ਖ਼ਾਲਿਸਤਾਨ ਦਾ ਸੰਕਲਪ: ਦਲ ਖ਼ਾਲਸਾ ਬਨਾਮ ਸਿਮਰਨਜੀਤ ਸਿੰਘ ਮਾਨ?
ਅਤਿੰਦਰ ਪਾਲ ਸਿੰਘ ਖਾਲਸਤਾਨੀ ਦੀ ਸਾਈਟ ਤੋਂ
ਇੱਕ ਪਾਸੇ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਖ਼ਾਲਿਸਤਾਨ ਦੇ ਮੁੱਦੇ ਤੇ ਲੜੀਆਂ ਪਰ ਸਫਲਤਾ ਉਨ੍ਹਾਂ ਦੇ ਨੇੜੇ ਵੀ ਨਾ ਢੁਕ ਸਕੀ। ਅਤੇ ਦੂਜੇ ਪਾਸੇ ਬੀਤੇ ਸਮੇਂ ਵਿੱਚ ਕਈ ਵਾਰ ਇਹ ਖਬਰਾਂ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚ ਦਲ ਖ਼ਾਲਸਾ ਦੇ ਮੁਖੀਆਂ ਵਲੋਂ ਸ੍ਰੀ ਅਕਾਲ ਤਖ਼ਤ ਤੇ ਪੁਜ, ਖ਼ਾਲਿਸਤਾਨ ਦੇ ਸੰਕਲਪ ਦੀ ਪੂਰਤੀ ਲਈ ਅਰਦਾਸ ਕਰਨ ਦਾ ਜ਼ਿਕਰ ਹੁੰਦਾ ਹੈ। ਦਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਦਲ ਖਾਲਸਾ ਦੇ ਮੁਖੀਆਂ ਨੇ ਖ਼ਾਲਿਸਤਾਨ ਦੇ ਸੰਕਲਪ ਨੂੰ ਲੈ ਕੇ ਜਲੰਧਰ ਵਿੱਖੇ ਮਸ਼ਾਲ ਮਾਰਚ ਕੀਤਾ ਸੀ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਗਿਆਨੀ ਜ਼ੈਲ਼ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਬੋਨਿਆਂ ਕਰਨ ਦੇ ਉਦੇਸ਼ ਨਾਲ, ਦਲ ਖਾਲਸਾ ਦੇ ਮੁਖੀਆਂ ਨੂੰ ਅਜਿਹਾ ਕਰਨ ਲਈ ਕੁੱਝ ਆਰਥਕ ਸਹਾਇਤਾ ਦਿੱਤੀ ਸੀ। ਇਸ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਇਸਦਾ ਖੁਲਾਸਾ ਤਾਂ ਉਸ ਸਮੇਂ ਦੇ ਦਲ ਖ਼ਾਲਸਾ ਦੇ ਮੁੱਖੀ ਹੀ ਕਰ ਸਕਦੇ ਹਨ। ਪ੍ਰੰਤੂ ਇੱਕ ਗਲ ਜ਼ਰੂਰ ਹੈ ਕਿ ਇਸਤੋਂ ਕੁੱਝ ਸਮੇਂ ਬਾਅਦ ਹੀ ਪੰਜਾਬ ਵਿੱਚ ਜੋ ਕੁੱਝ ਵੀ ਵਾਪਰਿਆ, ਉਸਦੇ ਜ਼ਖ਼ਮ ਸ਼ਾਇਦ ਅਜੇ ਤਕ ਹਰੇ ਚਲੇ ਆ ਰਹੇ ਹਨ ਅਤੇ ਇਨ੍ਹਾਂ ਜ਼ਖ਼ਮਾਂ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਅਜ ਵੀ ਉਨ੍ਹਾਂ ਦੀਆਂ ਚੀਸਾਂ ਕੰਬਾ ਦਿੰਦੀਆਂ ਹਨ।
ਖ਼ੈਰ, ਇਸ ਗਲ ਦਾ ਚਰਚਾ ਫਿਰ ਕਿਸੇ ਸਮੇਂ ਲਈ ਛੱਡ, ਇਸ ਸਮੇਂ ‘ਖਾਲਿਸਤਾਨ ਦੇ ਸੰਕਲਪ’ ਦੀ ਗਲ ਹੀ ਕਰਨਾ ਚਾਹਵਾਂਗੇ। ਭਾਵੇਂ ਇਸ, ਖ਼ਾਲਿਸਤਾਨ ਦੇ ਸੰਕਲਪ ਨੂੰ ਅੱਜ ਕੁੱਝ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਨੇ ਅਪਨਾ ਲਿਆ ਹੋਇਆ ਹੈ, ਪਰ ਅਸਲ ਵਿੱਚ ਇਸ, ‘ਖ਼ਾਲਿਸਤਾਨ’ ਅਰਥਾਤ ‘ਸਿੱਖ ਹੋਮਲੈਂਡ’ ਦੇ ਸੰਕਲਪ, ਜਿਸ ਰਾਹੀਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ `ਤੇ ਅਹਿਸਤਾ-ਆਹਿਸਤਾ ਪੰਜਾਬ ਨੂੰ ਇੱਕ ਅਜਿਹੇ ਲੰਮੇਂ ਸੰਤਾਪ ਵਲ ਧੱਕਿਆ ਗਿਆ, ਜਿਸਦੇ ਤਾਪ ਤੋਂ ਅਜੇ ਤਕ ਪੰਜਾਬ ਉਭਰ ਨਹੀਂ ਸਕਿਆ, ਦੇ ਕਰਣਧਾਰ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਜਨਰਲ ਸਕੱਤ੍ਰ ਰਹੇ (ਸਵਰਗੀ) ਹਰਕਿਸ਼ਨ ਸਿੰਘ ਸੁਰਜੀਤ ਸਨ, ਜਿਨ੍ਹਾਂ, ਇਹ ਸੰਕਲਪ ਤਿਆਰ ਕਰ ਸਿੱਖ ਨੌਜਵਾਨਾਂ ਦੀ ਝੋਲੀ ਪਾ ਦਿੱਤਾ।
ਇਹ ਗਲ ਉਸ ਸਮੇਂ ਉਭਰ ਕੇ ਸਾਹਮਣੇ ਆਈ, ਜਦੋਂ ਇੱਕ ਪਤ੍ਰਕਾਰ, ਸ਼ਮੀਲ ਵਲੋਂ ਹਰਕਿਸ਼ਨ ਸਿੰਘ ਸੁਰਜੀਤ ਦੇ ਜੀਵਨ ਪੁਰ ਅਧਾਰਤ ਲਿਖੀ ਪੁਸਤਕ ‘ਸਿਆਸਤ ਕਾ ਰੁਸਤਮ-ਏ-ਹਿੰਦ’ ਚਰਚਾ ਵਿੱਚ ਆਈ। ਇਸੇ ਪੁਸਤਕ ਵਿੱਚ ਇਸ ਗਲ ਦਾ ਭੇਦ ਖੋਲ੍ਹਿਆ ਗਿਆ ਕਿ ‘ਸਿੱਖ ਹੋਮਲੈਂਡ’ (ਖ਼ਾਲਿਸਤਾਨ) ਦਾ ਸੰਕਲਪ ਹਰਕਿਸ਼ਨ ਸਿੰਘ ਸੁਰਜੀਤ ਵਲੋਂ ਤਿਆਰ ਕੀਤਾ ਗਿਆ ਸੀ। ਦਸਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਇਹ ਪੁਸਤਕ ਵਿਵਾਦਾਂ ਵਿੱਚ ਘਿਰੀ ਤਾਂ ਇਨ੍ਹਾਂ ਵਿਵਾਦਾਂ ਬਾਰੇ ਇੱਕ ਨਿਜੀ ਟੀਵੀ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨਾਲ ਇੱਕ ਮੁਲਾਕਾਤ ਪ੍ਰਸਾਰਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਇਸ ਗਲ ਨੂੰ ਸਵੀਕਾਰ ਕਰਦਿਆਂ, ਦਸਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਇੱਕ ਮੁੱਖੀ ਸਜਾੱਦ ਜ਼ਹੀਰ ਨੇ ਇੱਕ 34 ਪੰਨਿਆਂ ਦਾ ਦਸਤਾਵੇਜ਼ ਤਿਆਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ‘ਟੂ-ਨੇਸ਼ਨ’ ਦੇ ਸਿਧਾਂਤ ਦੀ ਜ਼ੋਰਦਾਰ ਵਕਾਲਤ ਕਰਦਿਆਂ, ਪਾਕਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਸੀ। ਇਸ ਤੇ ਉਨ੍ਹਾਂ ਨੇ ਪਾਰਟੀ-ਲੀਡਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ, ਪੁਛਿਆ ਸੀ ਕਿ ਪਾਰਟੀ ਦੇ ਇੱਕ ਲੀਡਰ ਦੀਆਂ ਨਜ਼ਰਾਂ ਵਿੱਚ ਹਿੰਦੂ ਅਤੇ ਮੁਸਲਮਾਨ, ਦੋ ਅਲੱਗ-ਅਲੱਗ ਕੌਮਾਂ ਹਨ, ਤਾਂ ਫਿਰ ਸਿੱਖ ਕਿਉਂ ਨਹੀਂ? ਇਸ ਸੁਆਲ ਪੁਰ ਸਲਾਹ-ਮਸ਼ਵਰਾ ਕਰ, ਪਾਰਟੀ ਲੀਡਰਾਂ ਦੀ ਸਹਿਮਤੀ ਨਾਲ, ਉਨ੍ਹਾਂ ‘ਸਿੱਖ ਹੋਮਲੈਂਡ’ (ਖ਼ਾਲਿਸਤਾਨ) ਦਾ, ਸੰਕਲਪ ਪੇਸ਼ ਕੀਤਾ।
ਸੁਆਲ ਉਠਦਾ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਨੇ ‘ਸਿੱਖ ਹੋਮਲੈਂਡ’ ਅਰਥਾਤ ‘ਖ਼ਾਲਿਸਤਾਨ’ ਦਾ ਸੰਕਲਪ ਪੇਸ਼ ਕੀਤੇ ਜਾਣ ਦੇ ਹਕ ਵਿੱਚ ਜੋ ਦਲੀਲ ਦਿੱਤੀ, ਕੀ ਇਸ ਪਿਛੇ ਸਚਮੁਚ ਉਹੀ ਕਾਰਣ ਸੀ ਜਾਂ ਕੁੱਝ ਹੋਰ? ਜੇ ਸਮੇਂ ਦੇ ਹਾਲਾਤ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਇਸ ਪਿਛੇ ਸੱਚਾਈ ਕੁੱਝ ਹੋਰ ਹੀ ਨਜ਼ਰ ਆਉਂਦੀ ਹੈ। ਇਉਂ ਜਾਪਦਾ ਹੈ ਜਿਵੇਂ ਹਰਕਿਸ਼ਨ ਸਿੰਘ ਸੁਰਜੀਤ ਨੇ ਪਾਰਟੀ ਦੇ ਕਿਸੇ ‘ਗੁਪਤ ਏਜੰਡੇ’ ਨੂੰ ਪਿਛੇ ਧੱਕ ਇਹ ਗਲ ਕੀਤੀ ਸੀ।
ਜੇ ਉਨ੍ਹਾਂ ਦਿਨਾਂ ਵਿੱਚ ਕਮਿਊਨਿਸਟ ਪਾਰਟੀਆਂ ਵਲੋਂ ਪੰਜਾਬ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਲਈ ਕੀਤੇ ਜਾਂਦੇ ਰਹੇ ਜਤਨਾਂ ਵਲ ਝਾਤ ਮਾਰੀ ਜਾੲੈ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਕਾਫੀ ਕੌਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਸੀ ਹੋ ਪਾ ਰਹੀਆਂ। ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਪੰਜਾਬ ਦੀ ਧਰਤੀ ਪੁਰ ਸਿੱਖ ਗੁਰੂ ਸਾਹਿਬਾਨ ਨੇ ਜੋ ਉਪਦੇਸ਼-ਸਿਖਿਆਵਾਂ, ਸਦਭਵਾਨਾ, ਸਮਾਨਤਾ, ਏਕਤਾ ਆਦਿ ਦੇ ਸਬੰਧ ਵਿੱਚ ਦਿੱਤੀਆਂ ਹਨ, ਉਹ ਉਨ੍ਹਾਂ ਲਈ ਜ਼ਰਖੇਜ਼ ਜ਼ਮੀਨ ਸਾਬਤ ਹੋਣਗੀਆਂ, ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਇਸਦਾ ਕਾਰਣ ਇਹ ਸੀ ਕਿ ਜਿਥੇ ਕਮਿਊਨਿਜ਼ਮ ਵਿੱਚ ਸਮਾਨਤਾ ਦਾ ਸਿਧਾਂਤ ਇਹ ਮੰਨਿਆ ਜਾਂਦਾ ਹੈ ਕਿ ‘ਜਿਸ ਪਾਸ ਲੋੜ ਤੋਂ ਵੱਧ ਹੈ, ਉਸ ਪਾਸੋਂ ਖੋਹ ਕੇ ਵੰਡ ਲਉ’। ਜਦੋਂ ਖੋਹ-ਖਾਣ ਦਾ ਸੁਭਾਉ ਬਣ ਜਾਏ ਤਾਂ ਮਨੁਖ ਬੇਕਾਰ ਹੋ ਜਾਂਦਾ ਹੈ ਅਤੇ ਬੇਕਾਰ ਮਨੁਖ ਆਪਣੀ ‘ਖੋਹ-ਖਾਣ’ ਦੀ ਆਦਤ ਕਾਰਣ ਸਮਾਜ ਵਿੱਚ ਅਸਥਿਰਤਾ ਅਤੇ ਅਰਾਜਕਤਾ ਦਾ ਵਾਤਾਵਰਣ ਸਿਰਜਣ ਵਲ ਵੱਧਣ ਲਗ ਪੈਂਦਾ ਹੈ, ਇਹ ਸਥਿਤੀ ਕਮਿਊਨਿਜ਼ਮ ਦੇ ਸਿਧਾਂਤ ਨੂੰ ਅਗੇ ਵਧਾਣ ਵਿੱਚ ਸਹਾਇਕ ਹੁੰਦੀ ਹੈ। ਪ੍ਰੰਤੂ ਸਿੱਖ ਗੁਰੂ ਸਾਹਿਬਾਨ ਦਾ ਸਮਾਨਤਾ ਦਾ ਸਿਧਾਂਤ ਇਸਦੇ ਬਿਲਕੁਲ ਉਲਟ ਹੈ। ਉਨ੍ਹਾਂ ਦਾ ਸਿਧਾਂਤ ‘ਖੋਹ ਕੇ ਵੰਡਣ’ ਜਾਂ ‘ਖੋਹ ਖਾਣ’ ਦੇ ਵਿਰੁਧ ‘ਵੰਡ ਖਾਣ’ ਦੇ ਵਿਸ਼ਵਾਸ ਪੁਰ ਅਧਾਰਤ ਹੈ। ਇਸਦੇ ਨਾਲ ਹੀ ਸਿੱਖ ਗੁਰੂ ਸਹਿਬਾਨ ਦਾ ਸਿਧਾਂਤ ਬੇਕਾਰ (ਬੇਰੁਜ਼ਗਾਰ) ਬਣੇ ਰਹਿਣ ਦੇ ਵੀ ਵਿਰੁਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਇੱਕ ਵਿਅਕਤੀ ਨੂੰ ਕਿਰਤ (ਕੰਮ) ਕਰਨੀ ਚਾਹੀਦੀ ਹੈ। ਇਸਤਰ੍ਹਾਂ ਉਹ ਜੋ ਕਮਾਏ ਉਸ ਵਿਚੋਂ ਇੱਕ ਹਿਸਾ, ਜਿਸਨੂੰ ਸਿੱਖੀ ਵਿੱਚ ‘ਦਸਵੰਧ’ ਮੰਨਿਆ ਜਾਂਦਾ ਹੈ, ਉਨ੍ਹਾਂ ਲੋਕਾਂ ਵਿੱਚ ਵੰਡੇ ਜਿਨ੍ਹਾਂ ਪਾਸ, ਲੋੜ ਤੋਂ ਘਟ ਹੈ। ਇਸਤਰ੍ਹਾਂ ਦੇ ਆਚਰਣ ਕਾਰਣ ਇੱਕ-ਦੂਜੇ ਪ੍ਰਤੀ ਦਵੈਸ਼ ਭਾਵਨਾ (ਈਰਖਾ) ਪੈਦਾ ਹੋਣ ਦੀ ਬਜਾਏ, ਆਪਸੀ ਸਦਭਾਵਨਾ ਅਤੇ ਪਿਆਰ-ਭਾਵਨਾ ਦ੍ਰਿੜ੍ਹ ਹੋਵੇਗੀ। ਇਸ ਤੋਂ ਬਾਅਦ ਵਿਅਕਤੀ ਪ੍ਰਭੂ ਭਗਤੀ ਕਰੇ ਅਰਥਾਤ ਨਾਮ ਜਪੇ। ਸਿੱਖ ਧਰਮ ਦੇ ਇਹੀ, ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ, ਦੇ ਸਿਧਾਂਤ ਹੀ ਹਨ, ਜੋ ਕਮਿਊਨਿਜ਼ਮ ਦੇ ਪੰਜਾਬ ਵਿੱਚ ਵੱਧਣ-ਫੁਲਣ ਵਿੱਚ ਰੁਕਾਵਟ ਬਣਦੇ ਚਲੇ ਆ ਰਹੇ ਹਨ।
ਮੰਨਿਆ ਜਾਂਦਾ ਹੈ ਕਿ ਜਦੋਂ ਕਮਿਊਨਿਸਟ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ, ਤਾਂ ਉਨ੍ਹਾਂ ਅਜਿਹੇ ਹਾਲਾਤ ਪੈਦਾ ਕਰਨ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿਤੇ, ਜੋ ਧਾਰਮਕ ਵਿਸ਼ਵਾਸ ਦੀ ਪ੍ਰੀਭਾਸ਼ਾ ਬਦਲ, ਉਨ੍ਹਾਂ ਦਾ ਰਸਤਾ ਆਸਾਨ ਬਣਾ ਸਕਣ। ਸ਼ਾਇਦ ਇਸੇ ਉਦੇਸ਼ ਦੀ ਪੂਰਤੀ ਲਈ ਹਰਕਿਸ਼ਨ ਸਿੰਘ ਸੁਰਜੀਤ ਨੇ ‘ਸਿੱਖ ਹੋਮਲੈਂਡ’ ਅਰਥਾਤ ‘ਖਾਲਿਸਤਾਨ’ ਦਾ ਸੰਕਲਪ ਤਿਆਰ ਕਰ, ਆਪਣੇ ਆਗੂਆਂ ਸਾਹਮਣੇ ਰਖਿਆ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਸ ਸੰਕਲਪ ਨੂੰ ਅਪਨਾ ਕੇ ਸਿੱਖ, ਵਿਸ਼ੇਸ਼ ਕਰ ਸਿੱਖ ਨੌਜਵਾਨ, ਜਿਨ੍ਹਾਂ ਦਾ ਮਨੁੱਖੀ ਸਮਾਨਤਾ ਅਤੇ ਸਦਭਵਾਨਾ ਵਿੱਚ ਭਰੋਸਾ ਹੈ ਅਤੇ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਦਸੇ ਰਸਤੇ ਪੁਰ ਚਲਦੇ, ਜਬਰ-ਜ਼ੁਲਮ ਵਿਰੁਧ ਜੂਝਦੇ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਦਿਆਂ ਆਪਣੀਆਂ ਸ਼ਹੀਦੀਆਂ ਦਿੰਦਿਆਂ, ਵਿਸ਼ਵ ਸਮਾਜ ਵਿੱਚ ਆਪਣੀ ਸਨਮਾਨਤ ਅਤੇ ਸਤਿਕਾਰਤ ਥਾਂ ਬਣਾਈ ਚਲੇ ਆ ਰਹੇ ਹਨ, ਗੁਰੂ ਸਾਹਿਬਾਂ ਦੇ ਸਿਧਾਂਤ ਤੋਂ ਭਟਕ, ਭਾਰਤੀ ਸਮਾਜ ਤੋਂ ਪੂਰੀ ਤਰ੍ਹਾਂ ਅਲਗ-ਥਲਗ ਪੈ ਜਾਣਗੇ।
