ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕਾਲਾ ਧਨ ! ਕਿਸ ਦੇ ਕੋਲ ? ਇਸ ਨੂੰ ਕੌਣ ਚਿੱਟਾ ਕਰੇਗਾ ? ?
ਕਾਲਾ ਧਨ ! ਕਿਸ ਦੇ ਕੋਲ ? ਇਸ ਨੂੰ ਕੌਣ ਚਿੱਟਾ ਕਰੇਗਾ ? ?
Page Visitors: 2638

  ਕਾਲਾ ਧਨ ! ਕਿਸ ਦੇ ਕੋਲ ? ਇਸ ਨੂੰ ਕੌਣ ਚਿੱਟਾ ਕਰੇਗਾ ? ?
  ਕਾਲਾ-ਧਨ , ਕਾਲਾ-ਧਨ ਸੁਣਦਿਆਂ ਬੁੱਢੇ ਹੋ ਗਏ , ਕਈ ਸਰਕਾਰਾਂ ਇਸ ਲਾਰੇ ਨਾਲ ਕਿ ਅਸੀਂ , ਭਾਰਤੀਆਂ ਦਾ ਵਿਦੇਸ਼ੀਂ ਜਮ੍ਹਾਂ ਕਰਵਾਇਆ ਕਾਲਾ ਧਨ, ਵਾਪਸ ਭਾਰਤ ਵਿਚ ਲਿਆ ਕੇ ਭਰਾਤ ਨੂੰ ਖੁਸ਼ਹਾਲ ਬਣਾਵਾਂਗੇ , ਸੱਤਾ ਵਿਚ ਆਈਆਂ , ਸੱਤਾ ਭੋਗੀ ਅਤੇ ਚਲੇ ਗਈਆਂ , ਪਰ ਕਾਲੇ ਧਨ ਦੇ ਦਰਸ਼ਣ ਨਾ ਹੋਏ । (ਇਹ ਕਹਾਣੀ ਉਸ ਵੇਲੇ ਤੋਂ ਲੋਕਾਂ ਵਿਚ ਪ੍ਰਚਲਤ ਹੈ , ਜਦ  ਭਾਰਤ ਵਿਚ ਜਗਜੀਵਨ-ਰਾਮ ਜੀ ਦਾ ਪੂਰਾ ਦਬਦਬਾ ਸੀ , ਇਹ ਚਰਚਾ ਆਮ ਸੀ ਕਿ ਇਕ ਭਾਰਤੀ ਸਿਰ ਹਜ਼ਾਰਾਂ ਰੁਪਏ ਦਾ ਕਰਜ਼ਾ ਹੈ । ਅਤੇ ਕਦੇ-ਕਦੇ ਇਹ ਕਮਨਸੋਆਂ ਵੀ ਸੁਣੀਦੀਆਂ ਸਨ ਕਿ , ਜਗਜੀਵਨ-ਰਾਮ ਦਾ ਸਵਿਸ ਬੈਂਕਾਂ ਵਿਚ ਜਮਾ ਪੈਸਾ ਭਾਰਤ ਆ ਜਾਵੇ ਤਾਂ , ਭਾਰਤੀਆਂ ਦੇ ਸਿਰ ਤੋਂ ਸਾਰਾ ਕਰਜ਼ਾ ਉੱਤਰ ਜਾਵੇਗਾ) ਪਰ ਹੋਇਆ ਕੁਝ ਨਹੀਂ । ਕਿਉਂ ?
