ਅੱਜ ਸ਼੍ਰੋ:ਗੁ:ਪ੍ਰ:ਕਮੇਟੀ ’ਤੇ ਕਾਬਜ ਧਿਰ , ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਾਂ ਕਿ ਆਰ.ਐਸ.ਐਸ ਦਾ ਇਕ ਵਿੰਗ ? “ਫੈਸਲਾ ਸਿੱਖ ਕੌਮ ਦੀ ਕਚਿਹਰੀ ’ਚ।”
ਬਲਦੇਵ ਸਿੰਘ ਸਿਰਸਾ
ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋ ਬਾਅਦ ਹੋਂਦ ਵਿਚ ਆਈ ਸੀ ਅਤੇ ਇਸ ਦਾ ਮੁੱਖ ਕੰਮ ਗੁਰਦੁਆਰਿਆਂ ਦੀ ਸੇਵਾ ਸੰਭਾਲ , ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ। ਪਰ ਇਸ ਦੇ ਉਲਟ ਗੁਰੂ ਕੀ ਗੋਲਕ ਦੀ ਮਾਇਆ ਦੇ ਨਾਲ ਗੁਰੂ ਸਾਹਿਬਾਂ ਨੂੰ ਚੋਰ, ਡਾਕੂ ਅਤੇ ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਦਰਸਾ ਕੇ ਵੱਡੀਆਂ-ਵੱਡੀਆਂ ਕਿਤਾਬਾਂ ਛਪਾਈਆਂ ਜਾ ਰਹੀਆਂ ਹਨ। ਇਕ ਨਹੀਂ, ਦੋ ਨਹੀਂ ਵਾਰ-ਵਾਰ ਅਗੇ ਤੋਂ ਅਗੇ ਇਹ ਕੰਮ ਜਾਰੀ ਹੈ।ਜਿਸ ਕਰਕੇ ਬਹੁਤ ਦੁੱਖ ਨਾਲ ਇਹ ਕਹਿਣਾ ਪਵੇਗਾ ਕਿ ਮੌਜੂਦਾ ਸ਼੍ਰੋ:ਗੁ:ਪ੍ਰ: ਕਮੇਟੀ ਤੇ ਕਾਬਜ ਲੋਕ ਮਸੰਦਾਂ, ਮੱਸੇ ਰੰਗੜਾਂ, ਮਹੰਤ ਨਰੈਣੂਆਂ ਅਤੇ ਹਿੰਦ ਸਰਕਾਰ ਦੀ ਪ੍ਰਧਾਨ ਮੰਤਰੀ ਮਹਿਰੂਮ ਇੰਦਰਾ ਗਾਂਧੀ ਤੇ ਐਲ.ਕੇ ਅਡਵਾਨੀ ਆਦਿ ਵਰਗਿਆਂ ਵੱਲੋਂ ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹਵਾਈ ਜਹਾਜਾਂ ਰਾਂਹੀ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਕੀਤੇ ਗਏ ਹਮਲੇ ਨੂੰ ਵੀ ਮਾਤ ਪਾ ਕੇ ਬ੍ਰਾਮ੍ਹਣਵਾਦੀ ਸੋਚ ਦੇ ਧਾਰਨੀ ਬਣ ਕੇ ਹਿੰਦੂਤਵਾ ਦੇ ਰੰਗ ਵਿਚ ਰੰਗੀ ਹੋਈ ਜਮਾਤ ਆਰ.ਐਸ.