ਬਾਦਲ ਸਾਹਿਬ , ਝੋਟਾ ਮਾਰੋ , ਚੰਮ-ਜੂਆਂ ਆਪੇ ਮਰ ਜਾਣਗੀਆਂ
ਗੁਰਿੰਦਰਪਾਲ ਸਿੰਘ ਧਨੌਲਾ
ਨਸ਼ਾ ਆਰੰਭ ਕਾਲ ਤੋਂ ਹੀ ਮਨੁੱਖ ਨਾਲ ਜੁੜਿਆ ਆ ਰਿਹਾ ਹੈ। ਨਸ਼ੇੜੀ ਲੋਕਾਂ ਨੇ ਨਸ਼ੇ ਦੀ ਇੱਲਤ ਨੂੰ ਜਾਇਜ ਦਰਸਾਉਣ ਵਾਸਤੇ ਕਈ ਤਰ੍ਹਾਂ ਦੇ ਦੇਵੀ ਦੇਵਤਿਆਂ ਨੂੰ ਵੱਖ ਵੱਖ ਨਸ਼ਿਆਂ ਦੇ ਆਦੀ ਸਾਬਿਤ ਕਰਨ ਲਈ ਕੁੱਝ ਨਸ਼ਿਆਂ ਦਾ ਪ੍ਰਸ਼ਾਦ ਵੀ ਤਹਿ ਕੀਤਾ ਹੋਇਆ ਹੈ, ਕਿ ਫਲਾਣਾ ਦੇਵਤਾ ਇਸ ਨਸ਼ੇ ਦਾ ਪ੍ਰਸ਼ਾਦ ਚੜ੍ਹਾਉਣ ਨਾਲ ਖੁਸ਼ ਹੋ ਜਾਂਦਾ ਹੈ ਅਤੇ ਬਹੁਤ ਵਰ ਦਿੰਦਾ ਹੈ। ਇਥੋਂ ਤੱਕ ਕਿ ਆਧੁਨਿਕ ਅਤੇ ਵਿਚਾਰਵਾਦੀ ਧਰਮ, ਸਿੱਖ ਪੰਥ ਵਿੱਚ, ਜਿਥੇ ਹਰ ਨਸ਼ੇ ਦੀ ਮਨਾਹੀ ਹੈ, ਕੁਝ ਲੋਕਾਂ ਨੇ ਨਿਹੰਗ ਸਿੰਘਾਂ ਨੂੰ ਭੰਗ ਪੀਣੀ ਜਾਂ ਅਫੀਮ ਖਾ ਲੈਣੀ ਜਾਇਜ ਆਖੀ ਹੈ। ਜਿਸ ਕਰਕੇ ਕੁੱਝ ਲੋਕੀ ਨਸ਼ੇ ਦੀ ਇਸ ਇਲਤ ਨੂੰ ਧਰਮ ਕ੍ਰਮ ਸਮਝਦੇ ਹੋਏ ਬਿਨ੍ਹਾ ਕਿਸੇ ਭੈਅ ਤੋਂ ਬੜੇ ਫਖਰ ਨਾਲ ਕਰ ਰਹੇ ਹਨ। ਦੇਵਤਿਆਂ ਵੱਲੋਂ ਕਿਸੇ ਯੁੱਗ ਵਿਚ ਸਮੁੰਦਰ ਰਿੜਕੇ ਜਾਣ ਦੀ ਮਿੱਥ ਵਿਚੋਂ ਹੀ ਜਿੱਥੇ ਅਮ੍ਰਿਤ ਤੇ ਹੋਰ ਰਸ ਨਿਕਲੇ ਦਰਸਾਏ ਗਏ ਹਨ, ਉਥੇ ਸ਼ਰਾਬ ਨੂੰ ਵੀ ਚੌਧਵਾਂ ਰਤਨ ਆਖਿਆ ਗਿਆ ਹੈ। ਦਰਅਸਲ ਇਹ ਕੁੱਝ ਓਹਨਾਂ ਲੋਕਾਂ ਦੀ ਕਾਢ ਸੀ, ਜੋ ਹੋਰਨਾਂ ਕੌਮਾਂ ਨੂੰ ਨਸ਼ੇੜੀ ਬਣਾਕੇ ਸਦੀਵੀ ਗੁਲਾਮ ਰਖਣਾ ਚਾਹੁੰਦੇ ਸਨ। ਪਰ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਇਸਨੂੰ ਖਤਮ ਕਰਨ ਦੀ ਲੋੜ ਤੇ ਜੋਰ ਦਿੱਤਾ।
