ਗਲਿ ਪਾਥਰ ਕੈਸੇ ਤਰੈ ਅਥਾਹ ॥
ਗੁਰਦੇਵ ਸਿੰਘ ਸੱਧੇਵਾਲੀਆ
ਜਿਹੜਾ ਬੰਦਾ ਗਲ ਵਿਚ ਪਥਰ ਬੰਨ ਕੇ ਸਮੁੰਦਰ ਵਿਚ ਠਿੱਲ ਪਿਆ, ਇਸ ਦਾ ਸਾਫ ਮੱਤਲਬ ਹੈ ਕਿ ਉਹ ‘ਸੂਅਸਾਈਡ’ ਕਰਨਾ ਚਾਹੁੰਦਾ ਤੇ ਕੋਈ ‘ਚਾਂਸ’ ਨਹੀਂ ਲੈਣਾ ਚਾਹੁੰਦਾ ਕਿ ਉਹ ਬਚ ਜਾਏ। ਉਹ ਜੀਵਨ ਤੋਂ ਬਹੁਤ ਅਵਾਜਾਰ ਹੋ ਚੁੱਕਾ ਤੇ ਹੁਣ ਉਸ ਮਰਨਾ ਮਿੱਥ ਲਿਆ ਹੈ। ਹੁਣ ਉਹ ਕਹਿੰਦਾ ਹਟ ਜੋ ਪਾਸੇ ਮੈਨੂੰ ਕੋਈ ਨਾ ਬਚਾਵੇ।
ਪਥਰ ਬੰਨ ਕੇ ਸਮੁੰਦਰ ਵਿਚ ਠਿਲਣ ਦਾ ਹੋਰ ਕੋਈ ਮੱਤਲਬ ਹੀ ਨਹੀਂ! ਇਸ ਨੂੰ ਦੂਜੀ ਤਰ੍ਹਾਂ ਲਓ ਕਿ ਜਿਸ ਨੂੰ ਤੁਸੀਂ ਮਾਰਨਾ ਹੋਵੇ ਉਸ ਦੇ ਗਲ ਪੱਥਰ ਬੰਨ ਕੇ ਉਸ ਨੂੰ ਡੂੰਘੇ ਪਾਣੀ ਵਿਚ ਸੁੱਟ ਦਿਓ, ਉਹ ਮੁੜ ਉਪਰ ਨਾ ਆ ਗਿਆ!
ਪੰਡੀਏ ਇਹੀ ਕੀਤਾ ਮਨੁੱਖਤਾ ਨਾਲ ਕਿ ਵੱਡੇ ਭਾਰੇ ਪੱਥਰ ਉਸ ਦੇ ਗਲ ਬੰਨ ਦਿੱਤੇ! ਕਾਹਦੇ ਲਈ? ਪਾਰ ਜਾਣ ਲਈ? ਨਹੀਂ! ਵਿਚਾਲੇ ਡੋਬਣ ਲਈ! ਤਾਂ ਕਿ ਕੋਈ ‘ਚਾਂਸ’ ਨਾ ਰਹੇ ਉਪਰ ਆਉਂਣ ਦਾ। ਪੰਡੀਆ ਮਨੁੱਖਤਾ ਨੂੰ ਘੋਰ ਨਫਰਤ ਕਰਦਾ ਸੀ ਨਹੀਂ ਤਾਂ ਕੋਈ ਕਿਸੇ ਗਲ ਪੱਥਰ ਬੰਨ ਬੰਨ ਥੋੜੋਂ ਡੋਬਦਾ! ਕਿ ਡੋਬਦਾ?
ਉਸ ਦੇ ਬੰਨੇ ਪੱਥਰਾਂ ਨਾਲ ਮਨੁੱਖਤਾ ਡੁਬ ਡੁਬ ਮਰ ਗਈ ਤੇ ਕਦੇ ਕੋਈ ਉਪਰ ਨਹੀਂ ਆਇਆ। ਜੇ ਉਪਰ ਆਇਆ ਹੁੰਦਾ ਤਾਂ ਗਲ ਸਾਫਾ ਪਾ ਕੇ ਪੰਡੀਏ ਨੂੰ ਪੁੱਛਦਾ ਨਾ ਕਿ ਦੁਸ਼ਮਣੀ ਕਾਹਦੀ ਬਈ? ਹੱਡ ਭੰਨਵੀ ਮਿਹਨਤ ਕਰਕੇ ਮੈਂ ਤਾਂ ਤੇਰਾ ਢਿੱਡ ਪਾਟਣਾ ਕਰੀ ਰੱਖਿਆ ਤੂੰ ਉਲਟਾ ਮੇਰੇ ਗੱਲ ਪੱਥਰ ਬੰਨ ਬੰਨ ਸੁੱਟਦਾ ਰਿਹਾ?