  ਹੁਣ ਸਮਝ ਆਈ ਹੈ ਕਿ ਕਿਉਂ , ਕੁਝ ਨਹੀਂ ਹੋਇਆ ? ਏਸੇ ਆਧਾਰ ਤੇ ਭਵਿੱਖ ਬਾਣੀ ਕਰ ਰਿਹਾ ਹਾਂ , ਕਰਨਾ ਮੋਦੀ ਨੇ ਵੀ ਕੁਝ ਨਹੀਂ । (ਜੇ ਭਵਿੱਖ-ਬਾਣੀ ਗਲਤ ਹੋ ਜਾਵੇ ਤਾਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ)
   ਆਉ ਪਹਿਲਾਂ ਵੇਖੀਏ ਕਿ ਮੋਦੀ ਅਤੇ ਜੈਟਲੀ ਸਰਕਾਰ ਦੀ , ਕਾਲੇ-ਧਨ ਬਾਰੇ ਇਕ ਹਜ਼ਾਰ ਸਫਿਆਂ ਦੀ ਰਿਪੋਰਟ ਕੀ ਕਹਿੰਦੀ ਹੈ ?
  1, ਇਸ ਰਿਪੋਰਟ ਅਨੁਸਾਰ ਭਾਰਤ ਦੀ ਕੁੱਲ ਅਰਥ ਵਿਵਸਥਾ ਦਾ ਆਧਾਰ  120  ਲੱਖ  ਕ੍ਰੋੜ ਰੁਪਏ , ਯਾਨੀ  2000  ਅਰਬ ਡਾਲਰ ਹੈ ।
  2, ਇਸ ਵਿਚੋਂ   83   ਲੱਖ  ਕ੍ਰੋੜ ਰੁਪਏ , ਯਾਨੀ  1440   ਅਰਬ ਡਾਲਰ , 71 %  ਕਾਲਾ ਧਨ ਹੈ , ਯਾਨੀ ਇਸ ਨਾਲ ਦੋ ਨੰਬਰ ਦਾ ਵਪਾਰ ਹੁੰਦਾ ਪਿਆ ਹੈ , ਜਿਸ ਤੋਂ ਸਰਕਾਰ ਨੂੰ ਕੋਈ ਕਰ (ਟੈਕਸ) ਨਹੀਂ ਮਿਲ ਰਿਹਾ । ਬਾਕੀ  29 %  ਚਿੱਟਾ ਧਨ ਹੈ , ਜਿਸ ਤੋਂ ਹੋਏ ਵਪਾਰ ਦਾ ਸਰਕਾਰ ਨੂੰ ਟੈਕਸ ਮਿਲਦਾ ਹੈ ।
  (ਕਾਲੇ ਧਨ ਨੂੰ ਖਤਮ ਕਰਨ ਦਾ ਮੇਰੇ ਕੋਲ ਬੜਾ ਸਟੀਕ ਸੁਝਾਅ ਹੇ , ਜੇ ਕਾਲੇ ਧਨ ਦਾ ਨਾਮ ਚਿੱਟਾ ਧਨ ਅਤੇ ਚਿੱਟੇ ਧਨ ਦਾ ਨਾਮ ਕਾਲਾ ਧਨ ਰੱਖ ਦਿੱਤਾ ਜਾਵੇ ਤਾਂ ਮੋਦੀ ਦੇ ਪੰਜ ਸਾਲ ਅਤੇੋ ਹੋਰ ਪੰਜ ਸਾਲ , ਜਿਸ ਵੀ ਪਾਰਟੀ ਦਾ ਰਾਜ ਹੋਵੇ ,ਏਨੇ ਚਿਰ ਵਿਚ  ਸਾਰਾ ਕਾਲਾ ਧਨ , ਚਿੱਟਾ ਹੋ ਜਾਵੇਗਾ ।  