ਐਸ. ਦੇ ਗੁਪਤ ਅਜੰਡੇ ਨੂੰ ਲਾਗੂ ਕਰਨ ਵਾਸਤੇ ਜਿੱਥੇ ਦੁਸ਼ਮਣਾਂ ਵੱਲੋਂ ਬਾਹਰੀ ਹਮਲੇ ਕੀਤੇ ਜਾਂਦੇ ਆ ਰਹੇ ਹਨ। ਉੱਥੇ ਗੁਰੂ ਘਰਾਂ ਤੇ ਕਾਬਜ਼ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠਲੀ ਧਿਰ ਵੱਲੋਂ ਅੰਦਰੂਨੀ ਤੌਰ ’ਤੇ ਦੁਸ਼ਮਣ ਜਮਾਤ ਵੱਲੋਂ ਘੜੀ ਗਈ ਸਾਜਿਸ਼ ਦੇ ਤਹਿਤ ਬਹੁਤ ਵੱਡਾ ਹਮਲਾ ਕਰਦਿਆਂ ਹੋਇਆਂ ਸਿੱਖ ਧਰਮ ਨੂੰ ਖਤਮ ਕਰਨ ਦੀ ਨੀਅਤ ਨਾਲ ਲਿਖਤੀ ਤੌਰ ’ਤੇ ਵੱਡੀਆਂ-ਵੱਡੀਆਂ ਕਿਤਾਬਾਂ ਆਪ ਅਤੇ ਹੋਰਾਂ ਤੋਂ ਪ੍ਰਕਾਸ਼ਤ ਕੀਤੀਆਂ ਤੇ ਕਰਵਾਈਆਂ ਜਾ ਰਹੀਆਂ ਹਨ ਜਿਸ ਦੀ ਮਿਸਾਲ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ’ਤੇ ਸਮੂਹ ਸ਼ਹੀਦਾਂ ਨੂੰ ਸਮਰਪਤ 858 ਪੰਨਿਆਂ ਦੀ ਕਿਤਾਬ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਜਿਸਦੇ ਸੰਪਾਦਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਡਾ: ਅਮਰਜੀਤ ਸਿੰਘ ਹਨ ਅਤੇ ਸਕੱਤਰ ਧਰਮ ਪ੍ਰਚਾਰ (ਸ਼੍ਰੋ:ਗੁ:ਪ੍ਰ:ਕਮੇਟੀ) ਵੱਲੋਂ ਪਹਿਲੀ ਵਾਰ ਸਾਲ 1998 ਨੂੰ 2500 ਕਿਤਾਬਾਂ ਛਪਾਈਆਂ ਗਈਆਂ ਸਨ। ਇਸ ਕਿਤਾਬ ਵਿਚ ਮਾਤਾ ਗੰਗਾ ਜੀ (ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਮਹਿਲਾਂ) ਬਾਰੇ ਅਤੇ ਹੋਰ ਵੀ ਬਹੁਤ ਕੁਝ ਗਲਤ ਲਿਖਿਆ ਹੈ। ਜੋ ਉਹ ਸ਼ਬਦ ਪੜ੍ਹਦਿਆਂ ਅਤੇ ਲਿਖਦਿਆਂ ਸ਼ਰਮ ਆਉਂਦੀ ਹੈ। ਪਰ ਇਨ੍ਹਾਂ ਵਿਦਵਾਨ ਸੱਜਨਾਂ ਨੇ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਨੂੰ ਇਹ ਕਿਸ ਤਰ੍ਹਾਂ ਦੀ ਸੇਧ ਦੇਣ ਵਾਸਤੇ ਬੇ-ਹੂਦਾ , ਗੁਰਮਤਿ ਸਿਧਾਂਤ ਅਤੇ ਅਕਾਲ ਪੁਰਖ ਵੱਲੋਂ ਮਨੁੱਖੀ ਰਚਨਾ ਦੇ ਉਲਟ ਜੋ ਲਿਖਿਆ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਨੀਵਾਂ ਹੁੰਦਾ ਹੈ, ਤਾਂ ਫਿਰ ਏਡੀ ਵੱਡੀ ਕਿਤਾਬ ਦੀ ਕਿਉਂ ਸੰਪਾਦਨਾ ਕੀਤੀ ਗਈ ਹੈ ?
