ਬਲਵਿੰਦਰ ਸਿੰਘ ਬਾਈਸਨ
ਪੰਜਾਬੀ ਮੀਡਿਆ ! (ਨਿੱਕੀ ਕਹਾਣੀ)
Page Visitors: 2814
ਪੰਜਾਬੀ ਮੀਡਿਆ ! (ਨਿੱਕੀ ਕਹਾਣੀ) ਲਾਹਨਤ ਹੈ ! (ਪੰਜਾਬੀ ਅਖਬਾਰ ਨੂੰ ਇੱਕ ਪਾਸੇ ਸੁੱਟਦੇ ਹੋਏ ਹਰਬੀਰ ਸਿੰਘ ਔਖਾ ਜਿਹਾ ਹੋ ਕੇ ਬੋਲਿਆ) ਕੀ ਗੱਲ ਹੋ ਗਈ ਵੀਰ ? ਇਤਨਾ ਔਖਾ ? (ਗੁਰਮੀਤ ਸਿੰਘ ਨੇ ਪੁਛਿਆ) ਹਰਬੀਰ ਸਿੰਘ : ਦਿਲ ਪਤੀਜਦਾ ਹੀ ਨਹੀਂ ਕਿਸੀ ਖਬਰ ਤੇ ! ਖਬਰਾਂ ਵਿੱਚ ਕੋਈ ਨਵਾਂਪਨ ਨਹੀ ਹੈ ! ਲਗਦਾ ਹੈ ਜਿਵੇਂ ਮਸ਼ਹੂਰੀਆਂ (ਇਸ਼ਤਿਹਾਰ) ਲੈਣ ਲਈ ਹੀ ਇਹ ਖਬਰਾਂ ਲਗਾਉਂਦੇ ਹਨ ! ਖਬਰਾਂ ਪੜ੍ਹ ਕੇ ਭਾਸਦਾ ਹੈ ਕਿ ਜਿਵੇਂ ਪ੍ਰੈਸ ਨੋਟ ਆਉਂਦਾ ਹੈ ਉਸ ਨੂੰ ਇੰਨ-ਬਿੰਨ ਛਾਪ ਕੇ ਆਪਣੀ ਜਿੰਮੇਦਾਰੀ ਪੂਰੀ ਹੋ ਗਈ ਸਮਝ ਲਈ ਜਾਂਦੀ ਹੈ ! ਸ਼ਾਇਦ ਇਸ਼ਤਿਹਾਰਾਂ ਅੱਤੇ ਵਧਾਈ ਸੰਦੇਸ਼ ਦਾ ਮੋਟਾ ਗੱਫਾ ਦੇਣ ਵਾਲੇ ਇਹੀ ਚਾਹੁੰਦੇ ਹਨ ਕੀ "ਅੱਖ ਬੰਦ ਰੱਖੋ ਤੇ ਸਾਡਾ ਪੱਖ ਪੂਰੋ" ! ਗੁਰਮੀਤ ਸਿੰਘ (ਹਸਦਾ ਹੋਇਆ) : "ਰੋਟੀ ਖਾਓ ਤੇ ਤੋਹਫ਼ਾ ਪਾਓ ਵਾਲੀ ਪਤਰਕਾਰਿਤਾ" ਹਾਵੀ ਹੈ ਤੇ ਜੋ ਵਾਕਈ ਹੀ ਚੰਗੇ ਪੱਤਰਕਾਰ ਹਨ ਓਹ ਵੀ ਇਸ ਡਿਗਦੇ ਮਿਆਰ ਤੋ ਖਾਸੇ ਪਰੇਸ਼ਾਨ ਹਨ. ਬਹੁਤ ਸਾਰੇ ਪੱਤਰਕਾਰ ਅੱਜ "ਚੀਨੇ ਸੁਭਾ" ਦੇ ਹੋ ਗਏ ਹਨ ਜੋ ਅੱਖੀਂ ਵੇਖ ਕੇ ਮੱਖੀ ਨਿਗਲ ਜਾਉਂਦੇ ਹਨ ਤੇ ਸ਼ਾਇਦ ਛਿਪਕਲੀ ਵੀ ! ਹਰਬੀਰ ਸਿੰਘ : ਮੁਕਦੀ ਗੱਲ, ਜੇਕਰ ਪੰਜਾਬੀ ਮੀਡਿਆ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਵੇ ਤਾਂ ਪੰਜਾਬ ਅੱਤੇ ਸਿੱਖ ਸਿਆਸਤ ਵਿੱਚ ਇੱਕ ਵੱਡਾ ਬਦਲਾਓ ਆ ਸਕਦਾ ਹੈ ! ਪੰਜਾਬੀ ਟੀ.ਵੀ. ਮੀਡਿਆ ਅੱਤੇ ਅਖਬਾਰਾਂ ਵਿੱਚ ਖੋਜੀ ਪਤਰਕਾਰਿਤਾ ਦੀ ਬਹੁਤ ਘਾਟ ਮਹਸੂਸ ਹੁੰਦੀ ਹੈ! ਜੇਕਰ ਇਹ ਕਮੀ ਦੂਰ ਨਹੀ ਕੀਤੀ ਗਈ ਤਾਂ ਸ਼ਾਇਦ ਹਜ਼ਾਰਾਂ ਤੋ ਘੱਟ ਕੇ ਇਨ੍ਹਾਂ ਦੇ ਪ੍ਰਸਾਰ ਦੀ ਗਿਣਤੀ ਸੈਕੜਿਆਂ ਤਕ ਆਉਂਦੇਆਂ ਸਮਾਂ ਨਹੀ ਲੱਗੇਗਾ ! ਗੁਰਮੀਤ ਸਿੰਘ (ਰੋਹ ਵਿੱਚ) : ਬਹੁਤ ਲੋਕੀ ਤੇ ਸ਼ਾਇਦ ਪੰਜਾਬੀ ਅਖਬਾਰ ਜਾਂ ਟੀ.ਵੀ. ਚੈਨਲ ਸਿਰਫ ਇਸ ਕਰਕੇ ਹੀ ਪੜ੍ਹਦੇ-ਸੁਣਦੇ ਹਨ ਤਾਂਕਿ ਪੰਜਾਬੀ ਪੜਨ-ਸਮਝਣ ਦੀ ਆਦਤ ਬਣੀ ਰਹੇ ਵਰਨਾ ਪੰਜਾਬੀ ਮੀਡਿਆ ਆਪਣਾ ਉਸਾਰੂ ਪੱਖ ਗੁਆ ਚੁੱਕਾ ਪ੍ਰਤੀਤ ਹੁੰਦਾ ਹੈ ! ਹਰਬੀਰ ਸਿੰਘ : ਇਤਨਾ ਵੀ ਦਿਲ ਨਾ ਥੋੜਾ ਕਰੋ, ਬਸ ਤੋਲਣ ਵੇਲੇ ਬਰਾਬਰ ਤੋਲਣ ਦੀ ਲੋੜ ਹੈ ! ਇਨ੍ਹਾਂ ਦੇ ਇੱਕ ਵਾਰ ਦਿਲ ਤਕੜਾ ਕਰਨ ਦੀ ਦੇਰੀ ਹੈ, ਫਿਰ ਤੋ ਸ਼ੇਰ ਵਾਂਗੂ ਗੱਜਦਾ ਮੀਡਿਆ ਨਜਰੀ ਨਜਰੀ ਆਉਣਾ ਸ਼ੁਰੂ ਹੋ ਜਾਵੇਗਾ ਤੇ ਸਿਆਸੀਆਂ ਨੂੰ ਭਾਜੜਾਂ ਪੈ ਜਾਣਗੀਆਂ ! ( ਆਮੀਨ ! ਕਹਿੰਦੇ ਹੋਏ ਗੁਰਮੀਤ ਸਿੰਘ ਵਿਦਾ ਲੈਂਦਾ ਹੈ) - ਬਲਵਿੰਦਰ ਸਿੰਘ ਬਾਈਸਨ http://nikkikahani.com/