20 ਸਾਲ ਪਹਿਲਾਂ ਇਹ ਕਾਲਾ ਧਨ ਸਿਰਫ  20 %  ਸੀ , ਜੋ  20 ਸਾਲ  ਵਿਚ ਵੱਧ ਕੇ   71 % ਹੋ ਗਿਆ ਹੈ , ਇਨ੍ਹਾਂ  20 ਸਾਲਾਂ  ਵਿਚ ਕਾਂਗਰਸ ਅਤੇ ਭਾਰਤੀ ਜੰਤਾ ਪਾਰਟੀ , ਦੋਵਾਂ ਦੀ ਹੀ ਹਕੂਮਤ ਰਹੀ ਹੈ)
  ਇਵੇਂ ਮੋਦੀ ਦਾ ਮੌਜੂਦਾ ਰਾਜ ਖਤਮ ਹੁੰਦੇ ਤਕ ਕਾਲਾ ਧਨ ਸਿਰਫ 10% ਰਹਿ ਜਾਵੇਗਾ ਅਤੇ ਚਿੱਟਾ ਧਨ  90 % ਹੋ ਜਾਵੇਗਾ। ਹੋਰ ਪੰਜ ਸਾਲ ਵਿਚ ਸਾਰਾ ਕਾਲਾ ਧਨ ਚਿੱਟਾ ਹੋ ਜਾਵੇਗਾ , ਅਤੇ ਹਰ ਪਾਸੇ ਚਿੱਟਾ ਹੀ ਚਿੱਟਾ ਧਨ ਨਜ਼ਰ ਆਵੇਗਾ , ਉਸ ਮਗਰੋਂ ਬਾਹਰਲੇ ਮੁਲਕਾਂ ਵਿਚਲਾ ਕਾਲਾ ਧਨ ਵੀ ਚਿੱਟਾ ਕਰ ਲਿਆ ਜਾਵੇਗਾ ।
 3, ਕਾਲੇ ਧਨ ਦੇ ਸ੍ਰੋਤ :-
        ਸਰਕਾਰੀ ਰਿਪੋਰਟ ਅਨੁਸਾਰ ਕਾਲੇ ਧਨ ਦੇ ਸ੍ਰੋਤ , ਸੋਨਾ , ਹੀਰੇ-ਜਵਾਹਰਾਤ , ਖਨਨ ਖੇਤਰ , ਰੀਅਲ ਅਸਟੇਟ , ਹੁਣ ਇਸ ਵਿਚ ਮਨਰੇਗਾ ਵੀ ਨੱਥੀ ਕਰ ਦਿੱਤਾ ਗਿਆ ਹੈ , ਤਾਂ ਜੋ ਆਮ ਲੋਕਾਂ ਨੂੰ ਵੀ ਅਹਿਸਾਸ ਹੋਵੇ ਕਿ ਉਹ ਵੀ ਕਾਲੇ ਧਨ ਦੇ ਭਾਈਵਾਲ ਹਨ ।
(ਉਸ ਵਪਾਰ ਨੂੰ ਕਾਲੇ ਧਨ ਦਾ ਸਰੋਤ ਨਹੀਂ ਗਿਣਿਆ ਜੋ ਹਰ ਸਾਲ ਕਾਲੇ ਧਨ ਨੂੰ ਦੂਣ-ਸਵਾਇਆ ਕਰਦਾ ਪਿਆ ਹੈ , ਅਤੇ ਨਾ ਹੀ ਮੀਡੀਏ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ , ਜੋ ਕਾਲੇ ਧਨ ਦੇ ਮਾਲਕਾਂ ਨੂੰ ਲੁਕੋਣ ਬਦਲੇ ਕਾਲਾਧਨ ਹੀ ਲੈਂਦਾ ਹੈ)
  ਕਾਲਾ-ਧਨ ਹੈ ਕਿਨ੍ਹਾਂ ਕੋਲ ?
