ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਜੂਨ ਚੌਰਾਸੀ ਦੇ ਘੱਲੂਘਾਰੇ ਤੋਂ ਅਸੀਂ ਤੀਹ ਸਾਲਾ ਵਿਚ ਵੀ ਕੋਈ ਸਬਕ ਨਹੀਂ ਸਿਖਿਆ ? (ਗੁਰਿੰਦਰ ਪਾਲ ਸਿੰਘ ਧਨੌਲਾ )
ਜੂਨ ਚੌਰਾਸੀ ਦੇ ਘੱਲੂਘਾਰੇ ਤੋਂ ਅਸੀਂ ਤੀਹ ਸਾਲਾ ਵਿਚ ਵੀ ਕੋਈ ਸਬਕ ਨਹੀਂ ਸਿਖਿਆ ? (ਗੁਰਿੰਦਰ ਪਾਲ ਸਿੰਘ ਧਨੌਲਾ )
Page Visitors: 2785

ਜੂਨ ਚੌਰਾਸੀ ਦੇ ਘੱਲੂਘਾਰੇ ਤੋਂ ਅਸੀਂ ਤੀਹ ਸਾਲਾ ਵਿਚ ਵੀ ਕੋਈ ਸਬਕ ਨਹੀਂ ਸਿਖਿਆ  ?  (ਗੁਰਿੰਦਰ ਪਾਲ ਸਿੰਘ ਧਨੌਲਾ )
ਸਿੱਖ ਕੌਮ ਆਦਿ ਕਾਲ ਤੋਂ ਦੁਸ਼ਵਾਰੀਆਂ ਦਾ ਸਾਹਮਣਾ ਕਰਦੀ ਹੋਈ ਵੱਡੇ ਇਮਤਿਹਾਨਾਂ ਵਿਚੋਂ ਗੁਜ਼ਰਦਿਆਂ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ ਕਿ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਸਿੱਖਾਂ ਨੇ ਆਪਣੀ ਇਕ ਵੱਖ਼ਰੀ ਪਹਿਚਾਣ ਬਣਾਈ ਹੈ। ਪਰ ਇਸਦੇ ਬਾਵਜੂਦ ਵੀ ਸਿੱਖਾਂ ਨੂੰ ਆਪਣੀ ਮਾਤਰ ਭੂਮੀ ‘ਤੇ ਆਜ਼ਾਦੀ ਨਾਲ ਸਾਹ ਲੈਣਾ ਅਜੇ ਤੱਕ ਨਸੀਬ ਨਹੀਂ ਹੋਇਆ। ਹਿੰਦੋਸਤਾਨੀ ਸਿਸਟਮ ਨੇ ਬੇਸ਼ੱਕ ਵਿਖਾਵੇ ਦੇ ਤੌਰ ‘ਤੇ ਬਹੁਤ ਸਾਰੇ ਉਨ੍ਹਾਂ ਸਿੱਖਾਂ ਨੂੰ ਜਿਹੜੇ ਸਭ ਕੁੱਝ ਸਮਝਦੇ ਹੋਏ ਵੀ, ਸਰਾਫ਼ਤ ਜਾਂ ਜਲਾਲਤ ਦੇ ਵੱਸ ਸਿੱਖ਼ਾਂ ਨਾਲ ਹੋਈਆਂ ਵਧੀਕੀਆਂ ਨੂੰ ਕੁਨੀਨ ਸਮਝਕੇ ਪੀ ਜਾਂਦੇ ਹਨ, ਵੱਡੇ ਰੁਤਬਿਆਂ ‘ਤੇ ਬਿਠਾ ਕੇ ਸੰਸਾਰ ਭਰ ਨੂੰ ਇਹ ਭੁਲੇਖ਼ਾ ਪਾਉਣ ਦਾ ਯਤਨ ਕੀਤਾ ਹੈ ਕਿ ਸਿੱਖ ਹਿੰਦੋਸਤਾਨ ਵਿਚ ਬਰਾਬਰ ਦੇ ਸ਼ਹਿਰੀ ਹਨ ਅਤੇ ਹਰ ਰਾਜਨੀਤਿਕ ਸ਼ਕਤੀ ਵਿਚ ਬਰਾਬਰ ਹਿੱਸੇਦਾਰ ਹਨ।
ਲੇਕਿਨ ਅਸਲ ਵਿਚ ਏਥੋਂ ਦੀ ਤਸਵੀਰ ਦਾ ਇਹ ਉਲਟਾ ਪਾਸਾ ਹੈ। ਜਿਨ੍ਹਾਂ ਕੋਲ ਰੁਤਬੇ ਜਾਂ ਰਾਜਨੀਤਿਕ ਤਾਕਤ ਹੈ, ਉਨ੍ਹਾਂ ਦੇ ਚਿਹਰੇ ਜਰੂਰ ਸਿੱਖਾਂ ਨਾਲ ਰਲਦੇ ਮਿਲਦੇ ਹਨ। ਪਰ ਸੋਚ ਪੂਰੀ ਤਰ੍ਹਾਂ ਬਿਪਰਵਾਦੀ ਹੈ। ਇਸ ਕਾਰਨ ਹੀ ਲਗਾਤਾਰ ਉਨ੍ਹਾਂ ਲੋਕਾਂ ਨੂੰ ਰਾਜ ਗੱਦੀ ‘ਤੇ ਬਿਠਾਏ ਰੱਖਣ ਵਿਚ ਹਿੰਦੋਸਤਾਨੀ ਢਾਂਚਾ ਇਕੋ ਤੀਰ ਨਾਲ ਕਈ ਸ਼ਿਕਾਰ ਕਰਦਾ ਹੈ। ਪਹਿਲੇ ਨੰਬਰ ‘ਤੇ ਪੂਰੇ ਸੰਸਾਰ ਨੂੰ ਧੋਖ਼ਾ, ਦੂਸਰੇ ਨੰਬਰ ‘ਤੇ ਸਿੱਖਾਂ ਦੇ ਅਸਲ ਵਾਰਸਾਂ ਨੂੰ ਸੰਗਤਾਂ ਦੇ ਲਾਗੇ ਨਾ ਢੁਕਣ ਦੇਣਾ ਅਤੇ ਤੀਸਰਾ ਹੌਲੀ-ਹੌਲੀ ਸਿੱਖਾਂ ਦੇ ਧਰਮ ਸੱਭਿਆਚਾਰ ਨੂੰ ਖ਼ੋਰਾ ਲਗਾਉਣਾ।