ਇਹ ਕਿਤਾਬ ਲਿਖਣ ਤੇ ਛੱਪਣ ਤੋਂ ਬਾਅਦ ਜਿਸ ਵਕਤ ਸੁਚੇਤ ਸਿੱਖਾਂ ਨੇ ਇਸ ਵਿਚ ਗਲਤ ਲਿਖਤਾਂ ’ਤੇ ਇਤਰਾਜ ਕੀਤਾ ਤਾਂ ਸ਼੍ਰੋ:ਗੁ:ਪ੍ਰ: ਕਮੇਟੀ ਵੱਲੋਂ ਇਸ ਕਿਤਾਬ ’ਤੇ ਰੋਕ ਲਾ ਦਿਤੀ ਅਤੇ ਵਿਦਵਾਨਾਂ ਦਾ ਇਕ ਬੋਰਡ ਬਣਾ ਕੇ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਕੋਈ ਵੀ ਕਿਤਾਬ ਛਪਣ ਤੋਂ ਪਹਿਲਾਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਵਿਦਵਾਨ ਉਸ ਖਰੜੇ ਦੀ ਘੋਖ ਕਰਕੇ ਫਿਰ ਛਾਪਣ ਦੀ ਆਗਿਆ ਦੇਣਗੇ ਤਾਂ ਹੀ ਸ਼੍ਰੋ. ਕਮੇਟੀ ਕੋਈ ਕਿਤਾਬ ਛਪਾਏਗੀ। ਇਹ ਵਿਦਵਾਨ ਸ਼੍ਰੋ: ਕਮੇਟੀ ਤੋਂ ਮੋਟੀਆਂ ਰਕਮਾਂ ਤਨਖਾਹਾਂ ਦੇ ਰੂਪ ਵਿੱਚ ਲੈਂਦੇ ਹਨ।
ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਇਹ ਕਿਤਾਬ ਵਾਪਿਸ ਲੈਣ ਅਤੇ ਵਿਦਵਾਨਾਂ ਦੀ ਕਮੇਟੀ ਬਨਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਕਿਤਾਬਾਂ ਪ੍ਰਕਾਸ਼ਤ ਨਾ ਕਰਨ ਦਾ ਫੈਸਲਾ ਲਾਗੂ ਕਰਨ ਦੀ ਥਾਂ ਪਹਿਲੀ ਕਿਤਾਬ ਤੋਂ ਵੀ ਅੱਗੇ ਜਾ ਕੇ ਦੂਸਰੀ ਵਾਰ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਤ ਸਾਲ 1999 ਵਿੱਚ “ਸਿੱਖ ਇਤਿਹਾਸ” ਨਾਂ ਦੀ ਹਿੰਦੀ ਭਾਸ਼ਾ ਵਿਚ 722 ਪੰਨਿਆਂ ਦੀ ਇਕ ਹੋਰ ਕਿਤਾਬ ਖੁਦ ਸ਼੍ਰੋ:ਗੁ:ਪ੍ਰ:ਕਮੇਟੀ ਨੇ ਮਤਾ ਨੰ: 558 ਰਾਹੀਂ ਡਾਨ ਪ੍ਰੈੱਸ ਅੰਮ੍ਰਿਤਸਰ ਤੋਂ ਛਪਾਈ। ਜਿਸ ਵਿਚ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਲੁਟੇਰੇ, ਭਗੌੜੇ ਅਤੇ ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਦਰਸਾਇਆ ਗਿਆ ਹੈ। ਇਸ ਕਿਤਾਬ ’ਤੇ ਮੇਰੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੋਰਟ ’ਚ ਕੇਸ ਕਰਨ ਤੋਂ ਬਾਅਦ 2007 ’ਚ ਫਿਰ ਦੁਬਾਰਾ ਇਸ ਨੂੰ ਵਾਪਿਸ ਲਿਆ ਗਿਆ।