         (ਇਹ ਉਹ ਸਵਾਲ ਹੈ , ਜਿਸ ਨੂੰ ਨਾ ਕਦੀ ਉਠਾਇਆ ਗਿਆ ਹੈ ਅਤੇ ਨਾ ਹੀ ਕਦੇ ਉਠਾਇਆ ਜਾਵੇਗਾ)

   * ਕੀ ਕਾਲਾ-ਧਨ ਕਿਸਾਨਾਂ ਕੋਲ ਹੈ ? ਨਹੀਂ ਸੰਭਵ ਹੀ ਨਹੀਂ ਹੈ ।

   * ਕੀ ਕਾਲਾ-ਧਨ ਮਜ਼ਦੂਰਾਂ ਕੋਲ ਹੈ ? ਨਹੀਂ ਇਹ ਵੀ ਸੰਭਵ ਨਹੀਂ ਹੈ ।

   * ਕੀ ਕਾਲਾ-ਧਨ ਦੂਸਰੇ,ਤੀਸਰੇ ਜਾਂ ਚੌਥੇ ਦਰਜੇ ਦੇ ਬਾਬੂ ਟਾਈਪ ਦੇ ਮੁਲਾਜ਼ਮਾਂ ਕੋਲ ਹੈ ? ਇਹ ਕਿਵੇਂ ਸੰਭਵ ਹੈ ?

   * ਕੀ ਕਾਲਾ-ਧਨ ਬੇਰੁਜ਼ਗਾਰਾਂ ਦੀ ਫੌਜ ਕੋਲ ਹੈ ? ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ।

      ਇਵੇਂ ਭਾਰਤ ਦੀ  90 % ਆਬਾਦੀ ਤਾਂ ਕਾਲੇ-ਧਨ ਵਲੋਂ ਪਾਕ-ਸਾਫ ਹੋ ਗਈ , ਰਹਿ ਗਈ  10% ਆਬਾਦੀ , ਇਨ੍ਹਾਂ ਵਿਚੋਂ 5 % ਆਬਾਦੀ ਕੋਲ ਮਸਾਂ ਹੀ 5 % ਕਾਲ-ਧਨ ਹੋਵੇਗਾ , ਇਸ ਆਬਾਦੀ ਵਿਚ ਮਝੋਲੇ ਦਰਜੇ ਦੇ ਵਪਾਰੀ , ਮਝੋਲੇ ਦਰਜੇ ਦਾ ਮੀਡੀਆ ‘ ਦਰਮਿਆਨੇ ਦਰਜੇ ਦੀਆਂ ਫੈਕਟਰੀਆਂ ਵਾਲੇ (ਜਿਨ੍ਹਾਂ ਦੀ ਮਦਦ ਸਰਕਾਰ ਆਨੇ-ਬਹਾਨੇ ਕਰਦੀ ਰਹਿੰਦੀ ਹੈ) ਮਝੋਲੇ ਦਰਜੇ ਦੇ ਨੇਤਾ ਅਤੇ ਉਹ ਏ ਕਲਾਸ ਅਫਸਰ , ਜਿਨ੍ਹਾਂ ਦੇ ਮਹਿਕਮਿਆਂ ਵਿਚ ਰਿਸ਼ਵਤ ਦੇ ਰੂਪ ਵਿਚ ਕਾਲੇ-ਧਨ ਦੀ ਵਰਖਾ ਹੁੰਦੀ ਰਹਿੰਦੀ ਹੈ ।
ਬਾਕੀ ਰਹਿ ਗਈ 5 % ਆਬਾਦੀ ਅਤੇ 95 % ਕਾਲਾ-ਧਨ  , ਇਹ ਕਾਲੇ-ਧਨ ਦੀ ਅਸਲ ਖਾਣ 5 % ਲੋਕ ਕੌਣ ਹਨ ? ਇਸ ਦੇ ਵਿਸਲੇਸ਼ਨ ਵਿਚ ਹੀ ਇਸ ਮੁੱਦੇ ਦਾ ਸਾਰਾ ਰਾਜ਼ ਛਿਪਿਆ ਹੋਇਆ ਹੈ । ਇਸ ਮੁੱਦੇ ਦਾ ਵਿਸਲੇਸ਼ਨ ਆਮ ਆਦਮੀ ਤੋਂ ਇਲਾਵਾ ਹੋਰ ਕਿਸੇ ਨੇ ਨਹੀਂ ਕਰਨਾ [ ਇਸ ਪਾਰਲੀਮੈਂਟ ਵਿਚ , ਦਰਿਆ ਦੇ ਆਲੇ-ਦੁਆਲੇ ਦੇ ਨਾਲਿਆਂ ਨੂੰ ਲੈ ਕੇ , ਬਹੁਤ ਬਹਿਸਾਂ ਹੋਣਗੀਆਂ , ਇਕ ਦੂਜੇ ਤੇ ਚਿੱਕੜ ਸੁੱਟਿਆ ਜਾਣਾ ਹੈ , ਇਹੀ ਚਲਦਾ ਰਿਹਾ ਹੈ , ਆਮ ਲੋਕਾਂ ਨੂੰ ਮੂਰਖ ਬਨਾਉਣ ਲਈ , ਇਹੀ ਚਲਦਾ ਰਹਿਣਾ ਹੈ । ਪਰ ਅਸਲੀ ਦਰਿਆ ਦੀ ਗੱਲ ਕਿਸੇ ਨਹੀਂ ਕਰਨੀ , ਕਿਉਂਕਿ ਇਹ ਸਾਰੇ ਉਸ ਦਰਿਆ ਦੇ ਮਗਰਮੱਛ ਹਨ , ਅਤੇ ਮਗਰਮੱਛ ਕਦੇ ਇਕ ਦੂਸਰੇ ਤੇ ਹਮਲੇ ਨਹੀਂ ਕਰਦੇ ।
  ਇਸ ਦਰਿਆ ਦੇ ਵੱਡੇ ਮਗਰਮੱਛ ਹਨ ਅੰਬਾਨੀ , ਅਦਾਨੀ ਵਗੈਰਾ-ਵਗੈਰਾ । ਉਸ ਤੋਂ ਛੋਟੇ ਮਗਰਮੱਛ ਹਨ , ਇਸ ਦੇਸ਼ ਦੇ ਵੇਲੇ-ਕੁਵੇਲੇ ਰਹੇ ਪ੍ਰਧਾਨ ਮੰਤ੍ਰੀ , (ਕਿਸੇ ਵਿਚਾਰੇ ਲਾਲ ਬਹਾਦਰ ਸ਼ਾਸਤ੍ਰੀ , ਮਨਮੋਹਣ ਸਿੰਘ , ਚੰਦਰ ਸ਼ੇਖਰ ਵਰਗਿਆਂ ਨੂੰ ਛੱਡ ਕੇ)  ਅਤੇ ਮੰਤਰੀ । ਸੂਬਿਆਂ ਦੇ ਮੁੱਖ ਮੰਤਰੀ ।             ਉਸ ਤੋਂ ਕੁਝ ਛੋਟੇ ਹਨ ਸੂਬਿਆਂ ਦੇ ਮੰਤ੍ਰੀ , ਮੀਡੀਆ , ਅਤੇ ਨੇਤਿਆਂ ਦੇ ਵੋਟ-ਬੈਂਕ ਧਾਰਮਿਕ ਠੇਕੇਦਾਰ (ਡੇਰੇਦਾਰ)
   ਤੀਹ ਸਾਲ ਤੋਂ ਵੱਧ ਤੋਂ ਇਹ ਡਰਾਮਾ ਹੋ ਰਿਹਾ ਹੈ , ਜਿਨ੍ਹਾਂ ਕੋਲ ਕਾਲਾ-ਧਨ ਹੈ ਉਨ੍ਹਾਂ ਨੂੰ ਹੀ ਪਤਾ ਨਹੀਂ ਲੱਗ ਰਿਹਾ ਕਿ ਕਾਲਾ-ਧਨ ਹੈ ਕਿੱਥੇ ? ਭਾਰਤ ਦੀਆਂ ਤਜੌਰੀਆਂ ਵਿਚ ਜਾਂ ਵਿਦੇਸ਼ੀ ਬੈਂਕਾਂ ਵਿਚ ?     