ਅੱਜ ਤੀਹ ਵਰ੍ਹੇ ਪੂਰੇ ਹੋ ਗਏ ਹਨ ਜਦੋਂ ਆਜ਼ਾਦ ਹਿੰਦੋਸਤਾਨ ਦੀ ਫ਼ੌਜ ਨੇ ਆਪਣੇ ਦੇਸ਼ ਦੇ ਵਸ਼ਿੰਦਿਆਂ, ਦੇਸ਼ ਭਗਤ ਸਿੱਖਾਂ ਦੇ ਉਸ ਪਾਵਨ ਸਥਾਨ ਜਿਥੋਂ ਸਰਬੱਤ ਦੇ ਭਲੇ ਦਾ ਉਪਦੇਸ਼ ਮਿਲਦਾ ਹੋਵੇ, ਉਪਰ ਫ਼ੌਜੀ ਹਮਲਾ ਕੀਤਾ ਸੀ। ਇਸ ਹਮਲੇ ਨੂੰ ਹਕੂਮਤ ਨੇ ਸਾਕਾ ਨਾਲਾ ਤਾਰਾ ਦਾ ਨਾਮ ਦਿੱਤਾ। ਪਰ ਅਸਲ ਵਿਚ ਇਹ ਸਿੱਖ ਕੌਮ ਦੀ ਨਸਲਕੁਸ਼ੀ ਜਾਂ ਜ਼ਲਿ੍ਹਆਂ ਵਾਲੇ ਬਾਗ ਵਾਂਗੂੰ ਸੰਮੂਹਿਕ ਕਤਲੇਆਮ ਦੀ ਇਕ ਗਿਣੀ ਮਿਥੀ ਸਾਜ਼ਿਸ ਸੀ। ਕੋਈ ਸ਼ੱਕ ਨਹੀਂ ਕਿ ਸਿੱਖਾਂ ‘ਤੇ ਹਮਲੇ ਆਰੰਭ ਕਾਲ ਤੋਂ ਹੁੰਦੇ ਰਹੇ ਹਨ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਵੀ ਬਾਬਰ ਦੀ ਕੈਦ ਵਿਚ ਜਾਣਾ ਪਿਆ। ਪੰਜਵੇਂ ਅਤੇ ਨੌਵੇਂ ਨਾਨਕ ਨੂੰ ਸਮੇਂ ਦੇ ਹਾਕਮਾਂ ਨੇ ਸ਼ਹੀਦ ਕੀਤਾ ਹੈ। ਦਸਵੇਂ ਨਾਨਕ ਵਾਸਤੇ ਵੱਡਾ ਇਮਤਿਹਾਨ ਕਿ ਸਾਰਾ ਸਰਬੰਸ ਵਾਰਕੇ ਉਸਨੂੰ ਪਾਸ ਹੋਣਾ ਪਿਆ। ਲੇਕਿਨ ਇਨ੍ਹਾਂ ਸਾਰੇ ਹਮਲਿਆਂ ਤੋਂ ਬਾਅਦ ਕੌਮ ਪਹਿਲਾਂ ਤੋਂ ਵਧੇਰੇ ਤਕੜੀ ਹੋ ਕੇ ਨਿਕਲਦੀ ਰਹੀ ਹੈ। ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਪਰਿਵਾਰ ਸ਼ਹੀਦ ਹੋ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਬਾਦਸ਼ਾਹੀ ਨੂੰ ਕਾਇਮ ਕੀਤਾ। ਫ਼ਿਰ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਸਿੱਖ ਹਰ ਦੁਸ਼ਵਾਰੀ ਨਾਲ ਜੂਝਦੇ ਰਹੇ। ਮਿਸਲਾਂ ਵਿਚ ਵੰਡੇ ਹੋਣ ਕਾਰਨ ਭਰਾ ਮਾਰੂ ਜੰਗ ਵੀ ਲੜਦੇ ਰਹੇ। ਪਰ ਜਦੋਂ ਵੀ ਸੰਭਲੇ ਤਾਂ ਫ਼ਿਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਵਿਚ ਸਿੱਖ ਰਾਜ ਕਾਇਮ ਕਰ ਲਿਆ।
ਲੇਕਿਨ 1984 ਦਾ ਘੱਲੂਘਾਰਾ ਜੋ ਜੂਨ 1984 ਤੋਂ ਲੈ ਕੇ ਅੱਜ ਤੱਕ ਨਿਰੰਤਰ ਚੱਲ ਰਿਹਾ ਹੈ। ਇਸ ਦੇ ਵਿੱਚ ਸਿੱਖਾਂ ਨੇ ਕੋਈ ਦਿਆਨਤਦਾਰੀ ਜਾਂ ਦੂਰ ਅੰਦੇਸ਼ਤਾ ਵਾਲਾ ਕਾਰਜ ਨਹੀਂ ਕੀਤਾ। ਦਰਬਾਰ ਸਾਹਿਬ ‘ਤੇ ਹਮਲੇ ਨੂੰ ਲੈ ਕੇ ਅੱਜ ਸਿੱਖ ਪੰਥ ਧੜਿ੍ਹਆਂ ਵਿੱਚ ਵੰਡਿਆ ਹੋਇਆ ਇਕ ਦੂਸਰੇ ਤੇ ਦੂਸ਼ਣਬਾਜ਼ੀ ਕਰੀ ਜਾ ਰਿਹਾ। ਕੋਈ ਇਹ ਕਹਿ ਰਿਹਾ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਰਬਾਰ ਸਾਹਿਬ ਵਿਚ ਹੀ ਨਾ ਬੈਠਦੇ ਤਾਂ ਅਕਾਲ ਤਖ਼ਤ ਕਿਉਂ ਢਹਿੰਦਾ? ਕੋਈ ਇਹ ਕਹਿ ਰਿਹਾ ਹੈ ਕਿ ਭਿੰਡਰਾਂਵਾਲੇ ਹਥਿਆਰ ਕਿਉਂ ਰੱਖਦੇ ਸਨ? ਲੇਕਿਨ ਦੂਜੇ ਪਾਸੇ ਕੁੱਝ ਧਿਰਾਂ ਇਹ ਆਖ਼ ਰਹੀਆਂ ਹਨ ਕਿ ਹਮਲਾ ਕਰਾਉਣ ਪਿਛੇ ਸਿੱਖ ਲੀਡਰਾਂ (ਭਾਵ ਅਕਾਲੀਆਂ) ਦਾ ਵੱਡਾ ਹੱਥ ਸੀ ? ਜੇ ਉਹ ਸਹਿਮਤੀ ਨਾ ਦਿੰਦੇ ਤਾਂ ਕਦੇ ਵੀ ਹਮਲਾ ਨਹੀਂ ਹੋ ਸਕਦਾ ਸੀ। ਇਸ ਪ੍ਰਚਾਰ ਦਾ ਜਾਂ ਇਸ ਲੜਾਈ ਦਾ ਫ਼ਾਇਦਾ ਸਿੱਧੇ ਤੌਰ ‘ਤੇ ਉਸ ਸ਼ਕਤੀ ਨੂੰ ਮਿਲ ਰਿਹਾ ਹੈ। ਜਿਸ ਨੇ ਸਿੱਖਾਂ ਦਾ ਲੱਕ ਅਧਵਾਟਿਓ ਤੋੜਣ ਲਈ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਸੀ। ਅੱਜ ਸਿੱਖ ਆਹਮੋ-ਸਾਹਮਣੇ ਖਲੋ ਕੇ ਆਪਸ ਵਿਚ ਤਾਂ ਮੇਹਣੇ ਮਾਰ ਰਹੇ ਹਨ। ਕੋਈ ਹਿਤੈਸ਼ੀ ਬਣ ਰਿਹਾ ਅਤੇ ਦੂਸਰੇ ਨੂੰ ਦੋਸ਼ੀ ਬਣਾ ਰਿਹਾ ਹੈ। ਕੋਈ ਆਪਣੇ ਆਪ ਨੂੰ ਵੱਡਾ ਸਿਆਣਾ ਦੱਸਕੇ ਕਿ ਜੇ ਮੇਰੀ ਸਲਾਹ ਲਈ ਹੁੰਦੀ ਤਾਂ ਅਜਿਹਾ ਕੁੱਝ ਨਾ ਵਾਪਰਦਾ, ਆਖ਼ਕੇ ਆਪਣੇ ਵੱਡੇਪਣ ਦਾ ਸਬੂਤ ਦੇਣਾ ਚਾਹੁੰਦਾ ਹੈ।
ਇਸ ਹਮਲੇ ਬਾਰੇ ਲਿਖ਼-ਲਿਖ਼ ਕੇ ਹੁਣ ਤੱਕ ਕਈ ਟਨ ਕਾਗਜ਼ ਕਾਲੇ ਕੀਤੇ ਜਾ ਚੁੱਕੇ ਹਨ ਅਤੇ ਵੱਖੋ-ਵੱਖਰੀਆਂ ਨੈਟ ਤੇ ਸਾਈਟਾਂ ਬਣਾ ਕੇ ਇਹ ਹਮਲਾ ਬਾਰਸ਼ ਦੇ ਦਿਨਾਂ ਵਿਚ ਵਿਕਦੇ ਖ਼ਰਬੂਜਿਆਂ ਦੀ ਤਰਜ਼ ਤੇ ਵੇਚਿਆ ਜਾ ਰਿਹਾ ਹੈ। ਲੇਕਿਨ ਇਸ ਹਮਲੇ ਦੇ ਅਸਲ ਦੋਸ਼ੀ ਪ੍ਰਤੀ ਸਾਡੀ ਪਹੁੰਚ, ਸਾਡੀ ਸੋਚ, ਸਾਡੀਆਂ ਲਿਖ਼ਤਾਂ ਬਹੁਤ ਸੀਮਿਤ ਸਨ। ਇਹ ਵੀ ਸੱਚ ਹੈ ਕਿ ਇਸ ਹਮਲੇ ਤੋਂ ਬਾਅਦ ਕਿਧਰੇ ਵੀ ਕੋਈ ਸਾਡੀ ਕੌਮੀ ਵਿਉਂਤਬੰਦੀ ਨਹੀਂ। ਜਿਸਨੂੰ ਰਾਜ ਗੱਦੀ ਮਿਲ ਜਾਂਦੀ ਹੈ, ਉਹ ਦੇਸ਼ ਭਗਤੀ ਦੇ ਗੀਤ ਗਾਉਣ ਲੱਗ ਪੈਂਦਾ ਹੈ ਅਤੇ ਜਿਸਨੂੰ ਨਹੀਂ ਮਿਲਦੀ ਉਹ ਰਾਜ ਗੱਦੀ ‘ਤੇ ਬੈਠੇ ਲੋਕਾਂ ਦੇ ਕੀਰਨੇ ਪਾ ਕੇ ਡੰਗ ਟਪਾਈ ਕਰੀ ਜਾਂਦਾ ਹੈ। ਲੇਕਿਨ ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਲੰਘੇ ਤੀਹ ਸਾਲਾਂ ਵਿਚ ਨਾ ਤਾਂ ਅਸੀਂ ਦਰਬਾਰ ਸਾਹਿਬ ਦੇ ਹਮਲੇ ਨੂੰ ਸਿੱਖਾਂ ਦੀ ਨਸਲਕੁਸ਼ੀ ਜਾਂ ਸਿੱਖਾਂ ਦੇ ਸਮੂਹਿਕ ਕਤਲੇਆਮ ਦੇ ਤੌਰ ‘ਤੇ ਜ਼ਲਿ੍ਹਆਂ ਵਾਲੇ ਬਾਗ ਦੇ ਸਾਕੇ ਦੀ ਤਰਜ਼ ਤੇ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣਾ ਸਕੇ ਹਾਂ ਅਤੇ ਨਾਂ ਹੀ ਇਸ ਹਮਲੇ ਵਿਚ ਹੋਏ ਨੁਕਸਾਨ, ਜਿਸ ਵਿਚ ਸਿਰਫ਼ ਆਰਥਿਕ ਨੁਕਸਾਨ ਨਹੀਂ ਸਗੋਂ ਜੋ ਸਾਡਾ ਵਿਰਾਸਤੀ ਨੁਕਸਾਨ ਹੋਇਆ ਹੈ, ਉਸਦੇ ਬਾਰੇ ਸਾਡੀ ਕੋਈ ਪਹੁੰਚ ਹੋਈ ਹੈ ਅਤੇ ਨਾ ਹੀ ਇਸ ਘੱਲੂਘਾਰੇ ਦੌਰਾਨ ਪ੍ਰਭਾਵਿਤ ਹੋਏ ਲੋਕਾਂ, ਖ਼ਾਸਕਰਕੇ ਉਹ ਧਰਮੀ ਫ਼ੌਜੀ ਜਿਨ੍ਹਾਂ ਨੇ ਇਸ ਹਮਲੇ ਦੇ ਰੋਸ ਵਜੋਂ ਆਪਣੀਆਂ ਬੈਰਕਾਂ ਛੱਡੀਆਂ ਸਨ, ਉਨ੍ਹਾਂ ਦਾ ਹੀ ਕੋਈ ਭਲਾ ਕਰ ਸਕੇ ਹਾਂ? ਇਸਤੋਂ ਵੀ ਵਧੇਰੇ ਮਾੜੀ ਗੱਲ ਇਹ ਹੈ ਕਿ ਇਸ ਹਮਲੇ ਤੋਂ ਬਾਅਦ ਸਾਨੂੰ ਰਾਜ ਤਾਂ ਕੀ ਮਿਲਣਾ ਸੀ ਸਗੋਂ ਅਸੀਂ ਆਪਣੀ ਰਾਜਨੀਤਿਕ ਪਾਰਟੀ ਦਾ ਮੁਹਾਂਦਰਾ ਵੀ ਸਿੱਖ ਪਾਰਟੀ ਤੋਂ ਪੰਜਾਬੀ ਪੰਜਾਬੀ ਪਾਰਟੀ ਵਿਚ ਤਬਦੀਲ ਕਰ ਚੁੱਕੇ ਹਾਂ। ਆਉਣ ਵਾਲਾ ਹਰ ਦਿਨ ਸਾਡੇ ਵਾਸਤੇ ਕਿਸੇ ਨਵੀਂ ਬਿਪਤਾ ਨੂੰ ਜਨਮ ਦੇ ਰਿਹਾ ਹੈ। ਸਾਨੂੰ ਉਲਝਾਉਣ ਲਈ ਹਕੂਮਤ ਨੇ ਇਹ ਹਮਲਾ ਹੋਂਦ ਵਿਚ ਲਿਆਉਣ ਤੋਂ ਪਹਿਲਾਂ ਲੰਮੀਂ ਵਿਉਂਤਬੰਦੀ ਕੀਤੀ ਹੋਈ ਸੀ।
ਇਥੇ ਇਹ ਸਪੱਸ਼ਟ ਕਰਨਾ ਵੀ ਬੜਾ ਜ਼ਰੂਰੀ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਇਕੱਲੀ ਕਾਂਗਰਸ ਪਾਰਟੀ ਨੇ ਨਹੀਂ ਕੀਤਾ। ਸਗੋਂ ਇਹ ਹਿੰਦੋਸਤਾਨ ਦੇ ਹਿੰਦੂਤਵੀ ਢਾਂਚੇ ਦਾ ਇਕ ਸਾਂਝਾ ਪ੍ਰੋਗਰਾਮ ਸੀ। ਜਿਸਦੇ ਅੱਗੇ ਪ੍ਰਮੁੱਖਤਾ ਨਾਲ ਕਾਂਗਰਸ ਤੁਰੀ ਅਤੇ ਪਿਛਲੇ ਪਾਸੇ ਜਨਸੰਘ ਵਰਗੀਆਂ ਕੱਟੜਵਾਦੀ ਪਾਰਟੀਆਂ ਨੇ ਵੀ ਆਪਣਾ ਬਣਦਾ ਰੋਲ ਨਿਭਾਇਆ ਸੀ। ਬੜੀ ਤਕੜੀ ਵਿਉਂਤਬੰਦੀ ਨਾਲ ਹਮਲੇ ਤੋਂ ਬਾਅਦ ਸਿੱਖਾਂ ਅੰਦਰ ਦੁਬਿਧਾ ਖੜ੍ਹੀ ਕਰਨ ਲਈ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿੰਦਾ ਕਰਾਰ ਦਿੱਤਾ ਗਿਆ। ਜਦੋਂਕਿ ਉਨ੍ਹਾਂ ਦਾ ਪਰਿਵਾਰ, ਉਨ੍ਹਾਂ ਦੀ ਜਥੇਬੰਦੀ ਅਤੇ ਸਾਰਾ ਸਰਕਾਰੀ ਅਮਲਾ ਫੈਲਾ, ਇਥੋਂ ਤੱਕ ਕਿ ਬਹੁਤ ਸਾਰੇ ਸਿੱਖ ਲੀਡਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ 6 ਜੂਨ ਨੂੰ ਸਵੇਰ ਵੇਲੇ ਸ਼ਹੀਦ ਹੋ ਗਏ ਸਨ। ਪਰ ਇੱਕੀ ਸਾਲ ਲਗਾਤਾਰ ਹਿੰਦ ਏਜੰਸੀਆਂ ਨੇ ਪਰਿਵਾਰ, ਦਮਦਮੀ ਟਕਸਾਲ ਨੂੰ ਭਰੋਸੇ ਵਿਚ ਲੈ ਕੇ ਸ਼ਹੀਦੀ ਦੇ ਸੱਚ ‘ਤੇ ਜ਼ਿੰਦਾ ਹੋਣ ਦਾ ਝੂਠਾ ਮਲੱ੍ਹਮਾਂ ਚੜ੍ਹਾ ਕੇ ਕੌਮ ਨੂੰ ਭੰਬਲਭੂਸੇ ਵਿਚ ਪਾ ਦਿੱਤਾ। ਜਿਸ ਨਾਲ ਇਕ ਤਾਂ ਹਜ਼ਾਰਾਂ ਨੌਜਵਾਨ ਗੱਭਰੂ ਇਸ ਆਸ ‘ਤੇ ਕਿ ਸੰਤ ਜਰਨੈਲ ਸਿੰਘ ਜੀ ਜਿਉਂਦੇ ਹਨ ਅਤੇ ਇਸ ਅੰਧ ਵਿਸ਼ਵਾਸ ਵਿੱਚ ਕਿ ਸੰਤ ਜੀ ਕਿਸੇ ਪਾਸਿਉਂ ਨੇਹਕਲੰਕ ਬਣਕੇ ਪ੍ਰਗਟ ਹੋ ਜਾਣਗੇ, ਪਤੰਗਿਆਂ ਵਾਂਗੂੰ ਹਿੰਦ ਸਰਕਾਰ ਦੀ ਬਾਲੀ ਜ਼ੁਲਮੀ ਸ਼ਮ੍ਹਾ 'ਤੇ ਜਲਦੇ ਰਹੇ ।