ਪਰ ਅਫਸੋਸ ਕਿ ਏਥੇ ਵੀ ਬੱਸ ਨਹੀਂ ਹੋਈ।
ਸਾਲ 2007 ਵਿਚ ਤੇਜਿੰਦਰਬੀਰ ਸਿੰਘ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ 456 ਪੰਨਿਆਂ ਦੀ ਉਪਰ ਦੱਸੀ ਹਿੰਦੀ ਭਾਸ਼ਾ ਦੀ ਤਰਜ ’ਤੇ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਅਵਤਾਰ ਸਿੰਘ ਮੱਕੜ ਦੀ ਸਰਪ੍ਰਸਤੀ ਹੇਠ ਤੀਸਰੀ ਵਾਰ “ਸਿੱਖ ਇਤਿਹਾਸ” ਨਾਂ ਦੀ 2007 ਵਿਚ ਇੱਕ ਹੋਰ ਕਿਤਾਬ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਇਸ ਵਿੱਚ ਵੀ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਲੁਟੇਰੇ, ਭਗੌੜੇ ਅਤੇ ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਲਿਖਿਆ ਹੈ ਅਤੇ ਅੱਜ ਵੀ ਇਹ ਕਿਤਾਬ ਮਾਰਕੀਟ ਵਿੱਚ ਸ਼ਰੇਆਮ ਵਿਕ ਰਹੀ ਹੈ। ਜਿਸ ਦਾ ਸਬੂਤ ਮੇਰੇ ਵੱਲੋਂ 7 ਮਈ 2014 ਨੂੰ ਜਵਾਹਰ ਸਿੰਘ ਕਿਰਪਾਲ ਸਿੰਘ ਦੀ ਦੁਕਾਨ ਅੰਮ੍ਰਿਤਸਰ ਤੋਂ ਬਿੱਲ ਲੈ ਕੇ ਖਰੀਦੀ ਹੈ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਵਾਸਤੇ ਸਬੂਤਾਂ ਸਮੇਤ ਇਸ ਬਾਰੇ ਇਕ ਦਰਖਾਸਤ ਵੀ ਦਿਤੀ ਗਈ ਹੈ। ਪਰ ਅੱਜ ਤੱਕ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ।
ਸਿੱਖ ਨਾ ਬੁੱਤ ਪੂਜ ਅਤੇ ਨਾ ਹੀ ਫੋਟੋ ਦਾ ਪੁਜਾਰੀ ਹੈ। ਪਰ ਇਹ ਵੀ ਨਹੀਂ ਕਿ ਸ਼੍ਰੋ:ਗੁ:ਪ੍ਰ:ਕਮੇਟੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜਾਦਿਆਂ ਦੇ ਸਿਰ ਦੇ ਕੇਸਾਂ ਦੀ ਕਟਿੰਗ ਅਤੇ ਸਿਰਾਂ ਤੇ ਟੋਪੀਆਂ ਦਰਸ਼ਾ ਕੇ ਫੋਟੋਆਂ ਪ੍ਰਕਾਸ਼ਤ ਕਰੇ। ਜਿਵੇਂ ਕਿ ਸਾਲ 2013 ਦਸੰਬਰ ਮਹੀਨੇ ਵਾਲੇ “ਗੁਰਮਤਿ ਪ੍ਰਕਾਸ਼” (ਮੈਗਜੀਨ) ਵਿਚ ਜੋ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਖੁਦ ਹਰ ਮਹੀਨੇ ਛਪਦਾ ਹੈ ਉਸ ਦੇ ਬਾਹਰਲੇ ਮੁੱਖ ਪੰਨੇ (ਟਾਈਟਲ ਪੇਜ਼) ’ਤੇ ਇਸ ਤਰ੍ਹਾਂ ਦੀਆਂ ਫੋਟੋਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
