment) ਲੇਖਕਾਂ ਅਤੇ ਸੰਪਾਦਕਾਂ ਦੇ ਨਿਖਾਰ ਵਿੱਚ ਮਦਦਗਾਰ ਬਣਦੀ ਹੈ।
ਕੁਝ ਸਮਾ ਪਹਿਲਾਂ ਮੈ ਇੱਕ ਸੰਪਾਦਕ ਜੀ ਨੂੰ ਇੱਕ ਲੇਖ ਭੇਜਿਆ ਜਿਸ ਦੇ ਸੰਦਰਭ ਵਿੱਚ ਸੰਪਾਦਕ ਸਾਹਿਬ ਜੀ ਨੇ ਮੈਨੂੰ ਇਉਂ ਸੂੁਚਿਤ ਕੀਤਾ। ‘ਤੁਹਾਡੇ ਵੱਲੋਂ ਭੇਜਿਆ ਗਿਆ ਲੇਖ ਪ੍ਰਾਪਤ ਹੋਇਆ ਹੈ, ਸ਼ੁਕਰੀਆ। ਪਰ ਸਾਡੇ ਕੁਝ ਨਿਯਮ ਹਨ:-1. ਅਸੀਂ ਅਖੌਤੀ (ਆਪਣੇ ਆਪ ਲਿਆ ਗਿਆ ਨਿਰਣਾ) ਦਸਮ ਗ੍ਰੰਥ ਨੂੰ ਨਹੀਂ ਮੰਨਦੇ। (ਵੈਸੇ ਇਸ ਵਿਸ਼ੇ ਨਾਲ ਸੰਬੰਧਤ ਇੱਕ ਪਾਸੇ ਵਾਲਾ ਪਹਿਲੂ ਇਸ ਸੰਪਾਦਕ ਜੀ ਵੱਲੋਂ ਰੋਜ਼ਾਨਾ ਉਠਾਇਆ ਵੀ ਜਾਂਦਾ ਹੈ) 2. ਸਾਨੂੰ ਭੇਜਿਆ ਜਾਣ ਵਾਲਾ ਲੇਖ ਪਹਿਲਾਂ ਕਿਸੇ ਹੋਰ ਜਗ੍ਹਾ ਨਹੀਂ ਭੇਜਣਾ। ਬਗੈਰਾ ਬਗੈਰਾ।’
ਇਹਨਾਂ ਸੁਝਾਵਾਂ ਨੂੰ ਪੜ੍ਹ ਕੇ ਮੇਰੇ ਪਾਸ ਦੋ ਹੀ ਰਸਤੇ ਸਨ:-1. ਇਸ ਸੰਪਾਦਕ ਮੰਚ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂ (ਜਾਂ) 2. ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਕਲਮ ਚਲਾਉਂਦਾ ਰਹਾਂ ਬੇਸ਼ੱਕ ਮੇਰੇ ਲੇਖ ਇਸ ਮੰਚ ’ਤੇ ਛਪਣ ਜਾਂ ਨਾ ਛਪਣ।
ਚੰਡੀਗੜ੍ਹ ’ਤੋਂ ਛੱਪਣ ਵਾਲੇ ਇੱਕ ਪੰਜਾਬੀ ਅਖਬਾਰ ਦੇ ਦੋ ਦਰਜਨ ’ਤੋਂ ਵੱਧ ਲੇਖਕਾਂ ਨੇ ਮੇਰੇ ਨਾਲ ਸੰਪਰਕ ਕਰਕੇ ਦੱਸਿਆ ਕਿ ਜਦ ਤੱਕ ਅਸੀਂ ਪੇਪਰ ਦੇ ਸੰਪਾਦਕ ਦੀ ਤਾਰੀਫ ਨਹੀਂ ਕਰਦੇ ਤਦ ਤੱਕ ਸਾਡਾ ਲੇਖ ਅਖਬਾਰ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਇਹਨਾਂ ਵਿੱਚੋਂ ਕੁਝ ਲੇਖਕਾਂ ਦਾ ਇੱਕ ਲੇਖ ਅਖਬਾਰ ’ਚ ਛਪਿਆ ਹੈ ਜਦਕਿ ਦੂਸਰਾ ਮੈ ਮਿਸ਼ਨਰੀ ਸੇਧਾਂ ਮੈਗਜ਼ੀਨ ਵਿੱਚ ਲਗਾਇਆ ਹੈ।
ਅਜੋਕੇ ਸਮੇਂ ਦੇ ਹੋਰ ਵੀ ਕਈ ਸੰਪਾਦਕ ਇਸ ਸੋਚ ’ਤੋਂ ਪ੍ਰਭਾਵਤ ਹਨ। ਜਿਹਨਾਂ ਦੇ ਮੰਚ ’ਤੋਂ ਲੇਖ ਪੜ੍ਹ ਕੇ ਸਹਿਣਸ਼ੀਲ, ਗੰਭੀਰ, ਉਦਾਰਵਾਦੀ ਆਦਿ ਜੀਵਨ ਦੀ ਝਲਕ ਘੱਟ ਅਤੇ ਈਰਖਾ, ਦ੍ਵੈਤ, ਹਉਮੈ, ਆਪੂ ਲਏ ਨਿਰਣਿਆਂ ਦੀ ਝਲਕ ਵਧੇਰੇ, ਪਾਠਕਾਂ ਨੂੰ ਨਜ਼ਰ ਆਉਂਦਾ ਹੈ। ਇਹਨਾਂ ਮੰਚਾਂ ’ਤੋਂ ਪਾਠਕ ਆਪਣੇ ਸਹੀ ਅਤੇ ਗ਼ਲਤ ਨਿਰਣੈ ਲੈਣ ਦੀ ਸ਼ਕਤੀ ਪ੍ਰਾਪਤ ਨਹੀਂ ਕਰ ਸਕਦੇ। ਜਿਸ ਕਾਰਨ ਪਾਠਕਾਂ ਅੰਦਰ ਵੀ ਇਹੋ ਜਿਹੇ ਮੰਚ ਵਾਲੇ ਗੁਣ ਪ੍ਰਵੇਸ ਕਰ ਗਏ ਹਨ।
