ਕੇਸਰ ਸਿੰਘ ਛਿਬੜ ਦੀ ਰਚਨਾ ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦੀ ਪੜਚੋਲ
ਬਿਚਿਤਰ ਨਾਟਕ ਦਾ ਮੁੱਖ ਪ੍ਰਯੋਜਨ ਸਿੱਖ ਤਵਾਰੀਖ਼ ਅਤੇ ਫਲਸਫੇ ਤੇ ਇਕ ਮਾਰੂ ਹਮਲਾ ਕਰਨਾ ਹੈ ਪਰ ਇਸ ਹਮਲੇ ਨੂੰ ਪਕੇ ਪੈਰ ਕਰਨ ਵਾਸਤੇ ਇਸ ਬਿਚਿਤਰ ਨਾਟਕ ਦੀ ਇਤਿਹਾਸਿਕ ਪ੍ਰਮਾਣਿਕਤਾ ਨੂੰ ਸਾਬਿਤ ਕਰਨਾ ਜਰੁਰੀ ਸੀ, ਇਸ ਜਾਲਸਾਜ਼ੀ ਨੂੰ ਗੁੰਝਲਦਾਰ ਬਣਾਉਣ ਵਾਸਤੇ ਇਸ ਬਿਚਿਤਰ ਨਾਟਕ ਟੋਲੇ ਨੇ ਕਈਂ ਜਾਲਸਾਜੀਆਂ ਵੀ ਕੀਤੀਆਂ ਜਿਵੇਂ ਕੋਇਰ ਸਿੰਘ ਕਲਾਲ ਦਾ ਗੁਰਬਿਲਾਸ 19ਵੀਂ ਸਦੀ ਵਿੱਚ ਲਿਖੀਆ ਪਰ ਤਾਰੀਖ 1751 ਇ. ਦੀ ਪਾ ਦਿੱਤੀ ਤਾਕਿ ਇਸ ਬਿਚਿਤਰ ਨਾਟਕ ਦੀ ਗਵਾਹੀ ਦੇਣ ਵਾਲੀ ਲਿਖਤਾਂ ਦੀ ਗਿਣਤੀ ਵੱਧ ਜਾਵੇ ਅਤੇ ਇਸ ਬਿਚਿਤਰ ਨਾਟਕ ਨੂੰ ਹਰ ਪੱਖੋਂ ਭਾਈ ਮਨੀ ਸਿੰਘ ਨਾਲ ਜੋੜ੍ਹੀਆਂ ਜਾ ਸਕੇ। ਕੋਇਰ ਸਿੰਘ ਦੀ ਰਚਣਾ ਦੀ ਪੜਚੋਲ ਅਤੇ ਉਸ ਦੇ 19ਵੀਂ ਸਦੀ ਦੀ ਲਿਖਤ ਸਾਬਿਤ ਹੋਣ ਦੇ ਬਾਦ ਇਸ ਵਿਚਿਤਰ ਨਾਟਕ ਦੇ ਪਹਿਲੇ ਗਵਾਹ ਅਤੇ ਉਸ ਦੀ ਰਚਣਾ ਸਾਡੇ ਸਾਮ੍ਹਣੇ ਆ ਜਾਦੀਂ ਹੈ, ਗਵਾਹ ਹੈ ਕੇਸਰ ਸਿੰਘ ਛਿਬੜ ਅਤੇ ਉਸ ਦੀ ਰਚਨਾ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਜਿਸ ਦੀ ਸੰਪਾਦਨਾ ਬਿਚਿਤਰੀ ਟੋਲੇ ਦੇ ਮਹਾਰਥੀ ਪਿਆਰਾ ਸਿੰਘ ਪਦਮ ਨੇ ਕੀਤੀ ਹੈ।