ਬਾਦਲ ਸਾਬ੍ਹ ! '' ਦਲ '' ਨੂੰ ਓਪਰੇਸ਼ਨ ਨਹੀ ਹੁਣ ਤਾਂ ਪੋਸਟ ਮਾਰਟਮ ਦੀ ਲੋੜ ਹੈ.?
(ਗੁਰਿੰਦਰ ਪਾਲ ਸਿੰਘ ਧਨੌਲਾ )
ਹੁਣੇ ਲੰਘੀਆਂ ਲੋਕਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੂੰ ਮਿਲੀ ਨਮੋਸ਼ੀ ਭਰੀ ਹਾਰ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਝੋਰਾ ਲਾ ਦਿੱਤਾ ਹੈ। ਪੰਝੀ ਸਾਲ ਲਗਾਤਾਰ ਰਾਜ ਕਰਨ ਦੇ ਸੁਪਨੇ ਲੈਣ ਵਾਲੇ ਸ.ਬਾਦਲ ਦੇ ਪ੍ਰਧਾਨ ਸਪੁੱਤਰ ਸ. ਸੁਖਬੀਰ ਸਿੰਘ ਬਾਦਲ ਦੀ ਵੀ ਟੈਂ ਟੈਂ ਫਿਸ਼ ਹੋ ਗਈ ਹੈ। ਚੋਣ ਨਤੀਜਿਆਂ ਵੱਲੋਂ ਮਾਰੇ ਜਬਰ ਦਸਤ ਧੱਕੇ ਨੇ ਸ.ਬਾਦਲ ਨੂੰ ਹੋਈ ਹੇਠੀ ਦਾ ਅਹਿਸਾਸ ਕਰਵਾਉਂਦਿਆਂ ਸ਼ੀਸ਼ਾ ਵਿਖਾ ਦਿੱਤਾ ਹੈ। ਜਿਸ ਕਰਕੇ ਹੁਣ ਸ. ਬਾਦਲ ਨੇ ਆਪਣੀ ਪਰਿਵਾਰਕ ਰਾਜਸੀ ਕੁਰਸੀ ਦੇ ਪਾਵਿਆਂ ਨੂੰ ਲੱਗੇ ਘੁਣ ਵੱਲ ਕੁਝ ਤਵੱਜੋਂ ਕੀਤੀ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਸ. ਬਾਦਲ ਨੇ ਆਪਣੇ ਪ੍ਰਧਾਨ ਫਰਜੰਦ ਨੂੰ ਵੀ ਅੰਦਰ ਖਾਤੇ ਆਖ ਦਿੱਤਾ ਹੈ ਕਿ '' ਕਾਕਾ ਜੀ ਹੁਣ ਰਾਜਸੀ ਘੋੜੀ ਦੀ ਲਗਾਮ ਮੈਨੂੰ ਆਪਣੇ ਹੱਥ ਵਿਚ ਲੈਣ ਦਿਓ'' ਅਤੇ ਤੁਸੀਂ ਬੇਲੋੜੀ ਦਖਲ ਅੰਦਾਜੀ ਤੋਂ ਗੁਰੇਜ਼ ਕਰੋ। ਇਹ ਵੀ ਪਤਾ ਲੱਗਾ ਹੈ ਕਿ ਆਉਂਦੇ ਕੁੱਝ ਦਿਨਾਂ ਵਿੱਚ ਮੰਤਰੀ ਮੰਡਲ ਵਿੱਚ ਵੱਡੀ ਅਦਲਾ ਬਦਲੀ ਹੋਣ ਦੀ ਸੰਭਾਵਨਾ ਵੀ ਬਣ ਗਈ ਹੈ। ਕਿਸੇ ਦੀ ਕੁਰਸੀ ਇੱਕ ਦੂਜੇ ਨਾਲ ਬਦਲ ਜਾਵੇਗੀ ,ਕੁੱਝ ਕੁ ਮੁੰਹ ਭਾਰ ਡਿੱਗਣਗੇ ਅਤੇ ਕੁਝ ਨਵੇਂ ''ਫੀਲੇ '' ਵੀ ਰਾਜਸੀ ਸ਼ਤਰੰਜ ਦੇ ਮੋਹਰੇ ਬਣਾਏ ਜਾ ਸਕਦੇ ਹਨ।
ਇਸ ਤਰਾਂ• ਕਰਕੇ ਸ. ਬਾਦਲ ਆਪਣੇ ਦਲ ਦਾ ਵੱਡਾ ਓਪਰੇਸ਼ਨ ਕਰਨ ਦੇ ਰੌਂਅ ਵਿਚ ਹਨ। ਪਰ ਓਪਰੇਸ਼ਨ ਜਾਂ ਸਰਜਰੀ ਓਦੋਂ ਕਾਰਗਾਰ ਸਾਬਿਤ ਹੁੰਦੇ ਹਨ, ਜਦੋਂ ਸਰੀਰ ਨੂੰ ਕੋਈ ਖਾਸ ਬਿਮਾਰੀ ਹੋਵੇ ਅਤੇ ਉਸਦਾ ਪਤਾ ਸਮੇਂ ਸਿਰ ਲੱਗ ਜਾਵੇ। ਕਈ ਵਾਰ ਅਜਿਹੇ ਮੌਕਿਆਂ ਤੇ ਕੁਝ ਨਿਕਾਰੇ ਦੇ ਦਾਗੀ ਅੰਗਾਂ ਨੂੰ ,ਜਿਹਨਾਂ ਨੂੰ ਗੈਂਗਰੀਨ ਹੋ ਚੁੱਕੀ ਹੋਵੇ , ਕੱਟਣੇ ਵੀ ਪੈਂਦੇ ਹਨ ਤਾਂ ਕਿ ਬਾਕੀ ਸਰੀਰ ਨੂੰ ਮਿਰਤੁ ਤੋਂ ਬਚਾ ਲਿਆ ਜਾਵੇ। ਲੇਕਿਨ ਜਦੋਂ ਦੇਹ ਵਿਚੋਂ ਜੋਤ ਹੀ ਨਿਕਲ ਜਾਵੇ ਜਾਂ ਜਾਂ ਰੋਗ ਬਲੱਡ ਕੈਂਸਰ ਵਾਂਗੂੰ ਸਾਰੇ ਸਰੀਰ ਵਿੱਚ ਫੈਲ ਜਾਵੇ, ਫਿਰ ਤਾਂ ਬਚਾ ਕਰਨਾ ਨਾ ਮੁੰਮਕਿਨ ਹੋ ਜਾਂਦਾ ਹੈ ਅਤੇ ਮੌਤ ਨਿਸਚਿੱਤ ਹੁੰਦੀ ਹੈ। ਜਿਵੇ ਹੁਣ ਬਾਦਲ ਦਲ ਬਾਰੇ ਦਿੱਸ ਰਿਹਾ ਹੈ ਅਤੇ ਇਸ ਸਮੇਂ ਸਿਰਫ ਪੋਸਟ ਮਾਰਟਰਮ ਹੀ ਬਿਹਤਰ ਹੁੰਦਾ ਹੈ ਤਾਂ ਕਿ ਚੀਰ ਫਾੜ ਕਰਕੇ ਇਹ ਅੰਦਾਜ਼ਾ ਲਾਇਆ ਜਾ ਸਕੇ ਕਿ ਅਖੀਰ ਅਸੀਂ ਇਹਨਾਂ ਹਾਲਾਤਾਂ ਨੂੰ ਅਪੜੇ ਹੀ ਕਿਉਂ ?
