ਸਿੱਖਾਂ ਤੇ ਅੱਤਿਆਚਾਰ ਕਰਨ ਤੇ ਵੰਡੀਆ ਪਾਉਣ ਲਈ ਹਮੇਸ਼ਾਂ ਬਾਦਲਕੇ ਜ਼ਿੰਮੇਵਾਰ ਰਹੇ :
ਜਸਬੀਰ ਸਿੰਘ ਪੱਟੀ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰਨ ਤੋ ਬਾਅਦ ਇੱਕ ਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਤੇ ਕਾਂਗਰਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਾਂਗਰਸ ਸਿੱਖਾਂ ਨੂੰ ਪਾੜ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਦੀ ਵੰਡ ਹਮੇਸ਼ਾਂ ਹੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਈ।
Êਪੰਜਾਬ ਦੇ ਮਰਹੂਮ ਕਾਂਗਰਸੀ ਮੁੱਖ ਮੰਤਰੀ ਸ੍ਰੀ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਸੀਨੇ ਵਿੱਚ ਪੰਜਾਬ ਨੂੰ ਮਹਾਂ ਪੰਜਾਬ ਬਣਾਉਣ ਦਾ ਸੁਫਨਾ ਸਮੋਇਆ ਹੋਇਆ ਸੀ ਪਰ ਅਕਾਲੀਆ ਨੇ ਮੋਰਚਾ ਲਗਾ ਕੇ ਪੰਜਾਬੀ ਸੂਬਾ ਵੀ ਇਸ ਕਰਕੇ ਹੀ ਬਣਾਇਆ ਕਿ ਅਣਵੰਡੇ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ਸਿਰਫ 22 ਫੀਸਦੀ ਸੀ ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਅਕਾਲੀ ਸੋਚਦੇ ਸਨ ਕਿ ਜੇਕਰ ਪੰਜਾਬ ਨੂੰ ਨਿਰੋਲ ਸਿੱਖ ਬਹੁਗਿਣਤੀ ਵਾਲਾ ਸੂਬਾ ਨਾ ਬਣਾਇਆ ਗਿਆ ਤਾਂ ਅਕਾਲੀ ਦਲ ਦਾ ਮੁੱਖ ਮੰਤਰੀ ਨਹੀ ਬਣ ਸਕੇਗਾ। ਇਸ ਲਈ ਪੰਜਾਬੀ ਸੂਬੇ ਦਾ ਮੋਰਚਾ ਵੀ ਇੱਕ ਸਾਜਿਸ਼ ਤਹਿਤ ਲਗਾ ਦਿੱਤਾ ਗਿਆ। ਇਥੇ ਹੀ ਬੱਸ ਨਹੀ ਜਦੋਂ ਭਾਖੜਾ ਡੈਮ ਦੀ ਉਸਾਰੀ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਅਕਾਲੀਆ ਨੇ ਇਹ ਹੀ ਮੁੱਦਾ ਉਠਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਖੜਾ ਡੈਮ ਲਗਾ ਕੇ ਕਾਂਗਰਸ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਵਿੱਚੋ ਸਾਰੀ ਤਾਕਤ ਤਾਂ ਭਾਖੜੇ ਹੀ ਕੱਢ ਲੈਦੀ ਹੈ ਤੇ ਕਿਸਾਨਾਂ ਨੂੰ ਫੋਕਟ ਪਾਣੀ ਦਿੱਤਾ ਜਾ ਰਿਹਾ ਹੈ ਜਿਹੜਾ ਫਸਲਾਂ ਲਈ ਲਾਹੇਵੰਦਾ ਨਹੀ ਹੈ। ਅਕਾਲੀਆ ਨੇ ਸਿਰਫ ਪੰਜਾਬੀ ਸੂਬਾ ਨਹੀ ਬਣਾਇਆ ਸਗੋ ਪੈਪਸ਼ੂ ਨੂੰ ਤੋੜ ਕੇ ਵੀ ਇਸੇ ਕਰਕੇ ਹੀ ਪੰਜਾਬ ਵਿੱਚ ਮਿਲਾਇਆ ਕਿਉਕਿ ਸਿੱਖਾਂ ਦੀ ਅਬਾਦੀ ਵਿੱਚ ਵਾਧਾ ਹੋ ਸਕੇ ਜਦ ਕਿ ਪੈਪਸ਼ੂ ਮਹਾਰਾਜਾ ਪਟਿਆਲਾ ਦੇ ਕਬਜੇ ਵਿੱਚ ਸੀ ਜਿਹੜਾ ਪੰਥ ਪ੍ਰਸਤ ਤੇ ਗੁਰੂ ਦੇ ਭੈਅ ਰਹਿਣ ਵਾਲਾ ਵਿਅਕਤੀ ਸੀ। ਅੱਜ ਉਸ ਖਾਨਦਾਨ ਦੇ ਚਿਰਾਗ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਾਂ ਵਿੱਚ ਇੱਕ ਚੰਗਾ ਸਿੱਖ ਹੋਣ ਦਾ ਮਾਣ ਹਾਸਲ ਹੈ।
ਸਿੱਖਾਂ ਨੂੰ ਵੰਡਣ ਤੇ ਆਪਸ ਵਿੱਚ ਲੜਾਉਣ ਲਈ ਅਕਾਲੀਆ ਨੇ ਦਿੱਲੀ ਦੇ ਗੁਰੂਦੁਆਰਿਆ ਤੇ ਮੋਰਚਾ ਇਸ ਕਰਕੇ ਲਗਾਇਆ ਕਿ ਉਹ ਅਕਾਲੀਆ ਦੇ ਕਬਜੇ ਵਿੱਚ ਨਾ ਹੋ ਕੇ ਉਹਨਾਂ ਸਿੱਖਾਂ ਸਰ ਬਰਿੰਦਰਾ ਸਿੰਘ, ਪ੍ਰੀਤਮ ਸਿੰਘ ਸੰਧੂ , ਮੋਹਨ ਸਿੰਘ ਆਦਿ ਦੇ ਕਬਜੇ ਸੀ ਜਿਹੜੇ ਲੰਗਰ ਦਾ ਪ੍ਰਸ਼ਾਦਾ ਛੱਕਣਾ ਤਾਂ ਦੂਰ ਰਿਹਾ ਚਾਹ ਵੀ ਲੰਗਰ ਵਿੱਚੋ ਨਹੀ ਛੱਕਦੇ ਸਨ ਤੇ ਪ੍ਰਬੰਧ ਨੂੰ ਪਾਰਦਰਸ਼ੀ ਰੱਖਦੇ ਸਨ। ਇਥੋ ਤੱਕ ਕਿ ਜਦੋਂ ਵੀ ਗੁਰੂਦੁਆਰੇ ਜਾਂਦੇ ਤਾਂ ਨੰਗੇ ਪੈਰੀ ਘਰੋਂ ਹੀ ਜਾਂਦੇ ਸਨ। ਅਕਾਲੀਆ ਨੇ ਅਜਿਹੇ ਸਿੱਖਾਂ ਨੂੰ ਪ੍ਰਬੰਧ ਤੋ ਲਾਂਭੇ ਕਰਨ ਲਈ ਮੋਰਚੇ ਲਗਾਏ ਤੇ ਦਿੱਲੀ ਕਮੇਟੀ ਦੀ ਵੱਖਰੀ ਕਮੇਟੀ ਬਣਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦਾ ਮੁੱਢ ਬੰਨ ਦਿੱਤਾ ਜਦ ਕਿ ਸਿੱਖ ਪੰਥ ਵਿੱਚ ਗੁਰੂ ਸਾਹਿਬ ਨੇ ਦੇਗ ਦੀ ਧਾਰ ਤੇ ‘‘ਇਲੈਕਸ਼ਨ’’ ਨਹੀ ਸਗੋ ‘‘ਸਿਲੈਕਸ਼ਨ’’ ਦਾ ਸੰਕਲਪ ਦਿੱਤਾ ਹੈ। ਦਿੱਲੀ ਦੀ ਵੱਖਰੀ ਕਮੇਟੀ ਬਨਣ ਨਾਲ ਦਿੱਲੀ ਤੇ ਪੰਜਾਬ ਦੇ ਸਿੱਖ ਜਿਥੇ ਆਪਸ ਵਿੱਚ ਵੰਡੇ ਗਏ ਉਥੇ ਦਿੱਲੀ ਦੇ ਸਿੱਖਾਂ ਨੂੰ ਵੀ ਇਹਨਾਂ ਅਕਾਲੀਆ ਨੇ ਧੜਿਆ ਤੇ ਬਟਿਆ ਵਿੱਚ ਵੰਡ ਦਿੱਤਾ ਅਤੇ ਅੱਜ ਤੱਕ ਚੋਣਾਂ ਨੂੰ ਲੈ ਕੇ ਸਿੱਖ ਆਪਸ ਗੁਰੂਦੁਆਰਿਆ ਦੇ ਕਬਜਿਆ ਨੂੰ ਲੈ ਕੁੱਕੜਖੇਹ ਉਡਾਈ ਜਾ ਰਹੇ ਹਨ।