ਕਿਸੇ ਲੇਖ ਦੇ ਅੰਤ ਵਿੱਚ ਕੀਤੀ ਗਈ ਟਿੱਪਣੀ (comment) ’ਤੋਂ ਅਜੇਹਾ ਲਗਦਾ ਹੈ ਕਿ ਜਾਂ ਤਾਂ ਲੇਖਕ ਦੀ ਤਾਰੀਫ ਹੀ ਕੀਤੀ ਗਈ ਹੈ ਅਤੇ ਜਾਂ ਫਿਰ ਕਿਸੇ ਦੂਸਰੇ ਸੰਪਾਦਕ ਮੰਚ ਬਾਗ਼ ਦੇ ਪੰਛੀਆਂ ਵੱਲੋਂ ਲਏ ਗਏ ਉਸ ਬਦਲੇ ਦਾ ਪ੍ਰਤੀਕ ਜਾਪਦੀ ਹੈ, ਜੋ ਕਿ ਕੁਝ ਦਿਨ ਪੂਰਬ ਇਸ ਸੰਪਾਦਕ ਮੰਚ ਬਾਗ਼ ਦੇ ਪੰਛੀਆਂ ਵੱਲੋਂ ਉਹਨਾਂ ਉੱਤੇ ਕੀਤਾ ਗਿਆ ਹਮਲਾ ਸੀ। ਇਹਨਾਂ ਦੋਵੇਂ ਮਨੋ ਬ੍ਰਿਤੀਆਂ ਰਾਹੀਂ ਸੰਪਾਦਕ ਅਤੇ ਲੇਖਕ ਨੂੰ ਆਪਣੇ ਵੀਚਾਰਾਂ ਵਿੱਚ ਨਿਖਾਰ ਲਿਆਉਣ ਲਈ ਕੁਝ ਪ੍ਰਾਪਤ ਨਹੀਂ ਹੋ ਰਿਹਾ। ਜਦ ਕਿ ਗੁਰਬਾਣੀ ਦਾ ਫ਼ੁਰਮਾਨ ਹੈ:-
‘‘ਉਸਤਤਿ ਨਿੰਦਾ ਦੋਊ ਤਿਆਗੈ, ਖੋਜੈ ਪਦੁ ਨਿਰਬਾਨਾ।। ਗਉੜੀ (ਮ:9/ਅੰਗ 219)
ਇਹ ਵੀ ਮਾਲੁਮ ਹੁੰਦਾ ਕਿ ਇਹਨਾਂ ਵਿੱਚੋਂ ਕੁਝ ਕੁ ਤਾਂ ਆਪਣੀਆਂ ਕਿਤਾਬਾਂ ਵੇਚਣ ਦੇ ਮਕਸਦ ਨਾਲ ਹੀ ਇਸ ਮੰਚ ਦਾ ਪ੍ਰਯੋਗ ਕਰ ਰਹੇ ਹਨ।
ਅਗਰ ਅਧਿਆਤਮਿਕ (ਸੱਚ) ਵਿਸ਼ਿਆਂ ਨਾਲ ਭਰਪੂਰ ਅਖਵਾਉਣ ਵਾਲੇ ਮੰਚ ਵੀ ਦੁਨਿਆਵੀ (ਸੁਆਰਥੀ, ਲੋਭੀ, ਈਰਖਾਲੂ) ਬ੍ਰਿਤੀ ਵਾਲੇ ਮੰਚ ਦੇ ਧਾਰਨੀ ਬਣ ਜਾਣ ਤਾਂ ਸਮਾਜ ਨੂੰ ਅੰਧਕਾਰ ’ਚੋਂ ਕੋਈ ਨਹੀਂ ਬਚਾ ਸਕਦਾ।
ਅੰਤ ਵਿੱਚ ਮੈਂ ਇਹ ਸਵਾਲ ਪਾਠਕਾਂ ਅੱਗੇ ਰੱਖ ਕੇ ਲੇਖ ਸਮਾਪਤ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹੀ ਬ੍ਰਿਤੀ ਦੇ ਸੰਪਾਦਕਾਂ ਨੂੰ ਗੁਰਬਾਣੀ ਦਾ ਇਹ ਵਾਕ
‘‘ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ।।’’ ਤਿਲੰਗ (ਮ:1/ਅੰਗ 723)
ਲਿਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ, ਜਾਂ ਨਹੀਂ।
ਗਿਆਨੀ ਅਵਤਾਰ ਸਿੰਘ,
ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ
-98140-35202
ਮਿਤੀ 20-05-2014
ਅਵਤਾਰ ਸਿੰਘ , ਮਿਸ਼ਨਰੀ ਸੇਧਾਂ
* - ਸੰਪਾਦਕ - #
Page Visitors: 3117