ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਪੰਥਿਕ ਲੀਡਰਾਂ ਨੂੰ ਬੇਨਤੀ !
ਪੰਥਿਕ ਲੀਡਰਾਂ ਨੂੰ ਬੇਨਤੀ !
Page Visitors: 2640

    ਪੰਥਿਕ ਲੀਡਰਾਂ ਨੂੰ ਬੇਨਤੀ !

     ਪੰਥ ਦੇ ਸਤਿਕਾਰ ਯੋਗ ਲੀਡਰੋ ,

                               ਵਾਹਿਗੁਰੂ ਜੀ ਕਾ ਖਾਲਸਾ    ਵਾਹਿਗੁਰੂ ਜੀ ਕੀ ਫਤਿਹ

         ਦੁਨੀਆ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ , ਵਿਦੇਸ਼ਾਂ ਵਿਚ ਵੱਸਦੇ ਕੁਝ ਸਿੱਖ , ਸਮੇ ਦੇ ਹਾਣੀ ਬਣਨ ਦਾ ਪੁਰ-ਜ਼ੋਰ ਉਪਰਾਲਾ ਕਰ ਰਹੇ ਹਨ , ਜਿਸ ਦੀ ਬਦੌਲਤ ਪੰਥ ਦੀ ਹਾਲਤ ਬਾਰੇ , ਦੁਨੀਆ ਕੁਝ-ਕੁਝ ਜਾਣੂ ਹੋ ਰਹੀ ਹੈ , ਜਿਸ ਆਸਰੇ ਹਾਲਤ ਸੁਧਰਨ ਦੀ ਕੁਝ ਆਸ ਵੀ ਬੱਝਦੀ ਹੈ ।    
 ਦੂਸਰੇ ਪਾਸੇ ਪੰਜਾਬ ਵਿਚ ਤੁਹਾਡੀਆਂ ਅੱਖਾਂ ਸਾਹਵੇਂ , ਪੰਥ ਨਾਲ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ , ਜਿਸ ਨੂੰ ਵੇਖਦਿਆਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਅਕਾਲ ਤਖਤ ਦਾ ਕਿਹਾ ਜਾਂਦਾ ਜਥੇਦਾਰ , ਲਾਲਚ ਦੀ ਗੰਦਗੀ ਦੀ ਦਲਦਲ ਵਿਚ ਨੱਕ ਤਕ ਡੁੱਬ ਚੁੱਕਾ ਹੈ , ਸਿੱਖਾਂ ਨੂੰ ਬਲੈਕ-ਮੇਲ ਕਰਨਾ ਅਤੇ ਉਗ੍ਰਾਹੀ ਕਰਨੀ , ਉਸ ਦਾ ਪੇਸ਼ਾ ਬਣ ਚੁੱਕਾ ਹੈ ।