“ ਰਹਰਾਸਿ ” ਕਿ “ ਸੋ ਦਰ ” ?
ਸਿੱਖਾਂ ਦੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ "ਰਹਰਾਸਿ" ਸਿਰਲੇਖ ਹੇਠ ਕੋਈ ਬਾਣੀ ਅੰਕਿਤ ਨਹੀ ਹੇ। ਗੁਰੂ ਗ੍ਰੰਥ ਸਾਹਿਬ ਵਿਚ "ਸੋ ਦਰੁ" ਦੀ ਅੰਮ੍ਰਿਤ ਬਾਣੀ ਦਰਜ ਹੈ । ਗੁਟਕੇ ਛਾਪਣ ਵਾਲਿਆਂ ਨੇ "ਸੋ ਦਰੁ" ਸਾਹਿਬ ਜੀ ਦੀ ਇਸ ਪਵਿਤ੍ਰ ਬਾਣੀ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ "ਦੇਵੀ ਉਸਤਤਿ" ਨੂੰ ਰੱਲ ਗੱਡ ਕਰਕੇ ਇਸ ਨੂੰ "ਰਹਰਾਸਿ ਸਾਹਿਬ" ਦਾ ਨਾਮ ਦੇ ਦਿਤਾ ਹੇ। ਇੱਸੇ ਤਰ੍ਹਾਂ "ਸੰਕਟ ਮੋਚਨ" , "ਦੁਖਭੰਜਨੀ ਸਾਹਿਬ" , "ਸ਼੍ਰਧਾਂ ਪੂਰਣ " ਆਦਿਕ ਅਨੇਕਾਂ ਸਿਰਲੇਖਾਂ ਦੇ ਹੇਠ ਗੁਰਬਾਣੀ ਦੇ ਗੁਟਕੇ ਛਪ ਰਹੇ ਹਨ। ਇਹੋ ਜਹੇ ਸਿਰਲੇਖ ਗੁਰਮਤਿ ਦੇ ਉਲਟ ਹਨ । ਗੁਰਬਾਣੀ ਦੇ ਕਿਸੇ ਵੀ ਸੰਗ੍ਰਿਹ ਨੂੰ ਕਿਸੇ ਮਨਮੱਤੀ ਸਿਰਲੇਖ ਨਾਲ ਜੋੜ ਦੇਣਾਂ ਗੁਰਮਤਿ ਦਾ ਉਲੰਘਣ ਅਤੇ ਮਨਮਤਿ ਹੀ ਨਹੀ , ਬਲਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਘੋਰ ਅਪਮਾਨ ਵੀ ਹੈ। ਇਸ ਵਿੱਚ ਰੱਲ ਗੱਡ ਕੀਤੀ ਗਈ ਕੱਚੀ ਬਾਣੀ 'ਤੇ ਵੀ "ਪਾਤਸ਼ਾਹੀ 10" ਦੀ "ਨਕਲੀ ਮੁਹਰ" ਲੱਗਾ ਦਿੱਤੀ ਗਈ ਹੇ।
ਹਾਂ ! ਇਸ ਨੂੰ ਮੈ "ਨਕਲੀ ਮੁਹਰ" ਇਸ ਲਈ ਕਹਿ ਰਿਹਾ ਹਾਂ ਕਿਉਕਿ ਅਖੋਤੀ ਦਸਮ ਗ੍ਰੰਥ ਵਿੱਚ ਇਸ ਰਚਨਾਂ ਦੇ ਮੂਲ ਸ੍ਰੋਤ ਉਪਰ "ਪਾਤਸ਼ਾਹੀ 10" ਨਹੀ ਲੀਖਿਆ ਹੋਇਆ ਹੈ । "ਰਹਰਾਸਿ" ਵਿਚ ਇਸ ਕੱਚੀ ਰਚਨਾਂ ਦੀਆ ਪੌੜ੍ਹੀਆਂ ਦੇ ਨੰਬਰ ਵੀ ਗੁਟਕਿਆ ਵਿੱਚ ਬਦਲ ਦਿਤੇ ਗਏ ਹਨ, ਜੋ ਅਖੋਤੀ ਦਸਮ ਗ੍ਰੰਥ ਵਿਚ ਲਿਖੇ ਨੰਬਰਾਂ ਨਾਲ ਮੇਲ ਨਹੀ ਖਾਂਦੇ । ਖਾਲਸਾ ਜੀ ਸਾਵਧਾਨ ! ਅਸੀ ਕੀ ਪੜ੍ਹ ਰਹੇ ਹਾਂ , ਸਾਨੂੰ ਇਹ ਵੀ ਪਤਾ ਨਹੀ ! ਭਲਿਉ ! ਜੋ ਪੜ੍ਹ ਰਹੇ ਹੋ, ਘਟੋ ਘਟ ਉਸ ਦੇ ਸ਼੍ਰੋਤ ਅਤੇ ਅਰਥਾਂ ਦਾ ਪਤਾ ਹੋਣਾਂ ਤਾਂ ਜਰੂਰੀ ਹੇ ? 1930 ਤੋਂ ਪਹਿਲਾਂ , ਸਿੱਖ "ਰਹਰਾਸਿ " ਨਹੀ "ਸੋ ਦਰੁ" ਦੀ ਨਿਰੋਲ ਅੰਮ੍ਰਿਤ ਬਾਣੀ ਅਪਣੇ ਨਿਤਨੇਮ ਵਿਚ ਪੜ੍ਹਿਆ ਕਰਦੇ ਸਨ ।
ਕਹਿਆ ਜਾਂਦਾ ਹੈ ਕਿ ਭਾਰਤ ਵਿਚ ਗੁਟਕੇ ਅਤੇ ਹੋਰ ਗੁਰਬਾਣੀ ਦੀਆਂ ਪੋਥੀਆਂ ਛਾਪਣ ਅਤੇ ਵੇਚਨ ਦਾ , ਲਗਭਗ 85 ਕਰੋੜ ਰੁਪਏ ਦਾ ਵਾਪਾਰ ਹਰ ਵਰ੍ਹੇ ਹੂੰਦਾ ਹੈ । ਇਹ ਆਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ। ਸਿੱਖੀ ਅਤੇ ਗੁਰਮਤਿ ਦਾ ਜਿਨ੍ਹਾਂ ਨੁਕਸਾਨ ਪੰਥ ਵਿਰੋਧੀ ਤਾਕਤਾਂ ਨੇ ਕੀਤਾ ਹੈ , ਉਸ ਤੋਂ ਕਿਤੇ ਵਧ ਨੁਕਸਾਨ ਗੁਰਬਾਣੀ ਦੇ ਇਹੋ ਜਹੇ ਗੁਟਕੇ ਅਤੇ ਪੋਥੀਆਂ ਛਾਪਣ ਅਤੇ ਵੇਚਨ ਵਾਲਿਆਂ ਨੇ ਕੀਤਾ ਹੈ।ਗਲ ਗੁਰਬਾਣੀ ਦੇ ਗੁਟਕੇ ਵੇਚਣ ਤਕ ਹੀ ਸੀਮਿਤ ਹੂੰਦੀ ਤਾਂ ਭੀ ਕੋਈ ਗਲ ਨਹੀ ਸੀ । ਇਨ੍ਹਾਂ ਪਬਲੀਸ਼ਰਾਂ ਨੇ ਗੁਰਮਤਿ ਅਤੇ ਗੁਰਬਾਣੀ ਦਾ ਖੁਲ੍ਹਾਂ ਅਪਮਾਨ ਤਾਂ ਕੀਤਾ ਹੀ ਕੀਤਾ, ਨਾਲ ਹੀ ਸਿੱਖਾਂ ਨੂੰ ਅੰਧਵਿਸ਼ਵਾਸ਼ ਦੇ ਖਾਰੇ ਸਮੂੰਦਰ ਵਿਚ ਡੋਬਣ ਦਾ ਵੀ ਕਮ ਕਿਤਾ ਹੈ।