ਸ. ਬਾਦਲ ਨੂੰ ਸਿਰਫ ਮੈਂ ਹੀ ਨਹੀ ਹੋਰ ਵੀ ਸੈਂਕੜੇ ਲੇਖਕਾਂ ਨੇ ਸਮੇਂ ਸਮੇਂ ਬੜੀਆਂ ਸਖਤ ਲਿਖਤਾਂ ਲਿਖਕੇ ਭਵਿਖ ਦੇ ਖਤਰਿਆਂ ਬਾਰੇ ਅਗਾਹ ਕਰਨ ਦੀ ਕੋਸ਼ਿਸ਼ ਕੀਤੀ ਪਰ “ ਹਮ ਦੁਆ ਲਿਖਤੇ ਗਏ ਵੋਹ ਦਗਾ ਪੜਤੇ ਗਏ ਹਮੇਂ ਮਹਿਰਮ ਸੇ ਮੁਜਰਿਮ ਬਣਾ ਦੀਆ '' ਵਾਂਗੂੰ ਸੱਚ ਲਿਖਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਦੁਸ਼ਮਨ ਸਮਝਣ ਲੱਗ ਪਏ। ਪੰਥ ਪ੍ਰਸਤਾਂ ਨਾਲੋ ਪਈ ਵਿੱਥ ਨੂੰ ਵੇਖਦਿਆਂ ਸਮਾਂ ਤਕਾ ਕੇ ਕੁੱਝ ਚਮਚਾਗਿਰੀ ਬਿਰਤੀ ਵਾਲੇ ਲੋਕਾਂ ਨੇ ਜੀ ਹਜ਼ੁਰੀਏ ਬਣਕੇ ਕੰਧ ਦੀਆਂ ਤਰੇੜਾਂ ਵਿੱਚ ਉੱਗੇ ਬੋਹੜ ਵਾਂਗੂੰ ਆਪਣੇ ਪੈਰ ਜਮਾ ਲਏ ਅਤੇ ਸ. ਬਾਦਲ ਨੂੰ ਭੁਲੇਖਾ ਹੋ ਗਿਆ ਕਿ ਸਿਰਾਂ ਦੀ ਥਾਂ ਸਿਰ ਤਾਂ ਪੂਰੇ ਹੀ ਹਨ ਅਤੇ ਓਹ ਇਹ ਵੀ ਭੁੱਲ ਗਏ ਕਿ ਬੁੱਤ ਨਾਲੋ ਕੰਧ ਤੇ ਲਿਖੇ ਚਾਰ ਅੱਖਰ ਕਿਤੇ ਡੂੰਘੇ ਤੇ ਕੀਮਤੀ ਅਰਥ ਰਖਦੇ ਹਨ। ਹੌਲੀ ਹੌਲੀ ਇੱਕ ਇੱਕ ਕਰਕੇ ਪੰਥ ਦਰਦੀ ਬਾਦਲ ਦਲ ਅਤੇ ਸ. ਬਾਦਲ ਤੋਂ ਪਿਛੇ ਹਟਦੇ ਗਏ। ਇੰਜ ਸ. ਬਾਦਲ ਦੇ ਦੁਆਲਿਓਂ ਪੰਥਕ ਵਾੜ ਹਟ ਜਾਣ ਤੇ ਕਈ ਚੋਰ, ਡਾਕੂ ਅਤੇ ਘੁਸਪੈਠੀਏ ਸਹਿਜੇ ਹੀ ਅਕਾਲੀ ਦਲ ਦੇ ਰਾਜਸੀ ਕਿਲੇ ਵਿਚ ਪ੍ਰਵੇਸ਼ ਕਰਕੇ ਨੀਤੀ ਘਾੜੇ ਬਣ ਬੈਠੇ ਅਤੇ ਹਮੇਸ਼ਾ ਸ. ਬਾਦਲ ਨੂੰ ਖੁਦ ਵੀ ਗਲਤ ਸਲਾਹ ਦਿੰਦੇ ਰਹੇ ਅਤੇ ਸ. ਬਾਦਲ ਹੀ ਹਰ ਗਲਤ ਨੀਤੀ ਤੇ ਵੀ ਹਾਂ ਵਿਚ ਸਿਰ ਹਿਲਾਉਂਦੇ ਰਹੇ। ਜਿਸ ਕਰਕੇ ਸ਼ਹੀਦਾਂ ਦੀ ਜਥੇਬੰਦੀ ਅਖਵਾਉਣ ਵਾਲਾ ਅਕਾਲੀ ਦਲ ਜੋ ਕਦੇ ਸਿਖਾਂ ਦੀ ਮੁੱਖ ਰਾਜਸੀ ਨੁਮਾਇੰਦਾ ਜਮਾਤ ਸੀ, ਪਹਿਲਾਂ ਆਪਣੀ ਪੰਥਕ ਹੋਂਦ ਖਤਮ ਕਰਕੇ ਪੰਜਾਬੀ ਪਾਰਟੀ ਬਣ ਗਿਆ ਤੇ ਅੱਜ ਇੱਕ ਪਰਿਵਾਰਕ ਦਲ ਸਾਬਿਤ ਹੋ ਨਿਬੜਿਆ ਹੈ।
ਬਾਦਲ ਦੀ ਤਾਜ਼ੀ ਹੋਈ ਹਾਰ ਕੋਈ ਕ੍ਰਿਸ਼ਮਾ ਨਹੀ ਨਾ ਹੀ ਕੋਈ ਇਥਪਾਕਣ ਵਾਪਰਿਆ ਹਾਦਸਾ ਹੈ? ਸਗੋਂ ਇਸ ਖਤਰੇ ਬਾਰੇ ਤਾਂ ਅਸੀਂ ਡੇਢ ਦਹਾਕੇ ਤੋਂ ਦੁਹਾਈਆਂ ਦੇ ਰਹੇ ਸੀ ਕਿ ਲੋਕ ਨੀਲੀ ਪੱਗ ਅਤੇ ਅਕਾਲੀ ਸ਼ਬਦ ਨੂੰ ਨਫਰਤ ਕਰਨ ਲੱਗ ਪੈਣਗੇ । ਪਰ ਸ. ਬਾਦਲ ਭਗਵੀ ਛਤਰੀ ਦੀ ਛਾਵੇਂ ਬੇ ਖਬਰ ਹੋ ਕੇ ਬੈਠੇ ਰਹੇ ਕਿ ਸ਼ਾਇਦ ਇਹ ਲੋਕੀਂ ਮੈਨੂੰ ਐਵੇਂ ਫੋਕੇ ਡਰਾਵੇ ਦੇਈ ਜਾਂਦੇ ਹਨ। ਪਰ ਹੁਣ ਕੌੜਾ ਸੱਚ ਇਹ ਵੀ ਹੈ ਕਿ ਇਸ ਵਾਰੀ ਲੋਕਸਭਾ ਵਿਚ ਤਾਂ ਫਿਰ ਵੀ ਚਾਰ ਜਿੱਤ ਹੀ ਗਏ। ਲੇਕਿਨ ਵਿਧਾਨਸਭਾ ਵਿਚ ਸ਼ੀਲਾ ਦੀਕਸ਼ਤ ਵਾਲੀ ਜਾਂ ਹੁਣੇ ਜਿਵੇ ਦੇਸ਼ ਭਰ ਵਿਚ ਕਾਂਗਰਸ ਨਾਲ ਹੋਈ ਹੈ ਉਸ ਤਰਾਂ ਦੀ ਹੀ ਨਾ ਹੋ ਜਾਵੇ ? ਕਿਸੇ ਪਾਰਟੀ ਦੇ ਨਾਮ ਕਰਨ ਨਾਲ ਕੋਈ ਫਰਕ ਨਹੀ ਪੈਦਾ ਜੇ ਉਸਦਾ ਏਜੰਡਾ ਤੇ ਨੀਤੀਆਂ ਲੋਕਾਂ ਅਤੇ ਸਮੇਂ ਦੇ ਅਨਕੂਲ ਨਾ ਹੋਣ? ਇੰਜ ਹੀ ਲੀਡਰ ਦੇ ਨਾਮ ਵਿਚ ਵੀ ਬਹੁਤਾ ਕੁੱਝ ਨਹੀ ,ਜੇ ਉਸਦੀ ਨੀਤੀ ਚੰਗੀ ਨਾ ਹੋਵੇ ਅਤੇ ਲੋਕਾਂ ਦਾ ਭਰੋਸਾ ਗਵਾ ਲਵੇ।
ਅੱਜ ਦੀ ਅਕਾਲੀ ਪਾਰਟੀ ਜਾਂ ਬਾਦਲ ਦਲ ਨੇ ਆਪਣਿਆਂ ਤੇ ਬੇਗਾਨਿਆਂ ਦੋਹਾਂ ਤੋਂ ਭਰੋਸਾ ਗਵਾ ਲਿਆ ਹੈ। ਦਲ ਵਿਚ ਕੰਮ ਕਰਦੇ ਲੋਕ ਸਹਿਮੇ ਹੋਏ ਵਿਚਰ ਰਹੇ ਹਨ। ਅਕਾਲੀ ਦਲ ਵਾਸਤੇ ਜੇਲਾਂ ਕੱਟਣ ਵਾਲੇ ਟਕਸਾਲੀ ਆਗੂ ਤੇ ਵਰਕਰ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁਖੀ ਹਨ। ਹੁਣੇ ਹੋਈ ਚੋਣ ਵਿਚ ਓਹਨਾਂ ਨੇ ਹੀ ਬਾਦਲ ਦੀ ਨੀਂਦ ਖੋਲਣ ਵਾਸਤੇ ਇਕ ਹਲੂਣਾ ਦਿੱਤਾ ਹੈ ਕਿ ਸ਼ਾਇਦ ਅਕਾਲੀਅਤ ਜਾਗ ਪਵੇ? ਇਸ ਕਰਕੇ ਹੀ ਸ. ਬਾਦਲ ਨੇ ਹੁਣ ਦਲ ਨੂੰ ਫਰੋਲਣ ਦੀ ਕਾਰਵਾਈ ਆਰੰਭ ਦਿੱਤੀ ਹੈ। ਲੋਕਸਭਾ ਦੇ ਨਤੀਜਿਆਂ ਬਾਰੇ ਸ. ਬਾਦਲ ਨੂੰ ਕੋਈ ਬਹੁਤੀ ਹੈਰਾਨੀ ਨਹੀ ਹੈ ਕਿਉਕਿ ਉਹਨਾਂ ਨੇ ਹਵਾ ਦੇ ਰੁਖ ਨੂੰ ਨਾਮਜ਼ਾਦਗੀਆਂ ਭਰਨ ਵੇਲੇ ਹੀ ਸੁੰਘ ਲਿਆ ਸੀ ਅਤੇ ਇਸ ਕਾਰਨ ਹੀ ਕਾਕੇ ਮਜੀਠੀਏ ਦੀ ਬਠਿੰਡੇ ਭੈਣ ਦੇ ਕਾਗਜ਼ ਭਰਵਾਉਣ ਸਮੇਂ ਪਹੁੰਚਣ ਤੇ ਕਾਫੀ ਲਾਹ ਭਾਹ ਕੀਤੀ ਸੀ। ਪਰ ਉਸ ਵੇਲੇ ਰੇਲ ਸਟੇਸ਼ਨ ਤੋਂ ਲੰਘ ਚੁਕੀ ਸੀ। ਹੁਣ ਸ. ਬਾਦਲ ਖੁਰ ਚੁਕੀ ਸ਼ਾਖ ਨੂੰ ਮੁੜ ਬਹਾਲ ਕਰਨ ਵਾਸਤੇ ਉਪਰਾਲਾ ਆਰੰਭ ਰਹੇ ਹਨ,
ਪਰ ਇਹ ਸਮਾਂ ਸ. ਬਾਦਲ ਵਾਸਤੇ ਸੱਪ ਦੇ ਮੁੰਹ ਵਿਚ ਕੋਹੜ ਕਿਰਲੀ ਵਾਲਾ ਜਾਪਦਾ ਹੈ ਕਿਉਂਕਿ ਜੇ ਤਾਂ ਅਸਲੀ ਕਾਰਨ ਲੱਭੇ ਬਿਨਾਂ ਕੋਈ ਕਦਮ ਚੁੱਕੇ ਜਾਂ ਕੁੱਝ ਕਮਜੋਰੀਆਂ ਨੂੰ ਅੱਖੋਂ ਪਰੋਖੇ ਕਰਨ ਦਾ ਯਤਨ ਕੀਤਾ ਤਾਂ ਇਹ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿੱਗਣ ਦੇ ਬਰਾਬਰ ਹੋਵੇਗਾ? ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋਣਾ ਇੱਕ ਬਹੁਤ ਵੱਡੀ ਘਟਨਾ ਨਹੀ ਦੁਰਘਟਨਾ ਹੈ। ਪਹਿਲੇ ਨੰਬਰ ਤੇ ਤਾਂ ਅਕਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਉਣ ਵਾਲੀ ਗਲਤੀ ਦਾ ਅਹਿਸਾਸ ਅਤੇ ਫਿਰ ਉਸਦਾ ਮੁੜਕੇ ਓਹੀ ਰੂਪ ਬਹਾਲ ਕਰਨ ਦਾ ਮਸਲਾ ਹੈ। ਫਿਰ ਸਿੱਖਾਂ ਜਾਂ ਪੰਜਾਬ ਦੇ ਮਸਲਿਆਂ ਨੂੰ ਠੰਡੇ ਬਸਤੇ ਵਿਚੋਂ ਬਾਹਰ ਕੱਢਕੇ ਇਮਾਨਦਾਰੀ ਨਾਲ ਹੱਲ ਕਰਵਾਉਣ ਵੱਲ ਕਦਮ ਪੁੱਟਣੇ ਪੈਣਗੇ । ਦੂਜੇ ਨੰਬਰ ਤੇ ਪੰਜਾਬ ਵਿਚ ਫੈਲੇ ਮਾਰੂ ਨਸ਼ਿਆਂ ਦੇ ਖਿਲਾਫ਼ ਠੋਸ ਕਾਰਵਾਈ ਅਤੇ ਇਸ ਵਿੱਚ ਸ਼ਾਮਲ ਭਾਵੇ ਕੋਈ ''ਰਾਣੀ ਖਾਂ ਦਾ ਸਾਲਾ'' ਵੀ ਹੋਵੇ ਸੂਲੀ ਟੰਗਣ ਦੀ ਦਲੇਰੀ ਕਰਨੀ ਪਵੇਗੀ।
ਪੰਜਾਬ ਦੇ ਕੁਦਰਤੀ ਸੋਮਿਆਂ ਤੇ ਸਰਕਾਰੀ ਸ਼ਹਿ ਨਾਲ ਕਾਬਜ਼ ਹੋਏ ਬੈਠੇ ਮਾਫੀਆ ਨੂੰ ਜੇਲ ਯਾਤਰਾ ਤੇ ਭੇਜਕੇ ਖੰਡ ਦੇ ਭਾਅ ਵਿਕਦੀ ਬਰੇਤੀ ਨੂੰ ਮੁੜ ਓਥੇ ਹੀ ਲਿਆਉਣਾ ਹੋਵੇਗਾ। ਪਰਿਵਾਰ ਵਿਚੋਂ ਸਿਆਸੀ ਤਾਕਤ ਨੂੰ ਬਾਹਰ ਕੱਢਕੇ ਪੰਥ ਵਿਚ ਵੰਡਣੀ ਪਵੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਅਨਿਆ ਤੇ ਵਧੀਕੀਆਂ ਕਰਨ ਵਾਲੇ ਅਫਸਰਾਂ ਨੂੰ ਅਦਾਲਤੀ ਕਟਿਹੜੇ ਵਿੱਚ ਖੜਾ ਕਰਨਾ ਪਵੇਗਾ। ਜਿਹੜੇ ਦਾਗੀ ਹਨ ਉਹਨਾਂ ਨੂੰ ਆਪੇ ਕਲੀਨ ਚਿੱਟ ਦੇ ਕੇ ਨਹੀ ਸਰਨਾ? ਓਹਨਾਂ ਦੀ ਕਿਸੇ ਵਿਸ਼ੇਸ਼ ਏਜੰਸੀ ਤੋਂ ਪੜਤਾਲ ਕਰਵਾਕੇ ਸੱਚ ਜਨਤਕ ਕਰਨ ਦੀ ਹਿੰਮਤ ਕਰਨੀ ਪਵੇਗੀ। ਖਿਆਲਾਂ ਦੀ ਦੁਨੀਆ ਵਿਚੋਂ ਨਿਕਲ ਕੇ ਹਕੀਕਤ ਦੀ ਜਮੀਨ ਤੇ ਸਾਬਤ ਕਦਮੀਂ ਤੁਰਨਾ ਪਵੇਗਾ। ਸ਼ੇਖ ਚਿੱਲੀ ਵਾਲੇ ਸੁਪਨੇ ਛੱਡਕੇ ਲੋਕਾਂ ਨੂੰ ਸੱਚ ਦੇ ਦੀਦਾਰੇ ਕਰਵਾਉਣੇ ਪੈਣਗੇ। ਫਿਰ ਲੋਕਾਂ ਨੂੰ ਡਾਕਟਰ ਗਾਂਧੀ ,ਪ੍ਰੋ ਸਾਧੂ ਸਿੰਘ ਜਾਂ ਭਗਵੰਤ ਮਾਨ ਲੱਭਣ ਦੀ ਲੋੜ ਨਹੀ ? ਸਗੋਂ ਪੰਥ ਦਾ ਕਿੱਕਰ ਸਿੰਘ ਵੀ ਜੇਤੂ ਜਰਨੈਲ ਸਿੱਧ ਹੋ ਸਕਦਾ ਹੈ? “ ਰੱਸੀ ਸੜ ਗਈ ਲੇਕਿਨ ਵੱਟ ਨਹੀ ਗਏ “ ਹਾਰ ਹੋਈ ਪਰ ਹਾਲੇ ਸਬਕ ਸਿੱਖਿਆ ਨਹੀ ਲੱਗਦਾ ਕਿਉਂਕਿ ਹੁਣ ਆਪਣੀ ਨੂੰਹ ਦੀ ਮਸਾ ਹੋਈ ਜਿੱਤ ਅਤੇ ਪਾਰਟੀ ਦੀ ਨਮੋਸ਼ੀ ਭਰੀ ਹਾਰ ਨੇ ਸ. ਬਾਦਲ ਦੇ ਅੰਦਰ ਇੱਕ ਖਲਬਲੀ ਮਚਾ ਦਿੱਤੀ ਹੈ ਕਿਉਂਕਿ ਇੱਕ ਤਾਂ ਨਰਿੰਦਰ ਮੋਦੀ ਜਾਂ ਬੀ.ਜੇ.ਪੀ. ਕੋਲ ਓਹ ਵੁਕਤ ਹੀ ਨਾ ਨਹੀ ਰਹੀ ਜਿਸਦੀ ਉਮੀਦ ਸੀ। ਇੱਕ ਆਮ ਕਹਾਵਤ ਹੈ ਕਿਸੇ ਗਰੀਬ ਸੱਸ ਨੇ ਆਪਣੀ ਨੂੰਹ ਨੂੰ ਖੇਤਾਂ ਵਿਚੋਂ ਡੱਕੇ (ਲੱਕੜਾਂ ) ਚੁਗਣ ਵਾਸਤੇ ਘੱਲਿਆ ਤਾਂ ਅਚਾਨਕ ਉਸਦੇ ਪੈਰ ਥੱਲੇ ਬਟੇਰਾ ਆ ਗਿਆ। ਬੜੀ ਖੁਸ਼ੀ ਹੋਈ ਤੇ ਦੂਜੇ ਦਿਨ ਨੂੰਹ ਜਾਣ ਲੱਗੀ ਬੇਬੇ ਨੂੰ ਪੁਛਦੀ ਹੈ ਕਿ “ ਬੇਬੇ ਜੀ ਮੈਂ ਡੱਕਿਆਂ ਨੂੰ ਜਾਵਾਂ ਕਿ ਬਟੇਰਿਆਂ ਨੂੰ '' ? ਇਹ ਹਾਲਤ ਸ. ਸੁਖਬੀਰ ਸਿੰਘ ਬਾਦਲ ਦੀ ਸੀ, ਜਿਹੜੇ ਇਹ ਆਖਦੇ ਸਨ ਕਿ ਤੇਰਾਂ ਦੀਆਂ ਤੇਰਾਂ ਜਿੱਤਾਂਗੇ ਅਤੇ ਹੁੱਬ ਕੇ ਸ੍ਰੀ ਅਰੁਣ ਜੇਟਲੀ ਨੂੰ ਵੀ ਲੈ ਆਏ।
