ਬਾਦਲ ਹੀ ਬਾਦਲ…
ਭਾਵੇਂ ਕਿ ਇਹ ਬਹੁਤ ਪਹਿਲਾਂ ਸਾਫ਼ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ਼ ਤੇ ਸਿਰਫ਼ ਬਾਦਲ ਪਰਿਵਾਰ ਦੀ ਜੇਬੀ ਪਾਰਟੀ ਬਣ ਚੁੱਕਾ ਹੈ। ਬਾਦਲ ਦਲ ਦਾ ਅਰਥ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਰਹਿ ਗਿਆ ਹੈ, ਇਸਤੋਂ ਇਲਾਵਾ ਕਿਸੇ ਦੀ ਕੋਈ ਅਹਿਮੀਅਤ ਨਹੀਂ, ਚਾਹੇ ਉਹ ਟਕਸਾਲੀ ਅਕਾਲੀ ਆਗੂ ਹੈ, ਚਾਹੇ ਉਹ ਕਈ ਪੀੜ੍ਹੀਆਂ ਤੋਂ ਪਾਰਟੀ ਦੀਆਂ ਮੂਹਰਲੀਆਂ ਸਫ਼ਾ ’ਚ ਹੋ ਕੇ ਸੰਘਰਸ਼ ਲੜ੍ਹਨ ਵਾਲੇ ਪੁਰਾਤਨ ਅਕਾਲੀ ਪਰਿਵਾਰ ਹਨ। ਨਰਿੰਦਰ ਮੋਦੀ ਦੀ ਸਰਕਾਰ ’ਚ ਬਾਦਲ ਪਰਿਵਾਰ ਦੀ ਨੂੰਹ ਨੂੰ ਸਿੱਖਾਂ ਤੇ ਪੰਜਾਬ ਦੀ ਨੁਮਾਇੰਦਗੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਦੀ ਝੰਡੀ ਆਪਣੇ ਪਰਿਵਾਰ ਲਈ ਲੈਣ ਵਾਸਤੇ ਜਿਸ ਤਰ੍ਹਾਂ ਇੱਕ ਹਫ਼ਤਾ ਬਾਦਲਾਂ ਨੇ ਹਰ ਵੱਡੇ ਭਾਜਪਾ ਆਗੂ ਦੇ ਬੂਹੇ ਜਾ ਕੇ ਅਲਖ਼ ਜਗਾਈ ਹੈ, ਉਸਨੇ ਕੌਮ ਨੂੰ ਸ਼ਰਮਸਾਰ ਵੀ ਕੀਤਾ ਹੈ।
ਪਾਰਟੀ ਲਈ ਕੁਰਬਾਨੀ ਜਾਂ ਵਫ਼ਾਦਾਰੀ ਜਾਂ ਸੀਨੀਅਰਤਾ ਦਾ ਹੁਣ ਕੋਈ ਅਰਥ ਹੀ ਨਹੀਂ ਰਹਿ ਗਿਆ, ਜਿਸ ਨਾਲ ਟਕਸਾਲੀ ਅਕਾਲੀ ਆਗੂ ਦੀ ਅਹਿਮੀਅਤ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਗਿਆ ਹੈ। ਦੇਸ਼ ਦੇ ਲਈ, ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਲਈ, ਦੇਸ਼ ਦੇ ਭੁੱਖੇ ਢਿੱਡ ਨੂੰ ਭਰਨ ਲਈ ਅਤੇ ਦੇਸ਼ ਦੇ ਵਿਦੇਸ਼ੀ ਪੈਸਿਆਂ ਦੇ ਖਜ਼ਾਨੇ ਨੂੰ ਭਰਨ ਲਈ ਜੋ ਯੋਗਦਾਨ, ਸਿੱਖਾਂ ਨੇ ਪਾਇਆ, ਉਸ ਸਦਕਾ ਅਤੇ ਦੇਸ਼ ਦੀ ਤੀਜੀ ਕੌਮ ਵਜੋਂ ਹਰ ਕੇਂਦਰੀ ਮੰਤਰੀ ਮੰਤਰੀ ਮੰਡਲ ’ਚ ਪੱਗ ਨੂੰ ਜ਼ਰੂਰ ਥਾਂ ਦਿੱਤੀ ਜਾਂਦੀ ਰਹੀ, ਪ੍ਰੰਤੂ ਬਾਦਲ ਪਰਿਵਾਰ ਦੇ ਸਿਰਫ਼ ‘ਅਸੀਂ ਹੀ ਅਸੀਂ’ ਦੀ ਭਾਵਨਾ ਕਾਰਣ ਸੰਘ ਪਰਿਵਾਰ ਦੀ ਮੋਦੀ ਸਰਕਾਰ ਨੇ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ’ਚ ਪੱਗ ਆਲੋਪ ਕਰ ਦਿੱਤੀ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਅੱਗੇ ਜਾਂਦਿਆ ਸਹੁੰ ਚੁੱਕ ਸਮਾਗਮ ’ਚ ਪੰਜਾਬੀ ਦਾ ਭੋਗ ਵੀ ਪਾ ਦਿੱਤਾ ਹੈ, ਉਸਨੂੰ ਪੰਜਾਬੀ ਨਾਲੋਂ ਅੰਗਰੇਜ਼ੀ ਵੱਧ ਪਿਆਰੀ ਲੱਗੀ ਹੈ। ਸਿੱਖੀ ’ਚ ਗੁਰੂ ਸਾਹਿਬਾਨ ਨੇ ਸੰਗਤ ਨੂੰ ਗੁਰੂ ਦੇ ਵੀਹ ਬਿਸਵੇ ਦੇ ਮੁਕਾਬਲੇ ਇੱਕੀ ਬਿਸਵੇ ਦਾ ਮਾਣ ਦਿੱਤਾ ਸੀ, ਪ੍ਰੰਤੂ ਸਿੱਖਾਂ ਦੀ ਪ੍ਰਤੀਨਿਧ ਅਖਵਾਉਂਦੀ ਇਸ ਜਮਾਤ ਨੇ ਸੰਗਤ ਦੀ ਪੂਰੀ ਤਰ੍ਹਾਂ ਅਣਦੇਖੀ ਕਰਕੇ, ਸਿਰਫ਼ ਆਪਣੇ ਪਰਿਵਾਰ ਨੂੰ ਹੀ ਸਰਵਉ¤ਚ ਬਣਾ ਦਿੱਤਾ ਹੈ, ਜਿਸ ਮੋਦੀ ਨੇ ਕਾਂਗਰਸ ਤੇ ਵੰਸ਼ਵਾਦ ਦਾ ਤਿੱਖਾ ਦੋਸ਼ ਲਾਉਂਦਿਆ ‘ਸ਼ਹਿਜਾਦੇ’ ਦੇ ਵਿਅੰਗ ਬਾਣ ਲਗਾਤਾਰ ਛੱਡੇ ਸਨ। ਉਹ ਵੀ ਬਾਦਲ ਪਰਿਵਾਰ ਦੇ ਵੰਸ਼ਵਾਦ ਨੂੰ ਸਿਰਫ਼ ਪੱਗ ਨੂੰ ਆਪਣੇ ਮੰਤਰੀ ਮੰਡਲ ਵਿੱਚੋਂ ਆਲੋਪ ਕਰਨ ਲਈ ਖੁਸ਼ੀ-ਖੁਸ਼ੀ ਪ੍ਰਵਾਨ ਕਰ ਗਿਆ।
ਸਾਡਾ ਕਿਸੇ ਨਾਲ ਕੋਈ ਜਾਤੀ ਵੈਰ-ਵਿਰੋਧ ਨਹੀਂ, ਪ੍ਰੰਤੂ ਅਸੀਂ ਸ਼ਹੀਦਾਂ ਦੀ ਜੱਥੇਬੰਦੀ ਜਿਸਨੂੰ ਹਜ਼ਾਰਾਂ ਸਿੱਖਾਂ ਨੇ ਆਪਣੀ ਕੁਰਬਾਨੀਆਂ ਦੇਕੇ ਸਥਾਪਿਤ ਕੀਤਾ, ਪੰਥ ਹੋਣ ਦਾ ਮਾਣ ਦੁਆਇਆ, ਅੱਜ ਉਸ ਜੱਥੇਬੰਦੀ ਨੂੰ ਇੱਕ ਪਰਿਵਾਰ ਨੇ ਆਪਣੀ ਜਾਗੀਰ ਬਣਾ ਲਿਆ ਹੈ, ਪ੍ਰੰਤੂ ਵਿਰੋਧ ਕਰਨ ਵਾਲਾ ਕੋਈ ਨਹੀਂ। ਆਖ਼ਰ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਪਾਣੀਆਂ ਨੂੰ , ਪੰਜਾਬ ਦੀ ਹੋਂਦ ਨੂੰ ਸਿਰਫ਼ ਇੱਕ ਮੰਤਰੀ ਦੇ ਅਹੁੱਦੇ ਲਈ ਕਿਵੇਂ ਵਾਰਿਆ ਜਾ ਸਕਦਾ ਹੈ? ਪੰਜਾਬ ਜਿਸਦੀ ਹੋਂਦ ਬਚਾਉਣ ਲਈ ਵਿਸ਼ੇਸ਼ ਪੈਕੇਜ ਦੀ ਲੋੜ ਹੈ, ਉਸਦੀ ਥਾਂ ਇੱਕ ਮੰਤਰੀ ਵਾਲੀ ਝੰਡੀ ਲੈ ਲਈ ਗਈ। ਕੀ ਇਹ ਸੌਦਾ ਪੰਜਾਬ ਦੀ ਮੌਤ ਦੇ ਵਾਰੰਟਾਂ ਦੇ ਦਸਤਖ਼ਤ ਕਰਨਾ ਨਹੀਂ? ਕੀ ਪਾਰਟੀ ਵਿੱਚ ਪੁਰਾਣੇ ਤੇ ਟਕਸਾਲੀ ਆਗੂ ਤੇ ਵਰਕਰ, ਪਾਰਟੀ ਅਤੇ ਪੰਜਾਬ ਦੇ ਹੋਏ ਇਸ ਕਤਲੇਆਮ ਨੂੰ ਚੁੱਪ ਕਰਕੇ ਬਰਦਾਸ਼ਤ ਕਰ ਲੈਣਗੇ?
