ਹਰਿਆਣਾ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ , ਜ਼ਿਮੇਵਾਰ ਕਓਣ....?
ਅਵਤਾਰ ਸਿੰਘ ਉੱਪਲ 94637-87110
ਹਰਿਆਣਾ ਦੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਸਨ ਉਹ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਪ ਖੁਦ ਕਰਨਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ। ਇੱਥੋਂ ਹੋਣ ਵਾਲੀ ਆਮਦਨ ਨੂੰ ਇੱਥੇ ਹੀ ਖਰਚਿਆ ਜਾਵੇ ਅਤੇ ਦੂਸਰੇ ਪਾਸੇ ਉਹ ਬਾਦਲ ਦਲ ਦੀ ਗੈਰ ਜਰੂਰੀ ਸਿਆਸੀ ਦਖਲ-ਅੰਦਾਜ਼ੀ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਜਿੰਨਾਂ ਉੱਪਰ ਬਾਦਲ ਦਾ ਕਬਜਾ ਹੈ ਹਰਿਆਣੇ ਦੇ ਸਿੱਖਾਂ ਨੂੰ ਕਦੀ ਵੀ ਇਸ ਮਸਲੇ ਤੇ ਸੰਤੁਸ਼ਟ ਨਹੀਂ ਕਰਵਾ ਸਕੇ ਗੁਰਦੁਆਰਿਆਂ ਦੀ ਗੋਲਕ ਦਾ ਬਾਦਲ ਦਲ ਕਿਸ ਤਰ੍ਹਾਂ ਦੁਰਵਰਤੋਂ ਕਰਦਾ ਆ ਰਿਹਾ ਹੈ ਸਭ ਨੂੰ ਪਤਾ ਹੈ ਅਤੇ ਗੋਲਕਾਂ ਉੱਪਰ ਕਬਜਾ ਜਮਾਈ ਰੱਖਣ ਲਈ ਕਮੇਟੀ ਦੀਆਂ ਚੋਣਾਂ ਵਿੱਚ ਇਹ ਪਾਰਟੀ ਕਿਹੜੇ-ਕਿਹੜੇ ਭ੍ਰਿਸ਼ਟ ਤਰੀਕੇ ਵਰਤਦੀ ਹੈ, ਉਸ ਨੂੰ ਵੇਖ ਕੇ ਆਮ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦ ਅਕਾਲੀ ਦਲ ਬਾਦਲ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰ ਦਿੱਤਾ ਹੋਇਆ ਹੈ, ਤਾਂ ਇਹ ਪਾਰਟੀ ਵੀ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਇੱਕ ਆਮ ਸਿਆਸੀ ਪਾਰਟੀ ਬਣ ਕੇ ਰਹਿ ਗਈ ਹੈ, ਇਸ ਨੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਗਵਾ ਲਿਆ ਹੈ।
