ਅੰਧ ਵਿਸ਼ਵਾਸ
ਅੰਮ੍ਰਿਤ ਦਾ ਸਰੋਵਰ , ਅਤੇ ਮੱਛੀਆਂ
ਗੁਰਬਾਣੀ ਦੇ ਅਕੱਟ ਸਿਧਾਂਤਾਂ ਦੇ ਹੁੰਦਿਆਂ , ਹਾਲਾਤ ਦੇ ਗੇੜ ਵਿਚ , ਆਪਣੀ ਹੋਂਦ ਬਚਾਉਣ ਦੇ ਚੱਕਰ ਵਿਚ ਸਿੱਖ , ਉਦਾਸੀਆਂ ਅਤੇ ਨਿਮਲਿਆਂ ਦੇ ਪ੍ਰਭਾਵ ਥੱਲੇ (ਕਿਉਂਕਿ ਗੁਰਦਵਾਰਿਆਂ ਤੇ ਉਦਾਸੀਆਂ ਅਤੇ ਨਿਰਮਲਿਆਂ ਦਾ ਕਬਜ਼ਾ ਸੀ ਅਤੇ ਸਿੱਖਾਂ ਤੇ , ਗੁਰਦਵਾਰਿਆਂ ਵਿਚੋਂ ਕੀਤੇ ਜਾਂਦੇ ਪਰਚਾਰ ਦਾ ਪ੍ਰਭਾਵ ਪੈਣਾ ਸੁਭਾਵਕ ਹੀ ਸੀ) ਗੁਰਬਾਣੀ ਸਿਖਿਆ ਨਾਲੋਂ ਟੁੱਟੇ , ਗੁਰਬਾਣੀ ਸਿਧਾਂਤਾਂ ਤੋਂ ਅਜਿਹੇ ਥਿੜਕੇ ਕਿ , ਅੰਧ ਵਿਸ਼ਵਾਸ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ , ਇਸ ਗੱਲ ਤੇ ਪੂਰਨ ਵਿਸ਼ਵਾਸ ਕਰ ਬੈਠੇ ਕਿ , ਦੇਵਤਿਆਂ ਅਤੇ ਦੈਂਤਾਂ ਨੇ ਸਮੁੰਦਰ ਰਿੜਕ ਕੇ , ਉਸ ਵਿਚੋਂ ਚੌਦਾਂ ਰਤਨ ਕੱਢੇ ਸਨ , ਜਿਨ੍ਹਾਂ ਵਿਚੋਂ ਇਕ ਅੰਮ੍ਰਿਤ ਵੀ ਸੀ । ਅੰਮ੍ਰਿਤ ਨੂੰ ਪ੍ਰਾਪਤ ਕਰਨ ਦੀ ਦੇਵਤਿਆਂ ਅਤੇ ਦੈਂਤਾਂ ਦੀ ਆਪਸੀ ਖਿੱਚ-ਧੂਹ ਦੌਰਾਨ ਇਹ ਘੜਾ ਅੰਮ੍ਰਿਤਸਰ ਵਾਲੀ ਥਾਂ ਤੇ ਵੀ ਪਹੁੰਚਿਆ ਅਤੇ ਉਸ ਵਿਚੋਂ ਅੰਮ੍ਰਿਤ ਦੀਆਂ ਕੁਝ ਬੂੰਦਾਂ , ਇਸ ਥਾਂ ਤੇ ਵੀ ਡਿਗੀਆਂ । ਫਿਰ ਏਥੇ ਇਕ ਛੱਪੜੀ ਵੀ ਬਣ ਗਈ , ਜਿਸ ਵਿਚ ਨ੍ਹਾ-ਨ੍ਹਾ ਕੇ ਕਾਲੇ ਕਾਂ ਵੀ ਬੱਗੇ ਹੋਣ ਲੱਗੇ । ਇਸ ਵਿਚੋਂ ਹੀ ਰਜਨੀ ਅਤੇ ਪਿੰਗਲੇ ਵਾਲੀ ਕਹਾਣੀ ਨੇ ਜਨਮ ਲਿਆ । ਅਜਿਹੇ ਗਪੌੜੇ ਹੀ ਬਹੁਤ ਸਮੇ ਤਕ ਗੁਰਦਵਾਰਿਆਂ ਦਾ ਸ਼ੰਗਾਰ ਬਣਦੇ ਰਹੇ ਅਤੇ ਗੁਰਦਵਾਰਿਆਂ ਵਿਚੋਂ ਹੀ ਸਿੱਖਾਂ ਵਿਚ ਅੰਧ ਵਿਸ਼ਵਾਸ ਫੈਲਦਾ ਰਿਹਾ ।
ਏਸੇ ਆਧਾਰ ਤੇ ਰਾਮਦਾਸ-ਸਰ , ਅੰਮ੍ਰਿਤ-ਸਰੋਵਰ ਬਣ ਗਿਆ ਅਤੇ ਗੁਰੂ ਚੱਕ (ਚੱਕ ਰਾਮਦਾਸ ਪੁਰ) ਤੋਂ ਅੰਮ੍ਰਿਤਸਰ ਬਣ ਗਿਆ , ਅਤੇ ਦਰਬਾਰ ਸਾਹਿਬ , ਹਰਿਮੰਦਰ ਬਣ ਗਿਆ । ਕੁਝ ਸਾਲ ਪਹਿਲਾਂ ਤਕ ਸਿੱਖ (ਭੇਸ ਵਿਚਲੇ) ਵਿਦਵਾਨਾਂ ਨੇ ਇਸ ਅਸਥਾਨ ਨੂੰ ਦੇਵਤਿਆਂ ਨਾਲ ਜੋੜ ਕੇ , ਇਸ ਨੂੰ ਪੁਰਾਤਨ ਹਿੰਦੂ ਤੀਰਥ ਸਾਬਤ ਕਰਨ ਦਾ ਪੂਰਾ ਯਤਨ ਕੀਤਾ । ਇਸ ਨੂੰ ਰਾਜਾ ਰਾਮਚੰਦਰ ਦੇ ਪੁਤ੍ਰਾਂ ਨਾਲ ਵੀ ਜੋੜਿਆ ਜਾਂਦਾ ਹੈ । (ਜਦ ਕਿ ਬਹੁਤ ਉੱਚ ਪੱਧਰ ਦੇ ਹਿੰਦੂ ਵਿਦਵਾਨ ਵੀ ਰਾਜਾ ਰਾਮ ਚੰਦਰ ਦੀ ਹੋਂਦ ਨੂੰ ਨਹੀਂ ਮੰਨਦੇ) ਕਹੇ ਜਾਂਦੇ ਸਿੱਖ ਵਿਦਵਾਨਾਂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਅੰਨ੍ਹੀ ਸ਼ਰਧਾ ਨਾਲ ਕਬੂਲ ਹੀ ਨਹੀਂ ਕੀਤਾ , ਬਲਕਿ ਪੂਰੇ ਤਾਣ ਨਾਲ ਪਰਚਾਰਿਆ ਵੀ , ਜਦਕਿ ਇਨ੍ਹਾਂ ਵਿਚਲੀਆਂ ਸਾਰੀਆਂ ਕਹਾਣੀਆਂ , ਸਿੱਖੀ ਸਿਧਾਂਤਾਂ ਤੇ ਪੂਰੀਆਂ ਨਹੀਂ ਉਤਰਦੀਆਂ ।
