ਗਠਬੰਧਨ ਜਾਂ ਸੌ ਸਿਆਣਿਆਂ ਇਕ ਮੱਤ?
ਤਤ ….ਪਰਿਵਾਰ ਵਾਲਿਓ! ਤੁਸੀਂ ਗਠਬੰਧਨ ਦੀ ਗੱਲ ਕਰਦੇ ਹੋ।ਕਈ ਸਾਲ ਪਹਿਲਾਂ ਤੋਂ ਇਕ ਗਠਬੰਧਨ ਤੁਸੀਂ ਵੀ ਕੀਤਾ ਹੋਇਆ ਹੈ।ਤੁਹਾਡੇ ਮੁਤਾਬਕ ‘ਗੁਰੂ ਸਾਹਿਬਾਂ ਨੂੰ ਗੁਰੂ’ ਸ਼ਬਦ ਨਾਲ ਸੰਬੋਧਨ ਕਰਨਾ ਗੁਰਮਤਿ ਦੇ ਉਲਟ ਹੈ।ਅਤੇ ਤੁਹਾਡੀ ਵੈਬ ਸਾਇਟ ਤੇ ਕੋਈ ਹੋਰ ਲੇਖਕ “ਗੁਰੂ ਸਾਹਿਬਾਂ ਨੂੰ” ਗੁਰੂ ਸ਼ਬਦ ਨਾਮ ਸੰਬੋਧਨ ਕਰਕੇ ਲੇਖ ਲਿਖਦਾ ਹੈ ਤਾਂ ਉਸ ਤੋਂ ਤੁਹਾਨੂੰ ਕੋਈ ਇਤਰਾਜ ਨਹੀਂ ਹੈ।ਜਾਣੀ ਕਿ ਤੁਸੀਂ ਮਨਮਤ ਨਹੀਂ ਕਰਦੇ ਪਰ ਜੇ ਤੁਹਾਡੀ ਸਾਇਟ ਤੇ ਕੋਈ ਗੁਰਮਤਿ ਵਿਰੋਧੀ ਗੱਲ ਲਿਖਦਾ ਹੈ ਤਾਂ ਉਸ ਤੋਂ ਤੁਹਾਨੂੰ ਕੋਈ ਇਤਰਾਜ ਨਹੀਂ ਹੈ।
ਜਿੰਨੀ ਦੇਰ ਕੋਈ ਤੁਹਾਡੀਆਂ ਚਾਲਾਂ ਨੂੰ ਨਾ ਸਮਝਦਾ ਹੋਇਆ ਤੁਹਾਡੇ ਨਾਲ ਚੱਲਦਾ ਰਹੇ ਓਨੀ ਦੇਰ ਤਾਂ ਉਹ ਪੁਨਰਜਾਗਰਣ ਲਿਆਂਉਣ ਦਾ ਕੰਮ ਕਰ ਰਿਹਾਹੈ।ਜਦੋਂ ਤੁਹਾਡੀਆਂ ਚਾਲਾਂ ਸਮਝਕੇ ਤੁਹਾਡਾ ਸਾਥ ਛੱਡ ਜਾਏ ਤਾਂ ਉਹ ਪੁਨਰ ਜਾਗਰਣ ਦਾ ਵਿਰੋਧੀ ਹੋ ਜਾਂਦਾ ਹੈ।ਤੁਹਾਡੀ ਸੋਚ ਨਾਲ ਕੋਈ ਸਹਿਮਤ ਨਹੀਂ ਤਾਂ ਉਸ ਦੀਆਂ ਲਿਖਤਾਂ ਨੀਵੇਂ ਪਧਰ ਦੀ ਹੋ ਗਈਆਂ।ਜਾਣੀ ਕਿ ਤੁਸੀਂ ਤੈਅ ਕਰਨਾ ਹੈ ਕਿ ਕੌਣ ਜਾਗ੍ਰਿਤ ਹੈ ਕੌਣ ਸੁੱਤਾ ਹੋਇਆ।ਕਿਹੜੀਆਂ ਲਿਖਤਾਂ ਉੱਚੇ ਪਧਰ ਦੀਆਂ ਹਨ ਅਤੇ ਕਿਹੜੀਆਂ ਨੀਵੇਂ ਪਧਰ ਦੀਆਂ।
ਤੁਸੀਂ ਲਿਖਿਆ ਹੈ- “ਅਸੀਂ ਹੋਰ ਨੁਕਤਿਆਂ ਨਾਲ ਇਹ ਵੀ ਨੁਕਤਾ ਮਜ਼ਬੂਤੀ ਨਾਲ ਜਨਤਕ ਤੌਰ ਤੇ ਉਠਾਉਣਾ ਸ਼ੁਰੂ ਕਰ ਦਿਤਾ ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਨੂੰ ‘ਗੁਰੂ’ ਮੰਨਣ ਦੀ ਹਿਮਾਇਤ ਗੁਰਮਤਿ ਨਹੀਂ ਕਰਦੀ”।
ਜਵਾਬ- ਅਨੇਕਾਂ ਵਾਰੀਂ ਮੈਂ ਤੁਹਾਨੂੰ ਸਵਾਲ ਕੀਤਾ ਹੈ ਕਿ “ਗੁਰਬਾਣੀ ਦੀ ਕੋਈ ਇੱਕ ਪੰਗਤੀ ਪੇਸ਼ ਕਰ ਦਿਉ ਜਿਸ ਵਿੱਚ ਲਿਖਿਆ ਹੋਵੇ ਕਿ ‘ਗੁਰਮਤਿ ਦੇਹਧਾਰੀ ਗੁਰੂ ਦਾ ਖੰਡਣ ਕਰਦੀ ਹੈ” ਪਰ ਏਨੇਂ ਸਾਲਾਂ ਵਿੱਚ ਤੁਸੀਂ ਅੱਜ ਤੱਕ ਕੋਈ ਇਕ ਵੀ ਤੁਕ ਪੇਸ਼ ਨਹੀਂ ਕਰ ਸਕੇ।ਆਪਣਾ ਪੱਖ ਸਹੀ ਸਾਬਤ ਕਰਨ ਲਈ ਗੁਰਬਾਣੀ ਦੀਆਂ ਉਹ ਪੰਗਤੀਆਂ ਪੇਸ਼ ਕਰ ਦਿੰਦੇ ਹੋ ਜਿੰਨ੍ਹਾਂ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬਾਂ ਦਾ ਗੁਰੂ ਅਕਾਲ ਪੁਰਖ ਪਰਮਾਤਮਾ ਹੈ।ਪਰ ਦੱਸੋ ਤੁਹਾਡੀਆਂ ਪੇਸ਼ ਕੀਤੀਆਂ ਉਨ੍ਹਾਂ ਪੰਗਤੀਆਂ ਵਿੱਚ ਕਿੱਥੇ ਦੇਹਧਾਰੀ ਗੁਰੂ ਦਾ ਖੰਡਣ ਕੀਤਾ ਹੈ? ਤੁਹਾਡਾ ਕਹਿਣਾ ਹੈ ਕਿ- ਸਾਰੀ ਕਾਇਨਾਤ ਦਾ ‘ਗੁਰੂ’ ਅਕਾਲ ਪੁਰਖ ਪਰਮਾਤਮਾ ਹੈ।ਜੇ ਗੁਰੂ ਸਾਹਿਬਾਂ ਦਾ ਗੁਰੂਅਕਾਲ ਪੁਰਖ ਪਰਮਾਤਮਾ ਹੋ ਸਕਦਾ ਹੈ ਤਾਂ ਸਾਡਾ ਕਿਉਂ ਨਹੀਂ ਹੋ ਸਕਦਾ?
