ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਧਾਰਮਕ ਸੰਸਥਾਂਵਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਬੁਰਿਆਈਆਂ
ਧਾਰਮਕ ਸੰਸਥਾਂਵਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਬੁਰਿਆਈਆਂ
Page Visitors: 2797

ਧਾਰਮਕ ਸੰਸਥਾਂਵਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਬੁਰਿਆਈਆਂ
ਜਸਵੰਤ ਸਿੰਘ ‘ਅਜੀਤ’
ਕੁਝ ਵਰ੍ਹੇ ਹੋਏ ਦਿੱਲੀ ਦੀ ਇੱਕ ਪੰਥਕ ਜਥੇਬੰਦੀ ਵਲੋਂ ਦਿੱਲੀ ਵਿੱਚ ‘ਗੁਰਦੁਆਰਾ ਪ੍ਰਬੰਧ: ਇੱਕ ਵਿਸ਼ਲੇਸ਼ਣ’ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਮਲ ਹੋਏ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਹੋਰ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ ਬੁਰਿਆਈਆਂ ਲਈ ਮੁਖ ਰੂਪ ਵਿੱਚ ਧਾਰਮਕ ਸਿੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ ਅਪਣਾਈ ਗਈ ਹੋਈ ਲੋਕਤਾਂਤ੍ਰਿਕ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਅਤੇ ਇਸ ਗਲ ਪੁਰ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ। ਬੁਧੀਜੀਵੀ ਬੁਲਾਰਿਆਂ ਵਲੋਂ ਇਸਦਾ ਕਾਰਣ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਅਰਥਾਤ ਧਾਰਮਕ ਸੰਸਥਾਵਾਂ ਦੀ ਸੱਤਾ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਹੀ ਗੁਰਦੁਆਰਾ ਪ੍ਰਬੰਧ ਵਿੱਚ ਆ ਕੇ ਆਪਣੀ ਮੈਂਬਰੀ ਨੂੰ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਧਾਰਮਕ ਸੰਸਥਾਵਾਂ ਵਿੱਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਵਾਧਾ ਹੋਣ ਲਗਦਾ ਹੈ। ਜਿਸ ਕਾਰਣ ਇਹ ਸੰਸਥਾਵਾਂ ਧਾਰਮਕ ਮਰਿਆਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਵਿੱਚ ਸਫਲ ਨਹੀਂ ਹੋ ਪਾਂਦੀਆਂ ਅਤੇ ਇਨ੍ਹਾਂ ਵਿੱਚ ਨਿਘਾਰ ਆਉਣ ਲਗਦਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿੱਚ ਦੰਮ ਹੈ, ਕਿਉਂਕਿ ਇਹ ਗਲ ਆਮ ਵੇਖਣ ਵਿੱਚ ਆਉਂਦੀ ਹੈ ਕਿ ਧਾਰਮਕ ਸੰਸਥਾਵਾਂ ਦੇ ਮੁੱਖੀ ਆਪਣੀ ਸੱਤਾ ਨੂੰ ਕਾਇਮ ਰਖਣ ਅਤੇ ਵਿਰੋਧੀ ਧਿਰ ਦੇ ਮੁੱਖੀ ਉਨ੍ਹਾਂ ਪਾਸੋਂ ਸੱਤਾ ਖੋਹਣ ਲਈ ਮੈਂਬਰਾਂ ਦੀ ਹਰ ਜਾਇਜ਼ ਨਾਜਾਇਜ਼ ਗਲ ਮੰਨਣ ਲਈ ਮਜਬੂਰ ਹੋ ਜਾਂਦੇ ਹਨ। ਪਰ ਇਸਦੇ ਨਾਲ ਹੀ ਇਹ ਸੁਆਲ ਵੀ ਉਠਦਾ ਹੈ ਕਿ ਬੀਤੇ ਵਰ੍ਹਿਆਂ ਵਿੱਚ ਕੀ ਇਸ ਸੈਮੀਨਾਰ ਨੂੰ ਕਰਵਾਣ ਵਾਲੀ ਜਥੇਬੰਦੀ ਨੇ ਸੈਮੀਨਾਰ ਵਿੱਚ ਸ਼ਾਮਲ ਹੋਏ ਬੁਧੀਜੀਵੀ-ਵਿਦਵਾਨਾਂ ਵਲੋਂ ਦਿੱਤੇ ਗਏ ਸੁਝਾਉ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਲਈ ਉਪਰਾਲਾ ਕੀਤਾ ਹੈ? ਜਾਂ ਇਹ ਸੁਝਾਉ ਦੇਣ ਵਾਲੇ ਬੁਧੀਜੀਵੀਆਂ ਨੇ ਇਸਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ ਬੁਰਿਆਈਆਂ ਲਈ, ਮੁਖ ਰੂਪ ਵਿੱਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ ਅਪਣਾਈ ਹੋਈ ਪ੍ਰਣਾਲੀ ਨੂੰ ਦੋਸ਼ੀ ਠਹਿਰਾ ਅਤੇ ਇਹ ਸਲਾਹ ਦੇ ਕਿ ਇਸ ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਝਾੜ ਲਿਆ ਜਾਂਦਾ ਹੈ? ਸੁਆਲ ਉਠਦਾ ਹੈ ਕਿ ਕੀ ਅਜਿਹਾ ਕਰ, ਕੌਮ ਨੂੰ ਦੁਬਿੱਧਾ ਵਿੱਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਉ ਨਹੀਂ ਬਣ ਗਿਆ ਹੋਇਆ?
ਇਸ ਮੌਕੇ ਤੇ ਕੁੱਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਲਈ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਨ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ, ਇਸ ਕਰ ਕੇ ਵਰਤਮਾਨ ਵਿੱਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤੱਖ ਰੂਪ ਵਿੱਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਵਰਗੇ ਕਿਸੇ ਬੁਧੀਜੀਵੀ ਜਾਂ ਕਿਸੇ ਹੋਰ ਵਿੱਚ ਇਹ ਸਮਰਥਾ ਹੈ ਕਿ ਉਹ ਉਸ ਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਗੁਰੂ ਸਾਹਿਬਾਂ ਨੇ ਕੀਤੀ ਸੀ?
ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਉੇ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਉਨ੍ਹਾਂ ਦੀ ਆਪਣੀ ਸਮਰਥਾ ਨਾ ਹੋਵੇ ਅਤੇ ਜਿਸਦਾ ਬਦਲ ਲਭਣਾ ਉਨ੍ਹਾਂ ਦੇ ਵਸ ਵਿੱਚ ਨਾ ਹੋਵੇ, ਉਸਨੂੰ ਮਾੜਾ ਕਹਿ, ਭੰਡ ਦਿਉ ਤੇ ਕੌਮ ਨੂੰ ਭੰਬਲ-ਭੂਸੇ ਵਿੱਚ ਪਾ ਦਿਉ। ਇਸ ਨਾਲ ਉਨ੍ਹਾਂ ਦਾ ਤਾਂ ਜਾਣਾ ਕੁੱਝ ਨਹੀਂ ਹੁੰਦਾ। ਪ੍ਰੰਤੂ ਉਨ੍ਹਾਂ ਨੂੰ ਇਹ ਭਰਮ ਜ਼ਰੂਰ ਪੈ ਜਾਂਦਾ ਹੈ ਕਿ ਕੌਮ ਭਾਵੇਂ ਭੰਬਲ-ਭੂਸੇ ਵਿੱਚ ਪੈ ਗਈ ਹੈ, ਪਰ ਉਸ ਪੁਰ ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਬੈਠ ਹੀ ਗਿਆ ਹੈ।
ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਫਿਰ ਉਸਦਾ ਸੁਚਜਾ ਬਦਲ ਵੀ ਪੇਸ਼ ਕੀਤਾ ਜਾਏ। ਜੇ ਆਪਣੇ-ਆਪ ਵਿੱਚ ਅਜਿਹਾ ਕਰਨ ਦੀ ਸਮਰਥਾ ਨਹੀਂ ਤਾਂ ਉਨ੍ਹਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਜਾਂ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਕੇ ਭੰਡ ਦੇਣਾ। ਜੇ ਕੋਈ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਉਸ ਨੂੰ ਭੰਡ ਕੇ ਕੌਮ ਨੂੰ ਦੁਬਿੱਧਾ ਵਿੱਚ ਪਾ ਦੇਣਾ। ਕੀ ਅਜਿਹਾ ਕਰਨ ਦੀ ਜੁਰਅਤ ਵਿਖਾ ਸਕਣਗੇ ਅੱਜ ਦੇ ਬੁਧੀਜੀਵੀ-ਵਿਦਵਾਨ?
ਸਿੱਖੀ ਨੂੰ ਲਗ ਰਹੀ ਢਾਹ: ਜਦੋਂ ਕਦੀ ਸਿੱਖ ਆਗੂਆਂ ਨੂੰ ਕਿਸੇ ਧਾਰਮਕ ਸਮਾਗਮ ਵਿੱਚ ਜਾਂ ਧਾਰਮਕ ਸਟੇਜ ਤੇ ਸਿੱਖੀ ਨੂੰ ਲਗ ਰਹੀ ਢਾਹ, ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦੇਣ ਵਲ ਵਧ ਰਹੇ ਝੁਕਾਅ ਅਤੇ ਧਾਰਮਕ ਸੰਸਥਾਵਾਂ ਵਿੱਚ ਆ ਰਹੇ ਨਿਘਾਰ ਦਾ ਜ਼ਿਕਰ ਦਰਦ ਭਰੇ ਲਹਿਜੇ ਵਿੱਚ ਕਰਦਿਆਂ ਸੁਣਿਆ ਜਾਂਦਾ ਹੈ, ਤਾਂ ਇਉਂ ਜਾਪਦਾ ਹੈ, ਜਿਵੇਂ ਇਹ ਆਗੂ ਸਿੱਖਾਂ ਵਿੱਚ ਆ ਰਹੀ ਢਹਿੰਦੀ ਕਲਾ ਅਤੇ ਸਿੱਖੀ ਵਿੱਚ ਆ ਰਹੇ ਨਿਘਾਰ ਤੋਂ ਬਹੁਤ ਹੀ ਦੁਖੀ ਅਤੇ ਚਿੰਤਤ ਹਨ।
ਇਸੇ ਤਰ੍ਹਾਂ ਜਦੋਂ ਕਦੀ ਕਿਸੇ ਸਿੱਖ ਸੰਸਥਾ ਵਲੋਂ, ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਦਾ ਰਾਹ ਤਲਾਸ਼ਣ ਲਈ ਕੋਈ ਸੈਮੀਨਾਰ, ਸਮਾਗਮ ਜਾਂ ਕਿਸੇ ਗੋਸ਼ਟੀ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਸ਼ਾਮਲ ਹੋਣ ਆਏ ਪੰਥ-ਦਰਦੀਆਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਦਿਤੇ ਗਏ, ਉਸਾਰੂ ਸੁਝਾਵਾਂ ਦੀ ਚਰਚਾ ਕਰਦਿਆਂ ਆਯੋਜਕਾਂ ਵਲੋਂ, ਇਹ ਭਰੋਸਾ ਦੁਆਇਆ ਜਾਂਦਾ ਹੈ ਕਿ ਇਸ ਮੌਕੇ ਤੇ ਜੋ ਸੁਝਾਉ ਵਿਦਵਾਨ-ਬੁਧੀਜੀਵੀਆਂ ਵਲੋਂ ਦਿਤੇ ਗਏ ਹਨ, ਸੰਸਥਾ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਬਹੁਤ ਹੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਇਗੀ ਅਤੇ ਉਸਾਰੂ ਤੇ ਤੁਰੰਤ ਅਮਲ ਵਿੱਚ ਲਿਆਂਦੇ ਜਾ ਸਕਣ ਵਾਲੇ ਸੁਝਾਵਾਂ ਪੁਰ ਬਿਨਾਂ ਕਿਸੇ ਦੇਰੀ ਦੇ ਅਮਲ ਸ਼ੁਰੂ ਕਰ ਦਿਤਾ ਜਾਇਗਾ, ਤਾਂ ਧੀਰਜ ਬਝਦਾ ਹੈ ਕਿ ਛੇਤੀ ਹੀ ਸਿੱਖੀ ਅਤੇ ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰ ਕੇ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਉਸਾਰੂ ਤੇ ਪ੍ਰਭਾਵੀ ਜਤਨ ਅਰੰਭ ਹੋ ਜਾਣਗੇ। ਸਿੱਖੀ ਨੂੰ ਜੋ ਢਾਹ ਲਗਦੀ ਵਿਖਾਈ ਦੇ ਰਹੀ ਹੈ, ਉਸਨੂੰ ਠਲ੍ਹ ਪੈ ਜਾਇਗੀ। ਪਰ ਜਲਦੀ ਹੀ ਸਭ ਕੁੱਝ ਕਾਗ਼ਜ਼ੀ ਕਾਰਵਾਈ ਅਤੇ ਅਖਬਾਰੀ ਖਬਰਾਂ ਤਕ ਹੀ ਸਿਮਟ ਕੇ ਰਹਿ ਜਾਂਦਾ ਹੈ। ਸਭ-ਕੁਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ। ਸਿੱਖ ਆਗੂਆਂ ਵਲੋਂ ਸਟੇਜਾਂ ਤੇ ਸਿੱਖੀ ਦੀ ਢਹਿੰਦੀ ਕਲਾ ਪੁਰ ਮਗਰਮੱਛੀ ਅਥਰੂ ਵਹਾਏ ਜਾਣੇ ਅਤੇ ਸਿੱਖ ਸੰਸਥਾਵਾਂ ਵਲੋਂ ਢਹਿੰਦੀ ਕਲਾ ਵਿਚੋਂ ਉਭਰਨ ਦੇ ਰਾਹ ਤਲਾਸ਼ਣ ਲਈ ਸੈਮੀਨਾਰਾਂ, ਸਮਾਗਮਾਂ ਤੇ ਗੋਸ਼ਟੀਆਂ ਦੇ ਆਯੋਜਨ ਕਰਨ ਦੇ ਸਿਲਸਿਲੇ ਚਲਦੇ ਹੀ ਰਹਿੰਦੇ ਹਨ। ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਸ਼ਾਇਦ ਇਹ ਅੰਤਹੀਨ ਸਿਲਸਿਲਾ, ਅਗੋਂ ਵੀ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਇਸ ਸੰਬੰਧ ਵਿੱਚ ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਅਜਿਹੇ ਸਮਾਗਮ ਹੁੰਦੇ ਚਲੇ ਆ ਰਹੇ ਹਨ, ਜਿਨ੍ਹਾਂ ਵਿੱਚ ਪੰਥਕ ਆਗੂਆਂ ਵਲੋਂ ਬੜੇ ਭਰੋਸੇ ਦੁਆਏ ਜਾਂਦੇ ਰਹਿੰਦੇ ਹਨ, ਕਿ ਉਹ ਪੰਥ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਤੇ ਨੌਜਵਾਨਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਲਈ ਜ਼ਮੀਨ-ਅਸਮਾਨ ਇੱਕ ਕਰ ਦੇਣਗੇ। ਇਹ ਪੰਥਕ ਆਗੂ ਕੇਵਲ ਕਿਸੇ ਇੱਕ ਧੜੇ ਵਿਸ਼ੇਸ਼ ਨਾਲ ਹੀ ਸੰਬੰਧਤ ਨਹੀਂ ਹੁੰਦੇ, ਸਗੋਂ ਪੰਥਕ ਹੋਣ ਦਾ ਦਾਅਵਾ ਕਰਦੀਆਂ ਲਗਭਗ ਸਮੁਚੀਆਂ ਜਥੇਬੰਦੀਆਂ ਨਾਲ ਹੀ ਸੰਬੰਧਤ ਹੁੰਦੇ ਹਨ।
ਕਾਫੀ ਸਮਾਂ ਹੋਇਐ ਦੇਸ ਦੀ ਰਾਜਧਾਨੀ, ਦਿੱਲੀ ਦੀ ਇੱਕ ਪੰਥਕ ਜਥੇਬੰਦੀ ਵਲੋਂ ਇੱਕ ਅਜਿਹੇ ਹੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦਾ ਉਦੇਸ਼ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁਟਣ, ਸਿੱਖੀ-ਸਰੂਪ ਨੂੰ ਤਿਆਗਣ ਅਤੇ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਝੁਕਾਅ ਨੂੰ ਠਲ੍ਹ ਪਾ, ਉਨ੍ਹਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਦੇ ਉਪਾਅ ਤਲਾਸ਼ਣਾ ਸੀ। ਇਸ ਸਮਾਗਮ ਵਿੱਚ ਵਿਚਾਰ ਪ੍ਰਗਟ ਕਰਨ ਵਾਲੇ ਹਰ ਬੁਲਾਰੇ ਵਲੋਂ, ਅੱਜ ਸਿੱਖੀ ਨੂੰ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਅਤੇ ਉਨ੍ਹਾਂ ਵਿੱਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸਦੇ ਲਈ ਧਾਰਮਕ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਈਮਾਨਦਾਰੀ ਨਾਲ ਨਿਭਾਉਣ ਪਖੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਸਦਾ ਮੁਖ ਕਾਰਣ ਇਨ੍ਹਾਂ ਧਾਰਮਕ ਜਥੇਬੰਦੀਆਂ ਪੁਰ ਰਾਜਸੀ ਸੋਚ ਅਤੇ ਲਾਲਸਾ ਰਖਣ ਵਾਲੇ ਵਿਅਕਤੀਆਂ ਦਾ ਹਾਵੀ ਹੋ ਜਾਣਾ ਹੈ।
