ਕੈਟੇਗਰੀ

ਤੁਹਾਡੀ ਰਾਇ



ਹਰਸ਼ਿੰਦਰ ਕੌਰ (ਡਾਕਟਰ)
ਮੋਬਾਇਲ ਫੋਨ ਤੋਂ ਜ਼ਰਾ ਬਚ ਕੇ !
ਮੋਬਾਇਲ ਫੋਨ ਤੋਂ ਜ਼ਰਾ ਬਚ ਕੇ !
Page Visitors: 2943

    ਮੋਬਾਇਲ ਫੋਨ ਤੋਂ ਜ਼ਰਾ ਬਚ ਕੇ !
    ਡਾ: ਹਰਸ਼ਿੰਦਰ ਕੌਰ
  ਜਦੋਂ ਵੀ ਕੋਈ ਨਵੀਂ ਕਾਢ ਕੱਢੀ ਜਾਂਦੀ ਹੈ , ਤਾਂ ਪੈਸੇ ਵਾਲੀਆਂ ਵੱਡੀਆਂ ਕੰਪਣੀਆਂ ਉਸ ਕਾਢ ਕੱਢਣ ਵਾਲੇ ਦੀ ਕੀਮਤ ਤਾਰ ਕੇ , ਉਸ ਨੂੰ ਆਮ ਬੰਦਿਆਂ ਵਿਚ ਪਹੁੰਚਦਾ ਕਰ , ਖਰਬਾਂ ਰੁਪਏ ਕਮਾ ਲੈਂਦੀਆਂ ਹਨ । ਜਦੋਂ ਤਕ ਉਸ ਵਿਸ਼ੇ ਬਾਰੇ , ਕੋਈ ਹੋਰ ਖੋਜ ਹੋਵੇ ਤੇ ਉਸ ਪਹਿਲੀ ਕਾਢ ਵਿਚ ਕੋਈ ਨੁਕਸ ਲੱਭ ਜਾਵੇ , ਜਾਂ ਫੇਰ ਕੋਈ ਹੋਰ ਉਸ ਤੋਂ ਨਵੀਂ ਕਾਢ ਮਿਲ ਜਾਵੇ , ਓਦੋਂ ਤਕ ਉਨ੍ਹਾਂ ਕੰਪਣੀਆਂ ਦੇ ਮਾਲਕਾਂ ਦੀਆਂ ਅਗਲੀਆਂ ਆਉਣ ਵਾਲੀਆਂ ਦਸ ਪੁਸ਼ਤਾਂ ਜੋਗਾ ਪੈਸਾ ਇਕੱਠਾ ਹੋ ਚੁੱਕਿਆ ਹੁੰਦਾ ਹੈ । ਫੇਰ ਦੁਬਾਰਾ ਉਹੀ ਚੱਕਰ-ਵਿਊ ਸ਼ੁਰੂ ਹੋ ਜਾਂਦਾ ਹੈ ।
  ਮੋਬਾੲਲਿ ਫੋਨ ਦਾ ਤਹਿਲਕਾ ਮਚਾ ਲੈਣ ਬਾਅਦ ਹੁਣ ਜਦੋਂ ਕੂੜਾ ਚੁੱਕਣ ਅਤੇ ਭੀਖ ਮੰਗਣ ਵਾਲਿਆਂ ਤਕ ਦੇ ਹੱਥ ਮੋਬਾਇਲ ਫੋਨ ਪਹੁੰਚ ਚੁੱਕਾ ਹੈ ਤਾਂ ਹੁਣ ਉਸ ਦੇ ਮਾੜੇ ਅਸਰਾਂ ਦਾ ਕਿਤਾਬਚਾ ਖੋਲ੍ਹਿਆ ਗਿਆ ਹੈ । ਖੋਜਾਂ ਰਾਹੀਂ ਬਹੁਤ ਸਾਰੇ ਮਾੜੇ ਅਸਰ ਸਾਮ੍ਹਣੇ ਆ ਚੁੱਕੇ ਹਨ , ਪਰ ਅਫਸੋਸ ਹੁਣ ਇਹ ਆਦਤ ਛੂੱਟਣ ਵਾਲੀ ਨਹੀਂ ਲਗਦੀ । ਫਿਰ ਵੀ ਮੈਂ ਉਨ੍ਹਾਂ ਲਈ ਇਹ ਲੇਖ ਲਿਖ ਰਹੀ ਹਾਂ , ਜਿਹੜੇ ਆਪਣੀ ਸੇਹਤ ਪ੍ਰਤੀ ਚਿੰਤਤ ਰਹਿੰਦੇ ਹਨ , ਤੇ ਬਾਕੀਆਂ ਨੂੰ ਵੀ ਸਿਹਤ-ਮੰਦ ਵੇਖਣਾ ਚਾਹੁੰਦੇ ਹਨ ।
  ਵਾਸ਼ਿੰਗਟਨ ਵਿਖੇ ਯੇਲ ਸਕੂਲ ਆਫ ਮੈਡੀਸਨ ਵਿਚੋਂ ਹਿਊ ਐਸ ਟੇਲਰ, ਜੋ ਰੀਪਰੋਡਕਟਿਵ ਐਂਡੋਕਰਾਈਨਾਲੋਜੀ  ਤੇ ਇਨਫਰਟਿਲਿਟੀ ਵਿਭਾਗ ਦੇ ਪ੍ਰੋਫੈਸਰ ਹਨ , ਨੇ ਆਪਣੇ ਸਾਥੀ ਡਾਕਟਰਾਂ ਨਾਲ ਕੀਤੀ ਖੋਜ ਦੇ ਸਿੱਟੇ ਸਾਡੇ ਸਾਹਮਣੇ ਰੱਖ ਦਿੱਤੇ ਹਨ । ਉਨ੍ਹਾਂ ਨੇ ਗਰਭਵਤੀ ਚੂਹੀ ਕੋਲ ‘ਮਿਊਟ’ (ਯਾਨੀ ਆਵਾਜ਼ ਬੰਦ) ਕਰ ਕੇ ਮੋਬਾਇਲ ਫੋਨ , ਉਸ ਦੇ ਬੰਦ ਪਿੰਜਰੇ ਉੱਤੇ ਰੱਖ ਦਿੱਤਾ । ਉਹ ਮੋਬਾਇਲ ਫੋਨ ਆਮ ਵਾਙ ਚੱਲਣ ਦਿੱਤਾ ਗਿਆ , ਜਿਸ ਉੱਤੇ ਟੈਲੀਫੋਨ ਕਾਲਾਂ ਆਉਂਦੀਆਂ ਰਹੀਆਂ , ਬਸ ਸਿਰਫ ਘੰਟੀ ਹੀ ਨਹੀਂ ਵੱਜੀ । ਜਨਰਲ ਆਫ ਸਾਇੰਟਿਫਿਕ ਰਿਪੋਰਟ ਨੇ ਉਨ੍ਹਾਂ ਦੀ ਖੋਜ ਛਾਪ ਕੇ ਦੱਸਿਆ ਹੈ ਕਿ ਜਦੋਂ ਅਜਿਹੀ ਚੂਹੀ ਦੇ ਬੱਚੇ ਜੰਮੇ ਤੇ ਫੇਰ ਜਵਾਨ ਹੋਏ ਤਾਂ ਉਨ੍ਹਾਂ ਦੇ ਦਿਮਾਗ ਦੇ ਟੈਸਟ ਕੀਤੇ ਗਏ । ਦੂਜੇ ਨਾਰਮਲ ਚੂਹਿਆਂ ਨਾਲੋਂ ਇਹ ਚੂਹੇ ਜੋ ਮਾਂ ਦੇ ਢਿੱਡ ਅੰਦਰ ਉਨ੍ਹਾਂ ਮੋਬਾਇਲ ਫੋਨ ਦੀਆਂ ਰੇਡੀਉ ਕਿਰਨਾਂ ਦੇ ਅਸਰ ਹੇਠ ਆਏ ਸਨ , ਦੀ ਯਾਦ ਸ਼ਕਤੀ ਘੱਟ ਸੀ ਤੇ ਉਹ ਲੋੜ ਤੋਂ ਵੱਧ ਹਰਕਤਾਂ ਕਰ ਰਹੇ ਸਨ , ਯਾਨੀ ਟਿਕ ਕੇ ਬਹਿ ਸਕਣ ਤੋਂ ਅਸਮਰੱਥ ਸਨ । ਉਨ੍ਹਾਂ ਦੇ ਬਣਦੇ ਦਿਮਾਗ ਵਿਚਲੇ ਨਿਊਰੌਨ ਸੈਲਾਂ ਉੱਤੇ ਜਦੋਂ ਮੋਬਾਇਲ ਫੋਨ ਵੱਜਣ ਅਤੇ ਖੋਜੀਆਂ ਵਲੋਂ ਉਸ ਨੂੰ ਸੁਣਨ ਕਾਰਨ ਰੇਡੀਉ ਕਿਰਨਾ ਪਈਆਂ ਤਾਂ ਉਨ੍ਹਾਂ ਵਿਚ ਸਦੀਵੀ ਨੁਕਸ ਪੈ ਗਿਆ । ਇਹ ਨੁਕਸ ਦਿਮਾਗ ਦੇ ਅਗਲੇ ਸਿਰੇ ਯਾਨੀ , ਪਰੀਫਰੰਟਲ ਕੌਰਟੈਕਸ ਹਿੱਸੇ ਵਿਚ ਜ਼ਿਆਦਾ ਲੱਭਿਆ ਗਿਆ , ਜਿਸ ਕਾਰਨ ਉਹ ਚੂਹੇ ਸਦਾ ਲਈ ਵਿਗੜੇ ਵਤੀਰੇ ਵਾਲੇ ਬਣ ਕੇ ਰਹਿ ਗਏ ।
  ਇਸ ਖੋਜ ਦੇ ਨਤੀਜਿਆਂ ਦੇ ਹੇਠਾਂ ਇਕ ਨੋਟ ਪਾਇਆ ਗਿਆ ਸੀ ਕਿ ਇਨਸਾਨੀ ਬੱਚੇ ਦੇ ਦਿਮਾਗ ਦੀ ਬਣਤਰ ਵੀ ਇੰਨ-ਬਿੰਨ ਚੂਹੇ ਵਾਙ ਹੀ ਪੱਕੇ ਤੌਰ ਤੇ ਵਿਗੜ ਸਕਦੀ ਹੈ , ਅਤੇ ਇਸ ਦੇ ਗਵਾਹ ਹਨ ਉਹ (1484) ਬੱਚੇ , ਜਿਹੜੇ ਟਿਕ ਕੇ ਬਹਿ ਨਾ ਸਕਣ ਤੇ ਇਕਾਗਰਤਾ ਦੀ ਕਮੀ ਦੇ ਸ਼ਿਕਾਰ ਹੋ ਚੁੱਕੇ ਹਨ , ਉਨ੍ਹਾਂ ਦੀਆਂ ਮਾਵਾਂ ਗਰਭਵਤੀ ਹੋਣ ਵੇਲੇ ਮੋਬਾਇਲ ਫੋਨ ਦੀ ਵਰਤੋਂ ਕਰਦੀਆਂ ਰਹੀਆਂ ਸਨ । ਏਸੇ ਲਈ ਗਰਭਵਤੀ ਔਰਤਾਂ ਲਈ ਇਹ ਇਕ ਚਿਤਾਵਨੀ ਗਿਣ ਲੈਣੀ ਚਾਹੀਦੀ ਹੈ , ਕਿਉਂਕਿ ਅਜਿਹੇ ਬੱਚਿਆਂ ਦੀ ਭਰਮਾਰ ਸਾਮ੍ਹਣੇ ਆਉਣ ਲੱਗ ਪਈ ਹੈ ।  