ਕੇਸਰ ਸਿੰਘ ਛਿਬੜ ਦੀ ਇਸ ਰਚਨਾ ਦਾ ਮੁੱਖ ਮਕਸਦ ਬਚਿਤਰ ਨਾਟਕ ਦੀ ਗਵਾਹੀ ਅਤੇ ਬਚਿਤਰ ਨਾਟਕ ਦੀ ਯਬਲਿਆਂ ਦੀ ਸਫਾਈ ਦੇਣਾ ਹੈ। ਇਸ ਲਿਖਤ ਨੂੰ ਪੜ੍ਹੀਆਂ ਤਾਂ ਬੜੀ ਹੈਰਾਨੀ ਹੋਈ, ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲੇ ਇਸ ਲਿਖਾਰੀ ਨੂੰ “ਭਾਈ” ਕਹਿ ਕੇ ਬੁਲਾਇਆ ਜਾਂਦਾ ਹੈ। ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਇਕ ਨਮੂਨਾ ਇਸ ਰਚਨਾ ਦੇ ਦਸਵੇਂ ਚਰਨ ਵਿੱਚ ਮਿਲਦਾ ਹੈ ਜਦ ਕੇਸਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬ੍ਰਾਹਮਨ ਦੇ ਪੈਰ ਧੋ ਕੇ ਉਸ ਪਾਣੀ ਨੂੰ ਪੀਣ ਦੀ ਗੱਲ ਲਿਖਦਾ ਹੈ ਅਤੇ ਇਸ ਬੰਸਾਵਲੀਨਾਮਾ ਦੇ ਸੰਪਾਦਕ ਪਿਆਰਾ ਸਿੰਘ ਪਦਮ ਨੇ ਇਕ ਟਿੱਪਣੀ ਵੀ ਕਰਨੀ ਠੀਕ ਨਹੀ ਸਮਝੀ, ਖੈਰ ਸਬ ਨੂੰ ਪਤਾ ਹੈ ਪਿਆਰਾ ਸਿੰਘ ਪਦਮ ਦਾ, ਉਨ੍ਹਾਂ ਨੇ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਦੀ ਪੁਰੀ ਕੋਸ਼ਿਸ਼ ਕੀਤੀ।
ਬੰਸਾਵਲੀਨਾਮਾ ਵਿੱਚ ਗੁਰੂ ਸਾਹਿਬਾਨ ਨੂੰ ਹਿੰਦੂ ਕਰਮਕਾਂਡਾ ਕਰਦੇ ਵਿਖਾਇਆ ਹੈ, ਗੁਰੂ ਸਾਹਿਬਾਨ ਦੇ ਅਕਾਲ ਚਲਾਣਾ ਕਰਨ ਦੇ ਬਾਦ “ਫੂਲ” ਹਰਿਦਵਾਰ ਗੰਗਾ ਵਿੱਚ ਪ੍ਰਵਾਹਿਤ ਕਰਨਾ ਅਤੇ ਜਨਮ ਪਤ੍ਰੀਆਂ ਬਣਵਾਉਣਾ ਤੇ ਆਮ ਗੱਲ ਸਾਬਿਤ ਕੀਤੀ ਇਸ ਰਚਣਾ ਨੇ। ਇਹ ਰਚਨਾ ਸਿੱਖ ਤਵਾਰੀਖ਼ ਅਤੇ ਸਿੱਖ ਫਲਸਫੇ ਨੂੰ ਇਨ੍ਹਾਂ ਵਿਗਾੜਦੀ ਹੈ ਕਿ ਸਿੱਖ ਹਿੰਦੂ ਧਰਮ ਦਾ ਅੰਗ ਲਗੇ, ਇਸ ਲਿਖਤ ਮੁਤਾਬਿਕ ਮਾਤਾ ਜੀਤ ਕੌਰ ਦੇ ਅਕਾਲ ਚਲਾਣਾ ਕਰਨ ਦੇ ਬਾਦ ਸਿਰਫ ਭੱਦਣ ਭਾਵ ਮੂਡੰਨ ਨਹੀ ਕੀਤਾ ਬਾਕੀ ਸਾਰੇ ਹਿੰਦੂ ਸ਼ਾਸਤ੍ਰਾਂ ਅਨੁਸਾਰ ਸਾਰੇ ਕਰਮ ਕਾਂਡ ਕੀਤੇ ਗਏ।