ਸੋ, ਇਸ ਲਈ ਇਸ ਪਾਰਟੀ ਨੂੰ ਵੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਕਰਨ ਦਾ ਕੋਈ ਹੱਕ ਨਹੀਂ ਹੈ। ਹੁਣ ਜਦ ਹਰਿਆਣੇ ਦੇ ਮੁੱਖ ਮੰਤਰੀ ਨੇ ਹਰਿਆਣੇ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਵੱਖਰੀ ਕਮੇਟੀ ਬਣਾਉਂਣ ਦੀ ਹਾਮੀ ਭਰ ਦਿੱਤੀ ਹੈ ਤਾਂ ਪੰਜਾਬ ਵਿੱਚ ਕੇਵਲ ਬਾਦਲ ਦਲ ਅਤੇ ਇਸਦੇ ਪਿਠੂਆਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਹੀ ਇਸਦਾ ਵਿਰੋਧ ਕੀਤਾ ਹੈ।
ਸੋਚਣ ਵਾਲੀ ਗੱਲ ਹੈ ਕਿ ਆਮ ਸਿੱਖ ਇਸ ਵਿਰੋਧ ਤੋਂ ਪਾਸੇ ਕਿਉਂ ਹੈ ਫਿਰ ਕਿਸੇ ਵੀ ਸਿੱਖ ਵਿਦਵਾਨ ਨੇ ਹਰਿਆਣੇ ਦੀ ਵੱਖਰੀ ਕਮੇਟੀ ਦਾ ਵਿਰੋਧ ਨਹੀਂ ਕੀਤਾ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਪ੍ਰਧਾਨ ਕੇਂਦਰ ਵਿਚਲੇ ਆਪਣੇ ਸਹਿਯੋਗੀਆਂ ਤੋਂ ਗੈਰ ਜਰੂਰੀ ਸਿਆਸੀ ਦਖਲ ਅੰਦਾਜੀ ਦੀ ਮੰਗ ਕਰ ਰਹੇ ਹਨ । ਹਰਿਆਣੇ ਦੇ ਸਿੱਖਾਂ ਨੂੰ ਡਰਾਉਣ ਧਮਕਾਉਂਣ ਲਈ ਹਰ ਜਾਇਜ ਨਜਾਇਜ ਤਰੀਕਾ ਵਰਤ ਰਹੇ ਸਨ, ਡਰਾਉਣ ਦੇ ਜਦ ਸਾਰੇ ਤਰੀਕੇ ਫੇਲ੍ਹ ਹੋ ਗਏ, ਤਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਬਾਦਲ ਨੇ ਹਰਿਆਣੇ ਦੇ ਸਿੱਖਾਂ ਨੂੰ ਕਾਬੂ ਕਰਨ ਲਈ ਆਪਣਾ ਆਖਰੀ ਹਥਿਆਰ ਸ਼੍ਰੀ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਨੂੰ ਵਰਤਦਿਆਂ ਹਰਿਆਣਵੀ ਸਿੱਖ ਲੀਡਰਾਂ ਨੂੰ ਇਸ ਮਸਲੇ ਤੇ ਗੱਲਬਾਤ ਲਈ ਸ਼੍ਰੀ ਅਕਾਲ ਤਖਤ ਉੱਤੇ ਸੱਦਿਆ ਪਰ ਦਾਦ ਦੇਣੀ ਬਣਦੀ ਹੈ। ਉੱਥੋਂ ਦੇ ਸਿੱਖ ਨੇਤਾਵਾਂ ਦੀ ਜੋ ਬਾਦਲ ਦੀਆਂ ਇਹਨਾਂ ਕੁਚਾਲਾਂ ਨੂੰ ਖੂਬ ਚੰਗੀ ਤਰ੍ਹਾਂ ਸਮਝਦੇ ਸਨ ਉਹ ਇਹਨਾਂ ਜਥੇਦਾਰਾਂ ਦੇ ਝਾਂਸੇ ਵਿੱਚ ਨਹੀਂ ਆਏ ਬਾਦਲ ਦਲ, ਸ਼੍ਰੋਮਣੀ ਕਮੇਟੀ, ਜਥੇਦਾਰ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਇਸ ਬਣਨ ਜਾ ਰਹੀ ਕਮੇਟੀ ਵਿਰੁੱਧ ਬੇਲੋੜਾ ਵਿਵਾਦ ਖੜਾ ਕੀਤਾ ਹੋਇਆ ਹੈ, ਇਸ ਤਰ੍ਹਾਂ ਪੇਸ਼ ਆ ਰਹੇ ਹਨ ਜਿਵੇਂ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਉੱਥੋਂ ਦੀ ਸਰਕਾਰ ਕਿਸੇ ਗੈਰ ਸਿੱਖ ਸੰਸਥਾ ਦੇ ਹਵਾਲੇ ਕਰਨ ਜਾ ਰਹੀ ਹੈ।