ਭਗਤ ਕਬੀਰ ਵਰਗਿਆਂ ਰੋਕਿਆ, ਭਗਤ ਰਵਿਦਾਸ ਜੀ, ਨਾਮਦੇਵ ਜੀ ਨੇ ਪੰਡੀਏ ਨੂੰ ਟੋਕਿਆ ਕਿ ਇਹ ਕੀ ਕਰ ਰਿਹਾਂ, ਕਿਉਂ ਲੋਕਾਂ ਨੂੰ ਪੱਥਰ ਬੰਨ ਬੰਨ ਡੋਬ ਰਿਹਾਂ? ਤੇ ਹੋਇਆ ਕੀ? ਉਹ ਕਹਿੰਦਾ ਖੜੋ ਜਾ ਪਹਿਲਾਂ ਤੇਰੇ ਨਾਲ ਹੀ ਨਜਿੱਠਦਾਂ! ਤੇ ਉਸ ਸਾਰੇ ਭਗਤਾਂ ਨਾਲ ਬੁਰੀ ਤਰ੍ਹਾਂ ਨਜਿੱਠਿਆ? ਹਾਥੀਆਂ ਨਾਲ ਬੰਨ ਬੰਨ ਉਸੇ ਗੰਗਾ ਵਿਚ ਡੋਬੇ ਜਿਥੇ ਲੋਕਾਂ ਨੂੰ ਸੁੱਟ ਰਿਹਾ ਸੀ। ਭਗਤ ਕਬੀਰ ਵਰਗਿਆਂ ਨੂੰ ਤਾਂ ਰੂੜੀ ਉਪਰ ਸੁਟਵਾ ਕੇ ਨਜਾਇਜ ਉਲਾਦ ਤੱਕ ਦੇ ਦੋਸ਼ ਉਸ ਲਾਏ। ਭਗਤ ਰਵੀਦਾਸ ਜੀ ਦੇ ਚਮਾਰ ਹੋਣ ਨੂੰ ਤਾਂ ਉਹ ਇਨੀ ਨਫਰਤ ਕਰਦਾ ਸੀ ਕਿ ਉਨ੍ਹਾਂ ਨਾਲ ਤਾਂ ਉਸ ਇਨੇ ਭਾਰੇ ਪੱਥਰ ਬੱਧੇ ਕਿ ਕੋਈ ‘ਚਾਂਸ’ ਹੀ ਨਾ ਰਹੇ ਉਪਰ ਆਉਂਣ ਦਾ! ਪਿੱਛਲੇ ਜਨਮ ਵਿਚ ਲਿਜਾ ਕੇ ਗੋਤੇ ਦੇ ਦੇ ਡੋਬਣ ਦੀ ਕੋਸ਼ਿਸ਼ ਕੀਤੀ, ਇਹ ਵੱਖਰੀ ਗੱਲ ਹੈ ਕਿ ਉਹ ਮਹਾਂ-ਪੁਰਖ ਇਸ ਕੋਲੋਂ ਡੁੱਬੇ ਨਹੀਂ! ਪਰ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਭਗਤ ਰਵੀਦਾਸ ਜੀ ਵਰਗਿਆਂ ਦੀ ਉਮਤ ਤਾਂ ਉਸ ਡੋਬ ਹੀ ਮਾਰੀ। ਉਨ੍ਹਾਂ ਦੀ ਕੀ ਉਸ ਗੁਰੂ ਨਾਨਕ ਦੀ ਉਮਤ ਕਿਹੜੀ ਤਰਦੀ ਰਹਿਣ ਦਿੱਤੀ। ਇਕੱਲੇ ਇਕੱਲੇ ਕਰਕੇ ਡੋਬੇ! ਚਮਾਰ, ਜੱਟ, ਨਾਈ, ਸ਼ੀਂਬੇ ਵੱਖਰੇ ਵੱਖਰੇ ਕਰਕੇ ਡੋਬੇ ਕਿ ਕਿਤੇ ਇਕੱਠੇ ਤਰ ਹੀ ਨਾ ਆਉਂਣ!