ਇਹ ਕੇਸਰ ਸਿੰਘ ਤਾਂ ਇਨ੍ਹੀਂ ਹਦ ਟੱਪ ਗਿਆ ਕਿ ਉਹ ਇਥੇ ਤਕ ਲਿਖ ਗਿਆ ਕਿ ਗੁਰੂ ਤੇਗ ਬਹਾਦੁਰ ਸਾਹਿਬ ਤੁਰਕਾਂ ਕੋਲੋਂ ਡਰਦੇ ਲੁਕਦੇ ਫਿਰ ਰਹੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਬੀਮਾਰੀ ਦੀ ਵਜਹ ਨਾਲ ਨਹੀ ਤੁਰਕਾਂ ਦੇ ਡਰ ਨਾਲ ਜੋਤੀ-ਜੋਤ ਸਮਾ ਗਏ। ਕਮਾਲ ਦਾ ‘ਭਾਈ’ ਹੈ ਕੇਸਰ ਸਿੰਘ ਛਿਬੜ ਬਿਚਿਤਰੀ ਟੋਲੇ ਦਾ, ਜਿਸ ਦੀ ਮੰਨ ਲੇਣੇ ਹਾਂ ਤਾਂ ਗੁਰੂ ਗੋਬਿਂਦ ਸਿੰਘ ਸਾਹਿਬ ਨੇ ਤੁਰਕਾਂ ਨਾਲ ਲੜਾਈ ਅਪਣੇ “ਗਲ” ਤੂੰ ਲਾ ਕੇ ਬਾਬਾ ਬੰਦਾ ਸਿੰਘ ਬਹਾਦੁਰ “ਗਲ” ਵਿੱਚ ਪਾ ਦਿੱਤੀ।
ਸਾਡਾ ਮੁੱਖ ਮਕਸਦ ਉਨ੍ਹਾਂ ਤੱਥਾਂ ਦੀ ਪੜਚੌਲ ਕਰਨਾ ਹੈ ਜੋ ਸਾਬਿਤ ਕਰ ਸਕਣ ਕਿ ਇਹ ਲਿਖਤ ਬਿਚਿਤਰ ਨਾਟਕ ਦੀ ਗਵਾਹੀ ਦੇਣ ਵਾਸਤੇ ਲਿਖੀ ਗਈ ਹੈ।
ਤਵਾਰੀਖ਼ ਨੂੰ ਵਿਗਾੜਨ ਦੀ ਸਬ ਤੂੰ ਪਹਲੀ ਕੋਸ਼ਿਸ਼ ਬਿਚਿਤਰ ਨਾਟਕ ਦੇ ਲਿਖਾਰੀ ਨੇ ਗੁਰੂ ਸਾਹਿਬਾਨ ਨੂੰ ਰਾਮਚੰਦਰ ਦੇ ਪੁਤਰਾਂ ਲਵ-ਕੁਸ਼ ਨਾਲ ਜੋੜ੍ਹ ਕੇ ਸ਼ੁਰੂ ਕੀਤੀ। ਬਿਚਿਤਰ ਨਾਟਕ ਬੇਦੀ“ਕੁਸ਼” ਦੇ ਵੰਸ਼ ਵਿੱਚੋ ਕਹਿ ਗਏ ਹਨ ਅਤੇ ਸੋਡੀਆਂ ਨੂੰ “ਲਵ” ਦੇ ਵੰਸ਼ ਨਾਲ ਜੋੜ੍ਹੀਆ ਗਿਆ ਹੈ। ਗੁਰੂ ਅੰਗਦ ਸਾਹਿਬ “ਤ੍ਰਿਹਾਨ” ਅਤੇ ਗੁਰੂ ਅਮਰਦਾਸ ਸਾਹਿਬ “ਭੱਲੇ” ਸਨ ਸ਼ਾਯਦ ਇਸ ਸੰਪਾਦਕ ਨੂੰ ਪਤਾ ਨਹੀ ਸੀ ਯਾ ਇਸ ਦਾ ਮਕਸਦ ਗੁਰੂ ਸਾਹਿਬਾਨ ਨੂੰ ਸਿਰਫ ਰਾਮ ਚੰਦਰ ਨਾਲ ਜੋੜ੍ਹਨ ਦਾ ਸੀ, ਬਾਦ ਵਿੱਚ ਕੇਸਰ ਸਿੰਘ ਛਿਬੜ ਲਛਮਨ ਅਤੇ ਭਰਤ ਨੂੰ ਲੇ ਆਇਆ ਅਤੇ “ਤ੍ਰਿਹਾਨ” ਜਾਤੀ ਨੂੰ ਲਛਮਨ ਦਾ ਅੰਸ਼ ਬਨਾ ਦਿੱਤਾ ਅਤੇ “ਭੱਲੇ” ਜਾਤੀ ਨੂੰ ਭਰਤ ਨਾਲ ਜੋੜ੍ਹ ਦਿੱਤਾ। ਇਸ ”ਲਵ-ਕੁਸ਼” ਕਹਾਣੀ ਨੂੰ ਹੋਰ ਦਿਲਚਸਪ ਕੇਸਰ ਸਿੰਘ ਛਿਬੜ ਨੇ ਬਨਾ ਦਿੱਤਾ, ਉਸ ਨੇ ਸਾਰੇ ਗੁਰੂ ਸਾਹਿਬਾਨ ਦੀ “ਜਾਤੀਆਂ” ਨੂੰ ਰਾਜੇ ਦਸ਼ਰਥ ਦੀ ਤਿੰਨੋਂ ਰਾਣੀਆਂ ਤੂੰ ਹੋਏ ਇਕ-ਇਕ ਪੁੱਤਰ ਨਾਲ ਜੋੜ੍ਹ ਦਿੱਤਾ। ਦਸ਼ਰਥ ਦੀ ਬੜੀ ਰਾਣੀ ਕੁਸ਼ਲਿਆ ਤੇ ਪੁੱਤਰ ਰਾਮ ਦੇ ਪੁੱਤਰਾਂ “ਲਵ-ਕੁਸ਼” ਦੇ ਅੰਸ਼ ਵਿੱਚੋਂ “ਸੋਡੀ ਅਤੇ ਬੇਦੀ”,ਵਿਚਕਾਰਲੀ ਰਾਣੀ ਦੇ ਪੁੱਤਰ ਸੁਮਿਤ੍ਰਾ ਦੇ ਪੁੱਤਰ ਲਛਮਨ ਦੇ ਅੰਸ਼ ਵਿੱਚੋ “ਤ੍ਰਿਹਾਨ” ਜਾਤੀ ਅਤੇ ਦਸ਼ਰਥ ਦੀ ਤੀਜੀ ਅਤੇ ਛੋਟੀ ਰਾਣੀ ਕੈਕਈ ਦੇ ਪੁੱਤਰ ਭਰਤ ਦੇ ਅੰਸ਼ ਵਿੱਚੋਂ “ਭਲਾ” ਜਾਤੀ ਨਿਕਲਣ ਵਾਲੀ ਗੱਪ ਮਾਰੀ।
ਇਸ “ਲਵ-ਕੁਸ਼” ਵਾਲੀ ਬਿਚਿਤਰ ਨਾਟਕ ਦੀ ਗਪੌੜ ਅਤੇ ਕੇਸਰ ਸਿੰਘ ਦੀ ਅਪਣੀ “ਤ੍ਰਿਹਾਨ-ਭਲੇ”ਵਾਲੀ ਗੱਪ ਨੂੰ ਅਧਾਰ ਬਨਾ ਕੇ ਉਹ ਤਵਾਰੀਖ਼ ਨੂੰ ਇਸ ਕਦਰ ਵਿਗਾੜ ਗਿਆ ਕਿ ਕੇਸਰ ਸਿੰਘ ਨੇ ਭਾਈ ਲਹਿਨਾ ਤੂੰ ਗੁਰੂ “ਅੰਗਦ” ਬਣਨਾ ਅਤੇ ਗੁਰਗਦੀ ਦਾ ਅਸਲੀ ਹਦਕਾਰ ਉਨ੍ਹਾਂ ਦੀ ਕਾਬਲਿਅਤ ਨੂੰ ਨਹੀਂ, ਬਲਕਿ ਗੁਰੂ ਅੰਗਦ ਸਾਹਿਬ ਨੂੰ “ਲਛਮਨ” ਦੇ ਅੰਸ਼ ਵਾਲੀ ਜਾਤੀ “ਤ੍ਰਿਹਾਨ” ਦਾ ਹੋਣ ਕਾਰਣ ਦਿੱਤੀ।
ਪਿਛਲਾ ਅੰਗੁ ਪਛਾਨ ਕੇ, ‘ਅੰਗਦ’ ਨਾਉਂ ਸੀ ਕੀਤਾ।
‘ਲਛਮਨ’ ਦੀ ਅੰਸੁ ‘ਤ੍ਰਿਹਨ’ ਆਪ ‘ਰਾਮ ਚੰਦ੍ਰ’ ਘਰਿ ਜਨਮ ਸੀ ਲੀਤਾ।
ਜੋ ‘ਸੁਮਿਤ੍ਰਾ’ ਨੂੰ ਹਿੱਸਾ ਦਿਤਾ ਸੀ ਕਉਸਲਿਆ।