ਇਸ ਦੇ ਜਵਾਬ ਵਿੱਚ ਮੈਂ ਲਿਖਿਆ ਸੀ ਕਿ ‘ਠੀਕ ਹੈ ਪਰਮਾਤਮਾ ਸਭ ਦਾ ਗੁਰੂ ਹੋ ਸਕਦਾ ਹੈ, ਪਰ ਹੈ ਤਾਂ ਨਹੀਂ ? ਜੇ ਗੁਰੂ ਸਾਹਿਬ ਤੁਹਾਡੇ ਗੁਰੂ ਨਹੀਂ, ਅਕਾਲ ਪੁਰਖ ਹੀ ਤੁਹਾਡਾ ਵੀ ਗੁਰੂ ਹੈ ਤਾਂ, ਤੁਸੀਂ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਬਿਨਾ ਹੀ ਤੁਹਾਨੂੰ ਵੀ ਧੁਰੋਂ ਗੁਰੂ ਸਾਹਿਬਾਂ ਵਾਲਾ ਗਿਆਨ ਕਿਉਂ ਨਹੀਂ ਹਾਸਲ ਹੋ ਜਾਂਦਾ? ਲਹਿਣਾ ਜੀ (ਗੁਰੁ ਅੰਗਦ ਦੇਵ ਜੀ) ਗੁਰੂ ਨਾਨਕ ਦੇਵ ਜੀਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਵੈਸ਼ਨੋ ਦੇਵੀ ਦੇ ਪੁਜਾਰੀ ਕਿਉਂ ਸਨ? ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ‘ਅਕਾਲ ਪੁਰਖ ਪਰਮਾਤਮਾ ਗੁਰੂ’ ਨੇ ਉਨ੍ਹਾਂਨੂੰ ਮਾਤਾ ਦਾ ਪੁਜਾਰੀ ਬਣਨ ਵਾਲਾ ਗਿਆਨ ਕਿਉਂ ਦਿੱਤਾ ਹੋਇਆ ਸੀ? ਇਨ੍ਹਾਂ ਗੱਲਾਂ ਦਾ ਜਵਾਬ ਤੁਸੀਂ ਅੱਜ ਤੱਕ ਦੇ ਸਕੇ ਹੋ? ਜਾਂ ਹੁਣ ਵੀ ਤੁਹਾਡੇ ਕੋਲ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਹੈ ?
ਮੇਰੀ ਲਿਖਤ ਨੂੰ ਅਧੂਰੀ ਅਤੇ ਗ਼ਲਤ ਤਰੀਕੇ ਨਾਲ ਪੇਸ਼ ਕਰਦੇ ਹੋਏ ਤੁਸੀਂ ਲਿਖਿਆ ਹੈ- “ਪਰ ਕੈਲਗਰੀ ਜੀ ‘ਗੁਰੂ’ ਪਦ ਤੇ ਹੋਈ ਚਰਚਾ ਵਿਚ ਇਕ ਥਾਂ ਕੁਝ ਇਸ ਭਾਵ ਦੀ ਗੱਲ ਕਹਿੰਦੇ ਹਨ, “ਕਿਸੇ ਹੋਰ ਮੱਤ ਦੇ ਪੂਰਨ ਬ੍ਰਹਮਗਿਆਨੀ ਬਾਬੇ ਨੂੰ ਵੀ ਰੱਬ ਮੰਨ ਲੈਣ ਵਿਚ ਕੋਈ ਹਰਜ਼ ਨਹੀਂ ਹੈ”।
ਜਵਾਬ- ਇਹ ਗੱਲ ਵੀ ਤੁਸੀਂ ਅਨੇਕਾਂ ਵਾਰੀਂ ਪਹਿਲਾਂ ਪੇਸ਼ ਕਰ ਚੁੱਕੇ ਹੋ ਅਤੇ ਹਰ ਵਾਰੀਂ ਤੁਹਾਨੂੰ ਜਵਾਬ ਦਿੱਤਾ ਜਾਂਦਾ ਰਿਹਾ ਹੈ।ਜਦੋਂ ਵਿਚਾਰ ਚਰਚਾ ਚੱਲ ਰਹੀ ਹੁੰਦੀ ਹੈ, ਉਸ ਵਕਤ ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਹੁੰਦਾ ਨਹੀਂ, ਲਿਹਾਜਾ ਤੁਸੀਂ ਮੂੰਹ ਛੁਪਾ ਕੇ ਬੈਠ ਜਾਂਦੇ ਹੋ।ਕੁਝਕੁ ਮਹੀਨਿਆਂ ਬਾਅਦ ਫੇਰ ਉਹੀ ਗੱਲਾਂ ਲੈ ਕੇ ਹਾਜਰ ਹੋ ਜਾਂਦੇ ਹੋ।ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਾਰ ਬਾਰ ਉਹੀ ਗੱਲਾਂ ਕਰਕੇ ਦੂਸਰੇ ਨੂੰ ਬਦਨਾਮ ਕਰਕੇ ਆਪਣੀ ਭੱਲ ਬਣਾ ਲਵੋਗੇ।ਪਰ ਹੁੰਦਾ ਇਸ ਦੇ ਉਲਟ ਹੈ, ਇਸ ਦਾ ਰਜਲਟ ਤੁਸੀਂ ਖੁਦ ਹੀ ਦੇਖ ਸਕਦੇ ਹੋ, ਕਿੰਨੇਕੁ ਲੋਕ ਤੁਹਾਡੇ ਨਾਲ ਸਹਿਮਤ ਹਨ? ਹਾਂ ਅੰਦਰ-ਖਾਤੇ ਤੁਸੀਂ ਗੁਰਮਤਿ ਵਿਰੋਧੀ ਗਤੀ ਵਿਧੀਆਂ ਕਰਕੇ ਬੇਸ਼ੱਕ ਕੁਝ ਲੋਕਾਂ ਨੂੰ ਗੁਮਰਾਹ ਕਰ ਸਕਦੇ ਹੋ ਪਰ ਅਖੀਰ ਸੱਚ ਨੇ ਸਾਹਮਣੇ ਆ ਹੀ ਜਾਣਾ ਹੈ।