ਜਾਪਦਾ ਹੈ ਕਿ ਇਹ ਗਲ ਹਰਕਿਸ਼ਨ ਸਿੰਘ ਸੁਰਜੀਤ ਦੀ ਪਾਰਟੀ ਦੇ ਆਗੂਆਂ ਦੀ ਸਮਝ ਵਿੱਚ ਆ ਗਈ ਅਤੇ ਉਨ੍ਹਾਂ (ਹਰਕਿਸ਼ਨ ਸਿੰਘ ਸੁਰਜੀਤ) ਨੂੰ ਇਹ ਸੰਕਲਪ ਪੇਸ਼ ਕਰਨ ਦੀ ਮੰਨਜ਼ੂਰੀ ਦੇ ਦਿਤੀ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖ ਨੌਜਵਾਨਾਂ ਵਿੱਚ ‘ਸਿੱਖ ਹੋਮਲੈਂਡ’ ਅਰਥਾਤ ‘ਖਾਲਿਸਤਾਨ’ ਦੇ ਸੰਕਲਪ ਪ੍ਰਤੀ ਆਸਥਾ ਪੈਦਾ ਕਰ, ਉਨ੍ਹਾਂ ਦੇ ਦਿਲ ਵਿੱਚ ਸੱਤਾ ਲਾਲਸਾ ਨੂੰ ਸਥਾਪਤ ਕੀਤਾ ਜਾ ਸਕੇਗਾ ਅਤੇ ਉਹ ਇਸ ਲਾਲਸਾ ਨੂੰ ਪੂਰਿਆਂ ਕਰਨ ਲਈ, ਕਿਸੇ ਵੀ ਹਦ ਤਕ ਜਾਣ ਨੂੰ ਤਿਆਰ ਹੋ ਜਾਣਗੇ।
ਹਾਂਲਾਂਕਿ ਇਹ ਗਲ ਸਪਸ਼ਟ ਹੋ ਚੁਕੀ ਹੋਈ ਹੈ ਕਿ ਧਰਮ ਦੇ ਨਾਂ ਤੇ ਸਥਾਪਤ ਹਕੂਮਤਾਂ ਕਿਧਰੇ ਵੀ ਸਫਲ ਨਹੀਂ ਹੋ ਸਕੀਆਂ, ਕਿਉਂਕਿ ਧਰਮ ਦੇ ਨਾਂ ਤੇ ਰਾਜ ਕਰਨ ਵਾਲਿਆਂ ਵਿੱਚ ਕਟੱੜਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਰਸਤੇ ਪੁਰ ਚਲਦਿਆਂ ਉਹ ਸੱਤਾ ਨੂੰ ਕਾਇਮ ਕਰਨ, ਉਸਦਾ ਵਿਸਥਾਰ ਕਰਨ ਅਤੇ ਉਸਨੂੰ ਬਣਾਈ ਰਖਣ ਲਈ ਜਬਰ-ਜ਼ੁਲਮ ਅਤੇ ਅਨਿਆਇ ਦਾ ਹਥਿਆਰ ਅਪਨਾ ਲੈਂਦੇ ਹਨ, ਜੋ ਕਿ ਦੇਸ਼ ਵਿੱਚ ਅਰਾਜਕਤਾ ਅਤੇ ਬਗ਼ਾਵਤ ਦੇ ਬੀਜ ਬੋ ਦਿੰਦਾ ਹੈ। ਇਸ ਸਮੇਂ ਕਈ ਦੇਸ਼ਾਂ ਵਿੱਚ ਮੁਸਲਿਮ ਸਾਮਰਾਜ ਕਾਇਮ ਹਨ, ਪ੍ਰੰਤੂ ਜਿਸ ਮੁਸਲਿਮ ਦੇਸ਼ ਵਿੱਚ ਕੱਟੜਵਾਦ ਜਾਂ ਤਾਨਾਸ਼ਾਹੀ ਦਾ ਰਾਹ ਅਪਨਾਇਆ ਗਿਆ, ਉਥੇ ਹੀ ਬਗ਼ਾਵਤਾਂ ਜਨਮ ਲੈ ਰਹੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਹਿ-ਯੁੱਧ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਮੇਂ ਸਾਰੇ ਸੰਸਾਰ ਵਿੱਚ ਹੀ ਅਜਿਹਾ ਵਾਤਾਵਰਣ ਬਣ ਚੁਕਾ ਹੈ, ਕਿ ਕੋਈ ਵੀ ਦੇਸ਼, ਕੌਮ, ਜਾਤੀ ਜਾਂ ਫਿਰਕਾ ਅਜਿਹਾ ਨਹੀਂ, ਜੋ ਆਪਣੀਆਂ ਸਾਰੀਆਂ ਲੋੜਾਂ ਆਪ ਪੂਰਿਆਂ ਕਰਨ ਦੇ ਸਮਰਥ ਹੋਵੇ ਅਤੇ ਉਸਨੂੰ ਕਿਸੇ ਦੂਸਰੇ ਪੁਰ ਨਿਰਭਰ ਨਾ ਰਹਿਣਾ ਪੈਂਦਾ ਹੋਵੇ। ਇਹੀ ਕਾਰਣ ਹੈ ਕਿ ਅੱਜ ਸੰਸਾਰ ਵਿੱਚ ਕਿਧਰੇ ਵੀ ਕਟੱੜਵਾਦ ਲਈ ਕੋਈ ਥਾਂ ਨਹੀਂ ਰਹਿ ਗਈ ਹੋਈ ਅਤੇ ਨਾ ਹੀ ਧਰਮ ਦੇ ਨਾਂ ਤੇ ਸੱਤਾ ਚਲਾਣ ਵਾਲਿਆਂ ਦਾ ਕੋਈ ਭਵਿਖ ਰਹਿ ਗਿਆ ਹੋਇਆ ਹੈ।
ਅਜੌਕੀ ਸਿੱਖ ਸਥਿਤੀ: ਅੱਜ ਸਿੱਖਾਂ ਦੀ ਜੋ ਸਥਿਤੀ ਹੈ, ਜੇ ਉਸਦੀ ਹੀ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਅਕਾਲੀ ਮੁੱਖੀਆਂ ਦਾ ਆਪੋ ਵਿੱਚ ਇਕੱਠੇ ਰਹਿਣਾ ਤਾਂ ਦੂਰ ਰਿਹਾ, ਆਪੋ-ਵਿੱਚ ਮਿਲ ਬੈਠਣਾ ਤਕ ਵੀ ਸੰਭਵ ਨਹੀਂ ਰਹਿ ਗਿਆ ਹੋਇਆ। ਜਦੋਂ ਵੀ ਇਨ੍ਹਾਂ ਅਕਾਲੀ ਮੁੱਖੀਆਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਬੀਤੇ ਲੰਮੇਂ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੱਜ ਕਿਤਨੇ ਅਕਾਲੀ ਦਲ ਹੋਂਦ ਵਿੱਚ ਹਨ ਅਤੇ ਕਿਤਨੇ ਭਵਿਖ ਦੇ ਗ਼ਰਭ ਵਿੱਚ ਸਮਾ ਗਏ ਹੋਏ ਹਨ, ਉਨ੍ਹਾਂ ਦੇ ਨਾਂ ਦਸ ਪਾਣਾ ਤਾਂ ਦੂਰ ਰਿਹਾ, ਉਨ੍ਹਾਂ ਦੀ ਗਿਣਤੀ ਤਕ ਕਰ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ।
ਇਹ ਸਥਿਤੀ ਰਾਜਨੈਤਿਕ ਖੇਤ੍ਰ ਦੀ ਹੈ। ਧਾਰਮਕ ਖੇਤ੍ਰ ਵਿੱਚ ਵੀ ਇਸ ਨਾਲੋਂ ਕੋਈ ਵਖਰੀ ਸਥਿਤੀ ਨਹੀਂ। ਛੋਟੀ ਜਿਹੀ ਸਿੰਘ ਸਭਾ, ਜੋ ਆਪਣੇ ਇਲਾਕੇ ਦੇ ਇੱਕ ਛੋਟੇ ਜਿਹੇ ਗੁਰਦੁਆਰੇ ਦਾ ਹੀ ਪ੍ਰਬੰਧ ਸੰਭਾਲਦੀ ਹੈ, ਵਿੱਚ ਜਦੋਂ ਉਸਦੇ ਪ੍ਰਬੰਧਕਾਂ ਵਿੱਚ ਕਿਸੇ ਗਲ ਤੇ ਵੀ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਇੱਕ ਨਵੀਂ ਸਿੰਘ ਸਭਾ ਜਨਮ ਲੈ ਲੈਂਦੀ ਹੈ। ਫਲਸਰੂਪ ਛੋਟੀਆਂ-ਛੋਟੀਆਂ ਕਾਲੌਨੀਆਂ ਵਿੱਚ ਇਕੋ ਹੀ ਸੜਕ ਤੇ ਸਥਿਤ ਕਈ ਗੁਰਦੁਆਰੇ ਨਜ਼ਰ ਆਉਣ ਲਗਦੇ ਹਨ।