ਅਕਾਲੀ ਦਲ ਵਾਲੇ ਇਹ ਕਿਉਂ ਨਹੀਂ ਸਮਝਦੇ ਕਿ ਉੱਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਜਾ ਰਹੀ ਕਮੇਟੀ ਵੀ ਸਿੱਖਾਂ ਵੱਲੋਂ ਹੀ ਚੁਣ ਕੇ ਹੋਂਦ ਵਿੱਚ ਆਉਂਣੀ ਹੈ ਜੇਕਰ ਹਰਿਆਣੇ ਦੇ ਸਿੱਖ ਉੱਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਲੈ ਵੀ ਲੈਣਗੇ ਤਾਂ ਕੋਈ ਪਹਾੜ ਨਹੀਂ ਟੁੱਟ ਪੈਣ ਲੱਗਾ। ਇਸ ਤੋਂ ਪਹਿਲਾਂ ਹਜੂਰ ਸਾਹਿਬ ਨਾਂਦੇੜ, ਪਟਨਾ ਸਾਹਿਬ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਹੋਰ ਸੂਬਿਆਂ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣੀਆਂ ਕਮੇਟੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ।
ਦੂਸਰੀ ਗੱਲ ਜਿਸਦਾ ਅਕਾਲੀ ਦਲ ਜੋਰ-ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ ਵੱਖਰੀ ਕਮੇਟੀ ਨਾਲ ਸਿੱਖਾਂ ਦੀ ਸ਼ਕਤੀ ਕਮਜੋਰ ਹੋ ਜਾਵੇਗੀ, ਸਿੱਖ ਸ਼ਕਤੀ ਦਾ ਤਾਂ ਪਤਾ ਨਹੀਂ ਹਾਂ ਬਾਦਲ ਦਲ ਹੱਥੋਂ ਕਰੋੜਾਂ ਦੀ ਗੋਲਕ ਜਰੂਰ ਖਿਸਕ ਜਾਵੇਗੀ, ਜਿਸਦਾ ਇਸ ਪਾਰਟੀ ਨੂੰ ਆਰਥਿਕ ਰੂਪ ਵਿੱਚ ਨੁਕਸਾਨ ਜਰੂਰ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਕਹਿ ਸਕਦੀ ਹੈ ਕਿ ਵੱਖ-ਵੱਖ ਕਮੇਟੀਆਂ ਦੀ ਹੋਂਦ ਨਾਲ ਸਿੱਖ ਰਹਿਤ ਮਰਿਯਾਦਾ ਦੇ ਉਲਟ ਪ੍ਰਭਾਵ ਪੈ ਸਕਦਾ ਹੈ, ਇਸਦਾ ਜਵਾਬ ਹੈ ਸ਼੍ਰੋਮਣੀ ਕਮੇਟੀ ਸਿਆਸੀ ਗੁਲਾਮੀ ਦੇ ਚੱਲਦਿਆਂ ਪੰਜਾਬ ਅੰਦਰ ਵੀ ਇੱਕ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਲਾਗੂ ਨਹੀਂ ਕਰਵਾ ਸਕੀ। ਜੇਕਰ ਅਕਾਲੀ ਦਲ ਬਾਦਲ ਵੱਖ-ਵੱਖ ਕਮੇਟੀਆਂ ਦੀ ਹੋਂਦ ਨੂੰ ਸਿੱਖ ਸ਼ਕਤੀ ਦੇ ਕਮਜੋਰ ਹੋਣ ਦਾ ਕਾਰਨ ਸਮਝਦਾ ਹੈ, ਤਾਂ ਕਿਉਂ ਇਹ ਪਾਰਟੀ ਕੇਂਦਰ ਵਿੱਚ ਆਪਣੇ ਭਾਈਵਾਲਾ ਨੂੰ ਕਹਿ ਕੇ ਆਲ ਇੰਡੀਆ ਗੁਰਦੁਆਰਾ ਐਕਟ ਬਣਵਾ ਲੈਦੀਂ?