ਬ੍ਰਹਮਗਿਆਨੀ ਬਾਰੇ- ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਗੁਰਬਾਣੀ ਪੜ੍ਹਦੇ, ਵਿਚਾਰਦੇ ਨਹੀਂ।ਜੇ ਪੜ੍ਹਦੇ ਵਿਚਾਦੇ ਵੀ ਹੋ ਤਾਂ ਆਪਣੀ ਬਣੀ ਸੋਚ ਮੁਤਾਬਕ ਅਰਥ ਘੜ੍ਹਕੇ।ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਆਪਣੇ ਨਾਮ ਨਾਲ ‘ਗੁਰਮਤਿ’ਲਗਾ ਰੱਖਿਆ ਹੈ।ਪਹਿਲਾਂ ਤਾਂ ਤੁਸੀਂ ਬ੍ਰਹਮ ਗਿਆਨੀ ਦੀ ਗੁਰਮਤਿ ਅਨੁਸਾਰ ਪਰਿਭਾਸ਼ਾ ਦੇਖੋ-
“ਮਨਿ ਸਾਚਾ ਮੁਖਿ ਸਾਚਾ ਸੋਇ॥ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥”…
…“ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ਜੈਸੇ ਮੈਲੁ ਨ ਲਾਗੈ ਜਲਾ॥” …
.. “ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥”(ਪੰਨਾ-272)
ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਿਰਫ ਸੱਚਾ ਪ੍ਰਭੂ ਹੀ ਸਮਾਇਆ ਹੁੰਦਾ ਹੈ।ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਇਕ ਪਰਮਾਤਮਾ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ।ਬ੍ਰਹਮ ਗਿਆਨੀ ਤਨੋਂ ਮਨੋਂ ਪਵਿੱਤਰ ਜਲ ਦੀ ਤਰ੍ਹਾਂ ਨਿਰਮਲ ਹੁੰਦਾ ਹੈ।
ਬ੍ਰਹਮ ਗਿਆਨੀ, ਗੁਰੂ ਸਾਹਿਬਾਂ ਦੀ ਤਰ੍ਹਾਂ ਪਵਿੱਤਰ ਮਨ, ਪਵਿੱਤਰ ਸੋਚ ਅਤੇ ਝਰਨੇ ਦੇ ਪਾਣੀ ਦੀ ਤਰ੍ਹਾਂ ਨਿਰਮਲ ਹੁੰਦਾ ਹੈ, ਲੇਕਿਨ ਤੁਸੀਂ ਆਪਣੀ ਸੋਚ ਤੇ ਗੁਰਮਤਿ ਵਿਰੋਧੀ ਪੜਦੇ ਪਾਏ ਹੋਣ ਕਰਕੇ ਤੁਹਾਨੂੰ ਬ੍ਰਹਮ ਗਿਆਨੀ ਵਿੱਚ ਵੀ ਬਲਾਤਕਾਰੀ, ਢੌਂਗੀ ਅਤੇ ਜਨਤਾ ਨੂੰ ਲੁੱਟਣ ਵਾਲੇ ਬਾਬੇ ਹੀ ਨਜ਼ਰ ਆਉਂਦੇ ਹਨ।ਇੱਕ ਗੱਲ ਚੇਤੇ ਰੱਖੋ ਕਿ-
ਕੋਈ ਬ੍ਰਹਮ ਗਿਆਨੀ; ਬਲਾਤਕਾਰੀ, ਢੌਂਗੀ ਅਤੇ ਜਨਤਾ ਨੂੰ ਲੁੱਟਣ ਵਾਲਾ ਨਹੀਂ ਹੋ ਸਕਦਾ ਅਤੇ ਕੋਈ ਬਲਾਤਕਾਰੀ, ਢੌਂਗੀ ਅਤੇ ਜਨਤਾ ਨੂੰ ਲੁੱਟਣ ਵਾਲਾ;‘ਬ੍ਰਹਮ ਗਿਆਨੀ’ ਨਹੀਂ ਹੋ ਸਕਦਾ।
ਜਦੋਂ ਤੁਹਾਨੂੰ ਇਹ ਛੋਟੀ ਜਿਹੀ ਗੱਲ ਸਮਝ ਆ ਜਾਏਗੀ ਤੁਹਾਡਾ ਇਹ ਬ੍ਰਹਮਗਿਆਨੀ ਵਾਲਾ ਸਵਾਲ ਵੀ ਆਪੇ ਖਤਮ ਹੋ ਜਾਏਗਾ।ਜਿੰਨੀਂ ਦੇਰ ਤੁਹਾਨੂੰ ਇਹ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ, ਤੁਸੀਂ ਮੁੜ ਮੁੜ ਇਹ ਸਵਾਲ ਕਰੀ ਜਾਵੋਗੇ।
ਇਕ ਗੱਲ ਹੋਰ ਚੇਤੇ ਰੱਖੋ ਕਿ ਜੇ ਸੰਤ ਬਾਬੇ ਗੁਰਬਾਣੀ ਦੀਆਂ ਬ੍ਰਹਮ ਗਿਆਨੀ ਵਾਲੀਆਂ ਪੰਗਤੀਂ ਵਰਤ ਕੇ ਲੋਕਾਂ ਨੂੰ ਗੁਮਰਾਹ ਕਰਕੇ ਰਹੇ ਹਨ ਅਤੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਪ੍ਰਚਾਰ ਰਹੇ ਹਨ ਤਾਂ ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦੇ ਅਰਥ ਨਹੀਂ ਬਦਲੇ ਜਾ ਸਕਦੇ।