ਤੁਹਾਡਾ ਕੀ ਖਿਆਲ ਹੈ ਕਿ ਹੁਣ ਮੋਦੀ ਨੂੰ ਨਜ਼ਰ ਆ ਜਾਵੇਗਾ ਕਿ , ਇਹ ਕਾਲਾ-ਧਨ ਅੰਬਾਨੀ , ਅਦਾਨੀ ਆਦਿ ਕੋਲ ਹੈ , ਜਾਂ ਨੇਤਿਆਂ ਦੇ ਵੋਟ-ਬੈਂਕ ਧਾਰਮਿਕ ਡੇਰੇਦਾਰਾਂ ਕੋਲ । ਜਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਮੋਦੀ ਕੋਲ ਬੈਠੇ ਲੋਕਾਂ ਦੀਆਂ ਤਜੌਰੀਆਂ ਜਾਂ ਉਨ੍ਹਾਂ ਦੇ ਵਿਦੇਸ਼ੀ ਬੈਂਕਾਂ ਦੇ ਖਾਤਿਆ ਵਿਚ । ਜਾਂ ਉਨ੍ਹਾਂ ਦੀਆਂ ਕਰਤੂਤਾਂ ਤੇ ਪਰਦਾ ਪਾਉਣ ਵਾਲੇ ਮੀਡੀਏ ਕੋਲ ।    ਇਹ ਕਹਾਵਤ ਝੂਠ ਨਹੀਂ ਹੋ ਸਕਦੀ ਕਿ “ ਦੀਵੇ ਥੱਲੇ ਹਨੇਰਾ ਹੁੰਦਾ ਹੈ ” ਇਸ ਲਈ ਹੀ ਇਨ੍ਹਾਂ ਦੀਵਿਆਂ ਨੂੰ ਆਪਣੇ ਥੱਲੇ , ਹਨੇਰੇ ਵਿਚ ਪਿਆ ਕਾਲਾ-ਧਨ , ਨਾ ਕਦੇ ਦਿਸਿਆ ਹੈ ਅਤੇ ਨਾ ਕਦੇ ਦਿਸਣਾ ਹੈ ।
ਕਿੰਨੀ ਸ਼ਾਨਦਾਰ ਖੇਢ ਖੇਡੀ ਜਾ ਰਹੀ ਹੈ ? ਭਾਰਤ ਦੇ ਨੇਤਿਆਂ ਵਲੋਂ ਦੇਸ਼ ਨੂੰ ਲੁੱਟ ਕੇ , ਦੇਸ਼ ਦੀ ਕਿੰਨੀ ਸ਼ਾਨਦਾਰ ਸੇਵਾ ਕੀਤੀ ਜਾ ਰਹੀ ਹੈ ? ਕੁਝ ਵੀ.ਆਈ. ਪੀ. ਹੈਲੀਕਾਪਟਰ, ਵਿਦੇਸ਼ਾਂ ਤੋਂ ਖਰੀਦਣ ਵਿਚ , 3600 ਕ੍ਰੋੜ ਰੁਪਏ ਦਲਾਲੀ ਮਿਲ ਜਾਂਦੀ ਹੈ । ਬੋਫੋਰਸ ਤੋਪਾਂ ਦੀ ਦਲਾਲੀ ਦਾ ਰੌਲਾ ਪੈਂਦਾ ਰਿਹਾ , ਪਰ ਇਨ੍ਹਾਂ ਮਗਰਮੱਛਾਂ ਨੈ ਹਵਾ ਨਹੀਂ ਲੱਗਣ ਦਿੱਤੀ । ਵਿਦੇਸ਼ੀ ਰਿਪੋਰਟਾਂ ਦਸਦੀਆਂ ਹਨ ਕਿ , ਦੁਨੀਆਂ ਦੇ ਸਿਆਸੀ ਨੇਤਿਆਂ ਵਿਚੋਂ “ ਸੋਨੀਆ ਗਾਂਧੀ ” ਸਭ ਤੋਂ ਵੱਧ ਅਮੀਰ ਹੈ । (ਕਿਸ ਆਮਦਨੀ ਆਸਰੇ?) ਵਿਦੇਸ਼ ਤੋਂ ਖਰੀਦੀ ਜਾਣ ਵਾਲੀ ਹਰ ਚੀਜ਼ ਦਾ ਇਹੀ ਹਾਲ ਹੈ । (ਮੌਜੂਦਾ ਬਜਟ ਵਿਚ ਵੀ ਘੱਟੋ-ਘੱਟ 4-5 ਹਜ਼ਾਰ ਕਰੋੜ ਚਿੱਟਾ ਧਨ , ਕਾਲਾ ਹੋ ਜਾਣਾ ਹੈ) ਜੇ ਲੋਕ ਨਾ ਜਾਗੇ ਤਾਂ , ਜਿਵੇਂ ਮੈਂ ਉਪਰ ਦੱਸਿਆ ਹੈ , ਉਸ ਢੰਗ ਨਾਲ ਸਾਰਾ ਕਾਲਾ-ਧਨ , ਗੋਰਾ-ਧਨ ਹੋ ਜਾਵੇਗਾ , ਲੋਕਾਂ ਨੇ ਵੇਖਦੇ ਹੀ ਰਹਿ ਜਾਣਾ ਹੈ । ਇਕ ਦਿਨ ਉਹ ਵੀ ਆਵੇਗਾ , ਜਦ ਦੇਸ਼ ਦਾ ਸਾਰਾ ਕਾਲਾ-ਧਨ ਖਤਮ ਹੋ ਜਾਵੇਗਾ ਅਤੇ ਦੇਸ਼ ਵਿਚਲਾ , (ਵਿਦੇਸ਼ ਵਾਲੇ ਕਾਲੇ ਧਨ ਸਮੇਤ) ਸਾਰਾ ਧਨ ਗੋਰਾ ਹੋ ਜਾਵੇਗਾ । ਕਿਉਂਕਿ ਉਸ ਵੇਲੇ ਦੇਸ਼ ਦੀ ਅਰਥ ਵਿਵਸਥਾ “ ਈਸਟ ਇੰਡੀਆਂ ਕੰਪਣੀ ” ਵਰਗੀਆਂ ਵਿਦੇਸ਼ੀ ਕੰਪਣੀਆਂ ਦੇ ਹੱਥ ਵਿਚ ਹੋਵੇਗਾ । ਅਤੇ ਭਾਰਤ , ਪ੍ਰਸ਼ਾਸਨਿਕ ਤੌਰ ਤੇ ਨਾ ਸਹੀ , ਆਰਥਿਕ ਤੌਰ ਤੇ ਜ਼ਰੂਰ ਗੁਲਾਮ ਹੋਵੇਗਾ । ਇਸ ਗੁਲਾਮੀ ਦੀ ਮਾਰ ਉਨ੍ਹਾਂ ਨੂੰ ਹੀ ਝੱਲਣੀ ਪੈਣੀ ਹੈ ਜੋ , ਧਰਮਾਂਧਤਾ ਕਾਰਨ , ਕੁਝ ਬੁਰਕੀਆਂ ਖਾਤਰ , ਵੋਟਾਂ ਉਨ੍ਹਾਂ ਨੂੰ ਪਾਉਂਦੇ ਹਨ , ਜੋ ਭਾਰਤ ਨੂੰ ਲੁੱਟ ਕੇ ਆਪਣੀਆਂ ਤਜੌਰੀਆਂ ਭਰਦੇ ਹਨ ।
  ਆਪਣੇ ਧਰਮ ਨੂੰ ਜਿਵੇਂ ਮਰਜ਼ੀ ਮੰਨੋ , ਜਿਵੇਂ ਮਰਜ਼ੀ ਵਰਤੋ , ਪਰ ਆਪਣੇ ਸਾਥੀਆਂ ਨੂੰ , ਸ਼ਕਾਰੀਆਂ ਦੇ ਜਾਲ ਵਿਚ ਨਾ ਫਸਾਉ । ਧਾਰਮਿਕ ਤੌਰ ਤੇ ਤਾਂ ਤੁਹਾਨੂੰ ਚਾਰ ਹਿੱਸਿਆਂ ਵਿਚ ਵੰਡ ਕੇ , ਗੁਲਾਮ ਬਣਾ ਕੇ ਲੁਟਿਆ ਹੀ ਜਾ ਰਿਹਾ ਹੈ , ਪਰ  ਪ੍ਰਸ਼ਾਸਨਿਕ ਅਤੇ ਮਾਨਸਿਕ ਤੌਰ ਤੇ ਗੁਲਾਮ ਬਣਨੋਂ ਬਚੋ , ਜਿਸ ਕਾਰਨ ਤੁਸੀਂ ਆਰਥਿਕ ਪੱਖੋਂ ਵੀ ਗਲਾਮ ਹੁੰਦੇ ਜਾ ਰਹੇ ਹੋ । ਅਜਿਹੀ ਹਾਲਤ ਵਿਚ ਦੇਸ਼ ਦਾ ਕੀ ਹੋਵੇਗਾ ? ਇਹ ਤੇ ਸਮਾ ਹੀ ਦੱਸੇਗਾ ।
(ਵੈਸੇ ਦੇਸ਼ ਵਿਚਲੇ 90 % ਲੋਕਾਂ ਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ , ਕਿਉਂਕਿ ਸਰਕਾਰੀ ਸਰਵੇ ਅਨੁਸਾਰ , ਰੋਜ਼ ਦੇ ਤੇਤੀ ਰੁਪਏ ਖਰਚਣ ਵਾਲਾ ਬੰਦਾ ਗਰੀਬੀ ਰੇਖਾ ਤੋਂ ਉੱਪਰ ਹੈ । ਇਹ ਸਿਰਫ ਨੇਤੇ ਹੀ ਹਨ , ਜੋ ਚੋਣ ਲੜਨ ਲਈ ਸੱਤ੍ਰ ਲੱਖ ਰੁਪਏ ਖਰਚ ਸਕਦੇ ਹਨ । (ਜਿਸ ਦੀ ਆੜ ਵਿਚ ਕਈ ਸਾਧਨਾਂ ਰਾਹੀ ਕ੍ਰੋੜਾਂ ਰੁਪਏ ਖਰਚੇ ਜਾਂਦੇ ਹਨ । ਵੈਸੇ ਆਮ ਆਦਮੀ ਨੇ ਏਨੇ ਪੈਸੇ ਕਰਨੇ ਵੀ ਕੀ ਹਨ ? ਜਦ ਉਸ ਕੋਲੋਂ ਉਹ ਗਿਣੇ ਵੀ ਨਹੀਂ ਜਾਣੇ । ਤੁਸੀਂ ਬੱਸ ਧਰਮਾਂਧ ਹੋ ਕੇ , ਸ਼ਰਾਬ ਪੀ ਕੇ , ਭੁੱਕੀ ਖਾ ਕੇ , ਮੁਰਗਾ ਖਾ ਕੇ , ਕੁਝ ਪੈਸੇ ਲੈ ਕੇ ਵੋਟ ਪਾਉ ਤੇ ਮੌਜ ਕਰੋ , ਲੇਖਾ-ਜੋਖਾ ਤੁਹਾਡੇ ਬੱਚੇ ਆਪੇ ਪੂਰਾ ਕਰ ਦੇਣਗੇ ।)   

                                                ਅਮਰ ਜੀਤ ਸਿੰਘ ਚੰਦੀ
                                                    12-7-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.