' ਵੱਖਰੀ ਕਮੇਟੀ ਦੀਆਂ ਕੋਸ਼ਿਸਾਂ ਨੂੰ ਗੈਰ-ਸੰਵਿਧਾਨਕ, ਆਪ ਹੁਦਰੀ ਤੇ ਬਦਨੀਤੀ ਵਾਲੀ ਸੋਚ ਕਰਾਰ ਦਿੱਤਾ'
ਬਾਦਲ ਵੱਲੋਂ ਹਰਿਆਣਾ ਸਰਕਾਰ ਦੀ ਵੱਖਰੀ ਗੁਰਦੁਆਰਾ ਕਮੇਟੀ ਮਾਮਲੇ ਤੇ ਆਲੋਚਨਾ
ਹਰਿਆਣਾ ਸਰਕਾਰ ਦੇ ਸਿੱਖਾਂ ਨੂੰ ਵੰਡਣ ਦੇ ਘਟੀਆ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ
ਇਰਾਕ ਵਿੱਚ ਫ਼ਸੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਮਿਲਣ ਦਾ ਐਲਾਨ
ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਦੇਸ਼ ਨੂੰ ਦਰਪੇਸਸ਼ ਸਮਾਜਿਕ ਅਵਿਵਸਥਾ ਤੋਂ ਛੁਟਕਾਰਾ ਮਿਲੇਗਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 2 ਜੁਲਾਈ (ਬਾਬੂਸ਼ਾਹੀ ਬਿਉਰੋ) :
ਹਰਿਆਣਾ ਵਿਚਲੀ ਕਾਂਗਰਸ ਸਰਕਾਰ ਵੱਲੋਂ ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਦਨੀਤੀ ਭਰਪੂਰ, ਆਪਹੁਦਰੇਪਣ ਤੇ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ, ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਹਰਿਆਣਾ ਸਰਕਾਰ ਦੇ ਸਿੱਖਾਂ ਨੂੰ ਵੰਡਣ ਦੇ ਘਟੀਆ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ।
ਚੇਅਰਮੈਨ ਪੰਜਾਬ ਰਾਜ ਰਾਜਪੂਤ ਕਲਿਆਣ ਬੋਡਰ, ਕੈਪਟਨ ਆਰ.ਐਸ. ਪਠਾਨੀਆਂ ਦੇ ਵਣ ਭਵਨ ਵਿਖੇ ਅਹੁਦਾ ਸੰਭਾਲਣ ਮੌਕੇ, ਮੁੱਖ ਮੰਤਰੀ ਸ. ਬਾਦਲ ਨੇ ਅੱਗੇ ਆਖਿਆ ਕਿ ਹਰਿਆਣਾ ਸਰਕਾਰ ਦੀ ਇਹ ਮਾੜੀ ਪਹੁੰਚ, ਕਾਂਗਰਸ ਦੀ ਹਰਿਆਣਾ ਵਿੱਚੋਂ ਸੱਤ੍ਹਾ ਤੋਂ ਬਾਹਰ ਜਾਣ ਦੀ ਸੰਭਾਵਨਾ ਕਾਰਨ ਘੋਰ ਨਿਰਾਸ਼ਾ ਵਿੱਚੋਂ ਉਪਜੀ ਹੈ ਜੋ ਕਿ ਸਿੱਖ ਵੋਟਾਂ ਨੂੰ ਆਪਣੇ ਵੱਲ ਖਿੱਚਣ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਚੋਣ ਸੋਸ਼ਾ ਕਾਂਗਰਸ ਨੂੰ ਕੋਈ ਲਾਂਬ ਦੇਣ ਵਾਲਾ ਨਹੀਂ ਕਿਉਂ ਜੋ ਉੱਥੋਂ ਦੇ ਸਿੱਖ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਵੱਖਰੀ ਕਮੇਟੀ ਦੀ ਕਾਇਮੀ ਦੀ ਮੰਗ ਨੂੰ ਹਰ ਵਾਰ ਰੱਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੀ ਲੋਕ ਸਭਾ ਦੇ ਐਕਟ ਰਾਹੀਂ ਸਥਾਪਨਾ ਹੋਣ ਕਾਰਨ, ਕਮੇਟੀ ਨੂੰ ਇਸ ਸਬੰਧੀ ਅਧਿਕਾਰ ਹੈ ਨਾ ਕਿ ਹਰਿਆਣਾ ਸਰਕਾਰ ਇਸ ਨੂੰ ਆਪਣੇ ਪੱਧਰ 'ਤੇ ਵਿਭਾਜਿਤ ਕਰ ਸਕਦੀ ਹੈ।
ਮੁੱਖ ਮੰਤਰੀ ਨੇ ਕਾਂਗਰਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ 'ਤੇ ਸਾਵਧਾਨ ਕਰਦਿਆਂ ਆਖਿਆ ਕਿ ਕੇਵਲ ਰਾਜਸੀ ਹਿੱਤਾਂ ਖਾਤਿਰ ਅਜਿਹੀ ਸੌੜੀ ਸਿਆਸਤ ਨਾ ਖੇਡੀ ਜਾਵੇ। ਉਨ੍ਹਾਂ ਆਖਿਆ ਕਿ ਇਹ ਮੰਦਭਾਗਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ. ਮਨੋਮਹਨ ਸਿੰਘ ਵੱਲੋਂ ਆਪਣੇ ਕਾਰਜਕਾਲ ਮੌਕੇ ਹਰਿਆਣਾ ਦੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦੇ ਬਾਵਜੂਦ, ਹਰਿਆਣਾ ਸਰਕਾਰ ਇਸ ਵਿਵਾਦਪੂਰਣ ਮੁੱਦੇ ਨੂੰ ਮੁੜ ਉਭਾਰ ਰਹੀ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਸਰਕਾਰ ਦੀ ਇਸ ਐਸ.