ਦੂਸਰੀ ਗੱਲ- ਤੁਸੀਂ ਕਹਿੰਦੇ ਹੋ, “ਕਿਸੇ ਹੋਰ ਮੱਤ ਦੇ ਪੂਰਨ ਬ੍ਰਹਮਗਿਆਨੀ ਬਾਬੇ ਨੂੰ ਵੀ ਰੱਬ ਮੰਨ ਲੈਣ ਵਿਚ ਕੋਈ ਹਰਜ਼ ਨਹੀਂ ਹੈ”।
ਇਹ ਛੋਟੀ ਜਿਹੀ ਗੱਲ ਵੀ ਤੁਹਾਡੀ ਸਮਝ ਤੋਂ ਪਰੇ ਦੀ ਹੈ ਕਿ; ਬ੍ਰਹਮ ਗਿਆਨਕੋਈ ਦੂਸਰਾ ਮੱਤ ਨਹੀਂ ਹੁੰਦਾ ਕੇਵਲ ਅਤੇ ਕੇਵਲ ਇੱਕ ਬ੍ਰਹਮ ਹੀ ਉਸ ਦਾ ਮੱਤ ਹੁੰਦਾ ਹੈ।ਇਸ ਤਰ੍ਹਾਂ ਬ੍ਰਹਮ ਗਿਆਨੀ ਆਪ ਪਰਮੇਸਰ (ਸਮਾਨ) ਹੀ ਹੁੰਦਾ ਹੈ-
“ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥”-“ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਣੀ॥” (ਪੰਨਾ-969) ਅਤੇ
“ਹਰਿ ਕਾ ਸੇਵਕੁ ਸੋ ਹਰਿ ਜੇਹਾ॥ਭੇਦੁ ਨ ਜਾਣਹੁ ਮਾਣਸ ਦੇਹਾ॥” (ਪੰਨਾ-1076)।
ਪਰ ਤੁਸੀਂ ਗੁਰਮਤਿ ਤੋਂ ਉਲਟ ਆਪਣੀ ਵੱਖਰੀ ਸੋਚ ਬਣਾਈ ਹੋਣ ਕਰਕੇ ਇਹ ਗੱਲਾਂ ਤੁਹਾਡੀ ਸਮਝ ਵਿੱਚ ਨਹੀਂ ਆ ਸਕਦੀਆਂ।
ਤੁਸੀਂ ਲਿਖਿਆ ਹੈ-ਇਸੇ ਤਰਾਂ ਫੇਸਬੁਕ ਦੇ ਇਕ ਕਮੈਂਟ ਰਾਹੀਂ ਸ਼ੁਰੂ ਹੋਈ ਚਰਚਾ ਦੌਰਾਣ ਰੱਬ ਦੇ ਸਰੂਪ ਬਾਰੇ ਇਨ੍ਹਾਂ ਨੇ ਪਰਿਵਾਰ ਤੋਂ ਸਵਾਲ ਕੀਤੇ। ਅਸੀਂ ਸਵਾਲ ਨੂੰ ਸਿਰਮੱਥੇ ਲੈਂਦੇ ਕਹਿ ਦਿਤਾ ਕਿ ਸਾਡੀ ਗੁਰਮਤਿ ਸਮਝ ਅਨੁਸਾਰ ਮਨੁੱਖ ਦੀ ਬੁੱਧੀ ਇਤਨੀ ਵਿਕਸਿਤ ਨਹੀਂ ਕਿ ਉਹ ਰੱਬ ਦੇ ਸਰੂਪ ਅਤੇ ਪਾਸਾਰੇ ਬਾਰੇ ਜਾਣ ਸਕੇ।ਜੋ ਕੁਦਰਤ ਵਿਚ ਰੱਬ ਨੂੰ ਨਹੀਂ ਮੰਨਦੇ ਸਾਡੀ ਗੁਰਮਤਿ ਸਮਝ ਨੂੰ ਉਹ ਗਲਤ ਜਾਪਦੇ ਹਨ ਅਤੇ ਜੋ ਸਿਰਫ ਤੇ ਸਿਰਫ ਕੁਦਰਤ ਨੂੰ ਹੀ ਰੱਬ ਮੰਨਦੇ ਹਨ ਉਹ ਵੀ ਸਾਡੀ ਗੁਰਮਤਿ ਸਮਝ ਅਨੁਸਾਰ ਗਲਤ ਹੈ।
ਜਵਾਬ- ਤੁਸੀਂ ਕੁਦਰਤ ਵਿੱਚ ਵਿਆਪਕ ਰੱਬ ਨੂੰ ਕੁਦਰਤ ਦੇ ਬੱਝਵੇਂ ਨਿਯਮਾਂ ਦੇ ਰੂਪ ਵਿੱਚ ਦੇਖਦੇ ਹੋ।ਅਰਥਾਤ ਉਸ ਦੇ ਸਿਰਫ ਸਥੂਲ ਰੂਪ ਨੂੰ ਮੰਨਦੇ ਹੋ, ਸੂਖਮ ਰੂਪ ਨੂੰ ਨਹੀਂ।ਤੁਸੀਂ ਪਰਮਾਤਮਾ ਦੇ “ਕਰਤਾ ਪੁਰਖ” ਅਤੇ “ਸੈਭੰ” ਵਾਲੇ ਰੂਪ ਨੂੰ ਨਹੀਂ ਮੰਨਦੇ।ਕਿਉਂਕਿ ਜੇ ਕੁਦਰਤ ਹੀ ਪਰਮਾਤਮਾ ਹੈ ਤਾਂ, ਵਿਗਿਆਨ ਦੇ ਕਿਸੇ ਵੀ ਨਿਯਮ ਅਨੁਸਾਰ ਕੁਦਰਤ ਆਪਣੇ ਆਪ ਨੂੰ ਨਹੀਂ ਬਣਾ ਸਕਦੀ।