  ਇਸ ਤੋਂ ਇਲਾਵਾ ਜਿਹੜੇ ਹੋਰ ਮਾੜੇ ਅਸਰਾਂ ਦੀਆਂ ਲਿਸਟਾਂ ਵੱਖੋ-ਵੱਖਰੇ ਦੇਸ਼ਾਂ ਦੀਆਂ ਖੋਜਾਂ ਵਿਚੋਂ ਸਾਮ੍ਹਣੇ ਆ ਰਹੀਆਂ ਹਨ , ਉਹ ਵੀ ਲਗਾਤਾਰ ਲੰਬੀਆਂ ਹੁੰਦੀਆਂ ਜਾਂਦੀਆਂ ਹਨ । ਜਿਹੜੀਆਂ ਰੇਡੀਉ ਕਿਰਨਾਂ ਮੋਬਾਇਲ ਵਿਚੋਂ ਨਿਕਲਦੀਆਂ ਹਨ , ਉਹ ਮੋਬਾਇਲ ਦੇ ਕੰਨ ਨਾਲ ਲਗਦੇ ਸਾਰ ਕੰਨ ਅਤੇ ਉਸ ਦੇ ਚੁਫੇਰੇ ਦੇ ਹਿੱਸੇ ਨੂੰ ਗਰਮ ਕਰ ਦਿੰਦੀਆਂ ਹਨ ਤੇ ਇਹ ਗਰਮ ਕਿਰਨਾਂ , ਦੋ ਵਾਟ ਪਾਵਰ ਦੀਆਂ ਹੁੰਦੀਆਂ ਹਨ । ਜਿੰਨੀ ਲੰਬੀ ਜਾਂ ਜ਼ਿਆਦਾ ਵਾਰ ਗੱਲਬਾਤ ਹੁੰਦੀ ਰਹੇ ਓਨੀ ਹੀ ਜ਼ਿਆਦਾ ਦੇਰ ਕੰਨ ਦੀ ਨੱਸ ਉਤੇ ਅਸਰ ਪੈਂਦਾ ਰਹਿੰਦਾ ਹੈ , ਤੇ ਹੌਲੀ-ਹੌਲੀ ਇਸ ਨਾਲ ਸੁਣਨ ਸ਼ਕਤੀ ਘਟ ਜਾਂਦੀ ਹੈ ।
  ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਕੁਝ ਜ਼ਿਆਦਾ ਪਤਲੀਆਂ ਹੁੰਦੀਆਂ ਹਨ , ਇਸ ਲਈ ਉਨ੍ਹਾਂ ਦੇ ਸਿਰ ਦੇ ਅੰਦਰਲੇ ਹਿੱਸਿਆਂ ਤੇ ਮਾੜਾ ਅਸਰ ਵੱਧ ਪੈਂਦਾ ਹੈ । ਨਿੱਕੇ ਬੱਚੇ ਦੇ ਹੱਥ ਵਿਚ ਖਿਡੌਣੇ ਵਾਙ ਮੋਬਾਇਲ ਫੋਨ ਫਵਾਉਣ ਵਾਲੇ ਮਾਪਿਆਂ ਨੂੰ ਇਹ ਅੰਦਾਜ਼ਾ ਵੀ ਨਹੀਂ ਹੋਣਾ ਕਿ ਬੱਚੇ ਦੇ ਬਣਦੇ ਦਿਮਾਗ ਉੱਤੇ ਇਨ੍ਹਾਂ ਰੇਡੀਉ ਕਿਰਨਾਂ ਦੇ ਅਸਰ ਹੇਠ ਉਨ੍ਹਾਂ ਦੇ ਡੀ.ਐਨ.ਏ. ਤੇ ਸਦੀਵੀ ਮਾੜਾ ਅਸਰ ਪੈ ਸਕਦਾ ਹੈ । ਏਸੇ ਲਈ ਹਰ ਪਾਸਿਉਂ ਖੋਜੀ ਡਾਕਟਰਾਂ ਵਲੋਂ ਇਹੀ ਸੁਨੇਹਾ ਭੇਜਿਆ ਜਾ ਰਿਹਾ ਹੈ ਕਿ  16   ਸਾਲ ਤੋਂ ਹੇਠਾਂ ਦਿਆਂ ਬੱਚਿਆਂ ਦੇ ਨੇੜੇ-ਤੇੜੇ ਤਾਂ ਛੱਡੋ, ਉਨ੍ਹਾਂ ਦੇ ਕਮਰੇ ਵਿਚ ਵੀ ਮੋਬਾਇਲ ਨਹੀਂ ਹੋਣਾ ਚਾਹੀਦਾ । ਬੱਚਿਆਂ ਦੇ ਦਿਮਾਗ ਵੱਲ ਜਾਂਦੇ ਲਹੂ ਰਾਹੀਂ ਕੀਟਾਣੂਆਂ ਨੂੰ ਵੜਨ ਤੋਂ ਰੋਕਣ ਲਈ ਕੁਦਰਤ ਨੇ ਇਕ ਝਿੱਲੀ ਬਣਾਈ ਹੁੰਦੀ ਹੈ । ਇਹ ਵੀ ਕਿਆਸ ਲਾਇਆ ਜਾ ਰਿਹਾ ਹੈ ਕਿ ਮੋਬਾਇਲ ਦੀਆਂ ਰੇਡੀਉ ਕਿਰਨਾਂ ਉਸ ਝਿੱਲੀ ਨੂੰ ਵਿਗਾੜ ਦਿੰਦੀਆਂ ਹਨ ਤੇ ਕਿਟਾਣੂ ਦਿਮਾਗ ਵਿਚ ਸੌਖਿਆਂ ਵੜ ਸਕਦੇ ਹਨ । ਖੋਜ ਇਹ ਵੀ ਦੱਸ ਰਹੀ ਹੈ ਕਿ ਇਕ ਵਾਰ ਦੇ ਫੋਨ ਸੁਣਨ ਨਾਲ ਨਿਕਲੀਆਂ ਰੇਡੀਓ ਕਿਰਨਾਂ ਬੱਚੇ ਦੇ ਦਿਮਾਗ ਦੀ ਇਲੈਕਟ੍ਰਿਕ ਪ੍ਰਕਿਰਿਆ ਨੂੰ ਇਕ ਘੰਟੇ ਤਕ ਲਈ ਨਾਰਮਲ ਨਹੀਂ ਹੋਣ ਦਿੰਦੀਆਂ । ਜੇ ਇਹ ਲਗਾਤਾਰ ਚਾਲੂ ਰਹੇ ਤਾਂ ਕੋਈ ਨਿਆਣਾ ਵੀ ਸੌਖਿਆਂ ਅੰਦਾਜ਼ਾ ਲਾ ਸਕਦਾ ਕਿ ਕਹਿਰ ਢੈ ਸਕਦਾ ਹੈ । ਲਗਾਤਾਰ ਇਸ ਦੇ ਅਸਰ ਹੇਠ ਰਹਿ ਕੇ ਬੱਚੇ , ਇਕਾਗਰਤਾ ਨਾਲ ਪੜ੍ਹ ਨਹੀਂ ਸਕਦੇ ਤੇ ਟਿਕ ਕੇ ਬਹਿ ਨਹੀਂ ਸਕਦੇ , ਕਿਉਂਕਿ ਇਹ ਕਿਰਨਾਂ ਦਿਮਾਗ ਦੇ ਕੁਝ ਸੈਲਾਂ ਨੂੰ ਸੇਕ ਨਾਲ ਖਤਮ ਵੀ ਕਰ ਦਿੰਦੀਆਂ ਹਨ ਤੇ ਸੈਲਾਂ ਦੇ ਨਾਰਮਲ ਕੰਮ-ਕਾਰ ਵਿਚ ਵੀ ਖਰਾਬੀ ਪੈਦਾ ਕਰ ਦਿੰਦੀਆਂ ਹਨ , ਜਿਸ ਨਾਲ ਦਿਮਾਗ ਵਿਚਲੇ ਸੁਨੇਹੇ ਵੀ ਉਲਟ-ਪੁਲਟ ਹੋ ਸਕਦੇ ਹਨ ।
  ਵੱਡਿਆਂ ਵਿਚ ਵੀ ਨੀਂਦਰ ਘੱਟ ਆਉਣੀ ਜਾਂ ਢਹਿੰਦੀ ਕਲਾ , ਉਨ੍ਹਾਂ ਵਿਚ ਵੱਧ ਵੇਖਣ ਨੂੰ ਮਿਲਦੀ ਹੈ ਜਿਹੜੇ ਜ਼ਿਆਦਾ ਸਮਾ ਮੋਬਾਇਲ ਦੀ ਵਰਤੋਂ ਕਰਦੇ ਹਨ । ਕੁਝ ਬਿਮਾਰੀਆਂ ਦੇ ਸਬੂਤ ਹਾਲੇ ਤਕ ਨਹੀਂ ਮਿਲੇ ਪਰ ਖੋਜਾਂ ਇਧਰ ਹੀ ਇਸ਼ਾਰਾ ਕਰ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ , ਸਿਰ ਅੰਦਰਲਾ ਕੈਂਸਰ ਵੱਧ ਹੋਣ ਲੱਗ ਪਿਆ ਹੈ । ਕਈ ਕੇਸ ਸਾਮ੍ਹਣੇ ਆਏ ਹਨ , ਜਿਨ੍ਹਾਂ ਦੇ ਦਿਮਾਗ ਅੰਦਰ ਖਤਰਨਾਕ ਕਿਸਮ ਦਾ ਕੈਂਸਰ ਓਸੇ ਪਾਸੇ ਲੱਭਿਆ ਹੈ , ਜਿਸ ਪਾਸੇ ਉਹ ਲਗਾਤਾਰ ਮੋਬਾਇਲ ਫੋਨ ਵਰਤ ਰਹੇ ਹਨ । ਖੋਜੀ ਤਾਂ ਇਹ ਸਿੱਟਾ ਵੀ ਕੱਢੀ ਬੈਠੇ ਹਨ ਕਿ ਰੋਜ਼ ਦੀ ਇਕ ਘੰਟੇ ਦੀ ਮੋਬਾਇਲ ਦੀ ਵਰਤੋਂ ਨਾਲ  10  ਸਾਲ ਬਾਅਦ ਦਿਮਾਗ ਦੇ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਏਗਾ ਤੇ ਅਗਲੇ ਆਉਣ ਵਾਲੇ ਸਮੇ ਵਿਚ ਧੜਾ-ਧੜ ਮੌਤ ਦੇ ਮੂੰਹ ਵਲ ਜਾਂਦੇ ਲੋਕਾਂ ਦਾ ਢੇਰ ਲੱਗ ਜਾਣਾ ਹੈ । ਹੋਰ ਤਾ ਹੋਰ , ਜਿਹੜੇ ਬੰਦੇ ਪੈਂਟ ਦੀ ਜੇਭ ਵਿਚ ਮੋਬਾਇਲ ਰੱਖ ਰਹੇ ਹੋਣ , ਉਨ੍ਹਾਂ ਵਿਚੋਂ ਬਹੁਤਿਆਂ ਦੇ ਸ਼ੁਕਰਾਣੂਆਂ ਦੀ ਗਿਣਤੀ ਵੀ ਘਟ ਚੁੱਕੀ ਹੋਵੇਗੀ , ਜੋ ਚੈਕ ਕਰਵਾਈ ਜਾ ਸਕਦੀ ਹੈ ਕਿਉਂਕਿ ਖੋਜ ਇਸ ਪਾਸੇ ਵੀ ਇਸ਼ਾਰਾ ਕਰ ਰਹੀ ਹੈ ।
  ਜਿਹੜੇ ਵੀ ਲੋਕ ਚਿੰਤਤ ਹੋ ਚੁੱਕੇ ਹੋਣ , ਉਨ੍ਹਾਂ ਲਈ ਇਹ ਸਲਾਹ ਹੈ ਰੋਜ਼ ਦੇ ਮੋਬਾਇਲ ਫੋਨ ਆਉਂਦੇ ਅਤੇ ਕੀਤੇ ਗਏ ਗਿਣ ਲਵੋ , ਅਤੇ ਵਰਤੋਂ ਦੇ ਘੰਟੇ ਵੀ , ਤੇ ਹੁਣ ਚੈਕ ਕਰੋ ਕਿ ਕੀ ਤੁਹਾਡੇ ਸਰੀਰ ਉੱੇਤੇ ਇਸ ਦੇ ਕੋਈ ਮਾੜੇ ਅਸਰ ਪੈ ਚੁੱਕੇ ਹਨ ? ਜਾਂ ਨਹੀਂ । ਤਰੀਕਾ ਸੌਖਾ ਹੈ , ਤੁਹਾਡੇ ਕੰਨ ਕਿੰਨੇ ਕੁ ਗਰਮ ਹੋਣ ਲਗ ਪਏ ਹਨ ?  