ਪਰ ਲੱਗਦਾ ਹੈ ਇਹ ਪਾਰਟੀ ਇਸ ਪਾਸੇ ਕਦੇ ਵੀ ਨਹੀਂ ਆਵੇਗੀ ਉਹ ਤਾਂ ਸਿਰਫ ਜੋ ਕੁਝ ਉਸਦੇ ਹੱਥ ਵਿੱਚ ਹੈ ਉਸਨੂੰ ਗਵਾਉਣਾ ਨਹੀ ਚਾਹੂੰਦੀ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ ਕੌਮ ਦੀ ਅਗਵਾਈ ਨਹੀਂ ਕਰਦੇ ਉਹ ਤਾਂ ਅਕਾਲੀ ਦਲ ਬਾਦਲ ਦਾ ਇੱਕ ਸਿਆਸੀ ਵਿੰਗ ਬਣ ਕੇ ਰਹਿ ਗਏ ਹਨ। ਅਕਾਲੀ ਦਲ ਬਾਦਲ ਦੀ ਸ਼੍ਰੋਮਣੀ ਕਮੇਟੀ ਵਿੱਚ ਗੈਰ ਜਰੂਰੀ ਦਖਲ ਅੰਦਾਜੀ ਹੀ ਹਰਿਆਣੇ ਦੇ ਸਿੱਖਾਂ ਵੱਲੋਂ ਵੱਖਰੀ ਕਮੇਟੀ ਬਣਾਉਣ ਬਾਰੇ ਸੋਚਣ ਲਈ ਮੁੱਖ ਤੌਰ 'ਤੇ ਜਿੰਮੇਵਾਰ ਹੈ ਇਹ ਪਾਰਟੀ, ਤਾਂ ਹਰਿਆਣੇ ਦੀ ਵੱਖਰੀ ਕਮੇਟੀ ਉੱਪਰ ਹਾਏ-ਤੌਬਾ ਮਚਾ ਰਹੀ ਹੈ। ਜੇਕਰ ਇਸ ਪਾਰਟੀ ਦੀ ਸਾਡੇ ਧਰਮ ਵਿੱਚ ਇਸੇ ਤਰ੍ਹਾਂ ਦਖਲ ਅੰਦਾਜੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਸਿੱਖ ਵੀ ਇਸ ਮੌਜੂਦਾ ਕਮੇਟੀ ਦੇ ਸਮਾਨ ਅੰਤਰ ਆਪਣੀ ਵੱਖਰੀ ਕਮੇਟੀ ਬਣਾ ਲੈਣਗੇ। ਸਿੱਖਾਂ ਦੀ ਹਾਲਤ ਤਾਂ ਪਿੰਜਰੇ ਵਿੱਚ ਕੈਦ ਪੰਛੀ ਦੀ ਤਰ੍ਹਾਂ ਹੈ, ਜੋ ਇਸ ਭ੍ਰਿਸ਼ਟ ਨਿਜਾਮ ਦੀ ਕੈਦ ਵਿੱਚ ਫੜ-ਫੜਾ ਰਹੇ ਹਨ, ਜਦ ਵੀ ਉਹਨਾਂ ਨੂੰ ਇਸ ਨਿਜਾਮ ਤੋਂ ਆਜ਼ਾਦ ਹੋਣ ਦਾ ਮੌਕਾ ਮਿਲਿਆ, ਤਾਂ ਕਮੇਟੀ ਦੇ ਪਿੰਜਰੇ ਵਿੱਚੋਂ ਹਰਿਆਣੇ ਦੇ ਸਿੱਖਾਂ ਦੀ ਤਰ੍ਹਾਂ ਪੰਜਾਬ ਦੇ ਸਿੱਖ ਵੀ ਉਡਾਰੀ ਮਾਰ ਜਾਣਗੇ।