ਗੁਰਮਤਿ ਦੀ ਜਿਹੜੀ ਗੱਲ ਤੁਹਾਡੇ ਘੜੇ ਫਲਸਫੇ ਵਿੱਚ ਫਿੱਟ ਨਹੀਂ ਬੈਠਦੀ ਉਸ ਦਾ ਜਵਾਬ ਦੇਣ ਨੂੰ ਬੜੀ ਖੂਬਸੂਰਤੀ ਨਾਲ ਟਾਲ ਜਾਂਦੇ ਹੋ।ਪ੍ਰਭੂ ਦੇ ਪਸਾਰੇ ਬਾਰੇ ਤਾਂ ਮੈਂ ਸਵਾਲ ਹੀ ਨਹੀਂ ਸੀ ਕੀਤਾ।ਉਸ ਦੇ ਸਰੂਪ ਬਾਰੇ ਵੀ ਮੈਂ ਗੱਲ ਸਾਫ ਕਰ ਦਿੱਤੀ ਸੀ ਕਿ ਮੈਂ ਗੁਰਮਤਿ ਅਨੁਸਾਰ ਉਸ ਦੇ ਗੁਣਾਂ ਦੀ ਗੱਲ ਕਰ ਰਿਹਾ ਹਾਂ।ਇਹ ਠੀਕ ਹੈ ਕਿ ਉਸ ਦੇ ਸਾਰੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਕੀ ਉਸ ਦੇ ਜੋ ਗੁਣ ਗੁਰਬਾਣੀ ਵਿੱਚ ਦਰਜ ਹਨ ਉਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ? ਕੀ ਜਪੁ ਜੀ ਸਾਹਿਬ ਦੇ ਸ਼ੁਰੂ ਵਿੱਚ ਹੀ ਰੱਬ ਦੇ ਸਰੂਪ (ਗੁਣਾਂ ਦਾ) ਦਾ ਬਿਆਨ ਨਹੀਂ ਕੀਤਾ ਹੋਇਆ?ਕੀ ਇਹ ਨਹੀਂ ਦੱਸਿਆ ਹੋਇਆ ਕਿ ਉਹ ਇੱਕ ਹੈ, ਸਰਬ ਵਿਆਪਕ ਹੈ, (ਸ੍ਰਿਸ਼ਟੀ ਦਾ) ਕਰਤਾ ਹੈ, ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸੈਭੰ ਹੈ…?ਮੇਰਾ ਸਵਾਲ ਸੀ ਕਿ ਕੀ ਉਹ ਮਨੁੱਖ ਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਵਾਚਦਾ ਹੈ ਕਿ ਨਹੀਂ? ਜੇ ਵਾਚਦਾ ਹੈ ਤਾਂ ਕੀ ਕੀਤੇ ਚੰਗੇ ਮੰਦੇ ਕੰਮਾਂ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ ਜਾਂ ਕੁਦਰਤ ਦੇ ਬਝਵੇਂ ਨਿਯਮਾਂ ਤੋਂ ਉੱਪਰ, ਪਰਮਾਤਮਾ ਦਾ ਹੋਰ ਕੋਈ ਵੱਖਰਾ ਹੁਕਮ ਨਹੀਂ ਚੱਲਦਾ? ਮੈਂਮਿਸਾਲ ਦਿੱਤੀ ਸੀ ਕਿ ਕੋਈ ਡਾਕਟਰ ਅਮੀਰ-ਗ਼ਰੀਬ ਦੀ ਪਰਵਾਹ ਕੀਤੇ ਬਿਨਾਂ ਸਭ ਤੋਂ ਇੱਕੋ ਜਿਹੀ ਫੀਸ ਲਏ ਬਿਨਾਂ ਇਲਾਜ ਨਹੀਂ ਕਰਦਾ।ਅਤੇ ਕੋਈ ਹੋਰ ਡਾਕਟਰ ਮਰੀਜ ਦੀ ਹੈਸੀਅਤ ਦੇਖਕੇ, ਅਮੀਰਾਂ ਕੋਲੋਂ ਪੂਰੀ ਫੀਸ ਲੈਂਦਾ ਹੈ ਅਤੇ ਗਰੀਬ ਮਰੀਜ ਦਾ ਘੱਟ ਪੈਸਿਆਂ ਵਿੱਚ ਜਾਂ ਬਿਨਾਂ ਪੈਸੇ ਲਏ ਇਲਾਜ ਕਰਦਾ ਹੈ।ਦੱਸੋ ਇਸ ਤਰ੍ਹਾਂ ਦੀਆਂ ਗਤੀ ਵਿਧੀਆਂ ਜਿਨ੍ਹਾਂ ਵਿੱਚ ਕੁਦਰਤ ਦੇ ਕਿਸੇ ਬਝਵੇਂ ਨਿਯਮ ਦਾ ਕੋਈ ਦਖਲ ਨਹੀਂ, ਕੀ ਇਸ ਤਰ੍ਹਾਂ ਦੇ ਵਰਤਾਰਿਆਂ ਵਿੱਚ ਪ੍ਰਭੂ ਦਾ ਕੋਈ ਦਖਲ ਹੈ ਜਾਂ ਨਹੀਂ? ਕੋਈ ਬੰਦਾ ਸਾਰੀ ਉਮਰ ਗਰੀਬਮਾਰ ਕਰਕੇ ਦੌਲਤ ਇਕੱਠੀ ਕਰਕੇ ਆਪਣੀ ਐਸ਼ ਦੀ ਜਿੰਦਗੀ ਬਸਰ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ, ਦੱਸੋ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਪ੍ਰਭੂ ਦਾ ਕੋਈ ਹੁਕਮ, ਕੋਈ ਨਿਯਮ ਕੰਮ ਕਰਦਾ ਹੈ ਜਾਂ ਨਹੀਂ? ਇਨ੍ਹਾਂ ਗੱਲਾਂ ਦਾ ਜਵਾਬ ਤੁਸੀਂ ਨਹੀਂ ਦੇ ਸਕਦੇ, ਇਸ ਲਈ ਜਵਾਬ ਦੇਣ ਤੋਂ ਟਲਣ ਲਈ ਤੁਸੀਂ ਕਹਿ ਦਿੱਤਾ ਕਿ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਦੱਸੋ ਇਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਗੁਰਬਾਣੀ ਅਨੁਸਾਰ ਨਹੀਂ ਦਿੱਤਾ ਜਾ ਸਕਦਾ?
