ਭਾਜਪਾ ਪੰਜਾਬ 'ਚ ਹਿੰਦੀ ਥੋਪਣ ਤੁਰੀ
(ਜਸਪਾਲ ਸਿੰਘ ਹੇਰਾਂ)
ਭਾਜਪਾ ਸਮੇਤ ਸਮੁੱਚੀ ਭਗਵਾਂ ਬ੍ਰਿਗੇਡ ''ਹਿੰਦੂ, ਹਿੰਦੀ, ਹਿੰਦੁਸਤਾਨ'' ਦੇ ਏਜੰਡੇ ਦੀ ਅਨੁਆਈ ਹੈ ਅਤੇ ਉਸਦੀ ਪੂਰਤੀ ਲਈ ਹਮੇਸ਼ਾ ਯਤਨਸ਼ੀਲ ਸੀ ਅਤੇ ਹੈ, ਇਸ ਕੌੜੇ ਸੱਚ ਨੂੰ ਹਰ ਕੋਈ ਜਾਣਦਾ ਹੈ। ਮੋਦੀ ਦੀ ਸਰਕਾਰ ਆਉਣ ਤੇ ਭਗਵਾਂ ਬ੍ਰਿਗੇਡ ਆਪਣੇ ਇਸ ਏਜੰਡੇ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵੱਧਣ ਲੱਗ ਪਈ ਹੈ ਅਤੇ ਇਸੇ ਲਈ 'ਹਿੰਦੀ' ਦੇ ਪਾਸਾਰੇ ਲਈ ਲੰਗਰ ਲੰਗੋਟੇ ਕੱਸ ਲਏ ਗਏ ਹਨ।
ਦੱਖਣ ਭਾਰਤੀ ਰਾਜਾਂ ਵੱਲੋਂ ਹਿੰਦੀ ਥੋਪਣ ਵਿਰੁੱਧ ਉਠ ਖੜ੍ਹੇ ਹੋਣ ਤੋਂ ਬਾਅਦ, ਭਾਵੇਂ ਭਾਜਪਾ ਸੰਭਲ-ਸੰਭਲ ਕਦਮ ਰੱਖਣ ਦੀ ਨੀਤੀ ਤੇ ਚੱਲਣ ਲੱਗੀ ਹੈ, ਪ੍ਰੰਤੂ ਪੰਜਾਬ 'ਚ ਹਿੰਦੀ ਨੂੰ ਥੋਪਣ ਲਈ, ਉਹ ਪੂਰੀ ਤਰ੍ਹਾਂ ਕਾਹਲੀ ਹੈ। ਜਿਵੇਂ ਅਸੀਂ ਪਹਿਲਾ ਵੀ ਲਿਖਿਆ ਸੀ ਕਿ ਮੋਦੀ ਸਰਕਾਰ ਬਣਨ ਤੇ ਪੰਜਾਬ 'ਚ ਹਿੰਦੀ ਵਾਲੇ ਬੋਰਡਾਂ ਦੀ ਹਨੇਰੀ ਪੰਜਾਬ ਦੇ ਵੱਡੇ ਸ਼ਹਿਰ 'ਚ ਲਿਆਂਦੀ ਗਈ ਅਤੇ ਇਹ ਸੰਕੇਤ ਦਿੱਤਾ ਗਿਆ ਕਿ ਭਾਜਪਾਈਆਂ ਲਈ ਪੰਜਾਬੀ ਕੋਈ ਅਰਥ ਨਹੀਂ ਰੱਖਦੀ, ਉਹ ਸਿਰਫ਼ ਤੇ ਸਿਰਫ਼ 'ਹਿੰਦੀ' ਵਾਲੇ ਹਨ। ਭਾਜਪਾ ਦੇ ਬਜ਼ੁਰਗ ਆਗੂ, ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਨੇ ਤਾਂ ਹਮੇਸ਼ਾ ਖੁੱਲ੍ਹੇਆਮ ਪੰਜਾਬੀ ਦਾ ਨਿਰਾਦਰ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਹੀ ਨਹੀਂ ਦਿੱਤਾ ਸੀ ਅਤੇ ਪੰਜਾਬੀ ਸੂਬੇ 'ਚ ਪੰਜਾਬੀ ਮਾਂ-ਬੋਲੀ ਨੂੰ ਨੀਵਾਂ ਵਿਖਾਉਣ ਤੇ ਪੰਜਾਬੀ ਸੂਬੇ ਦੇ ਕਰਤੇ-ਧਰਤੇ ਮੂੰਹ 'ਚ ਘੁੰਗਣੀਆਂ ਪਾ ਕੇ ਅੱਖਾਂ ਨੀਵੀਆਂ ਕਰਕੇ ਬੈਠੇ ਰਹੇ।
ਹੁਣ ਭਾਜਪਾ ਦੇ ਹੀ ਇਕ ਹੋਰ ਬਜ਼ੁਰਗ ਆਗੂ ਅਤੇ ਸਾਬਕਾ ਮੰਤਰੀ ਸਤਪਾਲ ਗੁਸਾਂਈ ਨੇ ਫ਼ਿਰ ਪੰਜਾਬੀ ਮਾਂ-ਬੋਲੀ ਦਾ ਨਿਰਦਾਰ ਕੀਤਾ ਹੈ। ਆਪਣੀਆਂ ਨੌਕਰੀਆਂ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਪ੍ਰਤੀ ਸਤਪਾਲ ਗੁਸਾਂਈ ਨੂੰ ਜਿਹੜੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਖ਼ੁਦ ਧਰਨਾਕਾਰੀਆਂ ਪਾਸ ਗਏ ਸਨ, ਇਕ ਮੰਗ-ਪੱਤਰ ਦਿੱਤਾ ਸੀ। ਪਰ ਇਹ ਮੰਗ ਪੱਤਰ ਕਿਉਂਕਿ ਪੰਜਾਬੀ 'ਚ ਸੀ, ਇਸ ਲਈ ਗੁਸਾਂਈ ਸਾਬ੍ਹ ਨੂੰ ਹਜ਼ਮ ਨਹੀਂ ਹੋਇਆ, ਉਨ੍ਹਾਂ ਮੰਗ-ਪੱਤਰ ਹਿੰਦੀ 'ਚ ਦੇਣ ਲਈ ਤੁਗਲਕੀ ਫੈਸਲਾ ਧਰਨਾਕਾਰੀ ਵਿਦਿਆਰਥੀਆਂ ਨੂੰ ਸੁਣਾ ਦਿੱਤਾ। ਮੰਗ-ਪੱਤਰ ਤੇ ਗੁਸਾਂਈ ਸਾਬ੍ਹ ਕੋਈ ਕਾਰਵਾਈ ਕਰਵਾ ਸਕਣਗੇ ਜਾ ਨਹੀਂ, ਇਹ ਤਾਂ ਬਾਅਦ ਦੀ ਗੱਲ੍ਹ ਹੈ, ਪ੍ਰੰਤੂ ਉਨ੍ਹਾਂ ਭਾਜਪਾ ਦੇ ਹਿੰਦੀ ਪ੍ਰੇਮ ਦੇ ਏਜੰਡੇ ਨੂੰ ਲਾਗੂ ਕਰਨ 'ਚ ਮੋਹਰੀ ਰੋਲ ਨਿਭਾਉਣ ਦੀ ਕੋਸ਼ਿਸ ਕਰਕੇ, ਪੰਜਾਬੀ ਪ੍ਰੇਮੀਆਂ ਤੇ ਪੰਜਾਬੀ ਮਾਂ-ਬੋਲੀ ਦੀ ਪਿੱਠ 'ਚ ਛੁਰਾ ਜ਼ਰੂਰ ਮਾਰ ਦਿੱਤਾ ਹੈ।
ਭਾਵੇਂ ਕਿ ਭਗਵਾਂ ਬ੍ਰਿਗੇਡ ਨੇ ਪਹਿਲਾ ਪੰਜਾਬੀ ਸੂਬੇ ਵੇਲੇ, ਫ਼ਿਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣਨ ਵਾਲੀ ਯੂਨੀਵਰਸਿਟੀ ਦੀ ਸਥਾਪਨਾ ਸਮੇਂ, ਫ਼ਿਰ ਸਾਕਾ ਦਰਬਾਰ ਸਾਹਿਬ ਲਈ ਇੰਦਰਾ ਗਾਂਧੀ ਨੂੰ ਮਜ਼ਬੂਰ ਕਰਕੇ, ਫ਼ਿਰ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਖੁਸ਼ੀ 'ਚ ਲੱਡੂ ਵੰਡ ਕੇ, ਆਪਣਾ ਸਿੱਖ ਦੁਸ਼ਮਣ ਚਿਹਰਾ ਵਾਰ-ਵਾਰ ਨੰਗਾ ਕੀਤਾ ਹੈ।
ਭਾਵੇਂ ਇਹ ਸਭ ਦੇ ਬਾਵਜੂਦ ਬਾਦਲਾਂ ਨੇ ਉਨ੍ਹਾਂ ਦੀ ਗੁਲਾਮੀ ਖੁਸ਼ੀ-ਖੁਸ਼ੀ ਕਬੂਲੀ ਹੋਈ ਹੈ, ਪ੍ਰੰਤੂ ਪੰਥ-ਦਰਦੀ ਅਤੇ ਪੰਜਾਬ-ਪ੍ਰਸਤ, ਭਗਵਾਂ-ਬ੍ਰਿਗੇਡ ਦੇ ਇਸ ਮਨਸੂਬੇ ਨੂੰ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਣਗੇ। ਪੰਜਾਬ 'ਚੋਂ ਪੰਜਾਬੀ ਦੇ ਖ਼ਾਤਮੇ ਲਈ ਭਗਵਾਂ ਬ੍ਰਿਗੇਡ ਨੇ ਜਿਸ ਮੁਹਿੰਮ ਨੂੰ ਤੇਜ਼ ਕੀਤਾ ਹੋਇਆ ਹੈ, ਸਮੁੱਚੇ ਪੰਜਾਬ ਦਰਦੀਆਂ ਨੂੰ ਇਸ ਦਾ ਡੱਟਵਾਂ ਵਿਰੋਧ ਅਤੇ ਭਾਜਪਾ ਦੇ ਮਨਸੂਬੇ ਨੂੰ ਨੰਗਾ ਕਰਨ ਅਤੇ ਪੰਜਾਬੀ ਮਾਂ-ਬੋਲੀ ਨੂੰ ਪੂਰਨ ਸਤਿਕਾਰ ਦੇਣ ਦੀ ਜਵਾਬੀ ਮੁਹਿੰਮ ਵਿੱਢਣੀ ਚਾਹੀਦੀ ਹੈ।
ਜਸਪਾਲ ਸਿੰਘ ਹੇਰਾਂ