ਹਾਲਾਂਕਿ ਗਲ ਕੁੱਝ ਚੁਭਣ ਵਾਲੀ ਹੈ, ਪਰ ਹੈ ਸੱਚ! ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜ਼ੁਲਮ ਵਿਰੁਧ ਸੰਘਰਸ਼ ਅਤੇ ਅਨਿਆਇ (ਬੇਇਨਸਾਫੀ) ਦਾ ਵਿਰੋਧ ਕਰ, ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦਾ ਜੋ ਸੰਕਲਪ ਦਿੱਤਾ ਹੈ, ਉਹ ਸੱਤਾ ਨਾਲ ਉਸਦੀ ਗੋਟੀ ਨਹੀਂ ਬਿਠਾਂਦਾ। ਇਤਿਹਾਸ ਗੁਆਹ ਹੈ ਕਿ ਸਿੱਖਾਂ ਦਾ ਸੱਤਾ ਨਾਲ ਸਦਾ ਹੀ ਟਕਰਾਉ ਚਲਦਾ ਆਇਆ ਹੈ। ਜਦੋਂ ਉਹ ਆਪ ਸੱਤਾ ਵਿੱਚ ਹੁੰਦੇ ਹਨ ਤਾਂ ਆਪੋ ਵਿੱਚ ਹੀ ਸਿੰਗ ਫਸਾ ਲੈਂਦੇ ਹਨ। ਅਜਿਹੀ ਦਸ਼ਾ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਕਿਵੇਂ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਦੀ ਕਸੌਟੀ ਪੁਰ ਪੂਰਾ ਉਤਰ ਸਕਦਾ ਹੈ?
…ਅਤੇ ਅੰਤ ਵਿੱਚ: ਫਿਰ ਵੀ ਇਸ ਸੰਕਲਪ ਨੇ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਅਤੇ ਇਸ ਵਿੱਚ ਮੱਧ-ਮਾਰਗੀ ਅਖਵਾਉਂਦੇ ਸਿੱਖ ਆਗੂਆਂ ਨੇ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਉਨ੍ਹਾਂ ਸੱਤਾ-ਲਾਲਸਾ ਦੇ ਸ਼ਿਕਾਰ ਹੋ, ਸਿੱਖ ਧਰਮ ਦੀਆਂ ਉਨ੍ਹਾਂ ਮਾਨਤਾਵਾਂ, ਸਿਧਾਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਭੁਲਾ ਦਿਤਾ ਜਾਂ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਥਾਪਤ ਕੀਤਾ ਸੀ। ਸਿੱਖ ਨੌਜਵਾਨਾਂ ਦੇ ਦਿਲ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਪੈਦਾ ਕਰ, ਉਨ੍ਹਾਂ ਨੂੰ ਅਜਿਹੇ ਰਸਤੇ ਪੁਰ ਪਾ ਦਿਤਾ, ਜੋ ਨਾ ਕੇਵਲ ਉਨ੍ਹਾਂ ਨੂੰ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਭਟਕਾ ਕੇ ਲੈ ਗਿਆ, ਸਗੋਂ ਉਨ੍ਹਾਂ ਨੂੰ ਭਾਰਤੀ ਸਮਾਜ ਤੋਂ ਵੀ ਅਲਗ-ਥਲਗ ਕਰਦਾ ਚਲਿਆ ਗਿਆ।