ਇਸ ਗੱਲ ਦਾ ਵੀ ਜਵਾਬ ਤੁਸੀਂ ਨਹੀਂ ਦਿੰਦੇ ਕਿ ਜੇ ਮਨੁੱਖਾ ਸਰੀਰ ਵਿੱਚ ਕੋਈ ਵਹਿਸ਼ੀ ਦਰਿੰਦਾ ਕਿਸੇ 4-6 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ; ਪੈਸੇ ਦੇ ਜ਼ੋਰ ਨਾਲ, ਕਿਸੇ ਸਿਆਸੀ ਅਸਰ ਰਸੂਖ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਕਨੂੰਨ ਦੀ ਸਜ਼ਾ ਪਾਉਣੋਂ ਬਚ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਪਰਮਾਤਮਾ ਦਾ ਵੀ ਕੋਈ ਦਖਲ ਹੈ ਕਿ ਨਹੀਂ? ਕੀ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਉਸ ਦਾ ਕੋਈ ਨਿਯਮ, ਕੋਈ ਹੁਕਮ ਕੰਮ ਕਰਦਾ ਹੈ ਕਿ ਨਹੀਂ?
ਸਵਾਲਾਂ ਦੇ ਜਵਾਬ ਦੇਣ ਤੋਂ ਟਲਣ ਲਈ ਤੁਸੀਂ ਕਹਿੰਦੇ ਹੋ- “ਬਾਕੀ ਬਾਬਾ ਨਾਨਕ ਨੇ ਐਸੇ ਬੇਲੋੜੀਆਂ ਬਹਿਸਾਂ ਦੀ ਥਾਂ ‘ਮਾਨਵਤਾ’ ਨੂੰ ਵੱਧ ਜ਼ਰੂਰੀ ਸਮਝਿਆ”।
ਜਵਾਬ- ਜੇ ਤੁਹਾਨੂੰ ਇਹ ਬੇ-ਲੋੜੀਆਂ ਬਹਿਸਾਂ ਲੱਗਦੀਆਂ ਹਨ ਤਾਂ ਕਿਉਂ ਬਾਰ ਬਾਰ ਉਹੀ ਸਵਾਲ ਲਿਖਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ ਜਿਨ੍ਹਾਂ ਦਾ ਜਵਾਬ ਅਨੇਕਾਂ ਵਾਰੀਂ ਦਿੱਤਾ ਜਾ ਚੁੱਕਾ ਹੈ।ਕੀ ਗੁਰੂ ਸਾਹਿਬਾਂ ਨੇ ਬ੍ਰਹਮਣ ਨਾਲ, ਸਿੱਧਾਂ ਨਾਲ ਅਤੇ ਹੋਰ ਧਰਮ ਮੋਢੀਆਂ ਨਾਲ ਵਿਚਾਰ ਵਟਾਂਦਰੇ ਨਹੀਂ ਕੀਤੇ? ਕੀ ਕਿਸੇ ਦੇ ਗ਼ਲਤ ਵਰਤਾਰਿਆਂ ਸੰਬੰਧੀ ਗੱਲ-ਬਾਤ ਕਰਨੀ ਮਾਨਵਤਾ ਦੀ ਸੇਵਾ ਨਹੀਂ? ਕੀ ਤੁਹਾਡੇ ਵਰਗੇ ਲੋਕ ਜਿਹੜੇ ਆਸਤਿਕਤਾ ਦਾ ਨਕਾਬ ਪਾ ਕੇ ਨਾਸਤਿਕਤਾ ਫੈਲਾ ਰਹੇ ਹਨ, ਉਨ੍ਹਾਂ ਬਾਰੇ ਸੁਚੇਤ ਕਰਨਾ ਮਾਨਵਤਾ ਦੀ ਸੇਵਾ ਨਹੀਂ? ਤੁਹਾਡੇ ਕੋਲ ਮੇਰੀਆਂ ਗੱਲਾਂ ਦੇ ਜਵਾਬ ਨਹੀਂ।ਕੀ ਇਸ ਤੋਂ ਸਿੱਧ ਨਹੀਂ ਹੋ ਜਾਂਦਾ ਕਿ ਤੁਹਾਡੇ ਉੱਤੇ ਮੇਰੇ ਵੱਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇ ਬੁਨਿਆਦ ਇਲਜਾਮ ਨਹੀਂ?
ਤੁਸੀਂ ਲਿਖਿਆ ਹੈ- “ਅਸੀਂ ਸਪੋਸਕਮੈਨ, ਮਿਸ਼ਨਰੀ ਕਾਲਜਾਂ, ਪ੍ਰੋ. ਦਰਸ਼ਨ ਸਿੰਘ ਜੀ (ਉਨ੍ਹਾਂ ਦੇ ਧੜੇ) ਸਮੇਤ ਲਗਭਗ ਹਰ ਕਿਸੇ ਦੇ ਗਲਤ ਲਗਦੇ ਵਿਚਾਰਾਂ ਦੀ ਸੁਧਾਰਮਈ ਆਲੋਚਣਾ ਕੀਤੀ”।
ਜਵਾਬ-ਤੁਸੀਂ ਅਲੋਚਨਾ ਕਰੋ ਤਾਂ ਸੁਧਾਰਮਈ ਅਤੇ ਸਿਧਾਂਤਕ ਹੈ, ਕੋਈ ਹੋਰ ਤੁਹਾਡੀ ਅਲੋਚਨਾ ਕਰੇ ਤਾਂ ਗੈਰ ਸਿਧਾਂਤਕ ਅਤੇ ਪੂਨਰ ਜਾਗਰਣ ਵਿੱਚ ਰੁਕਾਵਟ ਹੈ?
ਤਤ ਪਰਿਵਾਰ ਦੇ ਮੁਖੀ …?.. ਸਿੰਘ ਜੀ! ਜਾਪ ਸਾਹਿਬ ਨੂੰ ਗੁਰਬਾਣੀ ਸਿੱਧ ਕਰਨ ਲਈ ਸਾਡਾ ਜ਼ੋਰ ਲੱਗਾ ਹੋਇਆ ਹੈ, ਅਤੇ ਚੰਦੀ ਜੀ ਦੀ ਕਲਮ ਖਾਮੋਸ਼ ਹੈ ਤਾਂ ਇਹ ਵਿਚਾਰ ਵਟਾਂਦਰਾ ਤਾਂ ਤੁਹਾਡੇ ਕੋਲ ਵੀ ਪਹੁੰਦਾ ਹੈ, ਫੇਰ ਤੁਹਾਡੀ ਕਲਮ ਕਿਉਂ ਖਾਮੋਸ਼ ਹੈ? ਤੁਸੀਂ ਇਸ ਵਿਚਾਰ ਵਟਾਂਦਰੇ ਵਿੱਚ ਆਪਣੇ ਵਿਚਾਰ ਕਿਉਂ ਸਾਂਝੇ ਨਹੀਂ ਕਰਦੇ? ਜਿਸ ਗੱਲ ਤੇ ਤੁਸੀਂ ਖੁਦ ਖਰੇ ਨਹੀਂ ਉੱਤਰਦੇ, ਉਸ ਦਾ ਦੋਸ਼ ਤੁਸੀਂ ਦੂਸਰਿਆਂ ਤੇ ਲਗਾਉਣ ਦਾ ਕੀ ਹੱਕ ਰੱਖਦੇ ਹੋ?
ਤੁਸੀਂ ਲਿਖਿਆ ਹੈ-“ਸਮੇਂ ਦੀ ਘਾਟ ਕਾਰਨ ਅਸੀਂ ਵੈਬਸਾਈਟ ਲੇਖਣ ਦੀ ਥਾਂ ਨਾਨਕ ਫਲਸਫੇ ਦੇ ਸ਼ੁਧ ਰੂਪ ਨੂੰ ਸਾਹਮਣੇ ਲਿਆਉਣ ਦੇ ਮਿਸ਼ਨ ਲਈ ਠੋਸ ਪ੍ਰਾਜੈਕਟਾਂ ਨੂੰ ਪ੍ਰਾਥਮਿਕਤਾ ਦੇ ਰਹੇ ਹਾਂ। ਇਸ ਸਫਰ ਵਿਚ ‘ਸਿੱਖ ਰਹਿਤ ਮਰਿਯਾਦਾ ਸੁਧਾਰ’ ਰਾਹੀਂ ਤਿਆਰ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ’ ਤੋਂ ਬਾਅਦ ‘ਸ਼ੁਧ ਨਾਨਕਸ਼ਾਹੀ ਕੈਲੰਡਰ’ ਦਾ ਪ੍ਰਾਜੈਕਟ ਸਿਰੇ ਚੜਾਉਣ ਦਾ ਨਿਮਾਣਾ ਯਤਨ ਕੀਤਾ ਹੈ।ਅੱਗੇ ਵੀ ਐਸੇ ਯਤਨ ਹੀ ਸਾਡੀ ਪ੍ਰਾਥਮਿਕਤਾ ਰਹਿਣਗੇ”।
ਜਵਾਬ- ਇਹ ਤਾਂ ਮੰਨਣਾ ਪਏਗਾ ਕਿ ਸ਼ੁਧ ਨਾਨਕਸ਼ਾਹੀ ਕੈਲੰਡਰ ਦਾ ਪ੍ਰੋਜੈਕਟ ਆਪਣੇ ਹੱਥਾਂ ਵਿੱਚ ਲੈ ਕੇ ਤੁਸੀਂ ਮਾਨਵਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ।ਸ਼ੁੱਧ ਨਾਨਕਸ਼ਾਹੀ ਕੈਲਲ਼ਡਰ ਤੋਂ ਬਿਨਾਂ ਤਾਂ ਮਾਨਵਤਾ ਕੁਰਾਹੇ ਪਈ ਹੋਈ ਹੈ।ਗੁਰੂ ਨਾਨਕ ਦੇਵ ਜੀ ਤਾਂ ਆਪਣੇ ਇਸ ਫਲਸਫੇ ਬਾਰੇ ਕੁੱਝ ਨਾ ਕਰ ਸਕੇ, ਆਪਣੇ ਸਮੇਂ ਬਿਕਰਮੀ ਕੈਲੰਡਰ ਵਰਤ ਕੇ ਮਾਨਵਤਾ ਨੂੰ ਕੁਰਾਹੇ ਪਾ ਗਏ, ਹੁਣ ਤੁਸੀਂ ਇਹ ਪ੍ਰੋਜੈਕਟ ਆਪਣੇ ਹੱਥੀਂ ਲੈ ਕੇ ਮਾਨਵਤਾ ਤੇ ਬਹੁਤ ਉਪਕਾਰ ਦਾ ਕੰਮ ਕਰ ਰਹੇ ਹੋ।ਧੰਨਵਾਦ ਹੈ ਤੁਹਾਡਾ।