ਜਿਹੜੇ ਪੱਥਰ ਗੁਰੂ ਨਾਨਕ ਸਾਹਿਬ ਅਤੇ ਭਗਤਾਂ ਮਹਾਂਪੁਰਖਾਂ ਮਨੁੱਖਤਾ ਗਲੋਂ ਖ੍ਹੋਲੇ ਸਨ, ਉਹੀ ਪੱਥਰ ਪੰਡੀਏ ਫਿਰ ਤੋਂ ਲੋਕਾਂ ਗਲ ਬੰਨ ਦਿੱਤੇ। ਰੂਪ ਬਦਲਣ ਨਾਲ ਪੱਥਰ ਦਾ ਨਾਂ ਤਾਂ ਵਜਨ ਘਟਦਾ, ਨਾ ਸੁਭਾਅ ਬਦਲਦਾ। ਬਦਲਦਾ? ਪੱਥਰ ਦਾ ਨਾਂ ਚਾਹੇ ਤੁਸੀਂ ਪੁਖਰਾਜ ਰੱਖ ਲਓ ਤੇ ਰੱਖ ਲਓ ਨੀਲਮ, ਇਸ ਨਾਲ ਕੀ ਫਰਕ ਪੈਂਦਾ। ਪੱਥਰ ਨੇ ਪੱਥਰ ਹੀ ਰਹਿਣਾ। ਪੱਥਰ ਨੂੰ ਗਲ ਨਾਲੋਂ ਖ੍ਹੋਲ ਕੇ ਤੁਸੀਂ ਹੱਥ ਨਾਲ ਬੰਨ ਲਓ ਉਸ ਤਾਂ ਡੋਬਣਾ ਹੀ ਡੋਬਣਾ ਹੈ। ਪੱਥਰ ਦਾ ਕੰਮ ਹੀ ਡੋਬਣਾ ਹੈ। ਪੱਥਰ ਦੇ ਸੁਭਾ ਵਿਚ ਜਦ ਡੁੱਬਣਾ ਹੈ, ਤੁਸੀਂ ਅਸੀਂ ਉਸ ਨੂੰ ਕਿਵੇਂ ਤਾਰ ਲਓਂਗੇ? ਤੁਹਾਡੀ ਮੂਰਤੀ ਘੜਨ ਨਾਲ ਜਾਂ ਪੱਥਰ ਨੂੰ ਭਗਵਾਨ ਬਣਾ ਦੇਣ ਨਾਲ ਜਾਂ ਪੱਥਰ ਨੂੰ ਗੁਰੂ ਨਾਨਕ ਦਾ ਨਾਂ ਦੇਣ ਨਾਲ ਕੀ ਪੱਥਰ ਦਾ ਸੁਭਾ ਬਦਲ ਜਾਏਗਾ? ਕੋਈ ਮਨੁੱਖ ਤਾਂ ਦੱਸੇ ਕਿ ਉਸ ਗੁਰੂ ਨਾਨਕ ਦੀ ਪੱਥਰ ਦੀ ਮੂਰਤੀ ਤਰਦੀ ਦੇਖੀ ਸੀ।
ਤੁਸੀਂ ਪੱਥਰ ਨੂੰ ਮੂੰਗਾ ਬਣਾ ਕੇ ਜਾਂ ਨੀਲਮ ਦੀ ਬੇੜੀ ਬਣਾ ਉਸ ਨੂੰ ਤਾਰ ਲਓਂਗੇ? ਜਿਹੜਾ ਪੱਥਰ ਖੁਦ ਡੁੱਬਣ ਖਾਤਰ ਬਣਿਆ ਹੈ ਉਸ ਦੇ ਸਹਾਰੇ ਤਰਨ ਦੀ ਆਸ ਰੱਖਣ ਵਾਲੇ ਜਾਂ ਆਸ ਦਿਵਾਉਂਣ ਵਾਲੇ ਮਨੁੱਖ ਨੂੰ ਤੁਸੀਂ ਕੀ ਕਹੋਂਗੇ? ਤੁਹਾਡਾ ਪਤਾ ਨਹੀਂ ਤੁਸੀਂ ਕੀ ਕਹੋਂਗੇ ਤੁਸੀਂ ਤਾਂ ਉਸ ਨੂੰ ਸੰਤ, ਮਹਾਂਪੁਰਖ, ਬ੍ਰਹਗਿਆਨੀ, ਮਹਾਂਰਾਜ ਇਥੇ ਤੱਕ ਕਿ ਸਚਾ-ਪਾਤਸ਼ਾਹ ਵੀ ਕਹਿ ਸਕਦੇ ਹੋਂ ਪਰ ਗੁਰੂ ਤੁਹਾਡੇ ਉਸ ਨੂੰ ਮੂਰਖ, ਮੁਘਦ, ਗਵਾਰ, ਅੰਨ੍ਹਾ ਤੱਕ ਵੀ ਕਿਹਾ ਹੈ ਜਿਹੜਾ ਪੱਥਰਾਂ ਸਹਾਰੇ ਸਮੁੰਦਰਾਂ ਦੀਆਂ ਲਹਿਰਾਂ ਵਿਚ ਕੁੱਦਣਾ ਚਾਹੁੰਦਾ।
ਬਾਬਾ ਜੀ ਅਪਣੇ ਕਹਿੰਦੇ ਤੂੰ ਗਲ ਵਿਚ ਪੱਥਰ ਬੰਨ ਕੇ ਅਥਾਹ ਸਮੁੰਦਰ ਨੂੰ ਤਰਨ ਦੀ ਮੂਰਖਤਾ ਕਿਉਂ ਕਰੀ ਜਾਨਾ। ਇਹ ਜ਼ਿਦ ਛੱਡਦੇ ਕਿ ਪੱਥਰਾਂ ਦੀਆਂ ਬੇੜੀਆਂ ਸਮੁੰਦਰਾਂ ਉਪਰ ਠਿਲਦੀਆਂ ਹਨ। ਪਰ ਤੂੰ ਤਾਂ ਹੱਥਾਂ ਵਿਚ ਵੀ ਪੱਥਰ ਪਾਈ ਫਿਰਦਾਂ ਤੇ ਗਲ ਵਿਚ ਵੀ ਲਟਕਾਈ ਫਿਰਦਾਂ!
ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਤੂੰ ਅਪਣੇ ਘਰਾਂ ਵਿਚ ਵੀ ਸਜਾ ਲਈਆਂ ਤੇ ਕਮਲਿਆ ਤੇਰੀ ਇਸ ਮੂਰਖਤਾ ਕਰਕੇ ਪੱਥਰਾਂ ਦੇ ਗੁਰੂ ਨਾਨਕ ਬਜਾਰਾਂ ਵਿਚ ਵਿੱਕਣ ਡਹੇ ਨੇ ਕਿਉਂਕਿ ਤੂੰ ਖਰੀਦ ਰਿਹਾ ਹੈ! ਤੇਰੀ ਖਰੀ-ਦਾਰੀ ਨੇ ਬੋਲਣ ਵਾਲੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਕਰ ਦਿੱਤਾ ਹੈ। ਤੇਰੇ ਹੱਥੋਂ ਤੇਰਾ ਗੁਰੂ ਨਾਨਕ ਪੱਥਰ ਹੋ ਗਿਆ ਹੈ। ਤੂੰ ਅਪਣੇ ਬਾਪ ਨੂੰ ਖੁਦ ਪੱਥਰ ਕੀਤਾ ਹੈ, ਅਪਣੇ ਹੱਥੀਂ ਪੱਥਰ। ਵੱਡੇ ਵੱਡੇ ਪੰਡਤਾਂ, ਮੁਲਾਣਿਆਂ, ਜੋਗੀਆਂ, ਸਿੱਧਾਂ ਤੋਂ ਚੁੱਪ ਨਾ ਕਰਨ ਵਾਲਾ ਨਾਨਕ ਤੂੰ ਚੁੱਪ ਕਰਾ ਦਿੱਤਾ ਹੈ ਪੱਥਰ ਕਰਕੇ! ਤੇ ਉਸ ਚੁੱਪ ਪੱਥਰ ਨੂੰ ਖਰੀਦ ਕੇ ਤੂੰ ਘਰ ਲੈ ਆਂਦਾ ਹੈ। ਤੇਰਾ ਇਹ ਘੋਰ ਗੁਨਾਹ ਨਾ ਕਾਬਲੇ-ਮੁਆਫ ਹੈ। ਜੇ ਮੈਂ ਮੰਨ ਸਕਦਾ ਹੁੰਦਾ ਤਾਂ ਮੈਂਨੂੰ ਮੰਨਣ ਵਿਚ ਕੋਈ ਹਰਜ ਨਾ ਹੁੰਦਾ ਕਿ ਤੈਨੂੰ ਇਸ ਅਪਰਾਧ ਦੀ ਸਜਾ ਘੋਰ ਨਰਕ ਮਿਲੇਗੀ। ਕਿਸੇ ਮਹਾਂ-ਪੁਰਖ ਨੂੰ ਪੱਥਰ ਕਰ ਦੇਣ ਵਰਗਾ ਹੋਰ ਗੁਨਾਹ ਕੀ ਹੋ ਸਕਦਾ ਉਹ ਵੀ ਗੁਰੂ ਨਾਨਕ ਸਾਹਿਬ ਵਰਗੇ ਰੱਬੀ ਰਹਿਬਰ ਨੂੰ?
(With Thanks from Khalsa News A.J.S.Chandi)