ਦੂਜੇ ਪਾਸੇ ਕੌਮ ਇਸ ਇਨ੍ਹਾਂ ਹਾਲਾਤਾਂ ਵਿੱਚ ਕੋਈ ਨਵਾਂ ਲੀਡਰ ਲੱਭਣ ਤੋਂ ਅਸਮਰਥ ਹੋ ਗਈ। ਲੇਕਿਨ ਵੀਹ ਸਾਲ ਦਾ ਸਮਾਂ ਲੰਘ ਜਾਣ ‘ਤੇ ਇਕ ਦਮ ਇਹ ਐਲਾਨ ਹੋ ਗਿਆ ਕਿ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਚੁੱਕੇ ? ਪਿਛੇ ਤੋਂ ਤੁਰਿਆ ਆਉਂਦਾ ਵਿਚਾਰ ਇਕ ਦਮ ਲੀਹੋਂ ਲਹਿਕੇ ਭਟਕ ਗਿਆ। ਸਿੱਖ ਸਿਆਸਤ ਅਤੇ ਸਿੱਖਾਂ ਦਾ ਭਵਿੱਖ ਫ਼ਿਰ ਚੁਰਾਹੇ ਤੇ ਖੜ੍ਹਾ ਹੋ ਗਿਆ। ਇਨ੍ਹਾਂ ਵੀਹਾਂ ਸਾਲਾਂ ਵਿੱਚ ਜਿਥੇ ਦਿੱਲੀ ਸਮੇਤ ਪੰਜਾਬੋ ਬਾਹਰ ਅਨੇਕਾਂ ਸਿੱਖ ਇੰਦਰਾ ਦੇ ਕਤਲ ਤੋਂ ਬਾਅਦ ਮਾਰੇ ਗਏ, ਉਥੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੁੰਡੇ ਅੱਤਵਾਦੀ ਆਖ਼ ਕੇ ਮਾਰ ਦਿੱਤੇ ਗਏ। ਜੇ ਗੰਭੀਰਤਾ ਨਾਲ ਅਧਿਐਨ ਕਰੀਏ ਤਾਂ ਪਤਾ ਲੱਗੇ ਗਾ ਕਿ ’84 ਤੋਂ 94 ਦੌਰਾਨ ਦਸਾਂ ਸਾਲਾਂ ਵਿਚ ਮਾਰੇ ਜਾਣ ਵਾਲੇ ਸਾਰੇ ਸਿੱਖ ਨੌਜਵਾਨ ਉਹ ਸਨ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਹਮਲੇ ਦਾ ਪੂਰਾ ਗਿਆਨ ਸੀ। ਜਾਂ ਇਹ ਕਹੀਏ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਕਿਸੇ ਨਾ ਕਿਸੇ ਤਰੀਕੇ ਇਸ ਹਮਲੇ ਨੂੰ ਹੱਡੀਂ ਹੰਢਾਇਆ ਸੀ। ਹਿੰਦ ਹਕੂਮਤ ਦੀ ਇਹ ਸੋਚ ਸੀ ਕਿ ਜੇ ਇਹ ਨੌਜਵਾਨ ਜਿਉਂਦੇ ਰਹੇ ਤਾਂ ਕਿਸੇ ਸਮੇਂ ਸੰਗਠਤ ਹੋ ਕੇ ਇਨ੍ਹਾਂ ਦੇ ਰੋਹ ਦੀ ਜਵਾਲਾ ਬਦਲੇ ਦੀ ਅੱਗ ਵਿਚ ਬਦਲ ਕੇ ਹਿੰਦੋਸਤਾਨ ਨੂੰ ਇਕ ਨਵਾਂ ਖ਼ਤਰਾ ਖੜ੍ਹਾ ਸਕਦੀ ਹੈ। ਇਸ ਕਰਕੇ ਇਨ੍ਹਾਂ ਦਸਾਂ ਸਾਲਾਂ ਵਿਚ ਅਠਾਰਾਂ ਸਾਲ ਤੋਂ ਲੈ ਕੇ ਚਾਲੀ ਤੱਕ ਸਾਲ ਤੱਕ ਉਮਰ ਦੇ ਹਜ਼ਾਰਾਂ ਨੌਜਵਾਨ ਝੂਠੇ ਮੁਕਾਬਲਿਆਂ ਵਿਚ ਅੱਤਵਾਦੀ ਕਹਿ ਕੇ ਮਾਰ ਖ਼ਪਾਇਆ। ਲੇਕਿਨ ਸਾਨੂੰ ਅਜੇ ਤੱਕ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਪਈ ਅਤੇ ਨਾ ਹੀ ਅਸੀਂ ਇਸ ਘੱਲੂਘਾਰੇ ਤੋਂ ਕੋਈ ਸਬਕ ਸਿੱਖਿਆ ਹੈ।
ਅੱਜ ਵਿਚਰ ਰਹੇ ਸਿੱਖ ਗਰੁੱਪਾਂ ਵਿਚੋਂ ਸਭ ਤੋਂ ਵੱਡਾ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਜਿਹੜਾ ਸਪੱਸ਼ਟ ਰੂਪ ਵਿਚ ਆਰ.ਐਸ.ਐਸ. ਅਤੇ ਬੀਜੇਪੀ ਦਾ ਕਰਿੰਦਾ ਬਣਕੇ ਕੰਮ ਕਰ ਰਿਹਾ ਹੈ। ਦੂਜੇ ਪਾਸੇ ਸਿੱਖਾਂ ਦੀਆਂ ਦੋ ਮਹਾਨ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵੀ ਆਰ.ਐਸ.ਐਸ. ਦੇ ਨੀਤੀ ਪ੍ਰੋਗਰਾਮਾਂ ਅਧੀਨ ਹੀ ਆਪਣੀ ਕਾਰਜ਼ਸ਼ੈਲੀ ਨੂੰ ਨਿਭਾ ਰਹੇ ਹਨ। ਐਂਮਰਜੰਸੀ ਤੋਂ ਬਾਅਦ ਹਿੰਦ ਹਕੂਮਤ ਨੇ ਪੰਜਾਬ ਵਿਚ ਸਿੱਖ ਵਿਰੋਧੀ ਡੇਰੇਦਾਰਾਂ ਦਾ ਜਾਲ ਵਿਛਾ ਦਿੱਤਾ ਸੀ। ਜਿਹੜੀ ਡੇਰੇਦਾਰੀ ਅੱਜ ਸਿੱਖ ਪੰਥ ‘ਤੇ ਅਮਰ ਵੇਲ ਵਾਂਗੂੰ ਚੜ੍ਹ ਚੁੱਕੀ ਹੈ। ਹਿੰਦ ਨਿਜ਼ਾਮ ਨੇ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਕੇ ਸਿੱਖ ਸੰਸਥਾਵਾਂ ਅਤੇ ਸਿੱਖ ਡੇਰਿਆਂ, ਇਥੋਂ ਤੱਕ ਕਿ ਕਿਸੇ ਸਮੇਂ ਜਿਸਦੇ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਰਹੇ ਅੱਜ ਉਹ ਦਮਦਮੀ ਟਕਸਾਲ ਵੀ ਆਰ.ਐਸ.ਐਸ. ਦੀ ਲਛਮਣ ਰੇਖਾ ਦੇ ਅੰਦਰ ਆ ਚੁੱਕੀ ਹੈ।
ਅੱਜ ਬੇਸ਼ੱਕ ਸੰਸਾਰ ਭਰ ਦੇ ਸਿੱਖਾਂ ਨੂੰ ਖ਼ੁਸ਼ੀ ਹੋਈ ਹੈ ਕਿ ਦਰਬਾਰ ਸਾਹਿਬ ਵਿਚ ’84ਦੇ ਸ਼ਹੀਦਾਂ ਭਾਵ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੀ ਯਾਦਗਾਰ ਬਣ ਗਈ ਹੈ। ਪਰ ਇਹ ਲਾਇਨਾਂ ਕੁੱਝ ਲੋਕਾਂ ਨੂੰ ਅਜੇ ਕੌੜੀਆਂ ਹੀ ਲੱਗਣਗੀਆਂ । ਪਰ ਸਮਾਂ ਪਾ ਕੇ ਇਹ ਸੱਚ ਉਨ੍ਹਾਂ ਦੇ ਸੰਘੋਂ ਹੇਠੋਂ ਉਤਰ ਜਾਵੇਗਾ। ਉਹ ਇਹ ਕਿ ਦਰਬਾਰ ਸਾਹਿਬ ਵਿਖੇ ਬਣੀ ’84ਦੇ ਸ਼ਹੀਦਾਂ ਦੀ ਯਾਦਗਾਰ ਆਰ.ਐਸ.ਐਸ. ਦੀ ਸਹਿਮਤੀ ਨਾਲ ਹੀ ਹੋਂਦ ਵਿਚ ਆਈ ਹੈ? ਕਿਉਂਕਿ ਇਕ ਪਾਸੇ ਤਾਂ ਅੱਜ ਪੰਜਾਬ ਦੀਆਂ ਸ਼ਿਵ ਸੈਨਾਂ ਸਮੇਤ ਕਈ ਹਿੰਦੂ ਜਥੇਬੰਦੀਆਂ ਸੰਤ ਭਿੰਡਰਾਂ ਵਾਲਿਆਂ ਦੇ ਪੋਸਟਰ ਅਤੇ ਬੈਨਰ ਪਾੜ ਰਹੀਆਂ ਹਨ ਅਤੇ ਦੂਜੇ ਪਾਸੇ ਆਰ.ਐਸ.ਐਸ. ਦੇ ਸਹਿਯੋਗ ਨਾਲ ਚੱਲ ਰਹੀ ਬਾਦਲ ਸਰਕਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦਗਾਰ ਬਣਾਉਣ ਲਈ ਸਹਿਮਤੀ ਭਰ ਰਹੀ ਹੈ। ਇਹ ਦੋ ਤਲਵਾਰਾਂ ਇੱਕ ਮਿਆਨ ਵਿੱਚ ਕਿਵੇਂ ? ਇਸ ਮਹੱਤਵ ਪੂਰਨ ਪੱਖ ਇਹ ਵੀ ਸਮਝਣ ਦਾ ਯਤਨ ਕਰੋ ਕਿ ਹੁਣ ਸ਼ਹੀਦੀ ਸਮਾਗਮ ਖਿਸਕ ਕੇ ਅਕਾਲ ਤਖ਼ਤ ਸਾਹਿਬ ਤੋਂ ਮਹਿਤਾ ਚੌਂਕ ਜਾ ਚੁੱਕਾ ਹੈ? ਇਸ ਖਿਚੜੀ ਦਾ ਪਤਾ ਅਜੇ ਪੰਥ ਨੂੰ ਕੁੱਝ ਸਾਲਾਂ ਬਾਅਦ ਲੱਗੇਗਾ। ਦਰਅਸਲ ਇਹ ਯਾਦਗਾਰ ਜਿਹੜੀ ਕਿ ਇਕ ਗੁਰਦੁਆਰਾਨੁਮਾ ਹੋਂਦ ਵਿਚ ਆਈ ਹੈ, ਇਸਦਾ ਵੀ ਆਰ.ਐਸ.ਐਸ. ਨੂੰ ਦੋਹਰਾ ਲਾਭ ਪਹੁੰਚੇਗਾ। ਕਿਉਂਕਿ ਉਸ ਜਗ੍ਹਾ ‘ਤੇ ਗੁਰਦੁਆਰੇ ਵਿਚ ਕੇਵਲ ਗੁਰੂ ਗੁਰੰਥ ਸਾਹਿਬ ਅੱਗੇ ਨਮਸਕਾਰ ਕਰਕੇ ਹਰ ਕੋਈ ਵਾਪਿਸ ਆ ਜਾਵੇਗਾ। ਪਰ ’84 ਦੇ ਇਤਿਹਾਸ ਦੀ ਪੂਰਨ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇਗਾ। ਇੱਥੇ ਯਾਦਗਾਰ ਬਣਾਉਣ ਪਿਛੇ ਆਰ.