ਆਵਦੇ ਨਾਲ ਤਾਂ ਜੋ ਹੋਈ ਸੋ ਹੋਈ ਪਰ ਜੇਟਲੀ ਦੀ ਮੰਜੀ ਵੀ ਚੰਗੀ ਤਰਾਂ '' ਪਟਿਆਲੇ ਵਾਲੇ ਕਾਰੀਗਰ'' ਤੋਂ ਇੰਜ ਠੁੱਕਵਾ ਕੇ ਘੱਲੀ ਹੈ ਕਿ ਸਾਰੀ ਜਿੰਦਗੀ ਚੂਲ ਨਹੀ ਹਿਲਣੀ? ਆਪਣੀ ਸੀਟ ਵੀ ਸਾਰੇ ਹੀਲੇ ਵਰਤਣ ਤੋਂ ਬਾਅਦ ਨੱਕ ਨਾਲ ਜੀਭ ਲਵਾਕੇ ਮਸਾਂ ਹੀ ਜਿੱਤੀ ਹੈ। ਪਰ ਬੇਈਮਾਨੀ ਹਾਲੇ ਵੀ ਅੰਦਰੋਂ ਨਹੀ ਗਈ। ਹੁਣ ਨੂੰਹ ਨੂੰ ਮੰਤਰੀ ਬਣਾਉਣ ਜੋਗੇ ਨਹੀ ਰਹੇ ਤੇ ਜਿਹੜੇ ਜਿੱਤੇ ਹਨ ਸ. ਰਣਜੀਤ ਸਿੰਘ ਬ੍ਰਹਮਪੁਰਾ ਜਾਂ ਪ੍ਰੇਮ ਸਿੰਘ ਚੰਦੁਮਾਜਰਾ ਨੂੰ ਬਣਵਾਉਣਾ ਨਹੀ ਚਾਹੁੰਦੇ। ਜੇ ਅੱਠ ਦਸ ਜਿੱਤ ਜਾਂਦੇ ਫਿਰ ਬੀਬੀ ਹਰਸਿਮਰਤ ਕੈਬਨਿਟ ਵਿਚ ਹੁੰਦੀ? ਭਾਵੇ ਮੋਦੀ ਦੇ ਦਰਵਾਜੇ ਤੇ ਨੱਕ ਦੀ ਟੋਪੀ ਕਿਉਂ ਨਾ ਘਸ ਜਾਂਦੀ ? ਸੋ ਹੁਣ ਪਾਰਟੀ ਦਾ ਪਤਲਾ ਪੋਲਾ ਓਪਰੇਸ਼ਨ ਪਾਰਟੀ ਨੂੰ ਸੁਰਜੀਤ ਨਹੀ ਕਰ ਸਕਦਾ। ਨਾਲੇ ਲਾਸ਼ ਵਾਲੀ ਹਾਲਤ ਵਿਚ ਤਾਂ ਇਮਾਨਦਾਰੀ ਨਾਲ ਪੋਸਟ ਮਾਰਟਰਮ ਹੀ ਲਾਹੇਵੰਦਾ ਹੋਵੇਗਾ। ਥੋੜੀ ਬਹੁਤੀ ਇਮਾਨਦਾਰੀ ਸ਼ਾਇਦ ਮੁੜ• ਪੰਥਕ ਸਿਆਸਤ ਨੂੰ ਸੁਰਜੀਤ ਕਰ ਲਵੇ ਅਤੇ ਸਿੱਖ ਕਦੇ ਗਾਂਧੀ ਟੋਪੀ, ਕਦੇ ਭਗਵੀ ਧੋਤੀ ਦੀ ਮੁਥਾਜੀ ਤੋਂ ਮੁਕਤ ਹੋ ਜਾਣ ? ਅੱਗੇ ਰੱਬ ਰਾਖਾ!!!!!
ਲੇਖਕ : ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
9316176519
Gurinderpal Singh Dhanoula
ਬਾਦਲ ਸਾਬ੍ਹ ! ' ਦਲ ' ਨੂੰ ਓਪਰੇਸ਼ਨ ਨਹੀ ਹੁਣ ਤਾਂ ਪੋਸਟ ਮਾਰਟਮ ਦੀ ਲੋੜ ਹੈ.?
Page Visitors: 2718