ਇਹ ਸਭ ਇੱਕ ਸਾਜਿਸ਼ ਦੇ ਤਹਿਤ ਸਾਡੇ ਪੰਥ ਦੇ ਅਖੌਤੀ ਰਾਜਨੀਤਕ ਅਤੇ ਧਾਰਮਿਕ ਮੁੱਖੀਆਂ ਦੇ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਅੱਜ ਕੱਲ ਦੇ ਦੇਹਧਾਰੀ ਡੰਮੀ ਗੁਰੂ ਅਤੇ ਖੁੰਬਾਂ ਵਾਂਗ ਪੈਦਾ ਹੋਇਆ ਡੇਰਾਵਾਦ (ਅਖੌਤੀ ਸੰਤ) ਜੋ ਕਤਲਾਂ, ਬਲਾਤਕਾਰਾਂ ਅਤੇ ਜਮੀਨਾਂ ਦੇ ਨਜਾਇਜ ਕਬਜਿਆਂ ਆਦਿ-ਆਦਿ ਦੇ ਮੁਕੱਦਮਿਆਂ ’ਚ ਘਿਰੇ ਹੋਏ ਹਨ; ਇਹਨਾ ਡੰਮੀ ਗੁਰੂਆਂ ਦੇ ਨਾਲ ਸਿੱਖ ਗੁਰੂ ਸਾਹਿਬਾਨਾਂ ਨੂੰ ਰਲ-ਗੱਡ ਕਰਕੇ ਭੋਲੇ-ਭਾਲੇ ਆਮ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਉੱਪਰ ਦੱਸੀਆਂ ਇਸ ਤਰ੍ਹਾ ਦੀਆਂ ਕਿਤਾਬਾਂ ਛਪਵਾਈਆਂ ਜਾ ਰਹੀਆ ਹਨ। ਜਿਸ ਕਰਕੇ ਰਾਤ ਦਿਨ ਉਹਨਾਂ ਲੋਕਾਂ ਦੀ ਕੋਸ਼ਿਸ਼ ਹੈ ਕਿ ਬੁੱਧ ਅਤੇ ਜੈਨ ਧਰਮ ਦੀ ਤਰ੍ਹਾ ਸਿੱਖ ਧਰਮ ਨੂੰ ਵੀ ਆਪਣੇ ਵਿੱਚ ਮਰਝ ਕੀਤਾ ਜਾਵੇ ਅਤੇ ਜੋ ਕੰਮ ਉਹ ਲੋਕ ਸਦੀਆਂ ਤੋਂ ਆਪ ਨਹੀਂ ਕਰ ਸਕੇ ਉਹ ਕੰਮ ਸਾਡੇ ਅਖੌਤੀ (ਸਿੱਖ) ਧਾਰਮਿਕ ਆਗੂ ਲੋਕਾਂ ਤੋਂ ਵੱਡੀਆਂ-ਵੱਡੀਆਂ ਕਿਤਾਬਾਂ ਲਿਖਵਾ ਕੇ ਉਹਨਾ ਰਾਹੀਂ ਕਰਵਾ ਰਹੇ ਹਨ ਅਤੇ ਰਾਜਨੀਤਿਕ ਅਖੌਤੀ ਸਿੱਖ ਪੰਥਕ ਲੀਡਰਾਂ ਵੱਲੋਂ ਮੰਦਰਾਂ ’ਚ ਟੱਲ ਖੜਕਾ ਕੇ, ਮੱਥੇ ’ਤੇ ਤਿਲਕ ਲਵਾ ਕੇ ਅਤੇ ਸਿਰਾਂ ਤੇ ਮੁਕਟ ਪਵਾ ਕੇ ਕਰਵਾਇਆ ਜਾ ਰਿਹਾ ਹੈ। ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਗੁਰੂ ਸਾਹਿਬਾਨਾਂ, ਹਿੰਦੂ ਦੇਵੀ-ਦੇਵਤਿਆਂ ਅਤੇ ਗੁਰਦੁਆਰਿਆਂ, ਮੰਦਰਾਂ ਆਦਿ ’ਚ ਕੋਈ ਫਰਕ ਨਹੀ ਹੈ। ਜਿਸ ਦੇ ਕਾਰਨ ਅੱਜ ਆਮ ਭੋਲੇ-ਭਾਲੇ ਸਿੱਖ ਇਸ ਗੁਰੂ ਡੰਮ ਅਤੇ ਡੇਰਾਵਾਦ ਦੇ ਜਾਲ ਵਿੱਚ ਫਸ ਰਹੇ ਹਨ ।
ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਹੜ ਵਿੱਚ ਰੋੜ੍ਹਿਆ ਜਾ ਰਿਹਾ ਹੈ। ਕਿਉਂਕਿ ਇਹ ਵੀ ਸਿੱਖ ਦੁਸ਼ਮਣ ਜਮਾਤਾਂ ਆਰ.ਐੱਸ.ਐੱਸ. ਵਰਗੀਆਂ ਦੀ ਸੋਚ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਮੁਗਲਾਂ, ਅੰਗਰੇਜਾਂ ਅਤੇ ਇੰਦਰਾ ਵਰਗੇ ਜਰਵਾਣਿਆਂ ਦੀ ਈਨ ਨਹੀਂ ਮੰਨੀ ਇਹ ਲੋਕ ਟੈਂਕਾਂ ਤੋਪਾਂ ਅਤੇ ਫਾਂਸੀਆਂ ਆਦਿ ਤੋਂ ਡਰਨ ਵਾਲੇ ਨਹੀਂ ਹਨ। ਇਸ ਕਰਕੇ ਇਹਨਾਂ ਨੂੰ ਨਸ਼ਈ ਬਣਾ ਦਿੱਤਾ ਜਾਵੇ ਜਿਸ ਨਾਲ ਇਹ ਲੋਕ ਆਪਣੇ ਆਪ ਹੀ ਖਤਮ ਹੋ ਜਾਣਗੇ। ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਆਰ.ਐੱਸ.ਐੱਸ. ਦੇ ਲੋਹੇ ਰੂਪੀ ਕੁਹਾੜੇ ਵਿੱਚ ਲੱਕੜ ਦੇ ਦਸਤੇ ਦਾ ਕੰਮ ਪੰਥ ਦੇ ਨਾਮ ’ਤੇ ਵੋਟਾਂ ਲੈ ਕੇ ਬਣੀ ਪੰਜਾਬ ਸਰਕਾਰ ਦੇ ਸਿੱਖੀ ਸਰੂਪ ਵਾਲੇ ਮੰਤਰੀਆਂ ਆਦਿ ਦਾ ਹੈ ਜੋ ਪੈਸੇ ਦੇ ਲਾਲਚ ਵਿੱਚ ਖ਼ੁਦ ਆਪ ਨਸ਼ੇ ਵਿਕਾ ਰਹੇ ਹਨ। ਇਸ ਦਾ ਨਤੀਜਾ ਹੈ ਕਿ ਪੰਜਾਬ ਵਿੱਚ ਵੱਸਣ ਵਾਲਾ 10 ਸਾਲ ਤੱਕ ਦਾ ਬੱਚਾ ਵੀ ਅੱਜ ਇਸ ਨਸ਼ੇ ਰੂਪੀ ਜ਼ਹਿਰ ਤੋਂ ਬਚਿਆ ਨਹੀਂ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ; ਕੀ ਸਾਡੇ ਕੋਲ ਆਉਣ ਵਾਲੇ ਸਮੇਂ ਵਿੱਚ ਚੰਗਾ ਭਵਿੱਖ ਸਿਰਜਣ ਵਾਲੇ ਨੌਜਵਾਨ ਬਚਣਗੇ ?
ਅੱਜ ਸ੍ਰੋ:ਗੁ:ਪ੍ਰ:ਕਮੇਟੀ ਵੱਲੋ ਆਪਣੀ ਜਿੰਮੇਵਾਰੀ ਨਿਭਾਉਣ ਦੀ ਥਾਂ ’ਤੇ ਕੀ ਇਹ ਅਕ੍ਰਿਤਘਣਾਂ ਵਾਲਾ ਕੰਮ ਨਹੀਂ ਕਰ ਰਹੀ? ਸੋ ਕੀ ਇਹ ਲੋਕ ਆਰ.ਐੱਸ.ਐੱਸ. ਦਾ ਇੱਕ ਵਿੰਗ ਨਹੀਂ ਹਨ? ਗੁਰਮਤਿ ਸਿਧਾਂਤ ਅਤੇ ਪੰਥਕ ਸਿਧਾਤਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਅਤੇ ਕੌਮ ਦਾ ਹਰ ਤਰ੍ਹਾ ਦਾ ਜਾਨੀ-ਮਾਲੀ ਨੁਕਸਾਨ ਕਰਵਾਉਣ ਵਾਲਿਆਂ ਨੂੰ ਫਖ਼ਰੇ ਕੌਮ ਅਤੇ ਪੰਥ ਰਤਨ ਦੇ ਜੋ ਸਨਮਾਨ ਦਿੱਤੇ ਜਾ ਰਹੇ ਹਨ; ਕੀ ਇਹ ਲੋਕ ਫਖ਼ਰੇ ਕੌਮ ਅਤੇ ਪੰਥ ਰਤਨ ਅਵਾਰਡਾਂ ਦੇ ਹੱਕਦਾਰ ਹਨ ?