ਪੰਜਾਬ ਵਿੱਚ ਅੱਤਵਾਦ ਤੇ ਵੱਖਵਾਦ ਦਾ ਮੁੱਢ ਵੀ ਅਕਾਲੀਆ ਨੇ ਹੀ ਸੰਵਿਧਾਨ ਦੀ ਧਾਰਾ 25 ਸਾੜ ਕੇ ਬੰਨਿਆ ਜਦ ਕਿ ਕਿਸੇ ਵੀ ਦੇਸ਼ ਦਾ ਸੰਵਿਧਾਨ ਉਥੋ ਦੇ ਲੋਕਾਂ ਲਈ ਇੱਕ ਪਵਿੱਤਰ ਦਸਤਾਵੇਜ ਮੰਨਿਆ ਜਾਂਦਾ ਹੈ ਅਤੇ ਇਸ ਦਸਤਾਵੇਜ ਦੀ ਤੌਹੀਨ ਕਰਨ ਵਾਲੇ ਨੂੰ ਕੈਦ ਵੀ ਹੋ ਸਕਦੀ ਹੈ। ਇੰਦਰਾ ਗਾਂਧੀ ਵੱਲੋ ਜਦੋਂ ਐਮਰਜੈਸੀ ਲਗਾਈ ਗਈ ਸੀ ਤਾਂ ਉਸ ਨੇ ਅਕਾਲੀਆ ਨੂੰ ਇਥੋ ਤੱਕ ਕਹਿ ਦਿੱਤਾ ਕਿ ਉਹ ਪੰਜਾਬ ਦੀਆ ਸਾਰੀਆ ਮੰਗਾਂ ਪ੍ਰਵਾਨ ਕਰਦੀ ਹੈ ਅਤੇ ਅਕਾਲੀ ਮੋਰਚਾ ਨਾ ਲਗਾਉਣ। ਸ੍ਰੀਮਤੀ ਗਾਂਧੀ ਨੇ ਇਥੋ ਤੱਕ ਕਹਿ ਦਿੱਤਾ ਕਿ ਉਹ ਪੰਜਾਬ ਵਿੱਚ ਕੋਈ ਸਮਾਗਮ ਰੱਖ ਲੈਣ ਉਹ ਖੁਦ ਆ ਕੇ ਐਲਾਨ ਕਰ ਦੇਵੇਗੀ ਪਰ ਪ੍ਰਕਾਸ਼ ਸਿੰਘ ਬਾਦਲ ਤਾਂ ਕੌਮ ਨੂੰ ਦਾਅ ਤੇ ਲਗਾ ਕੇ ਬੀਬੀ ਗਾਂਧੀ ਕੋਲੋ ਇਸ ਗੱਲ ਦੇ ਬਦਲਾ ਲੈਣਾ ਚਾਹੁੰਦਾ ਸੀ ਕਿ 1971 ਵਿੱਚ ਉਸ ਨੇ ਬਾਦਲ ਦੀ ਸਰਕਾਰ ਤੋੜੀ ਸੀ। ਬਾਦਲ ਨੇ ਬਾਕੀ ਆਗੂਆ ਨੂੰ ਪਿੱਛੇ ਲਗਾ ਕੇ ਐਮਰਜੈਸ਼ੀ ਦੇ ਵਿਰੁੱਧ ਮੋਰਚਾ ਖੋਹਲ ਦਿੱਤਾ ਤੇ ਜੇਲਾਂ ਸਿੱਖਾਂ ਨਾਲ ਭਰ ਦਿੱਤੀਆ। ਤੱਤਕਾਲੀ ਜਨਸੰਘ ਦੇ ਪ੍ਰਧਾਨ ਗੋਪੀ ਚੰਦ ਨਾਲ ਬਾਦਲ ਦੀ ਆੜੀ ਸੀ ਤੇ ਉਸ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਸ ਨੇ ਜਨਸੰਘੀਆ ਦੀ ਮਦਦ ਕਰਨੀ ਹੈ ਜਦ ਕਿ ਬੀਬੀ ਗਾਂਧੀ ਜਨਸੰਘੀਆ ਨੂੰ ਬੰਦੇ ਪੁੱਤ ਬਣਾਉਣਾ ਚਾਹੁੰਦੀ ਸੀ ਤੇ ਅਕਾਲੀ ਦਲ ਨਾਲ ਮਿੱਤਰਤਾ ਵਾਲੇ ਸਬੰਧ ਕਾਇਮ ਕਰਨਾ ਚਾਹੁੰਦੀ ਸੀ ।ਅਕਾਲੀਆ ਦੀ ਨਲਾਇਕੀ ਅਤੇ ਬਦਲਾ ਲਉ ਭਾਵਨਾ ਨਾਲ ਐਮਰਜੈਸ਼ੀ ਦਾ ਮੋਰਚਾ ਲੱਗਾ ਜੋ ਸਿੱਖ ਪੰਥ ਲਈ ਸਰਾਪ ਸਿੱਧ ਹੋਇਆ ਜਿਸ ਦਾ ਸੇਕ ਅੱਜ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
ਐਮਰਜੈਸ਼ੀ ਤੋ ਬਾਅਦ ਚੋਣਾਂ ਹੋਈਆ ਤਾਂ ਅਕਾਲੀ ਸਰਕਾਰ ਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀ। ਇਸ ਸਰਕਾਰ ਦੇ ਸਮੇਂ ਹੀ ਨਿਰੰਕਾਰੀ ਕਾਂਡ ਵਾਪਰਿਆ ਕਿਉਕਿ ਨਿਰੰਕਾਰੀਆ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਕਰਨ ਦੀ ਇਜਾਜਤ ਵੀ ਅਕਾਲੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਨੇ ਹੀ ਦਿੱਤੀ। ਦੋਸ਼ ਲਗਾਇਆ ਜਾਂਦਾ ਹੈ ਨਿਰੰਕਾਰੀਆ ਨੇ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਤੌਹੀਨ ਕੀਤੀ ਤਾਂ ਸਿੱਖਾਂ ਨੇ ਰੋਕਣ ਦਾ ਯਤਨ ਕੀਤਾ ਤਾਂ ਇੱਕ ਘਿਨਾਉਣਾ ਸਾਕਾ ਵਾਪਰ ਗਿਆ। ਅੰਧਾਧੁੰਦ ਹੋਈ ਗੋਲੀਬਾਰੀ ਵਿੱਚ 13 ਸਿੰਘ ਸ਼ਹੀਦ ਹੋ ਗਏ ਪਰ ਬਾਦਲ ਸਰਕਾਰ ਨੇ ਦੋਸ਼ੀਆ ਨੂੰ ਸਜਾਵਾ ਦਿਵਾਉਣ ਦੀ ਬਜਾਏ ਉਹਨਾਂ ਦਾ ਕੇਸ ਵੀ ਹਰਿਆਣਾ ਵਿੱਚ ਤਬਦੀਲ ਕਰਵਾ ਦਿੱਤਾ ਜਿਥੋ ਉਹ ਬਰੀ ਹੋ ਗਏ। ਅਕਾਲੀਆ ਦੀ ਇੱਕ ਸਾਜਿਸ ਨਾਲ ਹੀ ਸਿੱਖ ਇੱਕ ਵਾਰੀ ਫਿਰ ਦੋ ਵੱਖ ਵੱਖ ਸੰਪਰਦਾਵਾਂ ਅਕਾਲੀਆ ਤੇ ਨਿਰੰਕਾਰੀਆ ਵਿੱਚ ਵੰਡੇ ਗਏ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਵੀ ਪਹਿਲਾਂ ਅਕਾਲੀਆ ਨੇ ਹੀ ਸ੍ਰੀ ਦਰਬਾਰ ਸਿੰਘ ਕੰਪਲੈਕਸ ਵਿੱਚ ਪਨਾਹ ਦਿੱਤੀ ਤੇ ਫਿਰ ਖੁਦ ਹੀ ਉਸਦੇ ਖਿਲਾਫ ਹੋ ਕੇ ਕੇਂਦਰ ਨੂੰ ਸਾਕਾ ਨੀਲਾ ਤਾਰਾ ਕਰਨ ਲਈ ਦਬਾ ਪਾਉਣ ਲੱਗ ਪਏ ਜਦ ਕਿ ਅਕਾਲੀਆ ਦੇ ਸਹਿਯੋਗੀ ਪਾਰਟੀ ਜਨਸੰਘ ਬਨਾਮ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਖੁਦ ਆਪਣੀ ਕਿਤਾਬ ਵਿੱਚ ਲਿਖ ਰਿਹਾ ਹੈ ਕਿ ਸਾਕਾ ਨੀਲਾ ਤਾਰਾ ਕਰਨ ਲਈ ਉਹਨਾਂ ਨੇ ਹੀ ਇੰਦਰਾ ਗਾਂਧੀ ਤੇ ਦਬਾ ਪਾਇਆ ਸੀ ਪਰ ਬਾਦਲ ਸਾਹਿਬ ਦਾ ਉਹਨਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ।ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਅਕਾਲੀ ਕਦੇ ਮੁੰਡਿਆ ਨਾਲ ਤੇ ਕਦੇ ਸਰਕਾਰ ਨਾਲ ਰਹੇ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਇਹਨਾਂ ਦੇ ਰਾਜ ਵਿੱਚ ਹੀ ਗਈ ਸੀ। ਸਿੱਖ ਫਿਰ ਦੋ ਧੜਿਆ ਵਿੱਚ ਵੰਡੇ ਗਏ ਇੱਕ ਸਰਕਾਰ ਨਾਲ ਇੱਕ ਮੁੰਡਿਆ ਨਾਲ ਹੋ ਗਿਆ। ਪੰਜਾਬ ਵਿੱਚ ਗਵਰਨਰੀ ਤੇ ਬੇਅੰਤ ਸਿੰਘ ਦੀ ਸਰਕਾਰ ਸਮੇਂ ਜਿਹੜਾ ਪੰਜਾਬ ਵਿੱਚ ਸਿੱਖ ਨੌਜਵਾਨਾਂ ਦਾ ਘਾਣ ਹੋਇਆ ਉਸ ਬਾਰੇ ਸੀ ਸ੍ਰ ਬਾਦਲ ਨੇ ਇਹ ਵਾਅਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਬਣੇਗੀ ਤਾਂ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ ਪੁਲੀਸ ਵਾਲਿਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਸਰਕਾਰ ਬਣਦਿਆ ਹੀ ਸ੍ਰ ਬਾਦਲ ਨੇ ਦੋਸ਼ੀ ਪੁਲੀਸ ਵਾਲਿਆ ਨੂੰ ਬਚਾਉਣ ਲਈ ਇੱਕ ‘‘ਡੀਫੈਂਸ ਕਮੇਟੀ’’ ਬਣਾਈ ਤੇ ਕਰੋੜਾਂ ਰੁਪਏ ਖਰਚ ਕਰਕੇ ਚੋਟੀ ਦੇ ਵਕੀਲ ਵੀ ਕੀਤੇ।