ਦਾਸ ਨੂੰ ਇਕ ਗੁਟਕਾ ਐਸਾ ਮਿਲਿਆ, ਜਿਸ ਉਪਰ ਇਹ ਸਿਰਲੇਖ ਅੰਕਿਤ ਹੈ , "ਮੂਲ ਮੰਤਰ ਦੁਵਾਰਾ ਭੂਤਾਂ ਦਾ ਇਲਾਜ " ਇਸ ਗੁਟਕੇ ਦੀ ਫੋਟੋ ਇਸ ਲੇਖ ਨਾਲ ਭੇਜ ਰਿਹਾ ਹਾਂ।"ਦੁਖਭੰਜਨੀ ਸਾਹਿਬ" ਅਤੇ "ਸੰਕਟ ਮੋਚਨ" ਸਿਰਲੇਖ ਦੇ ਗੁਟਕਿਆ ਨੂੰ ਖੋਲ ਕੇ ਪੜ੍ਹਨ ਤੇ ਪੈਰਾਂ ਥਲਿਉ ਜਮੀਨ ਨਿਕਲ ਜਾਂਦੀ ਹੈ। ਇਨ੍ਹਾਂ ਗੁਟਕਿਆਂ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਫਲਾਂ ਸ਼ਬਦ 40 ਦਿਨ ਪੜ੍ਹਨ ਨਾਲ ਤਪੈਦਿਕ ਰੋਗ ਦੂਰ ਹੂੰਦਾ ਹੈ ।ਫਲਾਂ ਸ਼ਬਦ ਪੜ੍ਹਨ ਨਾਲ ਮੁਕਦਮਿਆ ਵਿੱਚ ਜਿੱਤ ਦੀ ਪ੍ਰਾਪਤੀ ਹੂੰਦੀ ਹੈ।ਫਲਾਂ ਸ਼ਬਦ ਪੜ੍ਹਨ ਨਾਲ ਪੁਤਰ ਦੀ ਦਾਤ ਪਾ੍ਪਤ ਹੂੰਦੀ ਹੈ । ਇਹੋ ਜਹੀਆਂ ਮਨਘੜੰਤ ਅਤੇ ਗੁਰਮਤਿ ਦਾ ਘਾਂਣ ਕਰਨ ਵਾਲੀਆਂ ਗੱਲਾਂ ਹੇਠ ਗੁਰਬਾਣੀ ਦੀਆਂ ਪਵਿਤੱਰ ਪੰਗਤੀਆਂ ਲਿਖੀਆਂ ਹੋਈਆਂ ਹਨ।
ਬੜੀ ਹੈਰਾਨਗੀ ਦੀ ਗਲ ਤਾਂ ਇਹ ਹੈ ਕਿ ਇਂਨ੍ਹਾਂ ਗੁਟਕਿਆਂ ਨੂੰ ਛਾਪਣ ਵਾਲੇ ਬਹੁਤੇ ਪਬਲੀਸ਼ਰ ਸ਼੍ਰੀ ਦਰਬਾਰ ਸਾਹਿਬ ਕਾਂਮਪਲੇਕਸ ਅਤੇ ਅੰਮ੍ਰਿਤਸਰ ਵਿੱਚ ਹੀ ਇਨ੍ਹਾਂ ਮਨ ਘੜੰਤ ਗੁਟਕਿਆਂ ਦਾ ਵਾਪਾਰ ਕਰ ਰਹੇ ਹਨ। ਜੋ ਅਕਾਲ ਤਖਤ ਅਤੇ ਸ਼੍ਰੌਮਣੀ ਕਮੇਟੀ ਦੇ ਆਲੇ ਦੁਆਲੇ ਹੀ ਇਹ ਗੁਟਕੇ ਛਾਪ ਛਾਪ ਕੇ ਵੇਚ ਰਹੇ ਹਨ । ਲੇਕਿਨ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜੱਥੇਦਾਰ ਇਹ ਸਭ ਵੇਖ ਕੇ ਵੀ ਅਨਜਾਨ ਬਣੇ ਹੋਏ ਹਨ।