ਐਸ.ਐਸ. ਦਾ ਜੋ ਅਸਲ ਮਕਸਦ ਹੈ ਉਹ ਇਹ ਹੈ ਕਿ ਸੰਤ ਸਮਾਜ, ਦਮਦਮੀ ਟਕਸਾਲ ਗੁਰਦੁਆਰਿਆਂ ਵਿਚ ਰੋਜ਼ ਦੇ ਨਿੱਤਨੇਮ ਅਤੇ ਮਰਿਯਾਦਾ ਨੂੰ ਲੈ ਕੇ ਸ਼੍ਰੋਮਣੀ ਕਮੋਟੀ ਨਾਲ ਆਹਮੋ ਸਾਹਮਣੇ ਹਨ। ਦੋਵਾਂ ਦਾ ਆਪਸ ਵਿਚ ਇਥੋਂ ਤੱਕ ਕਿ ਅੰਮ੍ਰਿਤ ਛਕਾਉਣ ਦੀ ਵਿਧੀ ਵਿਚ ਵੱਡਾ ਵਖ਼ਰੇਵਾਂ ਹੈ।
ਹੁਣ ਆਰ.ਐਸ.ਐਸ. ਨੂੰ ਇਹ ਵੀ ਇਲਮ ਹੈ ਕਿ ਅੱਜ ਦੀ ਦਮਦਮੀ ਟਕਸਾਲ ਜਿਸਨੂੰ ਬਾਬਾ ਹਰਨਾਮ ਸਿੰਘ ਧੁੰਮਾ ਚਲਾ ਰਿਹਾ ਹੈ, ਉਹ ਸੰਤ ਜਰਨੈਲ ਸਿੰਘ ਭਿੰਡਾਰਾਂ ਵਾਲਿਆਂ ਦੀ ਟਕਸਾਲ ਨਹੀਂ ਰਹੀ ਅਤੇ ਆਰ. ਐਸ.ਐਸ. ਹੁਣ ਇਸ ਟਕਸਾਲ ਤੋਂ ਕੋਈ ਖ਼ਤਰਾ ਮਹਿਸੂਸ ਨਹੀਂ ਕਰਦੀ। ਇਸ ਕਰਕੇ ਹੀ ਆਰ.ਐਸ.ਐਸ. ਨੇ ਬਾਬੇ ਧੁੰਮੇ ਦੀ ਦਮਦਮੀ ਟਕਸਾਲ ਨੂੰ ਮਾਨਤਾ ਦੇਣ ਲਈ ’84ਦੀ ਯਾਦਗਾਰੀ ਬਣਾਉਣ ‘ਤੇ ਹਾਮੀ ਭਰੀ ਹੈ ਤਾਂ ਕਿ ਹੌਲੀ ਹੌਲੀ ਇਥੇ ਮਰਿਯਾਦਾ ਦਾ ਬਿਖੇੜਾ ਖੜ੍ਹਾ ਕਰਕੇ ਸਿੱਖ ਪੰਥ ਅੰਦਰ ਨਵੀਂ ਖਾਨਾਜੰਗੀ ਸ਼ੁਰੂ ਕੀਤੀ ਜਾਵੇ। ਜੇ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਸੰਤ ਸਮਾਜ ਜਾਂ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਲੀਹਾਂ ‘ਤੇ ਤੁਰਦੇ ਤਾਂ ਇਥੇ ਯਾਦਗਾਰ ਬਣਾਉਣ ਦੀ ਆਗਿਆ ਕਦਾਚਿੱਤ ਨਹੀਂ ਸੀ ਮਿਲ ਸਕਦੀ ਸੀ? ਆਰ.ਐਸ.ਐਸ. ਨੇ ਮਹਿਸੂਸ ਕਰ ਲਿਆ ਹੈ ਕਿ ਸੰਤ ਸਮਾਜ ਜਾਂ ਦਮਦਮੀ ਟਕਸਾਲ ਹੁਣ ਉਨ੍ਹਾਂ ਵਾਸਤੇ ਰਾਸ਼ਟਰੀ ਸਿੱਖ ਸੰਗਤ ਤੋਂ ਵਧਕੇ ਨਹੀਂ ਹੈ। ਸੋ ਹਾਲੇ ਵੀ ਤੀਹ ਸਾਲਾਂ ਵਿੱਚ ਸਿੱਖਾਂ ਨੇ ਇਸ ਘੱਲੂਘਾਰੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਿੰਦ ਨਿਜ਼ਾਮ ਦੀਆਂ ਕੁਚਾਲਾਂ ਨੂੰ ਨਹੀਂ ਸਮਝਿਆ। ਜਿਸ ਨਾਲ ਹਰ ਦਿਨ ਨਵੀਂ ਖ਼ੁਆਰੀ ਨਾਲ ਚੜ੍ਹਦਾ ਰਹੇਗਾ ਅਤੇ ਆਉਣ ਵਾਲੇ ਸਮੇਂ ਵਿਚ ਹਲੇ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਣੀ ਕਿਉਂਕਿ ਜਜ਼ਬੇ ਵਾਲੇ ਅਤੇ ਇਸ ਹਮਲੇ ਨੂੰ ਹੰਢਾਉਣ ਵਾਲੇ ਬਹੁਗਿਣਤੀ ਨੌਜਵਾਨ ਸਰਕਾਰ ਨੇ ਸਮਸ਼ਾਨ ਘਾਟ ਪਹੁੰਚਾ ਦਿੱਤੇ ਹਨ। ਜਿਹੜੇ ਬਚੇ ਉਨ੍ਹਾਂ ਵਿਚੋਂ ਕੁੱਝ ਕੁ ਸਰਕਾਰ ਦਾ ਹਿੱਸਾ ਬਣੇ ਅਤੇ ਕੁੱਝ ਅਜੇ ਥੱਕੇ ਥਕਾਏ ਕੌਮੀ ਹਿੱਤਾਂ ਲਈ ਲੜਦੇ ਨਜ਼ਰ ਆ ਰਹੇ ਹਨ।
