ਬਗਲੇ ਦੀ ਸਮਾਧੀ ਬੜੀ ਮੰਨੀ-ਦੰਨੀ ਹੈ। ਇੱਕ ਲਿਵ ਹੋ ਕੇ ਬੈਠਣਾ ਕੋਈ ਸੌਖਾ ਨਹੀਂ। ਇੱਕ ਸਾਰ! ਅੱਖ ਤੱਕ ਨਹੀਂ ਝਪਕਦਾ। ਰੋਮ ਰੋਮ ਖੜੋਤ ਵਿਚ ਹੁੰਦਾ। ਇਕਾਗਰ! ਇਨਾ ਇਕਾਗਰ? ਸਾਹ ਚਲਦਾ ਵੀ ਸੁਣੇ!
ਬਾਬੇ ਵੀ ਤਾਂ ਇਹੀ ਕਹਿੰਦੇ ਤੱਪ ਕਰਨੇ ਕਿਤੇ ਸੌਖੇ ਨਹੀਂ। ਇਕਾਗਰ ਹੋਣਾ ਖਾਲਾ ਜੀ ਦਾ ਵਾੜਾ? ਦੁਨੀਆਂ ਤੋਂ ਪਰੇ ਭੋਰੇ ਵਿਚ ਵੜ ਬੈਠਣਾ ਬਹੁਤ ਔਖਾ। ਠੀਕ ਹੀ ਕਹਿੰਦੇ। ਬਹੁਤ ਔਖਾ ਭਾਈ ਰੱਬ ਦਾ ਨਾਂ ਲੈਣਾ। ਸੱਚਾ ਨਾਂ ਜਪਣਾ ਬਹੁਤ ਔਖਾ। ਉਹ ਤਾਂ ‘ਬਾਬਾ ਜੀ’ ਦੇ ਹੀ ਹਿੱਸੇ ਆਇਆ। ਪਿੱਛਲੇ ਕਈ ਜਨਮਾ ਦਾ ਤੱਪ ਹੈ ਜੀ! ਕਿਤੇ ਇੱਕ ਜਨਮ ਦੀ ਖੇਡ ਥੋੜੋਂ!
ਬਗਲਾ ਅਪਣੀ ਸਮਾਧੀ ਵਿਚ ਮੰਨਿਆ ਹੋਇਆ ਹੈ। ਹੈਰਾਨ ਕਰ ਦੇਣ ਵਾਲੀ ਸਮਾਧੀ। ਇੱਕ ਲੱਤ ਉਪਰ ਸਮਾਧੀ। ਕੋਈ ਲਾ ਕੇ ਦਿਖਾਵੇ ਇੱਕ ਲੱਤ ਉਪਰ ਸਮਾਧੀ। ਪਰ ਬਗਲਾ ਕਰਦਾ ਕੀ ਹੈ? ਉਸ ਦੀ ਸਮਾਧੀ ਦਾ ਪ੍ਰਯੋਜਨ ਕੀ ਹੈ। ਉਹ ਰੱਬ ਲਈ ਸਮਾਧੀ ਲਾਉਂਦਾ?
ਇੱਕ ਬੰਦਾ ਪੱਥਰ ਅੱਗੇ, ਸਿੱਲ ਅਗੇ ਸਮਾਧੀ ਲਾਈ ਬੈਠਾ ਹੈ। ਇਕ ਸਾਰ ਸਮਾਧੀ। ਅੱਖਾਂ ਬੰਦ, ਸਾਹ ਰੁੱਕੇ ਹੋਏ ਮਜਾਲ ਕਿਤੇ ਹਿੱਲ ਜਾਏ। ਸਿੱਲ ਖਮੋਸ਼ ਹੈ। ਚੁੱਪ! ਸਿਲ ਕੀ ਹੋਈ ਜੇ ਬੋਲ ਗਈ, ਪਰ ਸਮਾਧੀ ਵਾਲਾ?
ਬਗਲਾ ਸਮਾਧੀ ਲਾਈ ਬੈਠਾ ਹੈ। ਇੱਕ ਅੱਖ ਖੁਲ੍ਹੀ ਇੱਕ ਮੀਚੀ। ਖੁੱਲ੍ਹੀ ਅੱਖ ਤਾੜਦੀ ਹੈ ਸ਼ਿਕਾਰ ਨੂੰ। ਡੱਡ ਵਿਚਾਰੀ ਆਉਂਦੀ ਕਿ ਬਾਹਰ ਦੀ ਹਵਾ ਖਾਵਾਂ। ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਸ਼ਿਕਾਰ ਹੋਣ ਜਾ ਰਹੀ ਹੈ। ਕਿਉਂਕਿ ਸਮਾਧੀ ਵਾਲੇ ਉਪਰ ਉਹ ਯਕੀਨ ਹੀ ਇੰਝ ਕਰ ਲੈਂਦੀ ਕਿ ਇਹ ਹਿੱਲਣ ਵਾਲੀ ਸ਼ੈਅ ਨਹੀਂ। ਇਸ ਤੋਂ ਕੋਈ ਡਰ ਨਹੀਂ। ਕੋਈ ਲੋੜ ਨਹੀਂ ਡਰਨ ਦੀ। ਇਹ ਤਾਂ ਵਿਚਾਰਾ ਸਮਾਧੀ ਵਿਚ ਹੈ। ਦੇਖ ਨਾ ਅੱਖਾਂ ਕਿਵੇਂ ਮੀਚੀਆਂ। ਇਹ ਕਿਵੇਂ ਖਾ ਜਾਊ। ਬਗਲੇ ਦੀ ਸਮਾਧੀ ਉਸ ਲਈ ਧਰਵਾਸ ਹੈ ਕਿ ਇਥੇ ਕੋਈ ਖਤਰਾ ਨਹੀਂ। ਪਰ ਹੋਇਆ ਕੀ?
ਮਨੁੱਖ ਸੋਚਦਾ ਸੀ ਕਿ ਪੰਡਤ ਜੀ ਤਾਂ ਸਮਾਧੀ ਲੀਨ ਨੇ। ਬੜੀ ਲੰਮੀ ਸਮਾਧੀ ਹੈ। ਅੱਖ ਵੀ ਤਾਂ ਨਹੀਂ ਖੋਲ੍ਹਦੇ। ਪੱਥਰ ਅੱਗੇ ਪੱਥਰ ਹੋਏ ਬੈਠੇ ਹਨ। ਦੋਨੋ ਇੱਕ-ਮਿੱਕ! ਪਰ..?
ਡੱਡੂ ਦੀ ਦੁਨੀਆਂ ਸਦੀਆਂ ਤੋਂ ਬਗਲੇ ਦਾ ਖਾਜਾ ਬਣ ਰਹੀ ਹੈ। ਡੱਡੂ ਵਾਰ-ਵਾਰ ਬਗਲੇ ਦੀ ਸਮਾਧੀ ਦਾ ਧੋਖਾ ਖਾਂਦਾ ਹੈ ਤੇ ਵਾਰ ਵਾਰ ਖਾਧਾ ਜਾਂਦਾ ਹੈ। ਪੀਹੜੀ-ਦਰ-ਪੀਹੜੀ ਖਾਧਾ ਤੁਰਿਆ ਜਾ ਰਿਹੈ ਪਰ ਉਹ ਫਿਰ ਬਗਲੇ ਦੀ ਸਮਾਧੀ ਉਪਰ ਯਕੀਨ ਕਰਨੋਂ ਨਹੀਂ ਹੱਟਦਾ। ਉਸ ਨੂੰ ਫਿਰ ਜਾਪਦਾ ਕਿ ਨਹੀਂ! ਇੰਝ ਸਮਾਧੀ ਲੀਨ ਕੋਈ ਕਿਸੇ ਨੂੰ ਖਾਣ ਲਈ ਥੋੜੋਂ ਹੁੰਦਾ! ਮਨੁੱਖ ਪੰਡੀਏ ਤੋਂ ਸਦੀਆਂ ਤੋਂ ਖਾਧਾ ਤੁਰੀ ਜਾ ਰਿਹੈ। ਪੀਹੜੀ-ਦਰ-ਪੀਹੜੀ ਉਸ ਦਾ ਭੋਜਨ ਹੋ ਰਿਹਾ ਪਰ ਉਹ ਹਾਲੇ ਵੀ ਉਸ ਦੀ ਸਮਾਧੀ ਉਪਰ ਯਕੀਨ ਕਰਨੋਂ ਨਹੀਂ ਹਟ ਰਿਹਾ। ਉਸ ਨੂੰ ਹਾਲੇ ਵੀ ਪੰਡੀਏ ਦੀ ਸਮਾਧੀ ਉਪਰ ਧਰਵਾਸ ਹੈ ਕਿ ਇਹ ਮੈਨੂੰ ਜਮਾ ਤੋਂ ਬਚਾਵੇਗਾ, ਮੇਰੇ ਘਰ ਸੁੱਖ-ਸ਼ਾਂਤੀ ਨਾਲ ਭਰੇਗਾ! ਪਰ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਤਾਂ ਸ਼ਿਕਾਰ ਹੋਣ ਜਾ ਰਿਹਾ। ਬਗਲੇ ਦੀ ਸਮਾਧੀ ਉਸ ਦੇ ਸੁੱਖ ਲਈ ਨਹੀਂ ਬਲਕਿ ਉਸ ਦੇ ਸ਼ਿਕਾਰ ਵਾਸਤੇ ਹੈ। ਸਮਾਧੀ ਤਾਂ ਉਸ ਦਾ ਤਰੀਕਾ ਸ਼ਿਕਾਰ ਕਰਨ ਦਾ।
ਗੁਰੂ ਨਾਨਕ ਸਾਹਿਬ ਆਏ ਉਨ੍ਹਾਂ ਕੀ ਕੀਤਾ ਖੁਦ ਛੱਪੜ ਵਿਚ ਵੜਕੇ ਡੱਡੂਆਂ ਨੂੰ ਦੱਸਿਆ ਕਿ ਡੱਡੂਓ-ਝੁਡੂਓ ਇਹ ਸਮਾਧੀ ਨਹੀਂ ਬਗਲੇ ਦੀ ਬਲਕਿ ਤੁਹਾਨੂੰ ਖਾਣ ਦਾ ਤਰੀਕਾ ਹੈ। ਘਰ ਘਰ ਜਾ ਕੇ, ਡੋਰ-ਟੂ-ਡੋਰ ਬਾਬਾ ਜੀ ਗਏ। ਲੁਕਾਈ ਸਾਵਧਾਨ ਹੋਣੀ ਸ਼ੁਰੂ ਹੋਈ। ਡੱਡੂ ਬਣੇ ਹੋਏ ਲੋਕ ਮਨੁੱਖ ਬਣਨ ਲੱਗੇ ਪਰ ਵਿਹਲੀਆਂ ਖਾਣ ਦੇ ਆਦੀ ਬਗਲੇ ਕੀ ਕੀਤਾ ਕਿ ਬੋਦੀ ਗੋਲ ਪੱਗ ਹੇਠਾਂ ਵਲੇਟ ਲਈ ਤੇ ਗੁਰੂ ਨਾਨਕ ਦੇ ਖੁਦ ਦੇ ਘਰ ਹੀ ਸਮਾਧੀ ਲਾ ਬੈਠਾ ਤੇ ਕਹਿੰਦਾ ਲੈ ਬਾਬਾ ਹੁਣ ਇਥੋਂ ਹਿਲਾ ਮੈਨੂੰ! ਮੈਂ ਤੇਰੇ ਹੀ ਸਿੱਖ ਨਾਂ ਝਾਫੇ ਤਾਂ ਬਗਲਾ ਕੀ ਹੋਇਆ!
ਕਹਾਣੀ ਦਾ ਰੁੱਖ ਬਦਲ ਲਿਆ। ਕਹਾਣੀ ਉਹੀ ਪਰ ਕਹਾਣੀ ਦੇ ਪਾਤਰਾਂ ਦੇ ਨਾਂ ਬਦਲ ਲਏ। ਬ੍ਰਾਹਮਣ, ਪੰਡੀਆ, ਜੋਗੀ, ਸਿੱਧ ਬਦਲ ਕੇ ਬ੍ਰਹਮਗਿਆਨੀ, ਸੰਤ, ਮਹਾਂਪੁਰਖ, ਸਾਧੂ ਤੇ ਨਾਲ 108, 1008 ਜੋੜ ਲਿਆ ਤੇ ਆਣ ਬੈਠਾ ਸਮਾਧੀ ਉਪਰ! ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਪਈਆਂ। ਮਹਾਂਪੁਰਖਾਂ ਦੇ ਇੱਕ ਲੱਤ ਖੜਕੇ ਤੱਪ ਕਰਨ ਦੀਆਂ, ਕੇਸ ਕਿੱਲੀ ਨਾਲ ਬੰਨ ਕੇ ਭਗਤੀ ਕਰਨ ਦੀਆਂ, ਠਰੇ ਪਾਣੀ ਵਿਚ ਖੜਕੇ, ਪੁੱਠਾ ਸਿੱਧਾ ਹੋ ਕੇ! ਬਗਲੇ ਦੀਆਂ ਸਮਾਧੀਆਂ ਦੀਆਂ ਕਹਾਣੀਆਂ ਇਨੀਆਂ ਫੈਲਾ ਦਿੱਤੀਆਂ ਗਈਆਂ ਕਿ ਮਨੁੱਖ ਬਣੇ ਲੋਕ ਫਿਰ ਤੋਂ ਡੱਡੂ ਹੋਣ ਤੁਰ ਪਏ ਅਤੇ ਬਗਲਿਆਂ ਲਈ ਦਰਵਾਜੇ ਖੋਲ੍ਹ ਦਿੱਤੇ ਤੇ ਲਗਾਤਾਰ ਫਿਰ ਤੋਂ ਖਾਧੇ ਜਾਣ ਲੱਗੇ ਹਨ।
ਪਹਿਲੀ ਕਹਾਣੀ ਵਿਚ ਪੰਡੀਆ ਖੀਰ ਸਮੁੰਦਰ ਦਾ ਐਡਰੈੱਸ ਦੱਸਦਾ ਸੀ ਲੁਕਾਈ ਨੂੰ, ਹੁਣ ਉਹ ਸੱਚਖੰਡ ਦਾ ਦੱਸਦਾ। ਪਹਿਲਾਂ ਜੇ ਵਿਸ਼ਨੂੰ ਜੀ ਮਿਲਦੇ ਸਨ, ਹੁਣ ਉਸ ਨੂੰ ਗੁਰੂ ਨਾਨਕ ਸਾਹਿਬ ਮਿਲਣ ਲੱਗ ਪਏ। ਪਹਿਲਾਂ ਸ਼ਿਵ ਜੀ ਹੇਠਾਂ ਆਉਂਦੇ ਸਨ, ਭਗਤਾਂ ਦਾ ਗੱਡਾ ਕੱਢਣ ਇਨ੍ਹਾਂ ਸ਼ਿਵ ਜੀ ਡਿਲੀਟ ਕਰਕੇ, ਉਪਰ ਗੁਰੂ ਗੋਬਿੰਦ ਸਿੰਘ ਜੀ ਪੇਸਟ ਕਰ ਦਿੱਤਾ। ਖੁਦ ਕੜਾਹ ਪ੍ਰਸ਼ਾਦ ਦੇ ਬਾਟੇ ਲੈ ਕੇ ਆਉਂਦੇ ਮਹਾਂਪੁਰਖਾਂ ਲਈ, ਕਿ ਕਿਤੇ ਭੁੱਖੇ ਨਾ ਮਰ ਜਾਣ! ਕਹਾਣੀ ਵਿਚ ਕੋਈ ਫਰਕ ਨਹੀਂ ਪਿਆ। ਕਹਾਣੀ ਇਨ-ਬਿਨ ਉਹੀ। ਕਹਾਣੀ ਉਹੀ ਹੈ ਬਸ ਪਾਤਰ ਬਦਲ ਲਏ ਨੇ!
ਸਦੀਆਂ ਤੋਂ ਬਗਲਾ ਸਮਾਧੀ ਲਾਈ ਬੈਠਾ ਹੈ, ਸ਼ਿਕਾਰ ਆਈ ਜਾਂਦੇ ਨੇ, ਫਸੀ ਜਾਂਦੇ ਨੇ ਤੇ ਉਹ ਖਾਈ ਜਾਂਦਾ ਹੈ! ਜਿਸ ਸਿੱਲ ਅਗੇ ਬਗਲਾ ਬੈਠਾ ਹੈ, ਉਹ ਸਿੱਲ ਹਜ਼ਾਰਾਂ ਸਾਲਾਂ ਤੋਂ ਖ਼ਾਮੋਸ਼ ਇਹ ਤਮਾਸ਼ਾ ਦੇਖੀ ਜਾਂਦੀ, ਤੇ ਦੇਖੀ ਹੀ ਜਾਂਦੀ ਹੈ। ਸਿੱਲ ਕੀ ਹੋਈ ਜੇ ਬੋਲ ਪਈ! ਬੋਲੇਗੀ?
-ਗੁਰਦੇਵ ਸਿੰਘ ਸੱਧੇਵਾਲੀਆ