ਲੇਕਿਨ ਅਫਸੋਸ ਕਿ ਅੱਜ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਅਤੇ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਧਰਤ ਪੰਜਾਬ ਸਭ ਤੋਂ ਵਧ ਨਸ਼ੇ ਦੀ ਮਾਰ ਹੇਠ ਹੈ। ਇਸ ਨਸ਼ੇ ਨੂੰ ਫਲਾਉਣ ਵਿਚ ਸਿਰਫ ਨਸ਼ਾ ਤਸਕਰ ਹੀ ਜਿੰਮੇਵਾਰ ਨਹੀਂ? ਸਗੋਂ ਰਾਜਸੀ ਲੋਕਾਂ ਅਤੇ ਪੁਲਿਸ ਦੀ ਸਰਪ੍ਰਸਤੀ ਵੀ ਮੁੱਖ ਤੌਰ ਤੇ ਜਿੰਮੇਵਾਰ ਹੈ। ਬਾਕੀ ਦੀ ਗੱਲ ਛਡੋ ਜੇਲ੍ਹਾਂ ਵਿੱਚ ਵਿਕ ਰਿਹਾ ਨਸ਼ਾ ਭਲਾ ਕਿਵੇ ਸਰਕਾਰ ਤੇ ਪੁਲਿਸ ਦੀ ਰਜਾ ਬਿਨ ਵਿਕ ਸਕਦਾ ਹੈ ? ਪਿਛਲੇ ਵਰ੍ਹੇ ਭਾਈ ਰਾਜੋਆਣਾ ਦੀ ਫਾਂਸੀ ਰੋਕਣ ਵਾਸਤੇ ਦਾਸ ਨੂੰ ਮਹੀਨੇ ਤੋਂ ਵਧੇਰੇ ਸਮਾਂ ਪਟਿਆਲਾ ਜੇਲ੍ਹ ਰਹਿਣਾ ਪਿਆ ਸੀ। ਜੋ ਹਾਲਤ ਅੰਦਰ ਦੇਖੀ ਕਿ ਜੇਲ੍ਹ ਦੇ ਅੰਦਰ ਹੀ ਸਮੈਕ ਤਿਆਰ ਹੋ ਰਹੀ ਸੀ ਤੇ ਅੰਦਰ ਹੀ ਵਿਕ ਰਹੀ ਸੀ, ਓਹ ਵੀ ਨਕਲੀ । ਕੁਝ ਬੰਦੇ ਕੈਮੀਕਲਾਂ ਤੋਂ ਸਮੈਕ ਬਣਾਉਣ ਦੀ ਮੁਹਾਰਤ ਰਖਦੇ ਸਨ ਤੇ ਓਹ ਰਿਹਾਈ ਹੀ ਨਹੀਂ ਚਾਹੁੰਦੇ, ਸਗੋਂ ਉਹਨਾਂ ਨੂੰ ਲੱਖਾਂ ਰੁਪੈ ਦੀ ਜੇਲ੍ਹ ਬੈਠੇ ਵੀ ਆਮਦਨੀ ਹੋ ਰਹੀ ਸੀ।
ਸਾਡੇ ਇਲਾਕੇ ਵਿਚ ਇੱਕ ਸ਼ਰਾਬ ਤਸਕਰ ਬਦਕਿਸਮਤੀ ਨਾਲ ਸਰਕਾਰ ਦਾ ਹਿੱਸਾ ਬਣ ਗਿਆ ਤੇ ਉਸਨੇ ਦਰਜਨਾਂ ਪੰਥਕ ਲੋਕਾਂ ਨੂੰ ਪਹਿਲਾਂ ਸ਼ਰਾਬ ਵੇਚਣ ਦੀ ਆਦਤ ਪਾਈ ਤੇ ਹੌਲੀ ਹੌਲੀ ਫਿਰ ਭੁੱਕੀ ( ਚੁਰਾ ਪੋਸਤ) ਤੇ ਅਖੀਰ ਅਫੀਮ ਵੇਚਣ ਦੀ ਲੱਤ ਵੀ ਲਾ ਦਿੱਤੀ। ਜਿਸਦੀ ਬਦੌਲਤ ਕੁੱਝ ਬੜੇ ਨਾਮੀ ਗੁਨਾਮੀ ਜਥੇਦਾਰਾਂ ਤੋਂ ਅਫੀਮ ਫੜੇ ਜਾਣ ਤੇ ਪਰਚੇ ਵੀ ਹੋਏ। ਇਹ ਵੀ ਸੱਚ ਹੈ ਕਿ ਇੱਕ ਜਿਮਨੀ ਚੋਣ ਵਿਚ ਸਾਡੇ ਇਲਾਕੇ ਤੋਂ ਇੱਕ ਸਿਆਸਤਦਾਨ ਨੂੰ ਅਕਾਲੀ ਮੁੱਖ ਮੰਤਰੀ ਨੇ ਸ਼ਾਬਾਸ਼ ਦਿੱਤੀ ਜਦੋਂ ਉਸਨੇ ਦਸਿਆ ਕਿ ਮੈਂ ਇੱਕ ਟਰੱਕ ਸ਼ਰਾਬ ਤੇ ਨਾਲ 10 ਬੋਰੀਆਂ ਭੁੱਕੀ ਵੀ ਲੈਕੇ ਆਇਆ ਹਾਂ। ਉਥੇ ਪੁਲਿਸ ਵੀ ਬੇਵੱਸ ਸੀ। ਇਕ ਹੋਰ ਵੀ ਸਚਾਈ ਹੈ ਕਿ ਖਾੜਕੂਵਾਦ ਦੇ ਦਿਨਾਂ ਵਿਚ ਪੁਲਿਸ ਨੇ ਕੁੱਝ ਲੋਕਾਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਸੀ ਕਿ ਤੁਸੀਂ ਜਿੰਨੀ ਮਰਜ਼ੀ ਭੁੱਕੀ ਵੇਚੋ ਪਰ ਸਾਨੂੰ ਖਾੜਕੂਆਂ ਬਾਰੇ ਇਤਲਾਹ ਦਿਓ। ਕੁੱਝ ਨੇ ਸੱਚਮੁੱਚ ਮੁਕਬਰੀ ਕੀਤੀ, ਕਈਆਂ ਨੇ ਮੁਕਬਰੀ ਦਾ ਢੌਂਗ ਕਰਕੇ ਕਮਾਈ ਕੀਤੀ। ਫਿਰ ਕੁੱਝ ਪੁਲੀਸ ਵਾਲੇ ਵੀ ਇਸ ਤਸਕਰੀ ਦਾ ਹਿੱਸਾ ਬਣ ਗਏ।
ਹੁਣ ਤੱਕ ਸ.ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਸਹਿਯੋਗੀ ਇਹ ਆਖਦੇ ਰਹੇ ਹਨ ਕਿ ਨਸ਼ੇ ਪਾਕਿਸਤਾਨ ਤੋਂ ਆਉਂਦੇ ਹਨ। ਪਰ ਸਾਰੇ ਪੰਜਾਬ ਦੀ ਸਰਹੱਦ ਤੇ 13 ਫੁੱਟ ਉਚੀ ਕੰਡਿਆਲੀ ਤਾਰ ਲੱਗੀ ਹੋਈ ਹੈ। ਜਿਸ ਵਿਚ ਚੌਵੀ ਘੰਟੇ ਬਿਜਲੀ ਦਾ ਕਰੰਟ ਹੁੰਦਾ ਹੈ। ਉਸਦੇ ਪਿਛੇ ਬੀ.ਐਸ.ਐਫ., ਫਿਰ ਫੌਜ ਦਾ ਪਹਿਰਾ ਹੈ ,ਇਸਦੇ ਨਾਲ ਹੀ ਲੋਕਲ ਪੁਲਿਸ ਦੀਆਂ ਚੌਂਕੀਆਂ ਥਾਣੇ ਵੀ ਹਨ। ਇਸ ਤੋਂ ਇਲਾਵਾ ਰਾਅ,ਆਈ.ਬੀ. ਅਤੇ ਪੰਜਾਬ ਸੀ.ਆਈ.ਡੀ. ਸਮੇਤ ਤਿੰਨ ਖੁਫੀਆ ਏਜੰਸੀਆਂ ਕੰਮ ਕਰਦੀਆਂ ਹਨ। ਜਿਹਨਾਂ ਨੂੰ ਇਹ ਤਾਂ ਸਰਹੱਦ ਪਾਰੋਂ ਵੀ ਪਤਾ ਲੱਗ ਜਾਂਦਾ ਹੈ ਕਿ ਪਾਕਿਸਤਾਨ ਵਿਚ ਕਿਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਾਂ ਕਿਹੜੀ ਹਿੱਟ ਲਿਸਟ ਬਣ ਰਹੀ ਹੈ। ਪਰ ਸਮੈਕ ਅਤੇ ਹੈਰੋਇਨ ਦਾ ਪਤਾ ਕਿਉਂ ਨਹੀਂ ਲੱਗਦਾ ? ਇਥੇ ਬੱਸ ਨਹੀਂ ਇੰਡੀਅਨ ਏਅਰ ਫੋਰਸ ਅਤੇ ਸਪਾਈਸ ਸੈਟੇਲਿਟ ਦੀ ਵੀ ਨਿਗਰਾਨੀ ਹੈ। ਜੋ ਸਰਹੱਦ ਤੋਂ ਕੀੜੀ ਲੰਘੀ ਵੀ ਦਸਦੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਕੇਂਦਰ ਜਾਂ ਪੰਜਾਬ ਸਰਕਾਰ ਨੇ ਇੱਕ ਵੀ ਵੱਡਾ ਅਫਸਰ ਜਿਸਦੇ ਇਲਾਕੇ ਵਿਚੋਂ ਇਹ ਨਸ਼ੇ ਲੰਘਕੇ ਆਉਂਦੇ ਹਨ ਚਾਰਜਸ਼ੀਟ ਕਿਉਂ ਨਹੀਂ ਕੀਤਾ ?
ਦਰਅਸਲ ਸੱਚ ਇਹ ਹੈ ਕਿ ਸਭ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਕੋਈ ਵੀ ਪੰਜਾਬ ਦੀ ਸਲਾਮਤੀ ਨਹੀਂ ਚਾਹੁੰਦਾ। ਇਹ ਨਸ਼ਾ ਪੰਜਾਬ ਵਿਚ ਹੀ ਕਿਉਂ ਹੈ ਤਮਿਲਨਾਡੁ, ਬੰਗਾਲ ਜਾਂ ਹੋਰ ਸਰਹੱਦੀ ਸੂਬੇ ਵਿਚ ਕਿਉਂ ਨਹੀਂ ਫੜਿਆ ਜਾ ਰਿਹਾ ? ਇਸ ਸੋਚਣ ਵਾਲੀ ਤੇ ਚਿੰਤਾ ਵਾਲੀ ਗੱਲ ਹੈ। ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸਦਾ ਸੱਭਿਆਚਾਰ ਤੋੜ ਦਿਓ, ਬੋਲੀ ਵਿਗਾੜ ਦਿਓ, ਪੜ੍ਹਾਈ ਖਤਮ ਕਰ ਦਿਓ ਅਤੇ ਅਖੀਰਲਾ ਹਥਿਆਰ ਨਸ਼ੇ ਦੇ ਸਾਗਰ ਵਿਚ ਡੋਬ ਦਿਓ। ਇਹ ਸਭ ਕੁੱਝ ਸਿੱਖਾਂ ਅਤੇ ਪੰਜਾਬ ਨਾਲ ਹੋ ਰਿਹਾ ਹੈ। ਪਰ ਪੰਜਾਬ ਦੇ ਵਾਰਿਸ ਅਖਵਾਉਣ ਵਾਲੇ ਕੁਰਸੀ ਦੇ ਨਸ਼ੇ ਵਿਚ ਮਦਹੋਸ਼ ਹਨ ਅਤੇ ਪੰਜਾਬ ਹਿਤੈਸ਼ੀ ਤੇ ਪੰਥ ਪ੍ਰਸਤ ਲਾਚਾਰੀ ਦੀ ਹਾਲਤ ਵਿਚ ਹਨ। ਪਿਛਲੇ ਕੁੱਝ ਦਿਨਾਂ ਤੋਂ ਪਹਿਰੇਦਾਰ ਵੱਲੋਂ ਨਸ਼ੇ ਵਿਰੁਧ ਵਜਾਏ ਜੰਗ ਦੇ ਬਿਗਲ ਤੋਂ ਪੰਜਾਬ ਸਰਕਾਰ ਅਤੇ ਹਿੰਦ ਏਜੰਸੀਆਂ ਘਬਰਾ ਗਈਆਂ ਹਨ ਕਿਉਂਕਿ ਪਹਿਰੇਦਾਰ ਵੱਲੋਂ ਜਗਾਈ ਜਾਗ੍ਰਿਤੀ ਦੀ ਜੋਤ ਪ੍ਰਚੰਡ ਜਵਾਲਾ ਬਣਦੀ ਨਜਰ ਆ ਰਹੀ ਹੈ। ਹੁਣ ਲੋਕਾਂ ਦੀਆਂ ਅੱਖਾਂ ਪੂੰਝਣ ਵਾਸਤੇ ਤਖਤਾਂ ਦੇ ਜਥੇਦਾਰ ਨੂੰ ਅੱਗੇ ਲਾਕੇ ਪਹਿਰੇਦਾਰ ਦੀ ਸੱਚ ਦੀ ਅਵਾਜ ਦੇ ਮੁਕਾਬਲੇ ਧੂਤੂ ਵਜਾਉਣਾ ਆਰੰਭ ਕਰ ਦਿੱਤਾ ਹੈ। ਕੁੱਝ ਪੁਲਿਸ ਅਫਸਰਾਂ ਨੇ ਛਾਪਾਮਾਰੀ ਵੀ ਕੀਤੀ ਹੈ। ਅਖਬਾਰਾਂ ਵਿੱਚ ਪ੍ਰਚਾਰ ਜੋਰਾਂ ਤੇ ਹੈ ਕਿ ਵੱਡੇ ਪਧਰ ਨਸ਼ਾ ਫੜਿਆ ਜਾ ਰਿਹਾ ਹੈ ਅਤੇ ਪਰਚੇ ਦਰਜ਼ ਕੀਤੇ ਗਏ ਹਨ । ਦੂਸਰੇ ਪਾਸੇ ਕੁਝ ਅਕਾਲੀ ਆਗੂ ਜਿਹੜੇ ਚੋਣਾਂ ਵਿਚ ਖੁਦ ਨਸ਼ੇ ਵੰਡਕੇ ਚੋਣ ਜਿੱਤਦੇ ਹਨ, ਓਹ ਵੀ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ ਵਾਸਤੇ ਬਿਆਨ ਦੇਣ ਲੱਗ ਪਏ ਹਨ। ਲੇਕਿਨ ਇਹ ਕੰਮ ਓਹ ਅੰਦਰਲੀ ਪ੍ਰੇਰਨਾ ਨਾਲ ਨਹੀਂ ਸਗੋਂ ਆਪਣੇ ਰਾਜਸੀ ਆਕਾ ਦੀ ਹਦਾਇਤ ਤੇ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਆਗੂ ਆਪਣੇ ਆਪ ਨੂੰ ਮਿਸਟਰ ਕਲੀਨ ਸਾਬਿਤ ਕਰਨਾ ਚਾਹੁੰਦਾ ਹੈ?
ਜੇ ਖਾਸ ਕਰਕੇ ਪੰਜਾਬ ਸਰਕਾਰ ਜਾਂ ਅਕਾਲੀ ਦਲ ਨਸ਼ੇ ਨੂੰ ਇਮਾਨਦਾਰੀ ਨਾਲ ਜੜੋਂ ਖਤਮ ਕਰਨਾਂ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਅਕਾਲੀਆਂ ਦੇ ਨਾਮ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਨਸ਼ਰ ਕੀਤੇ ਸਨ ਜਾਂ ਜਿਹਨਾਂ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਬਾਰੇ ਸਭ ਤੋਂ ਵਡਾ ਨਸ਼ਾਤਸਕਰ ਪੁਲਿਸ ਦਾ ਸਾਬਕਾ ਡੀ.ਐਸ.ਪੀ. ਰੁਸਤਮੇ ਹਿੰਦ ਜਗਦੀਸ਼ ਭੋਲਾ ਇੰਕਸ਼ਾਫ ਕਰ ਚੁਕਾ ਹੈ, ਨੂੰ ਗ੍ਰਿਫਤਾਰ ਕੀਤਾ ਜਾਵੇ। ਸਿਰਫ ਇੱਕ ਦਲਿਤ ਮੰਤਰੀ ਤੋਂ ਅਸਤੀਫਾ ਲੈਣ ਨਾਲ ਨਸ਼ੇ ਦੀ ਸੌਦਾਗਰੀ ਵਿਚ ਸ਼ਾਮਲ ਅਕਾਲੀਆਂ ਦੇ ਨਾਮ ਤੇ ਪੜਦਾ ਨਹੀਂ ਪੈਣ ਲੱਗਾ। ਕਾਂਗਰਸੀ ਵੀ ਚੁੱਪ ਹਨ ਕਿਉਂਕਿ ਕੁੱਝ ਨਾਮ ਉਹਨਾਂ ਦੀ ਪਾਰਟੀ ਦੇ ਲੋਕਾਂ ਦੇ ਵੀ ਆਉਂਦੇ ਹਨ। ਜੋ ਡਰਾਮਾਂ ਪੰਜਾਬ ਵਿਚ ਰੋਜ ਪੁਲਿਸ ਛਾਪੇਮਾਰੀ ਕਰਕੇ ਕਰ ਰਹੀ ਹੈ ਅਤੇ ਜਿਸਨੂੰ ਪੀ.ਟੀ.ਸੀ. ਚੈਨਲ ਬੜੇ ਜੋਰ ਨਾਲ ਪ੍ਰਚਾਰ ਰਿਹਾ ਹੈ ਕਿ ਵੇਖੋ ਸਰਕਾਰ ਕਿੰਨੀ ਸੁਚੇਤ ਹੈ, ਉਸ ਬਾਰੇ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਤਾਂ ਨਸ਼ੇੜੀ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਤੋਂ ਪਹਿਲਾਂ ਹੀ ਦੁਖੀ ਹਨ। ਹੁਣ ਖਾਨਾ ਪੂਰਤੀ ਲਈ ਉਹਨਾਂ ਤੇ ਪੁਲਿਸ ਕੇਸ ਬਣਾ ਦੇਵੇਗੀ। ਮਾਪੇ ਰਿਹਾਈ ਵਾਸਤੇ ਪੁਲਿਸ ਕੋਲੋਂ ਛਿੱਲ ਪਟਵਾਉਣਗੇ ਅਤੇ ਵਕੀਲਾਂ ਕੋਲ ਜੇਬਾਂ ਹੌਲੀਆਂ ਕਰਨਗੇ। ਫਿਰ ਰੋਜ਼ ਮੁਲਾਕਾਤ ਦੀ ਮੁਸ਼ੱਕਤ ਦੇ ਨਾਲ ਦੁੱਗਣੇ ਮਹਿੰਗੇ ਮੁੱਲ ਨਕਲੀ ਸਮੈਕ ਇਸ ਹੀ ਸਰਕਾਰ ਦੀ ਸਰਪ੍ਰਸਤੀ ਹੇਠ ਜੇਲ੍ਹ ਵਿਚੋਂ ਬੱਚਿਆਂ ਨੂੰ ਖਰੀਦਕੇ ਦੇਣਗੇ ?
ਜੇ ਹਕੂਮਤੀ ਅਕਾਲੀ ਦਲ ਜਾਂ ਪੰਜਾਬ ਸਰਕਾਰ ਸੱਚੇ ਦਿਲੋਂ ਕੁੱਝ ਕਰਨਾ ਚਾਹੁੰਦੀ ਹੈ ਤਾਂ ਹਾਈਕੋਰਟ ਦੇ ਜੱਜ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਕਮਿਸ਼ਨ ਕਾਇਮ ਕਰੇ। ਜਿਹੜਾ ਪੁਲਿਸ ਦੇ ਵੱਡੇ ਅਫਸਰਾਂ ਅਤੇ ਉਹਨਾਂ ਸਿਆਸਤਦਾਨਾ ਦੀ ਪੜਤਾਲ ਕਰੇ ਜਿਹਨਾਂ ਦੇ ਨਾਮ ਹੁਣ ਤੱਕ ਕਿਸੇ ਨਾ ਕਿਸੇ ਤਰਾਂ ਨਸ਼ਾਤਸਕਰੀ ਵਿੱਚ ਸਾਹਮਣੇ ਆ ਚੁਕੇ ਹਨ। ਪਰ ਸਰਕਾਰ ਨੇ ਅਜਿਹਾ ਕਰਨਾ ਨਹੀਂ? ਸਿਰਫ ਲੋਕਾਂ ਵਿਚ ਆਈ ਜਾਗ੍ਰਿਤੀ ਨੂੰ ਬ੍ਰੇਕ ਲਾਉਣੀ ਹੈ। ਕੁੱਝ ਦਿਨਾਂ ਬਾਅਦ ਇਹ ਮਾਮਲਾ ਠੰਡੇ ਬਸਤੇ ਪਾ ਦਿੱਤਾ ਜਾਵੇਗਾ। ਅੱਜ ਬਾਦਲ ਪਰਿਵਾਰ ਜਾਂ ਬਾਦਲ ਸਰਕਾਰ ਕੋਲ ਕੋਈ ਬਹਾਨਾ ਨਹੀਂ ਕਿਉਂਕਿ ਪੰਜਾਬ ਦੀ ਸੂਬੇਦਾਰੀ ਦੇ ਨਾਲ ਦਿੱਲੀ ਦਰਬਾਰ ਦੀ ਹਿੱਸੇਦਾਰੀ ਵੀ ਬਾਦਲ ਪਰਿਵਾਰ ਕੋਲ ਹੀ ਹੈ। ਹੁਣ ਲੋਕਾਂ ਕੋਲ ਜਵਾਬਦੇਹ ਹੋਣਾ ਹੀ ਪਵੇਗਾ।
ਪਰ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਤੇ ਇਸਤੋਂ ਵੀ ਵਧੇਰੇ ਪੰਜਾਬ ਦੀਆਂ ਬੀਬੀਆਂ ਨੂੰ ਹੁਣ ਪਹਿਰੇਦਾਰ ਦੀ ਮੁਹਿੰਮ ਦਾ ਹਿੱਸਾ ਬਣਕੇ ਆਰ ਪਾਰ ਦੀ ਲੜਾਈ ਵਾਸਤੇ ਕਮਰਕੱਸੇ ਕਰਨੇ ਚਾਹੀਦੇ ਹਨ। ਜਿਹਨਾਂ ਦੀਆਂ ਕੁੱਖਾਂ ਦੇ ਜਾਏ ਹੁਣ ਦੇਸ਼ ਭਗਤਾਂ ਤੇ ਬਹਾਦਰਾਂ ਤੋਂ ਨਸ਼ੇੜੀ ਅਖਵਾਉਣ ਲਾ ਦਿੱਤੇ ਹਨ। ਜੇ ਸਰਕਾਰ ਨੇ ਸੱਚੀਂ ਨਸ਼ਾ ਬੰਦ ਕਰਨਾ ਹੈ ਤਾਂ ਇੱਕ ਹੀ ਦਿਨ ਵਿਚ ਠੇਕੇ ਬੰਦ ਕੀਤੇ ਜਾਣ, ਨਸ਼ਾ ਵੇਚਣ ਵਾਲੇ ਵਾਸਤੇ ਸਖਤ ਕਾਨੂੰਨ ਬਨਾਏ ਜਾਣ, ਪਰ ਇਥੇ ਤਾਂ ਨਸ਼ਾ ਤਸਕਰੀ ਵਿਚ ਨਾਮ ਆਉਣ ਤੇ ਕੈਬਨਿਟ ਦੀ ਵਜੀਰੀ ਮਿਲਦੀ ਹੈ। ਫਿਰ ਨਸ਼ਾ ਕਿਵੇ ਹਟੇਗਾ ? ਲੋਕਾਂ ਨੂੰ ਆਪਣੇ ਪੱਧਰ ਤੇ ਹੀ ਉਹਨਾਂ ਲੋਕਾਂ ਦਾ ਬਾਈਕਾਟ ਕਰਨਾ ਪਵੇਗਾ। ਜਿਹਨਾਂ ਦਾ ਨਾਮ ਨਸ਼ੇ ਵੇਚਣ ਵਾਲਿਆਂ ਵਿਚ ਆਉਂਦਾ ਹੈ। ਪੰਚ ਤੋਂ ਲੈਕੇ ਹਰ ਵੱਡੀ ਛੋਟੀ ਚੋਣ ਵਿੱਚ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਪਾਉਣ ਤੋਂ ਠੁੱਠ ਵਿਖਾਉਣਾ ਪਵੇਗਾ। ਤਦ ਕਿਤੇ ਭਲੇ ਦਿਨਾਂ ਦੀ ਆਸ ਕੀਤੀ ਜਾ ਸਕਦੀ ਹੈ।
Gurinderpal Singh Dhanoula
ਬਾਦਲ ਸਾਹਿਬ , ਝੋਟਾ ਮਾਰੋ , ਚੰਮ-ਜੂਆਂ ਆਪੇ ਮਰ ਜਾਣਗੀਆਂ
Page Visitors: 2772