ਇਸ ਮੌਕੇ ਤੇ ਵਿਦਵਾਨ ਬੁਲਾਰਿਆਂ ਨੇ, ਇਸ ਸਥਿਤੀ ਨੂੰ ਸੰਭਾਲਣ, ਕੌਮੀ ਪਨੀਰੀ ਨੂੰ ਸਿੱਖੀ ਵਿਰਸੇ ਨਾਲ ਜੋੜੀ ਰਖਣ ਅਤੇ ਵਿਰਸੇ ਨਾਲੋਂ ਟੁਟ ਕੇ ਭਟਕ ਗਏ ਹੋਏ ਨੌਜਵਾਨਾਂ ਨੂੰ ਮੁੜ ਵਿਰਸੇ ਨਾਲ ਜੋੜਨ ਲਈ, ਜੋ ਸੁਝਾਉ ਦਿਤੇ, ਉਨ੍ਹਾਂ ਵਿਚੋਂ ਕੁੱਝ ਮੁਖ ਸੁਝਾਊ ਇਹ ਸਨ: ਹਰ ਸਿੰਘ ਸਭਾ ਦੇ ਨਾਲ ਨਰਸਰੀ ਸਕੂਲ ਦੀ ਸਥਾਪਨਾ ਕੀਤੀ ਜਾਏ, ਖਾਲਸਾ ਹੋਸਟਲ ਕਾਇਮ ਕੀਤੇ ਜਾਣ, ਸਿਖ ਆਗੂਆਂ, ਵਿਸ਼ੇਸ਼ ਕਰ ਕੇ ਧਾਰਮਕ ਸੰਸਥਾਵਾਂ ਦੇ ਪ੍ਰਬੰਧ ਨਾਲ ਸੰਬੰਧਤ ਮੁਖੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਅਤੇ ਸੇਵਾਦਾਰਾਂ ਆਦਿ ਦਾ ਜੀਵਨ ਤੇ ਆਚਰਣ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਅਨੁਸਾਰ ਢਲਿਆ ਹੋਵੇ। ਗੁਰਧਾਮਾਂ ਵਿੱਚ ਸਿੱਖੀ ਦੇ ਬੁਨਿਆਦੀ ਆਦਰਸ਼ਾਂ ਅਤੇ ਸਿਧਾਂਤਾਂ, ਜੋ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਪੁਰ ਅਧਾਰਤ ਹਨ, ਪੁਰ ਦ੍ਰਿੜਤਾ ਨਾਲ ਪਹਿਰਾ ਦਿਤਾ ਜਾਏ।
ਜੇ ਇਨ੍ਹਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਘੋਖਿਆ ਜਾਏ, ਤਾਂ ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਸੁਝਾਅ ਬਹੁਤ ਹੀ ਉਸਾਰੂ ਹਨ। ਇਨ੍ਹਾਂ ਪੁਰ ਈਮਾਨਦਾਰੀ ਨਾਲ ਅਮਲ ਕੀਤਾ ਜਾਏ ਤਾਂ ਇਸਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸਦੇ ਨਾਲ ਹੀ ਇਸ ਪੁਰ ਈਮਾਨਦਾਰੀ ਨਾਲ ਅਮਲ ਕਰਨ ਨਾਲ, ਧਾਰਮਕ ਸਿੱਖ ਸੰਸਥਾਵਾਂ ਦਾ ਅਕਸ ਤੇ ਸਿੱਖੀ ਦਾ ਭਵਿਖ ਵੀ ਸੰਵਾਰਿਆ ਜਾ ਸਕਦਾ ਹੈ। ਪਰ ਸੁਆਲ ਉਠਦਾ ਹੈ ਕਿ ਕੀ ਬੀਤੇ ਸਮੇਂ ਵਿੱਚ ਕਿਸੇ ਨੇ, ਇਥੋਂ ਤਕ ਕਿ ਇਸ ਸਮਾਗਮ ਦੀ ਆਯੋਜਕ ਸੰਸਥਾ, ਇਸ ਸ਼ਾਮਲ ਸੰਸਥਾਵਾਂ ਦੇ ਮੁਖੀਆਂ ਆਦਿ ਵਿਚੋਂ ਕਿਸੇ ਨੇ ਵੀ, ਇਨ੍ਹਾਂ ਸੁਝਾਵਾਂ ਵਿਚੋਂ ਕਿਸੇ ਇੱਕ ਸੁਝਾਅ ਤੇ ਵੀ ਅਮਲ ਕਰਨ ਵਲ ਕਦਮ ਵਧਾਇਆ ਹੈ? ਸਚਾਈ ਤਾਂ ਇਹੀ ਹੈ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.