1996 ਵਿੱਚ ਜਦੋ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਹੋਈਆ ਤਾਂ ਜਗਦੀਸ਼ ਸਿੰਘ ਝੀਡਾ ਚੋਣ ਹਾਰ ਗਿਆ ਤਾਂ ਉਸ ਨੇ ਦੋਸ਼ ਲਾਇਆ ਕਿ ਦੋ ਹਜਾਰ ਵੋਟਾਂ ਦੀ ਹੇਰਾਫੇਰੀ ਕਰਕੇ ਅਕਾਲੀਆ ਨੇ ਉਸ ਨੂੰ ਹਰਾਇਆ ਹੈ ਕਿਉਕਿ ਉਸ ਸਮੇਂ ਹਰਿਆਣਾ ਵਿੱਚ ਬਾਦਲਾਂ ਦੇ ਆੜੀ ਚੌਟਾਲਿਆ ਦੀ ਸਰਕਾਰ ਸੀ। ਝੀਡਾਂ ਨੇ ਉਸ ਤੋਂ ਬਾਅਦ ਹਰਿਆਣਾ ਦੇ ਵੱਖਰੀ ਕਮੇਟੀ ਦੀ ਅਜਿਹੀ ਮੁਹਿੰਮ ਚਲਾਈ ਕਿ 2004 ਵਿੱਚ ਹੋਈਆ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ 11 ਵਿੱਚੋ 7 ਮੈਂਬਰ ਜਿੱਤ ਕੇ ਹਾਊਸ ਵਿੱਚ ਪੁੱਜ ਗਏ ।
ਚੋਣਾਂ ਤੋ ਬਾਅਦ ਜਦੋ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦਾ ਤਾਜ ਜਦੋ ਪਹਿਨਾਇਆ ਗਿਆ ਤਾਂ ਉਸ ਨੇ ਹਰਿਆਣੇ ਦੇ ਮੈਬਰਾਂ ਨਾਲ ਪੂਰੀ ਤਰ•ਾ ਮਤਰੇਈ ਮਾਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਤੇ ਹਰਿਆਣੇ ਦੇ ਸਿੱਖਾਂ ਵਿੱਚ ਵੱਖਰੀ ਕਮੇਟੀ ਬਣਾਉਣ ਦੀ ਇੱਛਾ ਹੋਰ ਪ੍ਰਬਲ ਹੋ ਗਈ। ਬੀਬੀ ਜਗੀਰ ਕੌਰ ਨੇ ਤਾਂ ਹਰਿਆਣਾ ਦੇ ਮੈਂਬਰਾਂ ਤੇ ਹਾਊਸ ਵਿੱਚ ਬੋਲਣ ਤੇ ਹੀ ਪਾਬੰਦੀ ਲਗਾ ਦਿੱਤੀ ਤੇ ਉਹਨਾਂ ਦੀ ਹਰ ਮੰਗ ਨੂੰ ਅੱਖੋ ਪਰੋਖੇ ਕਰ ਦਿੱਤਾ ਜਾਂਦਾ। ਬੀਬੀ ਤੋ ਬਾਅਦ ਪੰਥ ਦੇ ਹੋਣਹਾਰ ਆਗੂ ਅਵਤਾਰ ਸਿੰਘ ਮੱਕੜ ਆ ਗਏ ਤੇ ਉਹਨਾਂ ਦੀ ਮਜਬੂਰੀ ਇਹ ਸੀ ਕਿ ਉਹਨਾਂ ਨੂੰ ਹਰ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪੁੱਛ ਕੇ ਕਰਨਾ ਪੈਦਾ ਸੀ, ਇਸ ਲਈ ਹਰਿਆਣਾ ਦੇ ਸਿੱਖਾਂ ਦੀਆ ਮੰਗਾਂ ਵੱਲ ਕੋਈ ਗੌਰ ਨਾ ਕੀਤਾ ਗਿਆ ਤੇ ਕਰੀਬ ਸੱਤ ਸਾਲ ਹਰਿਆਣਾ ਦੇ ਮੈਂਬਰ ਵੱਖਰੀ ਕਮੇਟੀ ਦੀ ਰਾਗ ਤਾਂ ਆਲਾਪਦੇ ਰਹੇ ਪਰ ਉਹਨਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਜਾਂਦਾ ਪਰ ਸ੍ਰੀ ਬਾਦਲ ਨੇ ਪਾੜੇ ਤੇ ਰਾਜ ਕਰੋ ਦੀ ਨੀਤੀ ਅਨੁਸਾਰ ਹਰਿਆਣਾ ਦੇ ਕਮੇਟੀ ਦੇ ਆਹੁਦੇਦਾਰਾਂ ਵਿੱਚ ਕਈ ਪ੍ਰਕਾਰ ਦੇ ਬਰਮ ਭੁਲੇਖੇ ਪਾ ਕੇ ਉਹਨਾਂ ਵਿੱਚ ਵੰਡੀਆ ਪਾ ਦਿੱਤੀਆ ਅਤੇ 2011 ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਹਰਿਆਣਾ ਕਮੇਟੀ ਦੇ ਸਾਰੇ ਆਹੁਦੇਦਾਰ ਹਾਰ ਗਏ। ਹਾਰ ਤੋ ਬਾਅਦ ਕਮੇਟੀ ਦੇ ਆਹੁਦੇਦਾਰ ਤਾਂ ਇੱਕ ਜੁੱਟ ਹੋ ਗਏ ਪਰ ਉਹਨਾਂ ਦੀ ਨਬਜ਼ ਨੂੰ ਪਛਾਨਣ ਦੀ ਬਜਾਏ ਜਾਣ ਤੋ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹਰਿਆਣੇ ਦੇ ਸਿੱਖਾਂ ਨੂੰ ਕਲਾਵੇ ਵਿੱਚ ਲੈਣ ਦੀ ਬਜਾਏ ਹਮਲਾਵਰ ਰੁੱਖ ਅਖਤਿਆਰ ਕਰਦਿਆ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਰਿਆਣੇ ਦੇ ਸਿੱਖਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਨਕਾਰ ਦਿੱਤਾ ਹੈ ਤੇ ਨਕਾਰੇ ਹੋਏ ਵਿਅਕਤੀਆ ਨੂੰ ਉਹ ਮੂੰਹ ਨਹੀ ਲਗਾਉਣਗੇ।
ਗੁਰੂ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਕਿਤਾਬਾਂ ਛਾਪਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਦੇ ਵੀ ਅਕਾਲ ਤਖਤ ਤੇ ਨਹੀ ਬੁਲਾਇਆ ਪਰ ਝੀਡੇ ਨੇ ਜਦੋ ਚਾਰ ਸਾਲ 2009 ਵਿੱਚ ਹਰਿਆਣਾ ਦੇ ਗੁਰੂਦੁਆਰਾ ਛੇਵੀ ਪਾਤਸ਼ਾਹੀ ਵਿਖੇ ਸੇਵਾ ਸੰਭਾਲ ਲਈ ਕੁਝ ਰਸਮੀ ਤੌਰ ਤੇ ਕਬਜਾ ਕਰਕੇ ਗੁਰੂ ਘਰ ਵਿੱਚ ਸੇਵਾ ਕੀਤੀ ਤਾਂ ਝੀਡਾਂ ਤੇ ਉਹਨਾਂ ਦੇ ਸਾਥੀਆ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ (ਧਾਰਮਿਕ ਸਜਾ) ਲਗਾਈ ਗਈ ਕਿ ਉਹਨਾਂ ਨੇ ਗੁਰੂ ਘਰ ਜਾ ਕੇ ਤੋਲੀਆ ਲਗਾ ਕੇ ਸਫਾਈ ਕਿਉ ਕੀਤੀ ਹੈ ਜਿਸ ਕਾਰਨ ਹਰਿਆਣੇ ਦੇ ਸਿੱਖਾਂ ਵਿੱਚ ਰੋਸ ਦੀ ਜਵਾਲਾ ਹੋਰ ਪਰਬਲ ਹੋ ਗਈ। ਚਾਹੀਦਾ ਤਾਂ ਇਹ ਸੀ ਕਿ ਮੱਕੜ ਨੂੰ ਵੀ ਨਾਲ ਹੀ ਬੁਲਾ ਕੇ ਉਸ ਨੂੰ ਹਰਿਆਣੇ ਦੇ ਸਿੱਖਾਂ ਦੀਆ ਭਾਵਨਾਵਾਂ ਅਨੁਸਾਰ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤੇ ਜਾਣ ਦੇ ਆਦੇਸ਼ ਦਿੱਤੇ ਜਾਂਦੇ ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀ ਇੰਜ ਕਰ। ਝੀਡਾ ਨੇ ਦੋਸ਼ ਲਗਾਇਆ ਕਿ ਉਹਨਾਂ ਨੇ ਸੇਵਾ ਕਰਕੇ ਕੋਈ ਗੁਨਾਹ ਕੀਤਾ ਪਰ ਜਥੇਦਾਰ ਨੇ ਮੱਕੜ ਤੇ ਬਾਦਲ ਦੇ ਇਸ਼ਾਰਿਆ ‘ਤੇ ਨੂੰ ਤਨਖਾਹ ਲਗਾਈ ਗਈ ਸੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਾਦਲਾਂ ਦੇ ਇਸ਼ਾਰਿਆ ‘ਤੇ ਕਦੇ ਵੀ ਹਰਿਆਣਾ ਦੇ ਸਿੱਖਾਂ ਨਾਲ ਤਾਲਮੇਲ ਦੀ ਨੀਤੀ ਨਹੀ ਅਪਨਾਈ ਕਿਉਕਿ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਾਦਲਾਂ ਦਾ ਰਿਸ਼ਤੇਦਾਰ ਹੈ ਜਿਸ ਨੇ ਚੋਣ ਤਾਂ ਨਹੀ ਲੜੀ ਸੀ ਪਰ ਕੋਆਪਟ ਕਰਕੇ ਗਲਤ ਰਸਤਿਉ ਹਾਊਸ ਵਿੱਚ ਲਿਆਦਾ ਸੀ ।ਉਸ ਨਾਲ ਜਿਥੇ ਹਰਿਆਣਾ ਕਮੇਟੀ ਦੇ ਆਹੁੇਦਾਰ ਚੁੱਭਦੇ ਸਨ ਉਥੇ ਉਸ ਨੇ ਵੀ ਹਰਿਆਣਾ ਕਮੇਟੀ ਦੀ ਨਬਜ ਨਹੀ ਪਛਾਣਿਆ ਸਗੋ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਅੱਜ ਇਹਨਾਂ ਸਾਰਿਆ ਨੂੰ ਆਪਣੀਆ ਕੁਰਸੀਆ ਹਿਲਦੀਆ ਨਜਰ ਆ ਰਹੀਆ ਹਨ ਤੇ ਹਰਿਆਣਾ ਕਮੇਟੀ ਦੇ ਹੋਦ ਵਿੱਚ ਆਉਣ ਨਾਲ ਰਘੂਜੀਤ ਸਿੰਘ ਵਿਰਕ ਦੀ ਕੁਰਸੀ ਵੀ ਖਤਰੇ ਵਿੱਚ ਪੈ ਜਾਵੇਗੀ । ਅੱਜ ਦੀ ਮੌਕਾਪ੍ਰਸਤ ਸਿਆਸਤ ਵਿੱਚ ਤਾਂ ਖੂਨ ਦੇ ਰਸ਼ਤੇ ਵੀ ਉਪਰੇ ਲੱਗਣ ਪੈਦੇ ਹਨ ਰਘੂਜੀਤ ਕਿਹੜੇ ਬਾਗ ਦੀ ਮੂਲੀ ਹੈ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਰਿਆਣਾ ਦੇ ਸਿੱਖਾਂ ਦੀ ਨਬਜ਼ ਨੂੰ ਪਛਾਣਿਆ ਤੇ ਉਹਨਾਂ ਨੇ 1998 ਵਿੱਚ ਹਰਿਆਣਾ ਦੇ ਸਿੱਖਾਂ ਨੂੰ ਵੱਖਰੀ ਕਮੇਟੀ ਮੰਗਣ ਦੀ ਬਜਾਏ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਦੀ ਇੱਕ ਵੱਖਰੀ ਕਮੇਟੀ ਬਣਾ ਦੇਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਤੇ ਉਸ ਕਮੇਟੀ ਦੀਆ ਸਿਫਾਰਸ਼ਾਂ ਮੁਤਾਬਕ ਹੀ ਹਰਿਆਣੇ ਦੇ ਸਿੱਖਾਂ ਦੀਆ ਲੋੜਾਂ ਮੁਤਾਬਕ ਫੈਸਲੇ ਲਏ ਜਾਣੇ ਸਨ ਪਰ 1999 ਵਿੱਚ ਜਥੇਦਾਰ ਟੌਹੜਾ ਨੂੰ ਸ੍ਰ ਬਾਦਲ ਨੇ ਆਹੁਦੇ ਤੋ ਫਾਰਗ ਕਰਕੇ ਉਹਨਾਂ ਦੀ ਥਾਂ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਥਾਪ ਦਿੱਤਾ ਤੇ ਹਰਿਆਣੇ ਦੇ ਸਿੱਖਾਂ ਦੀ ਵੱਖਰੀ ਕਮੇਟੀ ਨੇ ਫਿਰ ਸਿਰ ਚੁੱਕ ਲਿਆ। 