ਸੋਈ ਹਿਸੇ ਦਾ ਅੰਗੁ ਇਹ ‘ਅੰਗਦ’ ਮਿਲਿਆ।36। ਪੰਨਾ 52
“ਜੋ ‘ਸੁਮਿਤ੍ਰਾ’ ਨੂੰ ਹਿੱਸਾ ਦਿਤਾ ਸੀ ਕਉਸਲਿਆ” ਵਾਲੀ ਕਹਾਣੀ ਕੇਸਰ ਸਿੰਘ ਨੇ ਪੰਨਾ 240 ਉਤੇ ਦਰਜ ਕੀਤੀ ਹੈ । ਰਾਜੇ ਦਸ਼ਰਥ ਨੇ ਪੁੱਤਰ ਪ੍ਰਾਪਤੀ ਵਾਸਤੇ ਜਗ ਕੀਤਾ ਸੀ, ਉਸ ਜਗ ਦੇ ਬਾਦ ਰਿਸ਼ੀ‘ਵਸ਼ਸਿਟ” ਨੇ ਰਾਣੀ ਕਉਸ਼ਲਿਆ ਨੂੰ ਕੁਛ ਖਾਣ ਨੂੰ ਦਿੱਤਾ ਸੀ ਜਿਸ ਨਾਲ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਵੇ, ਉਸ ਖਾਣ ਵਾਲੀ ਚੀਜ਼ ਨੂੰ ਬੜੀ ਰਾਣੀ ਨੇ ਦੋਵਾਂ ਛੋਟਿਆ ਰਾਣੀਆਂ ਨਾਲ ਵੰਡੀਆਂ ਸੀ, ਇਸ ਕਾਰਨ ਇਹ ਪੰਕਤੀ ਕੇਸਰ ਸਿੰਘ ਛਿਬੜ ਨੇ ਲਿਖੀ। ਇਸ ਪੰਨਾ 52 ਵਾਲੀ ਗੱਪੌੜ ਦਾ ਖੰਡਨ ਪਿਆਰਾ ਸਿੰਘ ਪਦਮ ਨੇ ਇਕ ਟਿੱਪਣੀ ਰਾਹੀਂ ਕੀਤਾ ”ਇਹ ਸਾਰੀ ਕਵਿ ਕਲਪਨਾ ਹੈ” ਕਮਾਲ ਕਰ ਗਏ ਪਦਮ ਸਾਹਿਬ “ਲਵ-ਕੁਸ਼” ਵਾਲੀ ਬਿਚਿਤਰ ਨਾਟਕ ਦੇ ਕਵਿ-ਕਲਪਨਾ ਬਾਰੇ ਇਕ ਵੀ ਟਿੱਪਣੀ ਨਹੀ ਕੀਤੀ,ਹੁਣ ਸਾਨੂੰ ਇਹ ਵੀ ਪਤਾ ਹੈ ਇਹ “ਲਵ-ਕੁਸ਼” ਵਾਲੀ ਕਹਾਣੀ ਬੂੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕੀਤੀ ਹੈ।
ਬਿਚਿਤਰ ਨਾਟਕ ਦੀ ਲਿਖਤ ਨੂੰ ਪ੍ਰਮਾਣਿਕ ਕਰਨ ਦਾ ਜੋ ਜਿਮਾਂ ਕੇਸਰ ਸਿੰਘ ਨੇ ਚੁਕਿਆ ਸੀ ਉਸ ਦਾ ਇਕ ਹੋਰ ਉਦਾਹਰਨ ਇਸ ਬੰਸਾਵਲੀਨਾਮਾ ਦੇ ਦੱਸਵੇਂ ਚਰਨ ਵਿੱਚ ਮਿਲਦਾ ਹੈ ਜਦ ਉਹ ਬਿਚਿਤਰ ਨਾਟਕ ਦੇ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਦੇ ਅਨੁਸਾਰ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਬਚਪਨ ਦਾ ਵੇਰਵਾ ਦੇਂਦਾ ਹੈ। ਅਸੀਂ ਇਤਿਹਾਸਿਕ ਪੱਖੋਂ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਦੀ ਪੜਚੋਲ ਕਰ ਚੁਕੇਂ ਹਾਂ, ਉਸ ਪੜਚੋਲ ਤੂੰ ਇਹ ਤੱਥ ਸਾਮ੍ਹਣੇ ਆਇਆ ਕਿ ਬਿਚਿਤਰ ਨਾਟਕ ਦੇ ਸੰਪਾਦਕ ਕੋਲ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਬਚਪਨ ਬਾਰੇ ਜਿਆਦਾ ਅਤੇ ਸਹੀ ਜਾਨਕਾਰੀ ਨਹੀ ਸੀ। ਬਿਚਿਤਰ ਨਾਟਕ ਦੇ “ਅਥ ਕਬਿ ਜਨਮ ਕਥਨੰ” ਵਾਲੀ ਲਿਖਤ ਸਾਮ੍ਹਣੇ ਹੈ
ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥
ਗੁਰੂ ਗੋਬਿਂਦ ਸਿੰਘ ਸਾਹਿਬ ਦਾ ਪ੍ਰਕਾਸ਼ 1661 ਇ. ਦਾ ਹੈ, ਕੇਸਰ ਸਿੰਘ ਸਾਲ ਤੇ ਸਹੀ ਦੇਂਦਾ ਹੈ ਪਰ ਤਾਰੀਖ ਗਲਤ ਲਿਖਦਾ ਹੈ। ਕੇਸਰ ਸਿੰਘ ਇਸ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਵਾਸਤੇ ਦੋ ਸਾਲ ਪਟਨਾ ਰਹ ਕੇ ਬਿਆਸ ਨਦੀ ਪਾਰ ਮਦ੍ਰ ਦੇਸ਼ ਆਉਣ ਦੀ ਜਾਨਕਾਰੀ ਦੇਂਦਾ ਹੈ ਕੇਸਰ ਸਿੰਘ ਦੇ ਹਿਸਾਬ ਨਾਲ ਇਹ ਸਾਲ 1664 ਇ. ਬਣਦਾ ਹੈ। ਗੁਰੂ ਸਾਹਿਬ ਬਕਾਲਾ ਬਿਆਸ ਨਦੀ ਪਾਰ ਯਾਨਿ ਮਦ੍ਰ ਦੇਸ਼ 1670 ਇ. ਦੇ ਅਖੀਰ ਵਿੱਚ ਆਏ ਸੀ। ਤਵਾਰੀਖ਼ ਨੂੰ ਵਿਗਾੜਨ ਵਿੱਚ ਪਿਆਰਾ ਸਿੰਘ ਪਦਮ ਕੇਸਰ ਸਿੰਘ ਅਤੇ ਬਿਚਿਤਰ ਨਾਟਕ ਦੇ ਸੰਪਾਦਕ ਤੂੰ ਵੀ ਅਗੇ ਨਿਕਲ ਗਏ। ਪਿਆਰਾ ਸਿੰਘ ਪਦਮ ਦਾ ਇਕ ਬਿਆਨ ਜੋ “ਦਸਮ ਗ੍ਰੰਥ ਦਰਸ਼ਨ” ਨਾਮ ਦੀ ਉਨ੍ਹਾਂ ਦੀ ਕਿਤਾਬ ਦੇ ਪੰਨਾ 18 ਉਤੇ ਦਰਜ ਹੈ “ਬਚਪਨ ਗੰਗਾ ਕੰਡੇ ਗੁਜਰਿਆ, ਸਤਲੁਜ ਕਿਨਾਰੇ ਰਹ ਕੇ ਵਿਦਿਆ ਪਾਈ” ਇਸ ਬਿਆਨ ਮੁਤਾਬਿਕ ਗੁਰੂ ਸਾਹਿਬ ਨੂੰ ਮਾਰਚ 1672 ਇ. ਤਕ ਵਿਦਿਆ ਦਿੱਤੀ ਹੀ ਨਹੀਂ ਗਈ। ਗੁਰੂ ਗੋਬਿਂਦ ਸਿੰਘ ਸਾਹਿਬ ਪਟਨੇ ਤੂੰ ਬਕਾਲਾ 1670 ਇ. ਦੇ ਅਖੀਰ ਵਿੱਚ ਆਏ ਸੀ ਅਤੇ ਲਗਭਗ ਸਵਾ ਦੋ ਸਾਲ ਰਹਿਣ ਦੇ ਬਾਦ ਸਤਲੁਜ ਕਿਨਾਰੇ ਚੱਕ ਨਾਨਕ ਮਾਰਚ 1672 ਇ. ਵਿੱਚ ਆਏ ਸੀ। ਚਉਪਾ ਸਿੰਘ ਦੇ ਨਾਮ ਨਾਲ ਜੋੜ੍ਹੀਆਂ ਜਾਉਣ ਵਾਲਾ ਰਹਿਤਨਾਮਾ ਵੀ ਕੇਸਰ ਸਿੰਘ ਛਿਬੜ ਵਾਲਾ ਵੇਰੇਵਾ ਦੇਂਦਾ ਹੈ ਪਿਆਰਾ ਸਿੰਘ ਪਦਮ ਉਸ ਦਾ ਖੰਡਨ ਕਰਦੇ ਹਨ ਕਿ ਇਹ ਰਹਿਤਨਾਮਾ ਬਾਦ ਦਾ ਹੈ।
ਹਾਲੇ ਵੀ ਕੇਸਰ ਸਿੰਘ ਛਿਬੜ ਦੇ ਇਸ ਬੰਸਾਵਲੀਨਾਮੇ ਦੀ ਪੜਚੌਲ ਕਰਨੀ ਬਾਕੀ ਹੈ ਅਤੇ ਇਤਿਹਾਸ ਨੂੰ ਪਰਖਨਾ ਬਾਕੀ ਹੈ ਜਿਨ੍ਹਾਂ ਨਾਲ ਇਹ ਸਾਬਿਤ ਹੋ ਸਕੇ ਕਿ ਕੇਸਰ ਸਿੰਘ ਛਿਬੜ ਨੇ ਜਾਣ-ਬੁੱਝ ਕੇ ਝੂਠ ਬੋਲਿਆ ਸੀ ਕਿ ਗੁਰੂ ਸਾਹਿਬ ਨੇ ਬਿਚਿਤਰ ਨਾਟਕ ਦੀ ਰਚਣਾ ਕੀਤੀ ਹੈ ਅਤੇ ਭਾਈ ਮਨੀ ਸਿੰਘ ਨੇ ਬਿਚਿਤਰ ਨਾਟਕ ਦੀ ਰਚਣਾਵਾਂ ਜੋ ਖਿੰਡ ਗਈ ਸੀ ਉਹ ਇਕੱਠੀਆਂ ਕੀਤੀ ਸੀ।
ਗੁਰਦੀਪ ਸਿਂਘ ਬਾਗੀ
gurdeepsinghjohal@yahoo.co.in
ਕਿਤਾਬਾਂ ਦੀ ਸੁਚੀ
ਸਿੱਖ ਤਵਾਰੀਖ਼ ਪਹਿਲਾ ਹਿੱਸਾ ਲੇਖਕ ਡਾ. ਹਰਜਿਂਦਰ ਸਿੰਘ ਦਿਲਗੀਰ
ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ ਲੇਖਕ ਪਿਆਰਾ ਸਿੰਘ ਪਦਮ
ਦਸਮ ਗ੍ਰੰਥ ਦਰਸ਼ਨ ਲੇਖਕ ਪਿਆਰਾ ਸਿੰਘ ਪਦਮ