ਬਾਦਲ ਪਰਿਵਾਰ ਦੇ ਕੇਂਦਰੀ ਸਰਕਾਰ ਦਾ ਹਿੱਸਾ ਬਣ ਜਾਣ ਤੋਂ ਬਾਅਦ ਪੰਜਾਬ ਦੀ ਹਰ ਪਾਸੇ ਨਿੱਘਰਦੀ ਹਾਲਤ ਦਾ ਦੋਸ਼ ਹੁਣ ਕੇਂਦਰ ਸਰਕਾਰ ਸਿਰ ਮੜ੍ਹਨ ਦੇ ਰੱਟੇ-ਰਟਾਏ ਵਾਕ ਮੁੱਕ ਜਾਣਗੇ। ਉਹਨਾਂ ਦੀ ਥਾਂ ਬਾਦਲ ਪਰਿਵਾਰ ਪੰਜਾਬ ਦੀ ਮਾੜੀ ਹਾਲਤ ਲਈ ਕਿਸਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰੇਗਾ? ਅਸੀਂ ਚਾਹੁੰਦੇ ਹਾਂ ਕਿ ਜੇ ਬਾਦਲ ਪਰਿਵਾਰ ਨੇ ਟਕਸਾਲੀ ਤੇ ਸੀਨੀਅਰ ਅਕਾਲੀ ਆਗੂਆਂ ਦੀ ਹੋਂਦ ਦਾ ਭੋਗ ਪਾ ਕੇ ਆਪਣੇ ਪਰਿਵਾਰ ਦੀ ਅਹਿਮੀਅਤ ਨੂੰ ਹੀ ਸਭ ਕੁੱਝ ਮੰਨ ਲਿਆ ਹੈ, ਪ੍ਰੰਤੂ ਉਸਨੂੰ ਹੁਣ ਪੰਜਾਬ ਦੇ ਹਿੱਤਾਂ ਦੀ ਥੋੜ੍ਹੀ ਬਹੁਤ ਯਾਦ ਆਉਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਤਾਂ ਕਿ ਕੇਂਦਰੀ ਸਰਕਾਰ ਵਿੱਚ ਜਿਸ ਤਰ੍ਹਾਂ ਪੱਗ ਅਲੋਪ ਕਰ ਦਿੱਤੀ ਗਈ ਹੈ ਉਸੇ ਤਰ੍ਹਾਂ ਸਿੱਖਾਂ ਦੀ ਹੋਂਦ ਦੇ ਖ਼ਾਤਮੇ ਦੀ ਕਹਾਣੀ ਘੜੀ ਜਾਣੀ ਵੀ ਸ਼ੁਰੂ ਨਾ ਹੋ ਜਾਵੇ ਤੇ ਉਸ ਲਈ ਬੁਨਿਆਦ ਪੰਜਾਬ ਦੀ ਮੰਦਹਾਲੀ ਨੂੰ ਬਣਾ ਲਿਆ ਜਾਵੇ। ਇਸ ਲਈ ਆਪਣੇ ਪਰਿਵਾਰ ਦੇ ਨਾਲ-ਨਾਲ ਮਾੜਾ ਮੋਟਾ ਪੰਜਾਬ ਦਾ ਖ਼ਿਆਲ ਵੀ ਰੱਖ ਲਿਆ ਜਾਵੇ।
ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ
ਬਾਦਲ ਹੀ ਬਾਦਲ…
Page Visitors: 2766