ਜਦ ਇਹ ਅੰਮ੍ਰਿਤ ਦਾ ਸਰੋਵਰ ਬਣ ਗਿਆ ਤਾਂ ਇਸ ਵਿਚੋਂ ਬਹੁਤ ਸਾਰੀਆਂ ਚਮਤਕਾਰੀ ਕਹਾਣਆਂ ਨੇ ਜਨਮ ਲਿਆ , ਜਿਵੇਂ ਇਸ ਵਿਚ ਅਸ਼ਨਾਨ ਕਰਨ ਨਾਲ ਅਲੌਕਿਕ ਸ਼ਕਤੀਆਂ ਦਾ ਸੰਚਾਰ ਹੁੰਦਾ ਹੈ । ਇਸ ਵਿਚ ਇਸ਼ਨਾਨ ਕਰਨ ਨਾਲ ਬਹੁਤ ਸਾਰੀਆਂ ਲਾ-ਇਲਾਜ ਬਿਮਾਰੀਆਂ ਦੇ ਠਕਿ ਹੋਣ ਦੀਆਂ ਕਹਾਣਆਂ ਵੀ ਪ੍ਰਚਲਤ ਹੋਈਆਂ । ਅਜਿਹੀਆਂ ਕਹਾਣੀਆਂ ਪ੍ਰਚਲਤ ਕਰਨ ਪਿੱਛੇ ਕੀ ਪ੍ਰਯੋਜਨ ਹੈ ? ਜਦ ਕਿ ਅਜਿਹੀਆਂ ਕਹਾਣੀਆਂ , ਮਗਰੋਂ ਝੂਠ ਹੀ ਸਾਬਤ ਹੋਈਆਂ ਹਨ , ਪਰ ਉਨ੍ਹਾਂ ਝੂਠ ਸਾਬਤ ਹੋਈਆਂ ਕਹਾਣੀਆਂ ਦਾ ਪਰਚਾਰ ਘੱਟ-ਤੋਂ-ਘੱਟ ਹੋਇਆ ਹੈ । ਇਸ ਬਾਰੇ ਸੂਝਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ । ਇਸ ਨਾਲ ਸਿੱਖ , ਚਮਤਕਾਰਾਂ ਦੇ ਜਾਲ ਵਿਚ ਫਸ ਕੇ ਗੁਰਬਾਣੀ ਸਿਖਿਆ ਨਾਲੋਂ ਟੁੱਟ ਰਹੇ ਹਨ । ਗੁਰਬਾਣੀ ਫੁਰਮਾਨ ਹੈ ,
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅਮਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ (1238)
ਇਨ੍ਹਾਂ ਕਹਾਣੀਆਂ ਦੇ ਪ੍ਰਭਾਵ ਅਧੀਨ ਹੀ , ਇਸ ਸਰੋਵਰ ਵਿਚ ਵੀ (ਹਰਦੁਆਰ ਦੀ ਤਰਜ਼ ਤੇ) ਹਰਿ ਕੀ ਪੌੜੀ ਬਣ ਗਈ ਹੈ, ਜਿਸ ਵਿਚੋਂ ਸਿੱਖ (ਖਾਸ ਕਰ ਕੇ ਬੀਬੀਆਂ) ਬੋਤਲਾਂ ਭਰ-ਭਰ ਕੇ ਘਰਾਂ ਨੂੰ ਲੈ ਜਾਂਦੇ ਹਨ ਅਤੇ ਘਰਾਂ ਵਿਚ ਗੰਗਾ-ਜਲ ਵਾਙ ਰੱਖ ਕੇ ਆਪਣਾ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰਦੇ ਹਨ । ਜਦ ਕਿ ਅਸਲੀਅਤ ਇਹ ਹੈ ਕਿ ਸਮੇ-ਸਮੇ ਇਸ ਸਰੋਵਰ ਦੀ ਸਫਾਈ ਦੀ ਲੋੜ ਪੈਂਦੀ ਰਹਿੰਦੀ ਹੈ । ਹੁਣ ਤਾਂ ਕ੍ਰੋੜਾਂ ਰੁਪਏ ਦੇ ਫਿਲਟਰ ਲਾ ਕੇ ਇਸ ਸਰੋਵਰ ਵਿਚ ਆਉਣ ਵਾਲੇ ਪਾਣੀ ਨੂੰ ਸਾਫ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ਤੋਂ ਇਸ ਸਰੋਵਰ ਵਿਚਲੇ ਜਲ ਦਾ ਅੰਮ੍ਰਿਤ ਬਣਨਾ (ਭਾਵੇਂ ਉਹ ਦੇਵਤਿਆਂ ਦੇ ਅੰਮ੍ਰਿਤ ਨਾਲ ਬਣਿਆ ਹੋਵੇ ਤੇ ਭਾਵੇਂ ਗੁਰਬਾਣੀ ਸੁਣ-ਸੁਣ ਕੇ ਅੰਮ੍ਰਿਤ ਬਣਿਆ ਹੋਵੇ) ਗਲਤ ਸਾਬਤ ਹੁੰਦਾ ਹੈ । ਪਰ ਅੰਧ ਵਿਸ਼ਵਾਸੀ ਸਿਖਾਂ ਨੂੰ ਇਹ ਪੁਰਾਣੀ ਧਾਰਨਾ ਤਿਆਗਣੀ , ਨਾਮੁਮਕਿਨ ਜਿਹੀ ਹੋਈ ਪਈ ਹੈ , ਜਦਕਿ ਗੁਰਬਾਣੀ , ਅਜਿਹੇ ਕਿਸੇ ਵਿਖਾਵੇ ਦੇ ਝਲਕਾਰੇ ਜਾਂ ਚਮਤਕਾਰ ਨੂੰ ਮਾਨਤਾ ਨਹੀਂ ਦਿੰਦੀ ।
ਥੋੜਾ ਵਿਚਾਰ ਚਮਤਕਾਰ ਬਾਰੇ ਕਰ ਲੈਣਾ ਵੀ ਲਾਹੇਵੰਦ ਹੋਵੇਗਾ ।
ਚਮਤਕਾਰ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ , ਜੋ ਪਰਮਾਤਮਾ ਵਲੋਂ ਸ੍ਰਿਸ਼ਟੀ ਰਚਨਾ ਨੂੰ ਵਿਧੀ-ਵਤ ਚਲਦਾ ਰੱਖਣ ਲਈ ਬਣਾਏ ਨਿਯਮਾਂ ਦੀ ਉਲੰਘਣਾ ਕਰਦੀ ਹੋਵੇ , ਜਿਵੇਂ ਡੰਗਰਾਂ ਵਲੋਂ ਚਰਿਆ ਖੇਤ , ਕੁਝ ਪਲਾਂ ਵਿਚ ਫਿਰ ਪਹਿਲਾਂ ਵਰਗਾ ਹੋ ਜਾਣਾ । ਕਿਸੇ ਦਰੱਖਤ ਦੀ ਛਾਂ ਸੂਰਜ ਅਨੁਸਾਰ ਢਲਣ ਦੀ ਬਜਾਏ , ਇਕ ਹੀ ਥਾਂ ਤੇ ਟਿਕੀ ਰਹਿਣੀ । ਜੋ ਕਿਰਿਆ ਸਾਡੀ ਸਮਝ ਵਿਚ ਨਾ ਆਵੇ , ਉਸ ਨੂੰ ਚਮਤਕਾਰ ਨਹੀਂ ਕਿਹਾ ਜਾ ਸਕਦਾ , ਜਿਵੇਂ ਕਿਸੇ ਥਾਂ ਤੇ ਇਸ਼ਨਾਨ ਕਰਨ ਨਾਲ ਇਹ ਤਾਂ ਸੰਭਵ ਹੈ ਕਿ ਚਮੜੀ ਦਾ ਕੋਈ ਰੋਗ ਠੀਕ ਹੋ ਜਾਵੇ , ਕਿਉਂਕਿ ਉਸ ਪਾਣੀ ਵਿਚ ਕੁਝ ਰਸਾਇਣ ਅਜਿਹੇ ਹੋ ਸਕਦੇ ਹਨ , ਜੋ ਚਮੜੀ ਦੇ ਕਿਸੇ ਰੋਗ ਲਈ ਲਾਭਕਾਰੀ ਹੋਣ । ਪਰ ਇਹ ਸੰਭਵ ਨਹੀਂ ਹੈ ਕਿ ਕਿਸੇ ਸਰੋਵਰ ਦੇ ਨਿਰਮਲ ਜਲ ਵਿਚ ਇਸ਼ਨਾਨ ਕਰਨ ਨਾਲ , ਜਾਂ ਉਸ ਵਿਚਲਾ ਜਲ (ਪਾਣੀ) ਪੀਣ ਨਾਲ , ਕੈਂਸਰ ਅਤੇ ਏਡਜ਼ ਵਰਗੇ ਲਾ-ਇਲਾਜ ਰੋਗ ਠੀਕ ਹੋ ਜਾਣ । ਇਹ ਲੁੱਟ ਦਾ ਉਹੀ ਢੰਗ ਹੈ ਜੋ ਬ੍ਰਾਹਮਣ ਦੀ ਈਜਾਦ ਹੈ , ਜਿਸ ਬਾਰੇ ਥੋੜੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਿੱਤੀ ਹੋਈ ਹੈ ।
ਹੁਣ ਗੱਲ ਕਰਦੇ ਹਾਂ ਇਸ ਸਰੋਵਰ ਵਿਚਲੇ ਅੱਜ ਦੇ ਅੰਮ੍ਰਿਤ ਦੀ ।
ਇਸ ਸਰੋਵਰ ਵਿਚ ਪਾਉਣ ਵਾਲੇ ਪਾਣੀ ਦੀ ਫਿਲਟਰਾਂ ਨਾਲ ਸਫਾਈ ਕੀਤੀ ਜਾਂਦੀ ਹੈ , ਜਿਵੇਂ ਘਰਾਂ ਵਿਚ ਪੀਣ ਵਾਲੇ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਹੈ । ਅਕਲ ਦਾ ਦਿਵਾਲਾ ਨਿਕਲਿਆ ਵੇਖੋ , ਉਸ ਫਿਲਟਰ ਕੀਤੇ ਪਾਣੀ ਵਿਚ ਮੱਛੀਆਂ ਛੱਡ ਦਿੱਤੀਆਂ ਜਾਂਦੀਆਂ ਹਨ । ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰੋਵਰ ਵਿਚ ਇਹ ਮੱਛੀਆਂ ਚੰਗੀਆਂ ਲਗਦੀਆਂ ਹਨ , ਕੁਝ ਸ਼ਰਧਾਲੂ ਵੀ ਬੜੀ ਸ਼ਰਧਾ ਨਾਲ ਇਨ੍ਹਾਂ ਮੱਛੀਆਂ ਨੂੰ ਦਰਬਾਰ ਸਾਹਿਬ ਵਿਚੋਂ ਮਿਲੇ ਪ੍ਰਸ਼ਾਦ ਦਾ ਕੁਝ ਹਿੱਸਾ ਪਾਉਂਦੇ ਹਨ । ਏਥੇ ਸਵਾਲ ਇਹ ਉੱਠਦਾ ਹੈ ਕਿ , ਕੀ ਇਹ ਮੱਛੀਆਂ ਆਪਣੀ ਜ਼ਰੂਰੀ ਕਿਰਿਆ , ਕੁਝ ਖਾਣ ਜਾਂ ਕੁਝ ਪੀਣ ਮਗਰੋਂ ਸ੍ਰੀਰਕ ਲੋੜ ਅਨੁਸਾਰ ਉਸ ਵਿਚੋਂ ਤੱਤ ਹਜ਼ਮ ਕਰ ਕੇ , ਬਾਕੀ ਮਾਲ ਨੂੰ ਤਿਆਗਣ ਦੀ ਕਿਰਿਆ ਸਰੋਵਰ ਵਿਚ ਹੀ ਕਰਦੀਆਂ ਹਨ , ਜਾਂ ? ਕੀ ਇਹ ਮੱਛੀਆਂ ਅਜਿਹੀ ਕਿਸੇ ਖਾਸ ਨਸਲ ਦੀਆਂ ਹਨ ਜਿਨ੍ਹਾਂ ਨੂੰ ਇਸ ਕਿਰਿਆ ਦੀ ਲੋੜ ਹੀ ਨਹੀਂ ਪੈਂਦੀ ? (ਹੋ ਸਕਦਾ ਹੈ ਉਹ ਸੰਤਾਂ-ਮਹਾਂ ਪੁਰਖਾਂ ਵਾਙ ਪਉਣ-ਆਹਾਰੀ ਨਸਲ ਵਿਚੋਂ ਹੋਣ) ਜ਼ਰਾ ਸੋਚੋ , ਉਸ ਸਰੋਵਰ ਵਿਚੋਂ ਘਰ ਲਿਆਂਦਾ ਪਾਣੀ , ਕਿੰਨਾ-ਕੁ ਅੰਮ੍ਰਿਤ ਹੈ ? ਜੇ ਉਹ ਅੰਮ੍ਰਿਤ ਹੈ ਤਾਂ ਫਿਰ ਘਰਾਂ ਵਿਚ ਫਿਲਟਰ ਕੀਤੇ ਪਾਣੀ ਵਿਚ ਇਸ ਨਸਲ ਦੀਆਂ ਮੱਛੀਆਂ ਛੱਡ ਕੇ , ਉਸ ਪਾਣੀ ਨੂੰ ਵੀ ਪੀਣ ਤੋਂ ਪਹਿਲਾਂ , ਘਰੇ ਅੰਮ੍ਰਿਤ ਬਣਾ ਲੈਣਾ ਚਾਹੀਦਾ ਹੈ ।
ਪਰ ਜਿਨ੍ਹਾਂ ਅਕਲ-ਨਿਧਾਨਾਂ ਨੂੰ , ਗੁਰਦਵਾਰੇ ਜਾਣ ਵੇਲੇ ਪੈਰ ਧੋਣ ਵਾਲੇ ਪਾਣੀ ਦੇ ਚੁਬੱਚੇ (ਤਾਂ ਜੋ ਪੈਰਾਂ ਨਾਲ ਲੱਗੀ ਗੰਦਗੀ ਗੁਰਦਵਾਰੇ ਅੰਦਰ ਜਾਣੌ ਰੋਕੀ ਜਾ ਸਕੇ) ਦਾ ਪਾਣੀ ਵੀ ਅੰਮ੍ਰਿਤ ਜਾਪਦਾ ਹੈ ਅਤੇ ਉਹ ਬੜੀ ਸ਼ਰਧਾ ਨਾਲ ਉਸ ਵਿਚੋਂ ਚੁਲੇ ਭਰ ਕੇ ਪੀ ਲੈਂਦੇ ਹਨ , ਉਨ੍ਹਾਂ ਨੂੰ ਮੱਛੀਆਂ ਦੀ ਕੁਦਰਤੀ ਕਿਰਿਆ ਨਾਲ ਦੂਸ਼ਤ ਹੋਇਆ ਪਾਣੀ , ਕੀ ਕਹਿੰਦਾ ਹੈ ?