ਤੁਸੀਂ ਲਿਖਿਆ ਹੈ- ਪੁਨਰਜਾਗਰਨ ਦੇ ਵਿਰੋਧ ਵਿਚ ਭੁਗਤ ਰਹੇ ਇਸ ‘ਲੇਖਕ ਗਠਜੋੜ’ ਤੋਂ ਪਾਠਕਾਂ ਨੂੰ ਸੁਚੇਤ ਕਰਨਾ ਸਾਨੂੰ ਜ਼ਰੂਰੀ ਲਗਿਆ। ਸੋ ਅਸੀਂ ਅੱਜ ਇਹ ਵਿਚਾਰ ਸਾਂਝੇ ਕੀਤੇ ਹਨ। ਅੱਗੇ ਵੀ ਸਮੇਂ ਦੀ ਇਜ਼ਾਜਤ ਅਨੁਸਾਰ ਲੋੜ ਪੈਣ ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹਾਂਗੇ।
ਜਵਾਬ- ਇਹ ਵੀ ਤੁਸੀਂ ਮਾਨਵਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ।ਪਰ ਇਸ ਦਾ ਅਸਰ ਲੋਕਾਂ ਤੇ ਤਾਂ ਹੀ ਹੋਵੇਗਾ, ਜੇ ਵਿਚਾਰ ਵਟਾਂਦਰੇ ਦੌਰਾਨ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵੀ ਤੁਸੀਂ ਦੇ ਦਿਆ ਕਰੋ।ਨਹੀਂ ਤਾਂ ਫੋਕੀਆਂ ਗੱਲਾਂ ਦਾ ਅਸਰ ਏਨਾ ਨਹੀਂ ਹੋਣ ਲੱਗਾ।
ਨੋਟ-ਤਤ.. ਪਰਿਵਾਰ ਦੇ ਮੁਖੀ ਸ: .?. ਸਿੰਘ ਜੀ! ਤੁਸੀਂ ਦੂਸਰਿਆਂ ਤੇ ਇਲਜਾਮ ਲਗਾਉਂਦੇ ਰਹਿੰਦੇ ਹੋ ਕਿ ਤੁਹਾਡਾ ਲੇਖ ਨਹੀਂ ਛਾਪਿਆ ਗਿਆ।
ਮੈਂ ਕਈ ਵਾਰੀਂ ਆਪਣੇ ਲੇਖ ਤੁਹਾਨੂੰ ਭੇਜੇ ਹਨ, ਪਰ ਤੱਸੀਂ ਮੇਰਾ ਕੋਈ ਲੇਖ ਨਹੀਂ ਛਾਪਦੇ।ਜੋ ਕਮੀਂ ਤੁਹਾਡੇ ਖੁਦ ਵਿੱਚ ਉਸ ਬਾਰੇ ਦੂਸਰਿਆਂ ਤੇ ਇਲਜਾਮ ਕਿਉਂ ਲਗਾਉਂਦੇ ਰਹਿੰਦੇ ਹੋ? ਇਸ ਲੇਖ ਸੰਬੰਧੀ ਵਿਚਾਰ ਵਟਾਂਦਰਾ ਈ ਮੇਲ ਦੇ ਜਰੀਏ ਤਾਂ ਚੱਲ ਹੀ ਰਿਹਾ ਹੈ, ਅਤੇ ਉੱਥੇ ਇਹ ਲੇਖ ਪੋਸਟ ਕਰ ਦਿੱਤਾ ਗਿਆ ਹੈ।ਇਹ ਲੇਖ ਤੁਹਾਡੀ ਸਾਇਟ ਤੇ ਵੀ ਭੇਜ ਦਿੱਤਾ ਜਾਏਗਾ।ਚੰਗਾ ਹੋਵੇ ਜੇ ਮੇਰੇ ਨਾਲ ਤੁਹਾਡਾ ਇਹ ਵਿਚਾਰ ਵਟਾਂਦਰਾ ਤੁਹਾਡੀ ਸਾਇਟ ਤੇ ਵੀ ਚੱਲਦਾ ਰਹੇ।ਇਸ ਲਈ ਬੇਨਤੀ ਹੈ ਕਿ ਮੇਰਾ ਇਹ ਲੇਖ ਅਤੇ ਹੋਰ ਲਿਖਤਾਂ ਤੁਸੀਂ ਆਪਣੀ ਸਾਇਟ ਤੇ ਛਾਪ ਦਿਆ ਕਰੋ।ਜੇ ਕਿਸੇ ਮਜਬੂਰੀ ਕਾਰਣ ਤੁਸੀਂ ਮੇਰੀਆਂ ਲਿਖਤਾਂ ਨਹੀਂ ਛਾਪ ਸਕਦੇ ਤਾਂ ਮਿਹਰਬਾਨੀ ਕਰਕੇ ਨਾ ਛਾਪਣ ਦਾ ਕਾਰਣ ਜਰੂਰ ਦੱਸ ਦੇਣਾ ਜੀ।ਜਿਸ ਮਜਬੂਰੀ ਕਾਰਨ ਤੁਸੀਂ ਮੇਰੇ ਲੇਖ ਨਹੀਂ ਛਾਪਦੇ ਹੋ ਸਕਦਾ ਹੈ ਉਹੀ ਮਜਬੂਰੀ ਹੋਰਨਾ ਦੀ ਵੀ ਹੋਵੇ।ਇਸ ਲਈ ਤੂਸੀਂ ਦੂਸਰਿਆਂ ਤੇ ਇਹ ਇਲਜਾਮ ਲਗਾਉਣੇ ਬੰਦ ਕਰੋ ਜੀ ਕਿ ਕਿਸੇ ਨੇ ਤੁਹਾਡੇ ਲੇਖ ਨਹੀਂ ਛਾਪੇ।ਧੰਨਵਾਦ।
ਜਸਬੀਰ ਸਿੰਘ ਵਿਰਦੀ 22-06-14