ਜ਼ਿਆਦਾ ਗੁੱਸਾ ਤਾਂ ਨਹੀਂ ਆਉਣ ਲਗ ਪਿਆ ? ਛੇਤੀ ਚਿੜ-ਚਿੜੇ ਤਾਂ ਨਹੀਂ ਹੋਣ ਲੱਗ ਪਏ ? ਥਕਾਵਟ , ਸੁਸਤੀ , ਨਜ਼ਰ ਘਟਣੀ , ਵਾਲਾਂ ਦਾ ਝੜਨਾ , ਜੀਅ ਕੱਚਾ ਹੋਣਾ , ਨੀਂਦਰ ਠੀਕ ਨਾ ਆਉਣੀ , ਅਜੀਬ ਖਿਆਲ ਆਉਣੇ , ਹੱਥਾਂ ਜਾਂ ਬਾਹਾਂ ਵਿਚ ਝਣਝਣਾਹਟ , ਕੋਈ ਕੰਮ ਟਿਕ ਕੇ ਨਾ ਕਰ ਸਕਣਾ, ਧੜਕਣ ਦਾ ਇਕਦਮ ਵਧਣਾ , ਛੇਤੀ ਸੋਚ ਭਟਕ ਜਾਣੀ , ਆਦਿ ਦੱਸਦੇ ਹਨ ਕਿ ਤੁਹਾਡਾ ਸਰੀਰ ਰੇਡੀਉ ਕਿਰਨਾਂ ਦੇ ਅਸਰ ਹੇਠ ਆ ਚੁੱਕਾ ਹੈ ।
  ਜਿਹੜੇ ਵੀ ਪਾਠਕ ਮੋਬਾਇਲ ਫੋਨ ਦਾ ਇਸਤੇਮਾਲ ਘਟਾਉਣ ਨਾਲੋਂ ਜ਼ਿੰਦਗੀ ਘਟਾਉਣ ਨੂੰ ਤਰਜੀਹ ਦਿੰਦੇ ਹਨ , ਉਹ ਤਾਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਓਸੇ ਤਰ੍ਹਾਂ ਚਾਲੂ ਰੱਖਣ । ਜਿਹੜੇ ਫਿਕਰਮੰਦ ਹਨ , ਉਨ੍ਹਾਂ ਲਈ ਕੁਝ ਸਲਾਹਾਂ ਫਾਇਦੇਮੰਦ ਹੋ ਸਕਦੀਆਂ ਹਨ :-

   *  16 ਸਾਲ ਤੋਂ ਛੋਟੇ ਬੱਚੇ ਨੂੰ ਮੋਬਾਇਲ ਫੜੌਣਾ ਠੀਕ ਨਹੀਂ ।

   *  ਗਰਭਵਤੀ ਔਰਤਾ ਇਸ ਦੀ ਵਰਤੋਂ ਜ਼ਿਆਦਾ ਨਾ ਕਰਨ ।

   *  ਗਲ ਕਰਨ ਨਾਲੋਂ ਮੈਸੇਜ ਨਾਲ ਸਾਰ ਲਵੋਂ ਤਾਂ ਚੰਗਾ ਹੈ ।