ੳਨ੍ਹਾਂ ਨੂੰ ਗੁਰਮਤਿ ਅਤੇ ਗੁਰਬਾਣੀ ਦਾ ਇਹ ਅਪਮਾਨ ਹੂੰਦਾ ਨਜਰ ਨਹੀ ਆਂਉਦਾ ? ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਉਪਰ ਕੀ ਐਕਸ਼ਨ ਲੈਣਾਂ ਹੈ ? ਸ਼੍ਰੋਮਣੀ ਕਮੇਟੀ ਤਾਂ ਆਪ ਇਹੋ ਜਹੇ ਗੁਟਕੇ ਛਾਪ ਰਹੀ ਹੈ ਜਿਸ ਵਿੱਚ "ਸੋ ਦਰੁ" ਦੀ ਬਾਣੀ ਉਪਰ "ਰਹਰਾਸਿ" ਸਿਰਲੇਖ ਹੈ ਅਤੇ ਉਸ ਵਿੱਚ ਚੌਪਈ ਦੀਆਂ ਪੌੜ੍ਹੀਆਂ ਦੇ ਨੰਬਰ ਉਸ ਦੇ ਮੂਲ ਸ੍ਰੋਤ ਨਾਲੋਂ ਵੱਖ ਹਨ। ਇਸ ਬਾਣੀ ਦੇ ਉਪਰ ਆਪਹੁਦਰੇ ਤੌਰ ਤੇ "ਪਾਤਸ਼ਾਹਜੀ 10" ਦੀ ਮੁਹਰ ਲਾ ਦਿਤੀ ਗਈ ਹੈ, ਜੋ ਅਖੌਤੀ ਦਸਮ ਗ੍ਰੰਥ ਦੇ ਮੂਲ ਸ਼੍ਰੋਤ ਵਿੱਚ ਹੈ ਹੀ ਨਹੀ। ਚੌਪਈ ਦੀਆਂ ਤਿਨ ਪਉੜ੍ਹੀਆਂ ਸ਼੍ਰੀ ਅਸਿਧੁਜ ਜਬ ਭਏ ਦਯਾਲਾ ......ਤੋਂ ਲੈਕੇ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 403,404, ਅਤੇ 405 ਚੁਪਚਾਪ ਹਟਾ ਦਿਤੀਆਂ ਗਈਆਂ ਨੇ। ਸ਼੍ਰੋਮਣੀ ਕਮੇਟੀ ਦੀ ਇਹ ਆਪਹੁਦਰੀ ਕਰਤੂਤ ਹੈ , ਕਿ ਜੋ ਚਾਹੇ ਛਾਪੇ ਤੇ ਜੋ ਚਾਹੇ ਹਟਾ ਦੇਵੇ । ਮੂਲ ਸ੍ਰੋਤ ਅਨੁਸਾਰ ਨਹੀ, ਉਹ ਤਾਂ ਅਪਣੇ ਢੰਗ ਨਾਲ ਸਿੱਖਾਂ ਨੂੰ ਜੋ ਪੜ੍ਹਵਾਨਾਂ ਚਾਂਉਦੀ ਹੈ ਉਹ ਪੜ੍ਹਵਾ ਰਹੀ ਹੈ ਅਤੇ ਜੋ ਪੜ੍ਹਵਾਉਣਾਂ ਨਹੀ ਚਾਂਉਦੀ ਉਹ ਗੁਟਕਿਆਂ ਵਿਚੋਂ ਹਟਾ ਦਿੰਦੀ ਹੈ। ਇਹੋ ਜਹੇ ਗਲਤ ਗੁਟਕੇ ਸ਼੍ਰੋਮਣੀਕਮੇਟੀ ਆਪ ਛਾਪ ਛਾਪ ਕੇ ਵੰਡ ਰਹੀ ਹੈ। ਉਹ ਦੂਜਿਆਂ ਨੂੰ ਇਸ ਤੋਂ ਕਿਵੇਂ ਰੋਕ ਸਕਦੀ ਹੈ ?
ਖਾਲਸਾ ਜੀ ! ਜੇੜ੍ਹੀ ਕੂਰੀਤੀ ਅਤੇ ਗੁਰਮਤਿ ਦੇ ਉਲਟ ਗਲ ਬਹੁਤ ਵਰ੍ਹਿਆਂ ਤਕ ਜਾਰੀ ਰਹਿੰਦੀ ਹੈ ਅਤੇ ਉਸਦਾ ਵਿਰੋਧ ਨਹੀ ਕੀਤਾ ਜਾਂਦਾ, ਉਸਨੂੰ "ਪੁਰਾਤਨ ਪਰੰਪਰਾ" ਕਹਿ ਕੇ ਸਾਡੇ ਤੇ ਥੋਪ ਦਿਤਾ ਜਾਂਦਾ ਹੈ।ਨਾਲ ਹੀ ਇਹ ਦੋਸ਼ ਲਾਇਆਂ ਜਾਂਦਾ ਹੈ ਕਿ, "ਇਨ੍ਹੇ ਵਰ੍ਹੇ ਤੁਸੀ ਸੁੱਤੇ ਰਹੇ,ਤਹਾਨੂੰ ਇਹ ਸਭਹੁਣ ਅਚਾਨਕ ਯਾਦ ਆ ਗਇਆ ?" ਆਦਿਕ । ਸਾਡੇ ਅਖੌਤੀ ਆਗੂਆਂ ਨੂੰ ਇਹ ਬਹਾਨਾਂ ਮਿਲ ਜਾਂਦਾ ਹੈ ਕਿ ਇਹ ਪਰੰਪਰਾ ਤਾਂ ਕਈ ਦਹਾਕਿਆ ਜਾਂ ਸਦੀਆਂ ਤੋਂ ਚਲੀ ਆ ਰਹੀ ਹੈ, ਕਿਸੇ ਸਿੱਖ ਨੂੰ ਇਸਤੇ ਕਿੰਤੂ ਨਹੀ ਕਰਨਾਂ ਚਾਹੀਦਾ। ਵੀਰੋ ! ਇਸ ਕੂਰੀਤੀ ਨੂੰ ਬਹੁਤਾ ਪੁਰਾਨਾਂ ਨਾਂ ਹੋਣ ਦਿਉ , ਨਹੀ ਤਾਂ ਗੁਰਬਾਣੀਉਪਰ ਲਿੱਖੇ ਗਏ ਇਹ ਮਨਮਤੀ ਸਿਰਲੇਖ "ਪੁਰਾਤਨ ਪਰੰਪਰਾ" ਬਣਾਂ ਕੇ ਸਾਡੇ ਮਥੇ ਤੇ, ਹਮੇਸ਼ਾਂ ਲਈ ਮੜ੍ਹ ਦਿਤੇ ਜਾਂਣਗੇ ।ਸੋ ਦਰੁ ਦੀ ਪਵਿਤੱਰ ਬਾਣੀ ਵਿੱਚ ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਨੂੰ ਰੱਲ ਗਡ ਕਰ ਦੇਣਾਂ ਇਸ ਗਲ ਦਾ ਪ੍ਰਮਾਣ ਹੈ, ਜਿਸਨੂੰ ਚਾਹ ਕੇ ਵੀ ਹੁਣ ਤੁਸੀ ਵੱਖ ਨਹੀ ਕਰ ਸਕਦੇ। ਮਨਮੱਤੀ ਸਿਰਲੇਖਾਂ ਵਾਲੇ ਗੁਟਕੇ ਛਾਪਣ ਵਾਲੇ ਪਬਲੀਸ਼ਰਾ ਨੂੰ ਨੱਥ ਪਾਉਣ ਲਈ ਕੌਮ ਦੇ ਵਿਦਵਾਨਾਂ ਅਤੇ ਸੁਚੇਤ ਸਿੱਖਾਂ ਨੂੰ ਆਪਸੀ ਮਤਭੇਦ ਭੁਲਾ ਕੇ ਅਗੇ ਆਉਣਾਂ ਚਾਹੀਦਾ ਹੇ । ਸ਼੍ਰੋਮਣੀ ਕਮੇਟੀ ਤੋਂ, ਕਿਸੇ ਵੀ ਕਿਸਮ ਦੀ ਆਸ ਕਰਨੀ ਬੇਮਾਨੀ ਹੋਵੇਗੀ। ਉਹ ਆਪ ਇਸ ਗੈਰ ਸਿਧਾਂਤਕ ਕਮ ਵਿਚ ਬਰਾਬਰ ਦੀ ਕਸੂਰਵਾਰ ਹੈ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
“ ਰਹਰਾਸਿ ” ਕਿ “ ਸੋ ਦਰ ” ?
Page Visitors: 2887