ਜੀ.ਪੀ.ਸੀ. ਨੂੰ ਵੰਡਣ ਦੀ ਚਾਲ ਖ਼ਿਲਾਫ਼ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਦੱਸ ਚੁੱਕੇ ਹਨ ਅਤੇ ਹਰਿਆਣਾ ਸਰਕਾਰ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਹਰੇਕ ਸੰਭਵ ਯਤਨ ਨਾਲ ਰੋਕਿਆ ਜਾਵੇਗਾ।
ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਰਾਕ ਵਿੱਚ ਫਫ਼ਸੇ ਨੌਜੁਆਨਾਂ ਦੇ ਮੁੱਦੇ 'ਤੇ ਅਤੇ ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਲਈ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤੇ ਵਿੱਚ ਹੈ। ਪੰਜਾਬ ਸਰਕਾਰ ਦੀ ਇਨ੍ਹਾਂ ਪਰਿਵਾਰਾਂ ਦੀ ਮੁਸੀਬਤ ਦੀ ਘੜੀ ਵਿੱਚ ਹਰ ਤਰ੍ਹਾਂ ਦੀ ਮੱਦਦ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਉਨ੍ਹਾਂ ਆਖਿਆ ਕਿ ਉਹ ਨਿੱਜੀ ਤੌਰ 'ਤੇ ਹਰੇਕ ਪਰਿਵਾਰ ਨੂੰ ਮਿਲਣਗੇ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਮੱਦਦ ਤੇ ਸਹਿਯੋਗ ਦਾ ਭਰੋਸਾ ਦੇਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਅਜਿਹੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਮੋਗਾ ਗੋਲੀਬਾਰੀ ਮਾਮਲੇ ਵਿੱਚ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਮਾਮਲੇ ਦੀ ਡੂੰਘਾਈ ਤੱਕ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਨੇ ਆਖਿਆ ਕਿ ਐਨ.ਡੀ.ਏ. ਸਰਕਾਰ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਦੇਸ਼ ਜਲਦ ਹੀ ਪਹਿਲਾਂ ਵਾਲੀ ਸ਼ਾਨ ਤੇ ਗੌਰਵ ਹਾਸਲ ਕਰ ਲਵੇਗਾ ਅਤੇ ਸ੍ਰੀ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਦੇਸ਼ ਆਪਣੀਆਂ ਸਮਾਜਿਕ ਅਵਿਵਸਥਾਵਾਂ 'ਤੇ ਕਾਬੂ ਪਾ ਲਵੇਗਾ।
ਇਸ ਮੌਕੇ ਕੈਪਟਨ ਪਠਾਨੀਆਂ ਆਰ.ਐਸ. ਪਠਾਨੀਆ ਨੂੰ ਨਵੀਂ ਜ਼ਿੰਮੇਂਵਾਰੀ ਸੰਭਾਲਣ 'ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਣ ਆਸ ਹੈ ਕਿ ਸ੍ਰੀ ਪਠਾਨੀਆ ਭਾਈਚਾਰੇ ਦੇ ਸਰਵਪੱਖੀ ਵਿਕਾਸ ਦੇ ਇਸ ਅਵਸਰ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾ ਕਿਹਾ ਕਿ ਰਾਜ ਸਰਕਾਰ ਸੂਬੇ ਵਿਚਲੇ ਹਰੇਕ ਭਾਈਚਾਰੇ ਦੇ ਸਰਵਪੱਕੀ ਵਿਕਾਸ ਅਤੇ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਵਚਨ ਨੂੰ ਨਿਭਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਨਾਲ ਕਰਨਾਟਕਾ ਦੇ ਸਾਬਕਾ ਰਾਜਪਾਲ ਸ੍ਰੀ ਭਾਨੂੰ ਪ੍ਰਤਾਪ, ਸਕੱਤਰ ਸਾਇੰਸ ਤੇ ਤਕਨਾਲੋਜੀ ਸ੍ਰੀਮਤੀ ਸੀਮਾ ਜੈਨ ਅਤੇ ਡਾਇਰੈਕਟਰ ਵੈਲਫ਼ੇਅਰ ਸ੍ਰੀ ਪਰਮਜੀਤ ਸਿੰਘ ਵੀ ਮੌਜੂਦ ਸਨ।
……………………………………………………………………..
ਬਾਦਲ ਤਾਂ ਆਪ ਦਿੱਲੀ ਲਈ ਵਖਰੀ ਗੁਰਦਵਾਰਾ ਕਮੇਟੀ ਮੰਗਦੇ ਹੋਏ ਦਿੱਲੀ ਵਿਚ ਗ੍ਰਿਫ਼ਤਾਰ ਹੋਏ ਸਨ, ਹੁਣ ਸਿਆਸੀ ਮਾਮਲੇ ਵਿਚ ਅਕਾਲ ਤਖ਼ਤ ਨੂੰ ਲਿਆਉਣ ਦੀ ਕੀ ਤੁਕ ?
ਕੈਪਟਨ ਅਮਰਿੰਦਰ ਸਿੰਘ
ਕਾਂਗਰਸ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਲਈ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਮਾਮਲੇ 'ਚ ਸ਼੍ਰ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਗ਼ੈਰ-ਜ਼ਰੂਰੀ ਬਹਿਸ 'ਚ ਖਿੱਚਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਗਤ ਦੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਹੈ, ਭਾਵੇਂ ਸਿੱਖ ਕਿਥੇ ਵੀ ਰਹਿਣ ਜਾਂ ਕਿਥੋਂ ਦੇ ਵੀ ਹੋਣ।
ਉਨ੍ਹਾਂ ਕਿਹਾ ਕਿ ਮੱਕੜ ਵਲੋਂ ਜਾਰੀ ਬਿਆਨ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਸੱਦਣ ਦੀ ਸਲਾਹ ਦੇਣ ਨਾਲ ਲੋਕਾਂ ਦੀ ਉਸ ਸੋਚ ਨੂੰ ਮਜ਼ਬੂਤੀ ਮਿਲੀ ਹੈ ਜਿਸ ਵਿਚ ਬਾਦਲ ਦੀ ਹਾਂ 'ਚ ਹਾਂ ਮਿਲਾਉਣ ਵਾਲੇ ਖ਼ਾਸ ਵਿਅਕਤੀਆਂ ਜਿਵੇਂ ਮੱਕੜ ਸਿੱਖਾਂ ਦੀ ਸੱਭ ਤੋਂ ਉੱਚੀ ਧਾਰਮਕ ਸੰਸਥਾ ਦੇ ਕੰਮਕਾਜ 'ਚ ਦਖ਼ਲ ਦਿੰਦੇ ਹਨ।
ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਖਰੀ ਗੁਰਦਵਾਰਾ ਕਮੇਟੀ ਦੀ ਮੰਗ ਇਕ ਸਿਆਸੀ ਮੁੱਦਾ ਹੈ ਤੇ ਇਸ 'ਚ ਸਿੱਖਾਂ ਦੇ ਧਾਰਮਕ ਮਾਮਲਿਆਂ ਨਾਲ ਛੇੜਛਾੜ ਦੀ ਕੋਈ ਗੱਲ ਨਹੀਂ ਹੈ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਆਉਣਾ ਪੂਰੀ ਤਰ੍ਹਾਂ ਗ਼ਲਤ ਹੈ। ਜਿਸ ਤਰ੍ਹਾਂ ਦਾ ਵਤੀਰਾ ਬਾਦਲ ਅਤੇ ਮੱਕੜ ਅਪਣਾ ਰਹੇ ਹਨ, ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸਿੱਖਾਂ ਦੀ ਸੱਭ ਤੋਂ ਉੱਚੀ ਧਾਰਮਕ ਸੰਸਥਾ ਨੂੰ ਅਪਣੇ ਵਿਅਕਤੀਗਤ ਤੇ ਵਿਸ਼ੇਸ਼ ਹਿਤਾਂ ਲਈ ਇਸਤੇਮਾਲ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਹਾ ਕਿ ਜੇ ਉਹ ਇਤਿਹਾਸਕ ਤੱਥਾਂ ਬਾਰੇ ਨਹੀਂ ਜਾਣਦੇ ਤਾਂ ਸਿੱਖ ਇਤਿਹਾਸ ਪੜ੍ਹਨ ਤੇ ਬੇਤੁਕੀਆਂ ਟਿਪਣੀਆਂ ਕਰਨ ਤੋਂ ਪਹਿਲਾਂ ਸਬੰਧਤ ਕਾਨੂੰਨੀ ਸਲਾਹਾਂ ਲੈਣ।
ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਯਾਦ ਦਿਵਾਇਆ ਕਿ ਉਹ ਸੰਤ ਫ਼ਤਹਿ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਉਸ ਮੁਹਿੰਮ ਨਾਲ ਬਹੁਤ ਡੂੰਘਾਈ ਨਾਲ ਜੁੜੇ ਹੋਏ ਸਨ, ਜਿਸ ਨੇ 1971 'ਚ ਦਿੱਲੀ ਦੇ ਸਿੱਖਾਂ ਦੀ ਮੰਗ 'ਤੇ ਦਿੱਲੀ ਸਿੱਖ ਮੈਨੇਜਿੰਗ ਕਮੇਟੀ ਨੂੰ ਹੋਂਦ ਵਿਚ ਲਿਆਉਣ ਲਈ ਮੋਰਚਾ ਖੋਲ੍ਹਿਆ ਸੀ ਅਤੇ ਬਾਦਲ ਤੇ ਦੂਸਰੇ ਅਕਾਲੀ ਆਗੂਆਂ ਨੂੰ ਕਚਹਿਰੀ 'ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿਹਾੜ ਜੇਲ ਭੇਜ ਦਿਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਸਵਾਲ ਕੀਤਾ ਕਿ ਜੇ ਦਿੱਲੀ ਲਈ ਵਖਰੀ ਬਾਡੀ ਦੀ ਮੰਗ ਕਰਨਾ ਅਤੇ ਇਸ ਲਈ ਜੇਲ ਜਾਣਾ ਕੋਈ ਗ਼ਲਤ ਨਹੀਂ ਹੈ, ਤਾਂ ਫਿਰ ਹਰਿਆਣਾ ਲਈ ਵਖਰੀ ਬਾਡੀ ਦੀ ਮੰਗ ਕਰਨ 'ਚ ਕੀ ਗਲਤ ਹੈ?
ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਅਤੇ ਨੰਦੇੜ ਸਾਹਿਬ ਦੇ ਗੁਰਦਵਾਰਿਆਂ ਦੇ ਮਾਮਲਿਆਂ ਲਈ ਪਹਿਲਾਂ ਹੀ ਵਖਰੀਆਂ ਕਮੇਟੀਆਂ ਹਨ ਤਾਂ ਫਿਰ ਹਰਿਆਣਾ ਦੇ ਸਿੱਖਾਂ ਦੇ ਅਧਿਕਾਰਾਂ ਨੂੰ ਕਿਉਂ ਨਕਾਰਿਆ ਜਾ ਰਿਹਾ ਹੈ ?
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਵਖਰੀ ਗੁਰਦਵਾਰਾ ਕਮੇਟੀ ਦੀ ਮੰਗ ਕਾਰਨ ਬਾਦਲ ਅਪਣੇ ਗੁਨਾਹਾਂ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਬਾਦਲ ਤੇ ਉਨ੍ਹਾਂ ਵਰਗੇ ਲੋਕ ਹਰਿਆਣਾ ਬਣਨ ਲਈ ਜ਼ਿੰਮੇਵਾਰ ਹਨ। ਇਤਿਹਾਸ 'ਚ ਬਾਦਲ ਉਹ ਵਿਅਕਤੀ ਹਨ, ਜਿਨ੍ਹਾਂ ਦੀ ਅਗਵਾਈ 'ਚ ਪੰਜਾਬ ਬਰਬਾਦ ਹੋਇਆ ਤੇ ਜਿਨ੍ਹਾਂ ਨੇ ਸਿਰਫ਼ ਇਹ ਸੋਚਿਆ ਕਿ ਸਿੱਖ ਬਹੁਮਤ ਸੂਬਾ ਬਣਨ ਨਾਲ ਉਹ ਭਵਿੱਖ 'ਚ ਕਦੇ ਮੁੱਖ ਮੰਤਰੀ ਬਣ ਸਕਦੇ ਹਨ ਤੇ ਪੰਜਾਬ ਤੋਂ ਜ਼ਿਆਦਾ ਖੇਤਰ ਦੂਜੇ ਰਾਜਾਂ ਨੂੰ ਦੇ ਦਿਤਾ।ਉਨ੍ਹਾਂ ਮੱਕੜ ਨੂੰ ਬਾਦਲ ਦੀਆਂ ਧੁਨਾਂ 'ਤੇ ਨੱਚਣ ਦੀ ਬਜਾਏ ਸੋਚਣ ਲਈ ਕਿਹਾ ਹੈ।