ਬਾਰੂਦ ਦੇ ਢੇਰ 'ਤੇ ਹੈ ਪੰਜਾਬ
ਨਸ਼ੇ ਕਾਰਨ ਤਿੱਲ ਤਿੱਲ ਕਰਕੇ ਮਰ ਰਹੀ ਹੈ ਪੰਜਾਬੀਅਤ
ਚੰਡੀਗੜ੍ਹ ਨਜ਼ਦੀਕ ਤੇਜ਼ੀ ਨਾਲ ਵਿਕਸਤ ਹੋ ਰਹੇ ਇੱਕ ਸ਼ਹਿਰ ਦੇ ਤੇਜ਼ੀ ਨਾਲ ਅਮੀਰ ਹੋਏ ਇੱਕ ਵਪਾਰੀ ਨੂੰ ਇੱਕ ਬਾਬੇ ਕੋਲ ਰੋਂਦੇ ਹੋਏ ਜਦੋਂ ਇਹ ਕਹਿੰਦੇ ਸੁਣਿਆ ਕਿ ਮੇਰੀ ਇੱਕੋ ਇੱਕ ਬੇਟੀ ਨਸ਼ਾ ਕਰਦੀ ਹੈ ਰੋਜ਼ਾਨਾ ਬਾਹਰੋਂ ਸ਼ਰਾਬ ਪੀ ਕੇ ਰਾਤ ਨੂੰ ਘਰ ਆਉਂਦੀ ਹੈ ਤਾਂ ਸਹਿਜੇ ਹੀ ਇੱਕ ਆਮ ਪੰਜਾਬੀ ਦਾ ਦਿਲ ਧੜਕਣ ਲੱਗ ਜਾਵੇਗਾ, ਜੇ ਇਕੱਲੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਹੀ ਇੱਕ ਦਿਨ 47 ਕੁੜੀਆਂ ਨਸ਼ਾ ਛੱਡਣ ਲਈ ਓ ਪੀ ਡੀ ਵਿਚ ਆਉਣ ਤਾਂ ਸਮਾਂ ਭਿਆਨਕ ਹੈ। ਇਹ ਦਾਸਤਾਨ ਹੁਣ ਪੰਜਾਬ ਦੇ ਕਈ ਸਾਰੇ ਸ਼ਹਿਰਾਂ ਦੀ ਤਾਂ ਆਮ ਹੈ ਪਰ ਪਿੰਡਾਂ ਵਿਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਜਦੋਂ ਕੁੜੀਆਂ ਨਸ਼ਾ ਛਡਾਊ ਕੇਂਦਰਾਂ ਵਿਚ ਆਉਣ ਤਾਂ ਸਮਝ ਲਿਆ ਜਾਵੇ ਕਿ ਪੰਜਾਬ ਦਾ ਅਸਤਿਤਵ ਡੁੱਬ ਰਿਹਾ ਹੈ।
ਪੰਜਾਬ ਵਿਚ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਹੁਣ ਡੰਡੇ ਤੋਂ ਕੰਮ ਲਿਆ ਜਾ ਰਿਹਾ ਹੈ, ਅਪਰਾਧੀਆਂ ਵਾਂਗ ਨਸ਼ੇੜੀਆਂ ਦੀਆਂ ਲਿਸਟਾਂ ਬਣ ਗਈਆਂ ਹਨ, ਅਪਰਾਧੀਆਂ ਵਾਂਗ ਪੁਲਸ ਉਨ੍ਹਾਂ ਨੂੰ ਚੁੱਕ ਰਹੀ ਹੈ ਤੇ ਨਸਾ ਛਡਾਊ ਕੇਂਦਰਾਂ ਵਿਚ ਭੇਜ ਰਹੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਵਿਚ 2013-14 ਸਾਲ ਵਿਚ ਜਿਨ੍ਹਾਂ ਬਜਟ 56051 ਕਰੋੜ ਪੰਜਾਬ ਸਰਕਾਰ ਦਾ ਸੀ ਉਨ੍ਹਾਂ ਹੀ ਪੰਜਾਬ ਨੇ ਨਸ਼ੇ ਵਿਚ ਉਡਾ ਦਿੱਤਾ। ਐਕਸਾਈਜ਼ ਅੰਕੜਿਆਂ ਅਨੁਸਾਰ ਪੰਜਾਬੀ 10000 ਕਰੋੜ ਤੋਂ ਵੱਧ ਦੀ ਸ਼ਰਾਬ ਪੀ ਗਏ, ਜਾਨ ਜਨਸੰਖਿਆ ਅਨੁਸਾਰ 12 ਤੋਂ 13 ਬੋਤਲਾਂ ਹਰੇਕ ਪੰਜਾਬੀ ਦੇ ਹਿੱਸੇ ਆਈਆਂ ਹਨ। ਪੁਲਸ, ਡੀ ਆਰ ਆਈ, ਕਸਟਮ, ਬੀ ਐੱਸ ਐਫ, ਐਨ ਬੀ ਸੀ ਅਨੁਸਾਰ 10400 ਕਰੋੜ ਰੁਪਏ ਦੇ ਹੋਰ ਨਸ਼ਿਆਂ ਵਿਚ ਮਿੱਟੀ ਕਰ ਦਿੱਤੇ ਗਏ, ਇਸ ਤੋਂ ਤਿੰਨ ਗੁਣਾ ਤੋਂ ਜ਼ਿਆਦਾ (40000 ਕਰੋੜ) ਨਸਾ ਅਜਿਹਾ ਹੈ ਜੋ ਅਜੇ ਫੜਿਆ ਹੀ ਨਹੀਂ ਗਿਆ। 737.34 ਕਿੱਲੋ ਹਿਰੋਇਨ, 1810.15 ਕਿੱਲੋ ਅਫ਼ੀਮ, 160 ਕਿੱਲੋ ਕੋਕੀਨ, 3.18 ਲੱਖ ਕਿੱਲੋ ਭੁੱਕੀ ਤੋਂ ਇਲਾਵਾ 6000 ਕਰੋੜ ਦੀਆਂ ਸਿੰਥੇਟਿਕ ਡਰੱਗਜ਼ ਫੜੀ ਗਈ ਹੈ। ਪਟਿਆਲਾ ਛੱਡ ਕੇ 2014 ਦੇ ਜਨਵਰੀ ਤੋਂ ਪੰਜਾਬ ਪੁਲਸ ਨਸ਼ੇ ਵਿਰੁੱਧ ਕੋਈ ਜ਼ਿਆਦਾ ਸਰਗਰਮ ਨਹੀਂ ਹੋਈ ਸੀ ਬਠਿੰਡਾ ਜੌਨ ਦੇ ਸੱਤ ਜ਼ਿਲ੍ਹਿਆਂ ਵਿਚ 19 ਮਈ ਤੱਕ 1763 ਐਫ ਆਈ ਆਰ ਦਰਜ ਕੀਤੀ ਗਈ, 20 ਮਈ ਤੋਂ 12 ਜੂਨ ਤੱਕ 844 ਐਫ ਆਈ ਆਰ ਦਰਜ ਕੀਤੀ ਗਈ, 2425 ਕਿੱਲੋ ਹਿਰੋਇਨ, 14.806 ਕਿੱਲੋ ਅਫ਼ੀਮ, 29.55 ਕੁਇੰਟਲ ਭੁੱਕੀ, 1.883 ਕਿੱਲੋ ਸਮੈਕ ਫੜੀ ਗਈ ਜਿਸ ਨੂੰ ਬਹੁਤੀ ਜ਼ਿਆਦਾ ਨਹੀਂ ਕਿਹਾ ਜਾ ਸਕਦਾ।
ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਨਸਾ ਕਾਲੇ ਧਨ ਨੂੰ ਵੀ ਜਨਮ ਦੇ ਰਿਹਾ ਹੈ ਐਕਸਾਇਜ ਵਿਭਾਗ ਨੂੰ ਮਹਿਜ਼ 4020 ਕਰੋੜ ਦਾ ਹੀ ਮਾਲੀਆ ਮਿਲਿਆ ਹੈ, ਪਰ ਜੋ 40 ਹਜ਼ਾਰ ਕਰੋੜ ਤੋਂ ਵੱਧ ਨਸਾ ਪੰਜਾਬ ਵਿਚ ਆ ਰਿਹਾ ਹੈ ਉਹ ਕਾਲੇ ਧਨ ਵਿਚ ਹੀ ਦੇਸ ਦਾ ਸਰਮਾਇਆ ਖ਼ਤਮ ਕਰ ਰਿਹਾ ਹੈ ਜੋ ਜ਼ਿਆਦਾਤਰ ਰੀਅਲ ਅਸਟੇਟ ਅਤੇ ਵੱਖ ਵੱਖ ਟੇਢੇ ਕੰਮਾਂ ਤੋਂ ਇਲਾਵਾ ਜਾਂ ਫਿਰ ਭ੍ਰਿਸ਼ਟ ਸਿਆਸਤ ਵਿਚ ਵਰਤਿਆ ਜਾ ਰਿਹਾ ਹੈ। ਲੋਕ ਸਭਾ ਵਿਚ ਪੰਜਾਬ ਸਰਕਾਰ ਆਪਣੀ ਹਾਰ ਦਾ ਕਾਰਨ ਨਸਾ ਸਮਝ ਰਹੀ ਹੈ ਜਿਸ ਕਰ ਕੇ ਉਸ ਨੇ ਪੰਜਾਬ ਵਿਚੋਂ ਨਸਾ ਖ਼ਤਮ ਕਰਨ ਦਾ ਕਥਿਤ ਬੀੜਾ ਚੁੱਕਿਆ ਹੈ। ਫੜੇ ਗਏ ਸਰਗਨਾ ਵੱਲੋਂ ਕਥਿਤ ਮੰਤਰੀਆਂ ਦੇ ਨਾਮ ਨਸਾ ਤਸਕਰੀ ਵਿਚ ਸ਼ਾਮਲ ਲਏ ਗਏ ਹਨ, ਜਿਨ੍ਹਾਂ ਵਿਚੋਂ ਸਰਵਨ ਸਿੰਘ ਫਿਲੌਰ ਦੀ ਬਲੀ ਲਈ ਗਈ ਹੈ ਜਦ ਕਿ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਲਿਆ ਗਿਆ ਸੀ ਉਸ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ, ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ, ਪਚ ਵੀ ਜਾਣੀ ਸੀ ਜੇਕਰ ਸੂਬੇ ਦੇ ਉਪ ਮੁੱਖ ਮੰਤਰੀ ਦਾ ਉਹ ਸਾਲਾ ਨਾ ਹੁੰਦਾ। ਕਾਂਗਰਸ ਵੱਲੋਂ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਵੱਲੋਂ ਮੰਗੀ ਗਈ ਸੀ।
ਜੇ ਇਹ ਕਹਿ ਲਿਆ ਜਾਵੇ ਕਿ ਪੰਜਾਬ ਦਾ ਉਨਾਂ ਨੁਕਸਾਨ ਅੱਤਵਾਦ ਸਮੇਂ ਨਹੀਂ ਹੋਇਆ ਸੀ ਜਿਨਾਂ ਨੁਕਸਾਨ ਨਸ਼ੇ ਨੇ ਕੀਤਾ ਹੈ, ਹੁਣ ਕੋਈ ਪਿੰਡ ਵੀ ਨਹੀਂ ਬਚਿਆ ਜਿੱਥੇ ਨਸ਼ਾ ਨਾ ਹੁੰਦਾ ਹੋਵੇ, ਮਾਹਿਰਾਂ ਵੱਲੋਂ ਕੀਤੀਆਂ ਖੋਜਾਂ ਇਹ ਵੀ ਕਹਿਣ ਲੱਗ ਪਈਆਂ ਹਨ ਕਿ ਨਸ਼ੇ ਕਰ ਕੇ ਨੌਜਵਾਨ ਨਿਪੁੰਸਕ ਹੋਣ ਲੱਗ ਪਏ ਹਨ ਜਿਸ ਕਰ ਕੇ ਸਾਦੀਆਂ ਦੇ ਟੁੱਟਣ ਦਾ ਅੰਕੜਾ ਕਾਫ਼ੀ ਭਿਆਨਕ ਰੂਪ ਧਾਰ ਰਿਹਾ ਹੈ, ਔਰਤਾਂ ਦੇ ਕੌਂਸਲਿੰਗ ਸੈਂਟਰਾਂ ਵਿਚ ਜ਼ਿਆਦਾਤਰ ਕੇਸ ਪਤੀ ਦੇ ਨਸ਼ੇੜੀ ਹੋਣ ਤੇ ਰਿਸ਼ਤਿਆਂ ਵਿਚ ਆਈ ਦਰਾੜ ਕਰ ਕੇ ਆ ਰਹੇ ਹਨ, ਕਈ ਪਿੰਡ (ਪਟਿਆਲਾ ਜ਼ਿਲ੍ਹੇ ਦਾ ਪਿੰਡ ਮਰੌੜੀ) ਸ਼ਰਾਬ ਕੱਢਣ ਦੇ ਆਦੀ ਹੋਣ ਕਰ ਕੇ ਉੱਥੇ ਮੁੰਡਿਆਂ ਦੇ ਰਿਸ਼ਤੇ ਨਹੀਂ ਹੁੰਦੇ ਸਨ ਪਰ ਹੁਣ ਮਰੌੜੀ ਵਿਚ ਵੀ ਰਿਸ਼ਤੇ ਹੋ ਰਹੇ ਹਨ ਜਿਸ ਦਾ ਮਤਲਬ ਹੈ ਕਿ ਸ਼ਰਾਬ ਪੀਣਾ ਹੁਣ ਕੋਈ ਵੱਡਾ ਨਸ਼ਾ ਨਹੀਂ ਸਮਝਿਆ ਜਾ ਰਿਹਾ, ਖੋਜ ਅਨੁਸਾਰ ਸ਼ਰਾਬ ਨਾਲ 15 ਫ਼ੀਸਦੀ ਲੋਕ ਨਕਾਰਾ ਹੁੰਦੇ ਹਨ ਪਰ ਡਰੱਗਜ਼ ਨਾਲ 85 ਫ਼ੀਸਦੀ ਨਕਾਰਾ ਹੋ ਜਾਂਦੇ ਹਨ। ਨਸ਼ੇੜੀਆਂ ਦੇ ਹੋਰ ਵੀ ਖ਼ੁਲਾਸੇ ਹੋ ਰਹੇ ਹਨ ਜਿਵੇਂ ਕਿ ਜਦੋਂ ਨਸ਼ੇੜੀਆਂ ਦੇ ਟੈੱਸਟ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਚ ਐੱਚ ਆਈ ਵੀ ਟੈੱਸਟ ਪਾਜਿਟਿਵ ਪਾਏ ਗਏ ਹਨ ਜਿਨ੍ਹਾਂ ਤਹਿਤ ਸ੍ਰੀ ਅੰਮ੍ਰਿਤਸਰ ਵਿਚ 11160, ਬਠਿੰਡਾ 1339, ਗੁਰਦਾਸਪੁਰ 2170, ਹੁਸ਼ਿਆਰਪੁਰ 1325, ਜਲੰਧਰ 4280, ਲੁਧਿਆਣਾ 4338, ਪਟਿਆਲਾ 5149, ਸੰਗਰੂਰ 1096, ਤਰਨਤਾਰਨ 1497 ਏਡਜ਼ ਦੇ ਮਰੀਜ਼ ਪਾਏ ਗਏ ਹਨ। ਤੱਥ ਦੱਸਦੇ ਹਨ ਕਿ ਹੋਰ ਵੀ ਕਈ ਕੈਂਸਰ ਵਰਗੇ ਭਿਆਨਕ ਰੋਗ ਨਸ਼ੇੜੀਆਂ ਨੂੰ ਘੇਰ ਰਹੇ ਹਨ।
ਹੁਣ ਜੋ ਪੰਜਾਬ ਸਰਕਾਰ ਨੇ ਤਹਿ ਕੀਤਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸਲਾਹੁਣਯੋਗ ਹੈ ਜਿਸ ਤੇ 200 ਕਰੋੜ ਤੋਂ ਵੱਧ ਦਾ ਖ਼ਰਚੇ ਦਾ ਅਨੁਮਾਨ ਹੈ ਜਿਸ ਤੋਂ ਵੱਧ ਖ਼ਰਚੇ ਹੋ ਜਾਣਗੇ, ਇਸ ਤੋਂ ਇਲਾਵਾ 450 ਕਰੋੜ ਰੁਪਏ ਦਾ ਅਨੁਮਾਨ ਤਾਂ ਨਸ਼ੇੜੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਕਰਨ ਲਈ ਹੀ ਖ਼ਰਚ ਹੋ ਰਹੇ ਹਨ। ਸਰਕਾਰ ਦੀ ਲਿਸਟ ਵਿਚ 72 ਨਸ਼ਾ ਛਡਾਊ ਕੇਂਦਰ ਹਨ ਜਿਨ੍ਹਾਂ ਵਿਚ 62 ਨਿੱਜੀ ਹਨ। ਨਿੱਜੀ ਸੈਂਟਰਾਂ ਵਿਚ ਜਿੱਥੇ ਖਰਚਾ ਵੱਧ ਆਉਂਦਾ ਹੈ ਉੱਥੇ ਮਰੀਜ਼ਾਂ ਨਾਲ ਵਰਤਾਓ ਵਿਚ ਵੀ ਕਾਫ਼ੀ ਗਰਮੀ ਦਿਖਾਈ ਜਾਂਦੀ ਹੈ। ਕਈ ਨਿੱਜੀ ਸੈਂਟਰ ਸਰਕਾਰੀ ਸੈਂਟਰਾਂ ਨਾਲੋਂ ਵੀ ਚੰਗੀ ਕਾਰਵਾਈ ਕਰ ਰਹੇ ਹਨ। ਇਹ ਆਮ ਤੌਰ ਤੇ ਕਿਹਾ ਜਾਣਾ ਕੁਥਾਂ ਨਹੀਂ ਹੋਵੇਗਾ ਕਿ ਪੰਜਾਬ ਅੱਜ ਨਸ਼ੇ ਦੇ ਭਿਆਨਕ ਬਰੂਦ ਦੇ ਢੇਰ ਤੇ ਬੈਠਾ ਹੈ, ਜੇ ਬਾਰਡਰ ਵੱਲੋਂ ਨਸ਼ਾ ਪੰਜਾਬ ਵਿਚ ਆਕੇ ਪੰਜਾਬ ਨੂੰ ਖ਼ਤਮ ਕਰ ਰਿਹਾ ਹੈ ਤਾਂ ਰਾਜਸਥਾਨ ਦਾ ਬਾਰਡਰ ਪੰਜਾਬ ਨਾਲੋਂ ਵੀ ਵੱਡਾ ਹੈ ਪਰ ਰਾਜਸਥਾਨ ਨੂੰ ਨਸ਼ੇੜੀ ਨਹੀਂ ਕਿਹਾ ਜਾਂਦਾ। ਜਿਸ ਸੂਬੇ ਦੇ ਹਰ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਦਾ ਪਾਠ ਹੁੰਦਾ ਹੋਵੇ ਉੱਥੇ ਨਸ਼ੇ ਕਾਰਨ ਜ਼ਿੰਦਗੀਆਂ ਤਬਾਹ ਹੋਣੀਆਂ ਗ਼ੈਰਮਾਮੂਲੀ ਕਾਰਵਾਈ ਹੈ। ਪੰਜਾਬ ਸਰਕਾਰ ਨੂੰ ਦੋਸ਼ ਸਵੀਕਾਰ ਕਰਨੇ ਚਾਹੀਦੇ ਹਨ ਤੇ ਘਟੀਆ ਨਸ਼ੇ ਦੇ ਤਸਕਰ ਸਿਆਸਤਦਾਨਾਂ (ਮੰਤਰੀਆਂ ਸਮੇਤ) ਨੂੰ ਜੇਲ੍ਹਾਂ ਵਿਚ ਭੇਜਣਾ ਚਾਹੀਦਾ ਹੈ ਤੇ ਨਸਾ ਤਸਕਰ ਨੂੰ ਘੱਟੋ ਘੱਟ ਮੌਤ ਦੀ ਸਜਾ ਹੋਣੀ ਤਹਿ ਹੋਣੀ ਚਾਹੀਦੀ ਹੈ।
ਗੁਰਨਾਮ ਸਿੰਘ ਅਕੀਦਾ
8146001100