2003 ਵਿੱਚ ਜਦੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੁਬਾਰਾ ਪ੍ਰਧਾਨ ਬਣੇ ਤਾਂ ਉਹਨਾਂ ਨੇ ਫਿਰ ਹਰਿਆਣਾ ਦੇ ਸਿੱਖਾਂ ਨੂੰ ਕਲਾਵੇ ਵਿੱਚ ਲੈ ਕੇ ਨਵੇ ਸਿਰੇ ਏਕਤਾ ਦੇ ਯਤਨ ਆਰੰਭ ਕਰ ਦਿੱਤੇ ਪਰ ਮਾਰਚ 2004 ਵਿੱਚ ਉਹ ਇਸ ਫਾਨੀ ਸੰਸਾਰ ਤੋ ਸਦਾ ਲਈ ਕੂਚ ਕਰ ਗਏ।
ਹਰਿਆਣਾ ਦੇ ਸਿੱਖਾਂ ਨਾਲ ਜੇਕਰ ਜਥੇਦਾਰ ਟੌਹੜਾ ਦੇ ਵਾਂਗ ਸਮੇਂ ਸਿਰ ਤਾਲਮੇਲ ਕੀਤਾ ਜਾਂਦਾ ਤਾਂ ਹਰਿਆਣਾ ਕਮੇਟੀ ਕਿਸੇ ਵੀ ਸੂਰਤ ਵਿੱਚ ਨਹੀ ਬਣ ਸਕਦੀ ਸੀ ਪਰ ਸੁਖਬੀਰ ਸਿੰਘ ਬਾਦਲ ਦੀ ਡੰਡੇ ਦੇ ਜੋਰ ਨਾਲ ਕੰਮ ਕਰਾਉਣ ਦੀ ਨੀਤੀ ਨੇ ਹੀ ਹਰਿਆਣਾ ਦੀ ਵੱਖਰੀ ਕਮੇਟੀ ਦੀ ਬੁਨਿਆਦ ਰੱਖ ਦਿੱਤੀ ਜਿਸ ਦੀ ਉਸਾਰੀ11ਜੁਲਾਈ ਨੂੰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ, ਇਸ ਲਈ ਹਰਿਆਣਾ ਕਮੇਟੀ ਨੂੰਵੱਖਰਾ ਕਰਨ ਵਿੱਚ ਕੋਈ ਹੋਰ ਨਹੀ ਸਗੋ ਬਾਦਲ ਤੇ ਮੱਕੜ ਹੀ ਮੁੱਖ ਦੋਸ਼ੀ ਹਨ ਤੇ ਇਹਨਾਂ ਦੋਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਤਨਖਾਹ ਲਗਾਈ ਜਾਣੀ ਚਾਹੀਦੀ ਹੈ ਪਰ ਗੁਲਾਮ ਜਥੇਦਾਰ ਹਿੰਮਤ ਨਹੀ ਕਰ ਸਕਦੇ ਸਗੋ ਹਰਿਆਣਾ ਕਮੇਟੀ ਬਾਰੇ ਕਾਂਗਰਸ ਨੂੰ ਦੋਸ਼ੀ ਠਹਿਰਾ ਰਹੇ ਹਨ ਜਿਸ ਨੇ ਹਰਿਆਣੇ ਦੇ ਸਿੱਖਾਂ ਦੇ ਦਰਦ ਨੂੰ ਪਹਿਛਾਣਦਿਆ ਉਹਨਾਂ ਦੀ ਮੰਗ ਨੂੰ ਅਮਲੀ ਰੂਪ ਦੇਣ ਲਈ ਉਪਰਾਲਾ ਕੀਤਾ ਹੈ।
ਉਪਰੋਕਤ ਘਟਨਾਵਾ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਸੱਚਾਈ ਇਹ ਹੀ ਸਾਹਮਣੇ ਆਉਦੀ ਹੈ ਕਿ ਜਿੰਨੀ ਵਾਰੀ ਵੀ ਸਿੱਖਾਂ ਤੇ ਅਤਿਆਚਾਰ ਹੋਇਆ ਹੈ ਜਾਂ ਫਿਰ ਸਿੱਖ ਵੰਡੇ ਗਏ ਹਨ ਤਾਂ ਉਸ ਲਈ ਸਪੱਸ਼ਟ ਰੂਪ ਵਿੱਚ ਬਾਦਲਕੇ ਹੀ ਜਿੰਮੇਵਾਰ ਹਨ ਤੇ ਹਰਿਆਣੇ ਦੇ ਸਿੱਖਾਂ ਨੇ ਹੁਣ ਇਹਨਾਂ ਨੂੰ ਪੰਥ ਦੋਖੀ ਨਬਜ਼ ਪਛਾਣ ਲਿਆ ਹੈ। ਰੱਬ ਖੈਰ ਕਰੇ!
jasbir singh patti
ਸਿੱਖਾਂ ਤੇ ਅੱਤਿਆਚਾਰ ਕਰਨ ਤੇ ਵੰਡੀਆ ਪਾਉਣ ਲਈ ਹਮੇਸ਼ਾਂ ਬਾਦਲਕੇ ਜ਼ਿੰਮੇਵਾਰ ਰਹੇ
Page Visitors: 2874