ਜਿਸ ਤਰ੍ਹਾਂ ਅੱਜ ਹਰ ਰੋਜ਼ ਸਿੱਖ ਗੁਰੂ ਸਹਿਬਾਨਾਂ ਅਤੇ ਸਿੱਖਾਂ ਦਾ ਲਿਖਤੀ ਕਿਤਾਬਾਂ ਤੇ ਸ਼ੋਸ਼ਿਲ ਮੀਡੀਏ ਆਦਿ ਰਾਹੀਂ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਤਰ੍ਹਾ ਦੇ ਮਜ਼ਾਕ ਉਡਾਉਣ ਵਾਲੇ ਲੋਕਾਂ ਦੀ ਕਦੇ ਵੀ ਹਿੰਮਤ ਨਾ ਪੈਂਦੀ ਅਤੇ ਨਾ ਹੀ ਸਿੱਖ ਕੌਮ ਦੀ ਏਨੀ ਮਾੜੀ ਹਾਲਤ ਹੁੰਦੀ ਜੇਕਰ ਜਿਸ ਮੰਤਵ (ਸੋਚ) ਨਾਲ ਸਾਡੇ ਪੁਰਖਿਆਂ ਨੇ ਮਹੰਤਾਂ ਤੋਂ ਗੁਰਦਵਾਰਿਆਂ ਦੇ ਕਬਜ਼ੇ ਛੁਡਵਾਏ ਸਨ; ਉਸ ਸੋਚ ਦੇ ਧਾਰਨੀ ਬਣ ਕੇ ਜੇਕਰ ਅਸੀਂ ਗੁਰਦਵਾਰਿਆਂ ਦੀ ਚੋਣ ਸਮੇਂ ਸਿੱਖੀ ਸੋਚ ਵਾਲੇ ਸੁਹਿਰਦ ਸਿੱਖਾਂ ਦੀ ਚੋਣ ਕਰਕੇ ਉਹਨਾ ਨੂੰ ਸੇਵਾ ਸੌਂਪੀ ਹੁੰਦੀ, ਜੋ ਕੇਵਲ ਸਿੱਖੀ ਦਾ ਪ੍ਰਚਾਰ ਪਸਾਰ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ। ਸੰਸਾਰ ’ਤੇ ਉਹੋ ਕੌਮਾਂ ਜਿੰਦਾ ਰਹਿੰਦੀਆਂ ਹਨ ਜੋ ਅਪਣੇ ਵਿਰਸੇ ਤੇ ਇਤਿਹਾਸ ਨੂੰ ਸੰਭਾਲ ਕੇ ਰੱਖਦੀਆਂ ਹਨ । ਅੱਜ ਸਾਡੀ ਕੌਮ ਦੇ ਜਿੰਮੇਵਾਰਾਂ ਨੇ ਅਪਣੇ ਵਿਰਸੇ ਅਤੇ ਇਤਿਹਾਸ ਨੂੰ ਕਿੰਨਾ –ਕੁ ਸੰਭਾਲਿਆ ਹੈ ਜਿਸ ਦਾ ਟੂਕ ਮਾਤਰ ਉੱਪਰ ਵੇਰਵਾ ਦਿੱਤਾ ਗਿਆ ਹੈ ।
ਆਓ ਖਾਲਸਾ ਜੀਓ! ਅਜੇ ਵੀ ਵੇਲਾ ਹੈ ਰਲ ਕੇ ਹੰਭਲਾ ਮਾਰੀਏ ਨਹੀਂ ਤਾਂ ਸਾਨੂੰ ਇਤਿਹਾਸ ਮੁਆਫ ਨਹੀਂ ਕਰੇਗਾ।
ਵਾਹਿਗੁਰੂ ਜੀ ਖਾਲਸਾ । ਵਾਹਿਗੁਰੂ ਜੀ ਕੀ ਫਤਿਹ॥
ਨੋਟ:- ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਇਸ ਪੱਤਰ ਦੀਆਂ ਵੱਧ ਤੋ ਵੱਧ ਫੋਟੋ ਕਾਪੀਆਂ ਕਰਵਾਕੇ ਅੱਗੇ ਤੋ ਅੱਗੇ ਵੰਡੀਆਂ ਜਾਣ ।
ਬਲਦੇਵ ਸਿੰਘ ਸਿਰਸਾ