ਮਰਿਆਦਾ ਦੇ ਨਾਮ ਤੇ ! (ਨਿੱਕੀ ਕਹਾਣੀ)
ਇਹੋ ਪੁਰਾਤਨ ਮਰਿਆਦਾ ਹੈ ! ਇਸ ਸਟੇਜ ਤੋਂ ਕੇਵਲ ਇੱਕੋ ਬੰਦਾ ਹੀ ਬੋਲ ਸਕਦਾ ਹੈ, ਹੋਰ ਕਿਸੀ ਨੂੰ ਬੋਲਣ ਦਾ ਹੱਕ ਨਹੀ ! (ਬਿਆਨ ਦਿੰਦੇ ਹੋਏ ਧਾਰਮਿਕ ਆਗੂ ਹਰਬਚਨ ਸਿੰਘ ਨੇ ਕਿਹਾ)
ਸੰਗਤ ਸਿੰਘ (ਹੈਰਾਨੀ ਨਾਲ) : ਇਹ ਮਰਿਆਦਾ ਕਦੋਂ ਬਣੀ ਤੇ ਕਿਸ ਗੁਰੂ ਸਾਹਿਬਾਨ ਨੇ ਬਣਾਈ ਹੈ ? ਰੱਤਾ ਕੁ ਖੋਲ ਕੇ ਦੱਸੋ ਸਿੰਘ ਜੀ !
ਹਰਬਚਨ ਸਿੰਘ : (ਪਰੇਸ਼ਾਨ ਜਿਹਾ ਹੁੰਦਾ ਹੋਇਆ) : ਤੁਹਾਨੂੰ ਦੱਸ ਦਿੱਤਾ ਨਾ ਇੱਕ ਵਾਰ ਕਿ ਇਹ ਪੁਰਾਤਨ ਸਮੇਂ ਤੋ ਚਲੀ ਆ ਰਹੀ ਮਰਿਆਦਾ ਹੈ ਤੇ ਇਸ ਉੱਤੇ ਕਿੰਤੂ-ਪ੍ਰੰਤੂ ਨਹੀ ਹੋ ਸਕਦੀ !
ਸੰਗਤ ਸਿੰਘ : ਜਿਸ ਗੱਲ ਦਾ ਜਵਾਬ ਨਹੀ ਬਹੁੜਦਾ, ਉਸ ਗੱਲ ਨੂੰ ਪੁਰਾਤਨ ਮਰਿਆਦਾ ਦੱਸ ਕੇ ਕਦੋਂ ਤੱਕ ਸੰਗਤਾਂ ਨੂੰ ਚੁੱਪ ਕਰਵਾਉਂਦੇ ਰਹੋਗੇ ? ਐਸੀਆਂ ਬਹੁਤ ਸਾਰੀਆਂ ਗੁਰਮਤ ਵਿਰੋਧੀ ਗੱਲਾਂ ਨੂੰ ਧਰਮ ਦੇ ਖੇਤਰ ਵਿੱਚ "ਪੁਰਾਤਨ ਮਰਿਆਦਾ" ਦੇ ਨਾਮ ਤੇ ਚਲਾਇਆ ਜਾ ਰਿਹਾ ਹੈ ਤੇ ਆਮ ਸੰਗਤ ਨੂੰ ਗੁਰੂ ਦੀ ਮੱਤ ਤੋ ਦੂਰ ਰਖਿਆ ਜਾ ਰਿਹਾ ਹੈ ! ਆਖਿਰ ਕਦੋਂ ਬੰਦ ਕਰੋਗੇ ਤੁਸੀਂ ਧਰਮ ਅੱਤੇ ਮਰਿਆਦਾ ਦੇ ਨਾਮ ਤੇ ਇਹ ਠੱਗੀ ?
