'ਮੋਦੀ ਜੀ ਆਉਣਗੇ, ਚੰਗੇ ਦਿਨ ਲਿਆਉਣਗੇ'। ਆਖ਼ਰ ਇਹ ਨਾਅਰਾ ਤਾਂ ਸੱਚਾ ਨਹੀਂ ਹੋਣਾ, ਇਹ ਸਾਰਾ ਦੇਸ਼ ਮਹੀਨੇ 'ਚ ਹੀ ਜਾਣ ਚੁੱਕਾ ਹੈ, ਪ੍ਰੰਤੂ 'ਮੋਦੀ ਜੀ ਆਉਣਗੇ ਭਗਵੇਂ ਦਿਨ ਲਿਆਉਣਗੇ', ਜ਼ਰੂਰ ਸੱਚਾ ਹੋਣ ਜਾ ਰਿਹਾ ਹੈ। ''ਹਿੰਦੂ, ਹਿੰਦੀ, ਹਿੰਦੁਸਤਾਨ'' ਦੇ ਜਿਸ ਮਿਸ਼ਨ ਦੀ ਪੂਰਤੀ ਲਈ ਭਗਵਾਂ ਬ੍ਰਿਗੇਡ ਨੇ ਮੋਦੀ ਨੂੰ ਦੇਸ਼ ਦੇ ਸੱਨਅਤੀ ਤੇ ਧਨਾਢ ਘਰਾਣਿਆਂ ਦੀ ