ਸੁੱਤੀ ਹੋਈ ਕੌਮ !
ਪਿਛਲੇ ਦਿਨੀਂ ਤਿਨ ਸਨਸਨੀਖੇਜ ਪੰਥਿਕ ਖਬਰਾਂ ਸਾਮ੍ਹਣੇ ਆਈਆਂ ! ਸੋਚਿਆ ਤਾਂ ਇਹ ਸੀ ਕਿ ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਕੌਮ ਦੇ ਜਾਗਰੂਕ ਤਬਕੇ ਵਿੱਚ ਕੋਈ ਭੂਚਾਲ ਖੜਾ ਹੋ ਜਾਏਗਾ । ਲੇਕਿਨ ਠੰਡੇ ਜੱਮੇਂ ਹੋਏ ਪਾਣੀ ਵਾਂਗ ਇਹ ਤਬਕਾ ਅਡੋਲ ਪਿਆ ਰਿਹਾ, ਜਿਵੇਂ ਕੁਝ ਵਾਪਰਿਆ ਹੀ ਨਹੀ।
ਪਹਲੀ ਖਬਰ ਸੀ ਕਿ ਅਕਾਲ ਤਖਤ ਦਾ ਹੇਡ ਗ੍ਰੰਥੀ, ਅਕਾਲ ਤਖਤ ਤੇ ਬਹਿ ਕੇ ਰਿਸ਼ਵਤ ਲੈ ਲੈ ਕੇ ਹੁਕਮਨਾਮੇ ਜਾਰੀ ਕਰਦਾ ਹੈ। ਇਹ ਕੋਈ ਛੋਟੀ ਖਬਰ ਨਹੀ ਸੀ ਅਤੇ ਨਾਂ ਹੀ ਕੋਈ ਛੋਟਾ ਅਪਰਾਧ ਸੀ। ਲੇਕਿਨ ਵੀਰ ਕਿਰਪਾਲ ਸਿੰਘ ਭਟਿੰਡਾ ਅਤੇ ਖਾਲਸਾ ਨਿਉਜ ਤੋਂ ਅਲਾਵਾ ਕਿਸੇ ਨੇ ਕੁਝ ਨਹੀ ਲਿਖਿਆ । ਅੱਜ ੳਨ੍ਹਾਂ ਦਾ ਇਸ ਵਿਸ਼ੈ ਤੇ ਲੇਖ ਨਾਂ ਆਉਦਾ ਤਾਂ ਮੰਨ ਨੂੰ ਹੋਰ ਵੀ ਦੁਖ ਹੋਣਾਂ ਸੀ ਕਿ ਸਾਰੀ ਕੌਮ ਹੀ ਸੁੱਤੀ ਪਈ ਹੈ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਬੀੜਾਂ ਤੇ ਚਰਚਾ ਕਰਨੀ ਹੋਵੇ , ਤਾਂ ਵਿਦਵਾਨਾਂ ਦੇ ਕਈ ਝੂੰਡ , ਮੱਛੀ ਬਜਾਰ ਲਾ ਕੇ ਬਹਿ ਜਾਂਦੇ ਹਨ ਅਤੇ ਉੱਚੀ ਉਚੀ ਰੌਲਾ ਪਾਉਦੇ ਹਨ ਕਿ ਮੇਰੀ ਮੱਛੀ (ਵਿਦਵਤਾ) ਤਾਜੀ ਹੈ , ਦੂਜਾ ਕਹਿੰਦਾ ਹੈ ਮੇਰੀ ਮੱਛੀ ਚੰਗੀ ਹੈ। ਅਕਾਲ ਤਖਤ ਦੇ ਸਿਧਾਂਤ ਅਤੇ ਸਤਕਾਰ ਦੀ ਗਲ ਆਉਦੀ ਹੈ ਤਾਂ ਇਕਬਾਲ ਸਿੰਘ ਢਿਲੋਂ ਵਰਗੇ ਵਿਦਵਾਨ ਖੂੰਬਾਂ ਵਾਂਗ ਉਗ ਆਉਦੇ ਹਨ ਅਤੇ ਅਕਾਲ ਤਖਤ ਜਹੇ ਮੁਕੱਦਸ ਅਦਾਰੇ ਨੂੰ ਇਟਾਂ ਅਤੇ ਗਾਰੇ ਦਾ ਬਣਿਆਂ "ਮੜ੍ਹੀ ਅਤੇ ਮਕਬਰਾ" ਕਹਿ ਕਹਿ ਕੇ ਸੰਬੋਧਿਤ ਕਰਦੇ ਹਨ। ਜੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨੀ ਦੀ ਗੱਲ ਹੋਵੇ ਤਾਂ ਡਾ. ਹਰਜਿੰਦਰ ਸਿੰਘ ਮੀਤ ਫਰੀਦਕੋਟੀਏ ਵਰਗੇ ਅਖੌਤੀ ਡਾਕਟਰ ਮਾਤਾ ਸੁੰਦਰੀ ਅਤੇ ਬੰਦਾ ਸਿੰਘ ਬਹਾਦੁਰ ਨੂੰ, ਅਪਣੀ ਸੜੀ ਹੋਈ ਵਿਦਵਤਾ ਨਾਲ, ਕੌਮ ਦਾ ਗੱਦਾਰ ਸਾਬਿਤ ਕਰਨ ਲਈ ਪੱਬਾਂ ਭਾਰ ਖੜੇ ਹੋ ਜਾਂਦੇ ਹਨ। ਲੇਕਿਨ ਅਫਸੋਸ ਇਹ ਹੈ ਕਿ ਰਿਸ਼ਵਤ ਲੈਣ ਦੇ ਦੋਸ਼ ਵਾਲੇ ਇਸ ਗ੍ਰੰਥੀ ਦੇ ਖਿਲਾਫ ਕਿਸੇ ਵਿਦਵਾਨ ਦੀ ਜੁਬਾਨ ਨਹੀ ਖੁੱਲੀ ਸਿਵਾਏ ਵੀਰ ਕਿਰਪਾਲ ਸਿੰਘ ਭਠਿੰਡਾ ਅਤੇ ਖਾਲਸਾ ਨਿਉਜ ਦੇ ।
ਦੂਜੀ ਖਬਰ ਸੀ ਕਿ ਪਟਨਾ ਸਾਹਿਬ ਦੇ ਵਿਵਾਦਿਤ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਉੱਤੇ ਉਸ ਦੀ ਤੀਜੀ ਪਤਨੀ ਨੇ ਫੌਜਦਾਰੀ ਮੁਕਦਮਾਂ ਦਾਖਿਲ ਕੀਤਾ ਹੈ । ਇਹ ਵੀ ਬਹੁਤ ਅਹਿਮ ਅਤੇ ਸੰਗੀਨ ਮਾਮਲਾ ਸੀ। ਲੇਕਿਨ ਕੌਮ ਦੇ ਕਿਸੇ ਵਿਦਵਾਨ ਨੇ ਇਸ ਬਾਬਤ ਵੀ ਕੁਝ ਨਹੀ ਲਿਖਿਆ ।ਬਲਕਿ ਇਸ ਦੇ ਨਾਲ ਹੀ ਨਾਲ ਇਹ ਖਬਰ ਵੀ ਛਪ ਗਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਇਸ ਨੂੰ ਕਲੀਨ ਚਿੱਟ ਦੇ ਦਿਤੀ ਹੈ ਅਤੇ ਇਹ ਗ੍ਰੰਥੀ ਵੀ ਹੁਣ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਦੋਸ਼ ਵਾਲੇ ਹੇਡ ਗ੍ਰੰਥੀ ਦੇ ਨਾਲ , ਅਕਾਲ ਤਖਤ ਤੇ ਬਹਿਆ ਕਰੇਗਾ ਅਤੇ ਕੌਮੀ ਫੈਸਲਿਆਂ ਤੇ ਦਸਤਖਤ ਕਰਿਆ ਕਰੇਗਾ ।ਇਸ ਤੇ ਵੀ ਕਿਸੇ ਵਿਦਵਾਨ ਦਾ ਕੋਈ ਪ੍ਰਤੀਕਰਮ ਨਹੀ ਆਇਆ।
ਇਕ ਪਾਸੇ ਗਿਆਨੀ ਗੁਰਬਚਨ ਸਿੰਘ ਦੀਆਂ ਕਰਤੂਤਾ ਦਾ ਪਰਦਾ ਫਾਸ ਹੋਇਆ ਦੂਜੇ ਪਾਸੇ ਇਕਬਾਲ ਸਿੰਘ ਤੇ ਵੀ ਉਸ ਦੀ ਅਪਣੀ ਤੀਜੀ ਪਤਨੀ ਨੇ ਕ੍ਰਿਮਨਲ ਕੇਸ ਦਾਖਿਲ ਕਰਕੇ ਉਸਨੂੰ ਦਾਗੀ ਛਵੀ ਵਾਲਾ ਬੰਦਾ ਸਾਬਿਤ ਕਰ ਦਿਤਾ । ਹੇਡ ਗ੍ਰੰਥੀ ਦੀ ਅਕੂਤ ਦੌਲਤ ਵੀ ਇਸ ਗ੍ਰੰਥੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੀ ਸੀ ਅਤੇ ਪੰਥ ਦਰਦੀਆਂ ਵਿੱਚ ਇਸ ਦੀ ਬਹੁਤ ਚਰਚਾ ਸੀ ਕਿ ਇਕ ਮਾਮੂਲੀ ਜਹੇ ਹੇਡ ਗ੍ਰੰਥੀ ਕੋਲ ਇਨਾਂ ਧੰਨ ਕਿਥੋ ਆ ਰਿਹਾ ਹੈ ? ਅੱਜ ਉਹ ਸ਼ਕ ਹੋਰ ਪੁਖਤਾ ਹੋ ਗਇਆ , ਜਦੋ ਪੈਸਾ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਸਬੂਤ ਅਖਬਾਰਾਂ ਅਤੇ ਵੇਬਸਾਈਟਾਂ ਉਪਰ ਛਪੇ ।ਭਾਵੇਂ ਹੁਣ ਇਹਪ੍ਰੇਸ ਕਾਂਨਫ੍ਰੈਂਸਾਂ ਰਾਹੀਂ ਇਹ ਕਹਿ ਰਿਹਾ ਹੈ ਕਿ ਮੈਂ ਕੋਈ ਪੈਸਾ ਹਰਮਿੰਦਰ ਸਿੰਘ ਕੋਲੋਂ ਨਹੀ ਲਿਆ ਅਤੇ ਜੋ ਪੈਸਾ ਮੇਰੇ ਪੀ. ਏ. ਇੰਦਰ ਮੋਹਨ ਸਿੰਘ ਨੇ ਬੇਂਕ ਖਾਤਿਆ ਵਿੱਚ ਲਿਆ ਹੈ, ਉਸ ਦਾ ਜਵਾਬ ਮੈਂ ਨਹੀ ਦੇ ਸਕਦਾ। ਧੂੰਆਂ ਤਾਂ ਹੀ ਉਠਦਾ ਹੈ ਵੀਰੋ, ਜੇ ਕਿਤੇ ਅੱਗ ਲੱਗੀ ਹੂੰਦੀ ਹੈ। ਹਰਮਿੰਦਰ ਸਿੰਘ ਨੇ ਜੋ ਸਬੂਤ ਪੇਸ਼ ਕੀਤੇ ਹਨ ਅਤੇ ਜੋ ਚਾਰਜ ਲਾਏ ਹਨ ਉਹ ਬਿਲਕੁਲ ਬੋਗਸ ਤਾਂ ਨਹੀ ਕਹੇ ਜਾ ਸਕਦੇ । ਦੂਜਾ ਇਸ ਦੇ ਪੀ. ਏ. ਨੇ ਜੋ ਪੈਸਾ ਬੇਂਕ ਖਾਤਿਆਂ ਵਿੱਚ ਲਿਆ ਹੈ, ਉਹ ਕਹਿ ਰਿਹਾ ਹੈ ਕਿ ਹਰਮਿੰਦਰ ਸਿੰਘ ਨੇ 50 ਹਜਾਰ ਰੁਪਿਆ ਮੇਰੇ ਕੋਲੋਂ ਉਧਾਰ ਲਿਆ ਸੀ । ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ ? ਕੀ ਇੰਦਰ ਮੋਹਨ ਸਿੰਘ ਕੋਈ ਫਾਇਨੇਂਸਰ ਹੈ ਜਾਂ ਹਰਮਿੰਦਰ ਸਿੰਘ ਦਾ ਕੋਈ ਕਰੀਬੀ ਰਿਸ਼ਤੇਦਾਰ ਹੈ , ਜੋ ਬਿਨਾਂ ਕਿਸੇ ਜਾਨ ਪਹਿਚਾਨ ਅਤੇ ਲਿਖਾ ਪੜ੍ਹੀ ਦੇ ਉਸਨੇ ਹਰਮਿੰਦਰ ਸਿੰਘ ਨੂੰ 50 ਹਜਾਰ ਰੁਪਿਆ ਦੇ ਦਿਤਾ ? ਹਰਮਿੰਦਰ ਸਿੰਘ ਨੇ ਪੈਸੇ ਵਾਪਸੀ ਦੇ ਸਬੂਤ ਪੇਸ਼ ਕੀਤੇ ਹਨ । ਜੇ ਇੰਦਰ ਮੋਹਨ ਸਿੰਘ ਕੋਲ ਪੈਸਾ ਦੇਣ ਦੇ ਕੋਈ ਸਬੂਤ ਹਨ ਤੇ ਉਹ ਵੀ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰੇ । ਇਹ ਸਾਰੇ ਬਿਆਨ ਹੇਡ ਗ੍ਰੰਥੀ ਅਤੇ ਉਸ ਦੇ ਪੀ. ਏ. ਨੂੰ ਸ਼ਕ ਦੇ ਘੇਰੇ ਵਿਚ ਖੜਾ ਕਰਦੇ ਹਨ।
ਪੂਰੀ ਕੌਮ ਨੂੰ ਇਹ ਅਵਾਜ ਬਹੁਤ ਤੇਜੀ ਨਾਲ ਉਠਾਨੀ ਚਾਹੀਦੀ ਸੀ ਕਿ ਸਿੱਖਾਂ ਕੋਲੋਂ ਰਿਸ਼ਵਤ ਲੈਂਣ ਦੇ ਦੋਸ਼ ਵਾਲੇ ਅਖੌਤੀ ਜੱਥੇਦਾਰ ਅਤੇ ਕ੍ਰਿਮਿਨਲ ਚਾਰਜ ਲੱਗੇ ਇਕਬਾਲ ਸਿੰਘ ਨੂੰ ਫੌਰਨ ਬਰਖਾਸਤ ਕੀਤਾ ਜਾਏ ਅਤੇ ਇਨ੍ਹਾਂ ਵਲੋਂ ਅੱਜ ਤਕ ਜਾਰੀ ਕੀਤੇ ਗਏ ਸਾਰੇ ਹੁਕਮਨਾਮਿਆਂ ਨੂੰ ਰੱਦ ਕੀਤਾ ਜਾਵੇ, ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਪੰਥ ਤੋਂ ਛੇਕਨ ਦਾ ਗੈਰ ਕਾਨੂੰਨੀ, ਮਨੁਖੀ ਅਧਿਕਾਰਾਂ ਦਾ ਘਾਂਣ ਕਰਨ ਵਾਲਾ ਅਤੇ ਗੁਰਮਤਿ ਵਿਹੂਣਾਂ ਕੂੜਨਾਮਾਂ ਵੀ ਸ਼ਾਮਿਲ ਹੈ । ਲੇਕਿਨ ਕਿਸੇ ਪਾਸਿਉ ਇਹੋ ਜਹੀ , ਕੋਈ ਅਵਾਜ ਸੁਣਾਈ ਨਹੀ ਦਿਤੀ।
ਹਰਮਿੰਦਰ ਸਿੰਘ ਨੇ ਗੁਰਬਚਨ ਸਿੰਘ ਤੇ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦਾ ਜੋ ਸਨਸਨੀਖੇਜ ਚਾਰਜ ਲਾਇਆਂ ਹੈ ਉਹ ਬਹੁਤ ਹੀ ਗੰਭੀਰ ਹੈ। ਪਟਨਾਂ ਸਾਹਿਬ ਦੇ ਹੇਡ ਗ੍ਰੰਥੀ ਇਕਬਾਲ ਸਿੰਘ ਤੇ ਵੀ ਮੁਕੱਦਮਾਂ ਕਾਇਮ ਹੋ ਚੁਕਾ ਹੈ, ਜੋ ਉਸ ਦੀ ਅਪਣੀ ਤੀਜੀ ਪਤਨੀ ਨੇ ਦਾਖਿਲ ਕੀਤਾ ਹੈ । ਇਸ ਸ਼ਥਿਤੀ ਵਿਚ ਇਹ ਦੋਵੇਂ ਦਾਗੀ ਗ੍ਰੰਥੀ ਤਖਤਾਂ ਤੇ ਬਹਿਣ ਦੇ ਲਾਇਕ ਨਹੀ ਰਹੇ । ਜਦੋਂ ਤਕ ਇਨ੍ਹਾਂ ਤੇ ਕੋਈ ਜਾਂਚ ਨਹੀ ਬਹਿੰਦੀ ਅਤੇ ਇਹ ਬੇਕਸੂਰ ਸਾਬਿਤ ਨਹੀ ਹੋ ਜਾਂਦੇ । ਇਨ੍ਹਾਂ ਦੋਹਾਂ ਦਾਗੀ ਗ੍ਰੰਥੀਆਂ ਨੂੰ ਇਨ੍ਹਾਂ ਦੇ ਉਹਦਿਆਂ ਤੋਂ ਫੌਰਨ ਬਰਖਾਸਤ ਕਰ ਦੇਣਾਂ ਚਾਹੀਦਾ ਹੈ ,ਤਾਂਕਿ ਇਹ ਅਪਣੇ ਅਹੁਦਿਆਂ ਦੀ ਪਾਵਰ ਅਤੇ ਰਸੂਫ ਦਾ ਭਵਿਖ ਵਿਚ ਗਲਤ ਇਸਤੇਮਾਲ ਨਾਂ ਕਰ ਸਕਣ ।ਹੁਣ ਸਵਾਲ ਇਹ ਉਠਦਾ ਹੈ ਕਿ ਇਹੋ ਜਹੇ ਬੰਦਿਆ ਨੂੰ ਤਖਤਾਂ ਉਤੇ ਬਹਿਣ ਅਤੇ ਕੌਮ ਦੇ ਅਹਿਮ ਫੈਸਲੇ ਜਾਰੀ ਕਰਨ ਤੋਂ ਰੋਕੇਗਾ ਕੌਣ ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਇਨ੍ਹਾਂ ਦੋਹਾਂ ਨੂੰ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟ ਪਹਿਲਾਂ ਹੀ ਦੇ ਚੁਕਾ ਹੈ।
ਇਹ ਦੋਵੇ ਗੰਥੀ ਹੁਣ ਸ਼ਕੀ ਕਿਰਦਾਰ ਵਾਲੇ ਹਨ ਅਤੇ ਕਿਸੇ ਵੀ ਸ਼ੱਕੀ ਕਿਰਦਾਰ ਵਾਲੇ ਬੰਦੇ ਨੂੰ ਸਿੱਖਾਂ ਦੇ ਉੱਚ ਧਾਰਮਿਕ ਅਦਾਰਿਆਂ ਤੇ ਰਹਿਣ ਦਾ ਕੋਈ ਹਕ ਨਹੀ ਹੈ।ਇਸ ਲਈ ਇਨ੍ਹਾਂ ਦੇ ਦਸਤਖਤ ਵਾਲੇ ਅਜ ਤਕ ਜਾਰੀ ਸਾਰੇ ਹੁਕਮਨਾਮਿਆਂ ਨੂੰ ਰੱਦ ਸਮਝਿਆ ਜਾਂਣਾਂ ਚਾਹੀਦਾ ਹੈ ਅਤੇ ਅੱਜ ਤੋਂ ਬਾਦ ਵੀ ਇਨ੍ਹਾਂ ਵਲੋਂ ਜਾਰੀ, ਕਿਸੇ ਵੀ ਹੁਕਮਨਾਮੇ ਨੂੰ ਕੋਈ ਮਾਨਤਾ ਨਹੀ ਦਿੱਤੀ ਜਾਂਣੀ ਚਾਹੀਦੀ। ਅਕਾਲ ਤਖਤ ਦੇਸਾਬਕਾ ਹੇਡ ਗ੍ਰੰਥੀ ਗਿਆਨੀ ਪੂਰਨ ਸਿੰਘ ਦਵਾਰਾ ਜਾਰੀ 22 ਹੁਕਮਨਾਮੇ ਜੇ ਸ਼੍ਰੋਮਣੀ ਕਮੇਟੀ ਰੱਦ ਕਰ ਸਕਦੀ ਹੈ ,ਤੇ ਇਨ੍ਹਾਂ ਦਾਗੀ ਹੇਡ ਗ੍ਰੰਥੀਆਂ ਵਲੋਂ ਜਾਰੀ ਆਪ ਹੁਦਰੇ ਅਖੌਤੀ ਹੁਕਮਨਾਮਿਆਂ ਨੂੰ ਰੱਦ ਕਿਉ ਨਹੀ ਕੀਤਾ ਜਾ ਸਕਦਾ ?
ਕੌਮ ਦੇ ਮੂਹ ਤੇ ਚਪੇੜ ਮਾਰਦੀ
ਤੀਜੀ ਖਬਰ , ਸ਼੍ਰੋਮਣੀ ਕਮੇਟੀ ਦੇ ਪ੍ਰਧਾਂਨ "ਮੱਕੜ" ਵਲੋ ਕਿਰਪਾਨ ਤੇ ਪਾਬੰਦੀ ਲਾਉਣ ਵਾਲੀ ਖਬਰ ਸੀ। ਇਸ ਖਬਰ ਤੇ ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ਼ ਹੀ ਨਹੀ ਕੀਤਾ। ਜਦੋਂ ਇਹ ਖਬਰ ਪਬਲਿਸ਼ ਹੋਈ ਤਾਂ ਵੀ, ਇਸ ਪਾਬੰਦੀ ਵਾਲੀ ਗਲ ਦਾ ਜਿਸ ਪੱਧਰ ਤੇ ਵਿਰੋਧ ਹੋਣਾਂ ਅਤੇ ਕਰਨਾਂ ਚਾਹੀਦਾ ਸੀ, ਸਿੱਖਾਂ ਵਿੱਚ ਉਸ ਦੀ ਘਾਟ ਨਜਰ ਆਈ ।
ਅਵਤਾਰ ਸਿੰਘ ਮੱਕੜ ਨੇ ਐਸਾ ਪੰਥ ਵਿਰੋਧੀ ਬਿਆਨ ਦੇ ਕੇ ਸਿੱਖ ਵਿਰੋਧੀਆਂ ਨੂੰ ਇਕ ਸੁਨਹਿਰੀ ਮੌਕਾ ਆਪ ਹੱਥ ਫੜਾ ਦਿਤਾ ਹੈ, ਜੋ ਹਰ ਵੇਲੇ ਸਿੱਖਾ ਦੇ ਇਸ ਸੰਵਿਧਾਨਿਕ ਅਧਿਕਾਰ ਤੋਂ ਸੜਦੇ ਅਤੇ ਇਸ ਦੇਖਿਲਾਫ ਸਿੱਖ ਵਿਰੋਧੀ ਫਬਤੀਆਂ ਜਾਰੀ ਕਰਦੇ ਰਹਿੰਦੇ ਹਨ । ਮੱਕੜ ਨੇ ਜੋ ਫਤਵਾ ਜਾਰੀ ਕੀਤਾ ਹੈ , ਕੀ ਉਹ ਅਕਾਲ ਤਖਤ ਦੇ ਜੱਥੇਦਾਰ ਅਤੇ ਉਸ ਦੀ "ਬੁਰਛਾ ਬ੍ਰਿਗੇਡ" ਜਿਸਨੂੰ ਉਸਨੇ "ਟਾਸਕ ਫੋਰਸ" ਦਾ ਨਾਮ ਦਿਤਾ ਹੋਇਆ ਹੈ, ਤੇ ਵੀ ਲਾਗੂ ਹੋਵੇਗਾ ? ਕੀ ਟਾਸਕ ਫੋਰਸ ਅਤੇ ਅਕਾਲ ਤਖਤ ਦਾ ਜੱਥੇਦਾਰ ਵੀ ਕਿਰਪਾਨ ਬਾਹਰ ਰੱਖ ਕੇ ਅਕਾਲ ਤਖਤ ਤੇ ਬਹਿਣ ਗੇ ? ਜਾਂ ਇਹ ਆਮ ਸਿੱਖਸ਼ਰਧਾਲੂਆਂ ਤੇ ਹੀ ਲਾਗੂ ਹੋਵੇਗਾ ?
ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਦੇ ਨਾਲ, ਵਿਦੇਸ਼ਾ ਵਿੱਚ ਰਹਿ ਰਹੇ ਸਿੱਖਾਂ ਅਤੇ ਇਸ ਵਿਸ਼ੈ ਤੇ ਚਲ ਰਹੇ ਕੇਸਾਂ, 'ਤੇ ਵੀ ਇਸ ਬਿਆਨ ਦਾ ਬਹੁਤ ਬੁਰਾ ਅਸਰ ਪਵੇਗਾ । ਇਹੋ ਜਹਿਆ ਨੀਤੀ ਵਹੀਨ ਅਤੇ ਨਲਾਇਕ ਸੋਚ ਵਾਲਾ ਮਨੁਖ ਸਾਡੀ ਸ਼੍ਰਰੋਮਣੀ ਸੰਸਥਾ ਦਾ ਪ੍ਰਧਾਨ ਹੈ , ਇਹ ਕੌਮ ਦੀ ਬਦਕਿਸਮਤੀ ਅਤੇ ਤ੍ਰਾਸਦੀ ਨਹੀ ਤਾਂ ਹੋਰ ਕੀ ਹੈ ? ਅੱਜ ਪੂਰੀ ਕੋਮ ਅਤੇ ਦੁਨੀਆਂ ਦੇ ਸਾਮ੍ਹਣੇ ਇਸਨੇ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਜੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ , ਆਪ ਹੀ ਸਿੱਖਾਂ ਦੇ ਕਕਾਰਾਂ ਤੇ ਪਾਬੰਦੀ ਲਾ ਸਕਦੀ ਹੈ , ਤਾਂ ਹੋਰ ਸਰਕਾਰਾਂ ਅਤੇ ਸਿੱਖ ਵਿਰੋਧੀ ਸੰਸਥਾਵਾਂ ਨੂੰ ਕੌਣ ਰੋਕੇਗਾ ? ਕੀ ਜੇ ਅਜਿਹਾ ਹੋਇਆ , ਤਾਂ ਸ਼੍ਰੋਮਣੀ ਕਮੇਟੀ ਕਿਸ ਮੂੰਹ ਤੋਂ ਇਸ ਦਾ ਵਿਰੋਧ ਕਰੇਗੀ , ਜੋ ਆਪ ਹੀ ਸਿੱਖਾਂ ਦੇ ਕਕਾਰ ਤੇ ਪਾਬੰਦੀ ਲਗਾ ਚੁਕੀ ਹੈ ?
ਕਿਰਪਾਨ ਤੇ ਪਾਬੰਦੀ ਲਾਉਣੀ, ਇਹ ਸਾਜਿਸ਼ ਭਰੀ ਕਰਤੂਤ ,ਸ਼੍ਰੋਮਣੀ ਕਮੇਟੀ ਦੀ ਅਪਣੀ ਸੋਚ ਨਹੀਹੈ । ਇਹ ਸਿੱਖ ਵਿਰੋਧੀ ਸੰਗਠਨਾਂ ਦਾ ਅਜੈੰਡਾ ਹੈ , ਜੋ ਉਨ੍ਹਾਂ ਦੇ ਹੇਡਕੁਆਟਰ ਤੋਂ ਹੂੰਦਾ ਹੋਇਆ " ਕੌਮ ਦੇ ਗੱਦਾਰਾਂ " ਰਾਂਹੀ ਮੱਕੜ ਤਕ ਪੁਜਿਆ ਹੈ। ਇਸ ਗੱਲ ਦੀ ਗੰਭੀਰਤਾਂ ਵੀ ਸਿੱਖਾਂ ਨੂੰ ਅੰਦੋਲਿਤ ਨਹੀ ਕਰ ਸਕੀ। ਇਸ ਸੁੱਤੀ ਹੋਈ ਕੌਮ ਦਾ ਰੱਬ ਹੀ ਮਾਲਿਕ ਹੈ।
ਇੰਦਰਜੀਤ ਸਿੰਘ ਕਾਨਪੁਰ