ਇਹ ਵੀ ਕੌੜਾ ਸੱਚ ਹੈ ਕਿ ਆਮ ਆਦਮੀ ਪਾਰਟੀ ਦੇ ਮਗਰ ਤੁਰਿਆ ਪੰਜਾਬੀ ਸਿੱਖ ਨੌਜਵਾਨ ਪੰਥਕ ਹੱਕਾਂ ਤੋਂ ਅਵੇਸਲਾ ਹੈ। ਉਸਦੇ ਖੂਨ ਵਿਚੋਂ ਘੱਲੂਘਾਰੇ ਦੀਆਂ ਵਧੀਕੀਆਂ ਵਿਰੁੱਧ ਹਰਕਤ ਕਰਨ ਵਾਲੇ ਜੀਨ ਸਰਕਾਰ ਨੇ ਹੌਲੀ ਹੌਲੀ ਖ਼ਤਮ ਕਰ ਦਿੱਤੇ ਹਨ। ਪੰਜਾਬ ਦੇ ਲੋਕੀਂ ਬਾਦਲ ਦਲ ਨੂੰ ਵੋਟਾਂ ਪਾਉਣ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਹਿੰਦੋਸਤਾਨੀ ਨਿਜ਼ਾਮ ਨੂੰ ਕਦੇ ਕੋਈ ਉਜ਼ਰ ਨਹੀਂ ਹੋਵੇਗਾ ਪਰ ਜਦੋਂ ਪੰਜਾਬ ਦੇ ਲੋਕ ਪੰਥਕ ਰਾਜਨੀਤੀ ਦੀ ਗੱਲ ਕਰਨਗੇ ਜਾਂ ਆਪਣੀ ਨਿਆਰੀ ਹਸਤੀ ਜਾਂ ਰਾਜ ਬਣਾਉਣ ਦੀ ਗੱਲ ਕਰਨਗੇ ਤਾਂ ਉਦੋਂ ਇਨ੍ਹਾਂ ਨੂੰ ਅੱਤਵਾਦੀ ਵੱਖਵਾਦੀ ਆਦਿ ਆਖ਼ ਕੇ ਭੰਡਿਆ ਜਾਵੇਗਾ। ਇਸ ਵੇਲੇ ਪੰਜਾਬ ਵਿਚ ਨਸ਼ਿਆਂ ਦਾ ਘੱਲੂਘਾਰਾ ਚੱਲ ਰਿਹਾ ਹੈ, ਦਿੱਲੀ ਦੇ ਪਰਲੇ ਪਾਸਿਉਂ ਦੱਖਣ ਪੂਰਬ ਵਿਚੋਂ ਕਦੇ ਕੋਈ ਹੀਰੋਇਨ ਜਾਂ ਸਮੈਕ ਫੜੇ ਜਾਣ ਦੀ ਖ਼ਬਰ ਨਹੀਂ ਆਉਂਦੀ। ਪਰ ਪੰਜਾਬ ਦੀਆਂ ਅਖ਼ਬਾਰਾਂ ਦੇ ਵਰਕੇ ਨਸ਼ਿਆਂ ਦੀਆਂ ਸੁਰਖੀਆਂ ਨਾਲ ਭਰੇ ਹੁੰਦੇ ਹਨ।
ਦਰਅਸਲ 1984 ਤੋਂ ਚੱਲਦਾ ਘੱਲੂਘਾਰਾ 2014 ਤੱਕ ਨਿਰੰਤਰ ਕਿਸੇ ਨਾ ਕਿਸੇ ਰੂਪ ਵਿਚ ਚੱਲ ਰਿਹਾ ਹੈ, ਪਰ ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਪੁਰਾਤਣ ਘੱਲੂਘਾਰਿਆਂ ਵਾਂਗੂੰ ਇਸ ਵਾਰ ਸਿੱਖਾਂ ਦਾ ਖੂਨ ਠੰਡਾ ਪੈ ਚੁੱਕਿਆ ਹੈ। ਉਨ੍ਹਾਂ ਦੇ ਮਸਲੇ ਆਰਥਿਕਤਾ ਜਾਂ ਪਦਾਰਥਵਾਦ ਦੇ ਆ ਕੇ ਟਿਕ ਚੁੱਕੇ ਹਨ। ਕੌਮੀ ਭਾਵਨਾ, ਕੌਮੀ ਸੋਚ, ਨਿਆਰੀ ਹਸਤੀ ਦਾ ਖ਼ਿਆਲ ਉਨ੍ਹਾਂ ਦੇ ਜਿਹਨ ‘ਚ ਉਡਾਰੀ ਲਗਾ ਗਿਆ ਹੈ। ਅਜੇ ਵੀ ਵੇਲਾ ਹੈ ਕਿ ਮੁੜ੍ਹ ਪੰਥਕ ਰਾਜਨੀਤੀ ਨੂੰ ਸੁਰਜੀਤ ਕਰੀਏ, ਕਿਸੇ ਹਕੂਮਤ ਜਾਂ ਗਿਣਤੀ ਮਿਣਤੀ ਦਾ ਆਸਰਾ ਛੱਡ ਕੇ ਸਿਧਾਂਤਾਂ ਦਾ ਪੱਲਾ ਫੜ੍ਹਕੇ ਗੁਰੂ ਦੇ ਓਟ ਆਸਰੇ ਨਾਲ ਸੱਚ ਦੀ ਆਵਾਜ਼ ਨੂੰ ਲੈ ਕੇ ਕੌਮ ਦੇ ਭਵਿੱਖ ਦੇ ਵਾਸਤੇ ਉਹ ਪੱਗ ਡੰਡੀ ਬਣਾਈਏ, ਜਿਹੜੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਧਾਰਾ ਵੱਲ ਨੂੰ ਜਾਂਦੀ ਹੋਵੇ। ਫਿਰ ਅਸੀਂ ਸ਼ਹੀਦਾਂ ਦੇ ਵਾਰਿਸ ਬਣਕੇ ਸ਼ਰਧਾਂਜ਼ਲੀ ਦੇ ਕਾਬਿਲ ਅਖ਼ਵਾ ਸਕਾਂਗੇ ।

ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
91 93161 76519

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.