ਗੁਰੂ ਸਾਹਿਬ ਨੇ ਸਿੱਖ ਨੂੰ ਹਰ ਕੰਮ ਅਕਲ ਨਾਲ ਸੋਚ-ਸਮਝ ਕੇ ਕਰਨ ਦੀ ਤਾਕੀਦ ਕੀਤੀ ਹੈ , ਪਰ ਉਹ ਅਕਲ ਵੀ ਗੁਰਮਤਿ ਅਨੁਸਾਰੀ ਹੋਣੀ ਚਾਹੀਦੀ ਹੈ , ਮਨਮਤਿ ਅਨੁਸਾਰੀ ਨਹੀਂ । ਅਸੀਂ ਪਤਾ ਨਹੀਂ ਕਦ ਗੁਰਬਾਣੀ ਤੋਂ ਸੇਧ ਲਵਾਂਗੇ ? ਅੱਜ ਕੁਝ ਵਿਦਵਾਨ ਅਜਿਹੇ ਹਨ ਜੋ ਪ੍ਰੰਪਰਾਵਾਂ ਨੂੰ ਹੀ ਗੁਰਮਤਿ ਸਮਝਦੇ ਹਨ , ਕੁਝ ਉਹ ਹਨ ਜੋ ਗੁਰਬਾਣੀ ਨੂੰ ਹੀ ਸੋਧਣ ਵਿਚ ਲੱਗੇ ਹੋਏ ਹਨ , ਸਾਰੇ ਹੀ ਆਪੋ-ਆਪਣੀ ਅਕਲ ਵਰਤ ਰਹੇ ਹਨ , ਪਰ ਉਸ ਅਕਲ ਵਿਚ ਗੁਰਬਾਣੀ ਦੀ ਸੋਝੀ ਸ਼ਾਮਲ ਕਰਨ ਦਾ ਕਸ਼ਟ (ਕਿਸੇ ਬਹੁਤ ਹੀ ਵਿਰਲੇ ਨੂ ਛੱਡ ਕੇ) ਕੋਈ ਵੀ ਨਹੀਂ ਕਰ ਰਿਹਾ , ਇਨ੍ਹਾਂ ਹਾਲਾਤਾਂ ਵਿਚ ਗੁਰਮਤਿ ਦਾ ਕੀ ਹੋਵੇਗਾ ?
ਇਹ ਸਮਝਣ ਲਈ ਮਿਲ-ਬੈਠਣ ਦੀ ਲੋੜ ਨੂੰ ਤਾਂ ਸਾਰੇ ਹੀ ਮਾਨਤਾ ਦਿੰਦੇ ਹਨ , ਅਤੇ ਮਿਲ ਬੈਠਣ ਦੀ ਸ਼ਰਤ ਵੀ ਇਕੋ ਹੈ ਕਿ , ਇਸ ਮਿਲ ਬੈਠਣ ਦੀ ਅਗਵਾਈ , ਸਾਡੇ ਧੜੇ ਦਾ ਆਗੂ ਕਰੇਗਾ । ਭਲਿਉ ਰਲ ਕੇ ਬੈਠੋ ਤਾਂ ਸਹੀ , ਜੇ ਤੁਹਾਡੇ ਧੜੇ ਦੇ ਆਗੂ ਵਿਚ ਏਨੀ ਲਿਆਕਤ ਹੋਵੇਗੀ , ਤਾਂ ਕਿਸੇ ਨੂੰ ਉਸ ਤੇ ਕੀ ਇਤਰਾਜ਼ ਹੋ ਸਕਦਾ ਹੈ ? ਇਹ ਆਕੜੀ ਹੋਈ ਧੋਣ ਕੁਝ ਨਹੀਂ ਸਵਾਰਨ ਲੱਗੀ , ਅੱਜ ਇਸ ਨੂੰ ਥੋੜਾ ਨੀਵਾਂ ਕਰ ਕੇ ਪੰਥ ਦਾ ਕੁਝ ਸਵਾਰ ਲਵੋ , ਨਹੀਂ ਤਾਂ ਇਕ ਦਿਨ ਤਾਂ ਸਿਵੇ ਤੇ ਇਸ ਦਾ ਨਾਮ-ਨਿਸ਼ਾਨ ਵੀ ਨਹੀਂ ਰਹਿਣਾ , ਜੀਉਂਦਿਆਂ ਤੁਸੀਂ ਪੰਥ ਦਾ ਕੁਝ ਨਹੀਂ ਸਵਾਰਨਾ ਅਤੇ ਮਰਨ ਪਿੱਛੋਂ ਇਸ ਆਕੜੀ ਧੋਣ ਨੇ ਤੁਹਾਡਾ ਕੁਝ ਸੰਵਰਨ ਨਹੀਂ ਦੇਣਾ । ਥੋੜਾ ਹੋਸ਼ ਕਰੋ ।
ਅਮਰ ਜੀਤ ਸਿੰਘ ਚੰਦੀ
25-6-2014