(ਬਾਕੀ ਸੰਗਤਾਂ ਵੀਂ ਸੰਗਤ ਸਿੰਘ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੀਆਂ ਹਨ)
ਹਰਬਚਨ ਸਿੰਘ (ਗੱਲ ਬਦਲਦੇ ਹੋਏ) : ਸਾਨੂੰ ਵੀ ਪਤਾ ਹੈ ਕੀ ਬਹੁਤ ਸਾਰੀਆਂ ਗੁਰਮਤ ਵਿਰੋਧੀ ਗੱਲਾਂ ਹਨ ਜੋ ਮਰਿਆਦਾ ਦੇ ਨਾਮ ਤੇ ਹੁੰਦੀਆਂ ਹਨ ਪਰ ਅਸੀਂ ਵੀ ਕੀ ਕਰੀਏ, ਪ੍ਰਬੰਧਕ ਹੀ ਉਨ੍ਹਾਂ ਨੂੰ ਬਦਲਣਾ ਨਹੀ ਚਾਹੁੰਦੇ! ਅਸੀਂ ਜਦੋਂ ਵੀ ਸੰਗਤਾਂ ਵਿੱਚ ਪ੍ਰਚਾਰ ਦੀ ਕੋਸ਼ਿਸ਼ ਕੀਤੀ, ਪ੍ਰਬੰਧਕਾਂ ਵੱਲੋਂ ਸਾਡਾ ਵਿਰੋਧ ਸ਼ੁਰੂ ਹੋ ਗਿਆ ! ਹੁਣ ਅਸੀਂ ਮਾਇਆ ਦੇ ਗੱਫੇ ਵੇਖੀਏ ਜਾਂ ਸੰਗਤਾਂ ਨੂੰ ਗੁਰਮਤ ਸਮਝਾਉਂਦੇ ਹੋਏ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈਏ ? ਸਾਡੇ ਟੱਬਰ ਨੂੰ ਰੋਟੀ ਖੁਆਉਣ ਤੁਸੀਂ ਆਉਗੇ ?
ਸੰਗਤ ਸਿੰਘ (ਸਿਰ ਤੇ ਹੱਥ ਮਾਰਦੇ ਹੋਏ) : ਸੰਗਤ ਨੂੰ ਸਹੀ ਅੱਤੇ ਗਲਤ ਦਾ ਫ਼ਰਕ ਸਿਖਾਉਣਾ ਹੀ ਤਾਂ ਤੁਹਾਡਾ ਕੰਮ ਹੈ! ਪਰ ਜੇਕਰ ਸਿਆਸਿਆਂ, ਪ੍ਰਬੰਧਕਾਂ ਦੀ ਜੁੱਤੀ ਥੱਲੇ ਲੱਗ ਕੇ ਹੀ ਤੁਸੀਂ ਕੰਮ ਕਰਨਾ ਹੈ ਤਾਂ ਇਹ "ਗੁਰਮਤ ਪ੍ਰਚਾਰ" ਦੇ ਧਾਰਣੀ ਹੋਣ ਵਾਲਾ "ਪੋਸ਼ਾਕਾ - ਬਾਣਾ" ਛੱਡ ਕੇ ਕੋਈ ਦੁਨਿਆਵੀ ਨੌਕਰੀ ਲਭ
ਲਵੋ ! ਘੱਟੋ ਘੱਟ ਤੁਹਾਡੇ ਕਰਕੇ ਧਰਮ ਤਾਂ ਬਦਨਾਮ ਨਾ ਹੋਵੇ !
ਹਰਬਚਨ ਸਿੰਘ ਜਵਾਬ ਦੇਣ ਦੀ ਜਗਾਹ ਆਪਣੇ ਕਮਰੇ ਵੱਲ ਚਲਾ ਜਾਉਂਦਾ ਹੈ ਤੇ ਸੰਗਤ ਸਿੰਘ ਮਨਮਤੀ ਮਰਿਆਦਾਵਾਂ ਬਾਰੇ ਜਾਗਰੁਕ ਕਰਦੇ ਹੋਏ ਆਪਣੇ ਵਰਗੇ ਕੁਝ ਹੋਰ ਵੀਰਾਂ ਦੀ ਭਾਲ ਵਿੱਚ ਸੰਗਤ ਵਿੱਚ ਆਪਣਾ ਪੱਖ ਰਖਦਾ ਹੈ !
- ਬਲਵਿੰਦਰ ਸਿੰਘ ਬਾਈਸਨ
http://nikkikahani.com/