   *  ਰਾਤ ਵੇਲੇ ਮੋਬਾਇਲ ਫੋਨ ਬੰਦ (ਸਵਿੱਚ ਆਫ) ਕਰ ਦੇਵੋ ।

   *  ਬਲਿਊ ਟੁੱਥ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ । 

   *  ਘਰ ਦੇ ਲੈਂਡ ਲਾਈਨ ਦੀ ਵਰਤੋਂ ਵਧਾਉ ।

   *  ਜੇਭਾਂ ਜਾਂ ਬੈਲਟ ਨਾਲ ਟੁੰਗ ਕੇ ਫੋਨ ਸੁਣਨ ਨਾਲੋਂ ਪਰ੍ਹਾਂ ਰੱਖ ਕੇ ਜਾਂ ਹੱਥ ਵਿਚ ਫੜ ਕੇ ਈਅਰ ਫੋਨ ਦੀ ਵਰਤੋਂ ਕਰੋ ਜਾਂ ਸਪੀਕਰ ਤੇ ਸੁਣ ਲਵੋ ।

   *  ਰਿਹਾਇਸ਼ੀ ਇਲਾਕੇ ਨੇੜੇ ਮੋਬਾਇਲ ਟਾਵਰ ਲੱਗਣੇ ਠੀਕ ਨਹੀਂ ਹਨ ।

   *  ਬੰਦ ਥਾਂ ਜਾਂ ਘੱਟ ਸਿਗਨਲ ਵਾਲੀ ਥਾਂ ਤੇ ਮੋਬਾਇਲ ਨੂੰ ਵੱਧ ਪਾਵਰ ਦੀ ਲੋੜ ਪੈਂਦੀ ਹੈ , ਜੋ ਨੁਕਸਾਨਦੇਹ ਹੈ , ਸੋ ਖਰਾਬ ਕੁਨੈਕਸ਼ਨ ਵੇਲੇ , ਕੰਨਾਂ ਅਤੇ ਦਿਮਾਗ ਤੇ ਜ਼ੋਰ ਨਾ ਹੀ ਪਾਉ ਤਾਂ ਚੰਗਾ ਹੈ ।
  ਸੋ ਹੁਣ ਕੰਨਾਂ ਤੇ ਸਰੀਰ ਤੋਂ ਪਰ੍ਹਾਂ ਰੱਖੋ ਫੋਨ ਨੂੰ । ਕੁਝ ਕੁ ਫੋਨ ਕਰਨੇ ਘਟਾਉਣ ਨਾਲ ਅਤੇ ਇਹਤਿਆਤ ਵਰਤਣ ਨਾਲ , ਜੇ ਸਿਹਤ-ਮੰਦ ਰਿਹਾ ਜਾ ਸਕਦਾ ਹੈ ਤਾਂ ਕੀ ਹਰਜ ਹੈ ਫੋਨ ਕਰਨੇ ਘਟਾਉਣ ਵਿਚ ?
  ਫੋਨ ਕਰਨ ਤੋਂ ਬਚੇ ਸਮੇ ਦੌਰਾਨ ਆਪਣੇ ਟੱਬਰ ਨਾਲ ਅਤੇ ਸਾਥੀਆਂ ਨਾਲ ਬਹਿ ਕੇ ਕੁਝ ਹਲਕੀ-ਫੁਲਕੀ ਗੱਲ-ਬਾਤ ਕਰੋ ਤੇ ਮਨ ਦੀਆਂ ਗੁੰਝਲਾਂ ਖੋਲ੍ਹ ਲਵੋ ਤਾਂ ਕਿੰਨਾ ਚੰਗਾ ਹੋਵੇ ?    

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.