(ਜੋ ਉਹ ਬਾਦਲ ਦੀ ਸਰ-ਪ੍ਰਸਤੀ ਹੇਠ , ਧੜੱਲੇ ਨਾਲ ਕਰ ਰਿਹਾ ਹੈ) ਇਹੀ ਕੰਮ ਕਿਸੇ ਵੇਲੇ ਈਸਾਈ ਪਾਦਰੀਆਂ ਅਤੇ ਪੋਪ ਦਾ ਹੁੰਦਾ ਸੀ , ਉਨ੍ਹਾਂ ਤਾਂ ਪ੍ਰੋਟੈਸਟ ਰਾਹੀਂ ,ਉਸ ਸਿਸਟਮ ਨੂੰ ਬਹੁਤ ਹੱਦ ਤਕ ਬਦਲ ਲਿਆ ਹੈ ,  ਪਰ ਤੁਸੀਂ ਤਾਂ ਉੱਚਾ ਸਾਹ ਵੀ ਨਹੀਂ ਲੈਂਦੇ (ਸ਼ਾਇਦ ਮਰਨ ਤੋਂ ਡਰਦੇ ਹੋਵੋ ?) ਇਵੇਂ ਹੀ ਗੁਰਚਰਨ ਸਿੰਘ ਟੌਹੜਾ ਵੀ ਮਰਨ ਤੋਂ ਬਹੁਤ ਡਰਦਾ ਸੀ , ਦਰਬਾਰ ਸਾਹਿਬ ਵਿਚੋਂ ਪੰਥ ਨੂੰ ਦਗਾ ਦੇ ਕੇ ਹੀ ਨਿਕਲਿਆ ਸੀ । ਪਰ ਜਦ ਮੌਤ ਆ ਜਾਂਦੀ ਹੈ , ਫਿਰ ਕੋਈ ਨਹੀਂ ਬਚਦਾ । ਦੇਖਿਆ ਸੀ ? ਜਦ ਸਰੋਵਰ ਦੀ ਕਾਰ-ਸੇਵਾ ਵੇਲੇ , ਜਮਦੂਤਾਂ ਦੇ ਵੱਸ ਪੈ ਗਿਆ ਤਾਂ ਇਹੀ ਪੁੱਛਦਾ ਮਰ ਗਿਆ ਕਿ “ ਤੁਸੀਂ ਕੀ ਕਰ ਰਹੇ ਹੋ ? ਮੈਨੂੰ ਕਿੱਥੇ ਲੈ ਚੱਲੇ ਹੋ ? ” ।
    ਸ਼ਰੋਮਣੀ ਕਮੇਟੀ ਦਾ ਪ੍ਰਧਾਨ , ਪੈਸਿਆਂ ਪਿੱਛੇ , ਜ਼ਲਾਲਤ ਦੀਆਂ ਸਾਰੀਆਂ ਹੱਦਾਂ ਟੱਪ ਕੇ (ਬਾਦਲ ਦੇ ਇਸ਼ਾਰੇ ਤੇ) ੍ਰ.ਸ਼.ਸ਼. ਨੂੰ ਖੁਸ਼ ਕਰਨ ਲਈ , ਅਕਾਲ-ਤਖਤ ਵਿਖੇ ਵੀ , ਕ੍ਰਿਪਾਨ ਤੇ ਪਾਬੰਦੀ ਲਾਉਣੌਂ ਜ਼ਰਾ ਵੀ ਨਹੀਂ ਝਿਜਕਦਾ । ਜੇ ਸਿੱਖਾਂ ਦਾ ਧਾਰਮਿਕ ਲੀਡਰ ਹੀ ਕ੍ਰਿਪਾਨ ਤੇ ਪਾਬੰਦੀ ਲਾਵੇਗਾ ਤਾਂ ਸਰਕਾਰ ਨੂੰ ਕ੍ਰਿਪਾਨ ਤੇ ਪਾਬੰਦੀ ਲਾਉਣੋ ਕੌਣ ਰੋਕ ਲਵੇਗਾ ?
    ਬਾਦਲ ਤਾਂ ਪੰਥ ਨੂੰ , ਸਮੇਤ ਅਕਾਲ-ਤਖਤ ਅਤੇ ਸ਼ਰੋਮਣੀ ਕਮੇਟੀ ਦੇ  ੍ਰ.ਸ਼.ਸ਼, ਹੱਥ ਵੇਚ ਚੁੱਕਾ ਹੈ । ਜਿਸ ਦੇ ਇਵਜ਼ ਅੱਜ ਉਸ ਕੋਲ ਏਨੀ ਮਾਇਆ ਹੈ , ਜਿਸ ਦਾ ਹਿਸਾਬ ਲਾਉਣਾ ਵੀ ਸੌਖਾ ਨਹੀਂ ।
    ਆਖਰ ਇਹ ਸਾਰਾ ਕੁਝ ਕਦ ਤਕ ਚਲਦਾ ਰਹੇਗਾ ?
  ਮੈਂ ਸਿਰਫ ਏਨਾ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਮਸਲ੍ਹੇ ਸੁਲਝਾਉਣ ਲਈ ਕੀ ਉਪਰਾਲਾ ਕਰ ਰਹੇ ਹੋ ? ਪੰਥ ਦਾ ਜੋ ਵੀ ਮਸਲ੍ਹਾ ਵਿਗੜਦਾ ਹੈ , ਉਸ ਨੂੰ ਸਵਾਰਨ ਲਈ ਸਾਰੇ ਸਿੱਖ ਅਤੇ ਸਾਰੀਆਂ ਜਥੇਬੰਦੀਆਂ , ਕੁਰੱਪਟ ਅਤੇ ਸਿੱਖੀ ਤੋਂ ਗਿਰੇ ਹੋਏ ਗਿਆਨੀ ਗੁਰਬਚਨ ਸਿੰਘ ਅੱਗੇ ਹੀ ਗੋਡਿਆਂ ਪਰਨੇ ਕਿਉਂ ਹੁੰਦੇ ਹਨ ? ਕੀ ਅੱਜ-ਤਕ ਉਸ ਨੇ ਕੋਈ ਵੀ ਮਸਲ੍ਹਾ ਹੱਲ ਕੀਤਾ ਹੈ ?  ਕੀ ਤੁਸੀਂ ਨਹੀਂ ਜਾਣਦੇ ਕਿ ਹਿੰਦੀ ਦੀ ਕਿਤਾਬ “ ਸਿੱਖ ਇਤਿਹਾਸ ” ਇਨ੍ਹਾਂ ਸਾਰਿਆਂ ਦੀ ਮਿਲੀ ਭੁਗਤ ਨਾਲ ਛਪੀ ਸੀ ? ਕੀ ਤੁਸੀਂ ਅੱਜ ਤਕ ਇਹ ਪਤਾ ਕਰ ਸਕੇ ਹੋ ਕਿ ਇਹ ਕਿਤਾਬ ਕਿਸ ਨੇ ਛਪਵਾਈ ਸੀ ? ਕਿਸ ਦੀ ਇਜਾਜ਼ਤ ਨਾਲ ਛਪੀ ਸੀ ? ਉਸ ਦਾ ਖਰਚਾ ਕਿਸ ਮੱਦ ਚੋਂ ਕੀਤਾ ਗਿਆ ਸੀ ? ਜੇ ਇਹ ਸਾਰਾ ਕੁਝ ਸ਼ਰੋਮਣੀ ਕਮੇਟੀ ਨੇ ਨਹੀਂ ਕੀਤਾ ਤਾਂ ਮੱਕੜ ਇਹ ਕਿਉਂ ਨਹੀਂ ਦਸਦਾ ਕਿ ਇਹ ਕਾਰਾ ਕਿਸ ਨੇ ਕੀਤਾ ਹੈ ? ਅਤੇ ਮੱਕੜ ਨੇ ਉਸ ਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ ? ਕੀ ਤੁਸੀਂ ਇਹ ਸਾਰਾ ਕੁਝ ਨਹੀਂ ਵੇਖਦੇ ? ਕੀ ਇਹ ਤੁਹਾਡਾ ਕੰਮ ਨਹੀਂ ਹੈ ?  ਕਿਸੇ ਵੇਲੇ ਸਿੱਖ ਬੜੇ ਜਜ਼ਬੇ ਨਾਲ ਗਾਇਆ ਕਰਦੇ ਸਨ “ ਸਿਰ ਦਿੱਤਿਆਂ ਬਾਝ ਨਹੀਂ ਰਹਣਾ , ਪੰਥ , ਸਿਰ ਦਿੱਤਿਆਂ ਬਾਝ ਨਹੀਂ ਰਹਣਾ ”  ਅੱਜ ਸਿਰ ਦੇਣ ਵਾਲਾ ਤਾਂ ਕੋਈ ਦਿਸਦਾ ਨਹੀਂ , ਸਾਰੇ ਹੀ ਪੰਥ ਦਾ ਨਾਂ ਜਾਤੀ ਗਰਜ਼ ਲਈ ਵਰਤਦੇ ਦਿਸਦੇ ਹਨ ।
    ਕੀ ਇਹ ਸੰਭਵ ਨਹੀਂ ਹੈ ਕਿ ਤੁਸੀਂ ਸਾਰੇ ਆਪਣੀ ਢਾਈ ਪਾਉ ਦੀ ਖਿਚੜੀ , ਇਕ ਥਾਂ ਕਰ ਕੇ , ਉਸ ਨੂੰ ਗੁਰੂ ਕਾ ਲੰਗਰ ਬਣਾ ਲਵੋ ? ਇਸ ਨਾਲ ਤੁਸੀਂ ਸਾਰੇ ਗੁਰਮਤਿ ਸਿਧਾਂਤ ਨਾਲ ਤਾਂ ਜੁੜੋਗੇ । ਜੇ ਤੁਹਾਡੇ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ ਤਾਂ ਤੁਸੀਂ ਇਹ ਹੀ ਦੱਸ ਦੇਵੋ ਕਿ ਤੁਹਾਨੂੰ ਕਿਸ ਖਾਤੇ ਵਿਚ ਸਮਝਿਆ ਜਾਵੇ ? ਜੇ ਇਹ ਵੀ ਨਹੀਂ ਦੱਸ ਸਕਦੇ ਅਤੇ ਲੀਡਰੀ ਛੱਡਣ ਨੂੰ ਵੀ ਤਿਆਰ ਨਹੀਂ ਤਾਂ ਪੰਥ ਨੂੰ ਇਹ ਪੁੱਛਣ ਦਾ ਹੱਕ ਤਾਂ ਹੈ ਹੀ ਕਿ ,
         ਤੂੰ ਇਧਰ-ਉਧਰ ਕੀ ਬਾਤ ਨਾ ਕਰ , ਯਿਹ ਬਤਾ ਕਿ ਕਾਫਲਾ ਕਿਉਂ ਲੁਟਾ ?
             ਹਮੇ ਰਾਹਜ਼ਨੀ ਕਾ ਗਮ ਨਹੀਂ , ਤੇਰੀ ਰਹਿਬਰੀ ਕਾ ਸਵਾਲ ਹੈ ।
  ਕਿਉਂਕਿ ਕਾਫਲਾ ਤੁਹਾਡੀ ਰਹਿਬਰੀ ਵਿਚ ਹੀ ਲੁਟਿਆ ਜਾ ਰਿਹਾ ਹੈ , ਇਸ ਲਈ ਪੰਥ ਬੜੀ ਛੇਤੀ ਹੀ ਤੁਹਾਡੇ ਤੇ ਇਹ ਸਵਾਲ ਕਰਨ ਵਾਲਾ ਹੈ , ਉਸ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਪਰਵਾਰਾਂ ਵੱਲ ਵੇਖੋ , ਉਨ੍ਹਾਂ ਸਿੱਖਾਂ ਵੱਲ ਝਾਤੀ ਮਾਰੋ , ਜਿਹੜੈ ਤੁਹਾਡੇ ਵੇਖਦੇ-ਵੇਖਦੇ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋ ਗੲੈ । ਕੀ ਉਹ ਕਿਸੇ ਨਿੱਜੀ ਸਵਾਰਥ ਲਈ ਬਰਬਾਦ ਹੋਏ ? ਜੇ ਉਹ ਸਿਰਫ ਸਿੱਖ ਹੋਣ ਕਰ ਕੇ ਹੀ ਬਰਬਾਦ ਹੋਏ , ਤਾਂ ਤੁਹਾਡੀ (ਸਿੱਖ ਲੀਡਰ ਹੋਣ ਨਾਤੇ)  ਉਨ੍ਹਾਂ ਪ੍ਰਤੀ ਕੋਈ ਜ਼ਿਮੇਵਾਰੀ ਨਹੀਂ ? ਜੇ ਹੈ ਤਾਂ ਤੁਸੀਂ ਕੀ ਕੀਤਾ ?
   ਅਜੇ ਵੀ ਮਿਲ ਬੈਠੋ , ਮਰਦਾਂ ਵਾਙ ਮਰਨ ਦਾ ਉਪ੍ਰਾਲਾ ਕਰ ਲਵੋ , ਨਹੀਂ ਤਾਂ ਗੀਧੀਆਂ ਦੀ ਮੌਤ ਤਾਂ ਤੁਸੀ ਮਰਨਾ ਹੀ ਹੈ । ਗੀਧੀ ਕਿਸ ਨੂੰ ਕਹਿੰਦੇ ਹਨ ? ਕਿਸੇ ਝਾਂਗੀ ਕੋਲੋਂ ਪੁੱਛ ਵੇਖੋ , ਸ਼ਾਇਦ ਤੁਹਾਨੂੰ ਕੁਝ ਸ਼ਰਮ ਆ ਜਾਵੇ ਅਤੇ ਤੁਸੀਂ ਪੰਥ ਦੇ ਲੇਖੇ ਲਗ ਜਾਵੋ ।  

                                           ਬੇਨਤੀ ਕਰਤਾ
                                       ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.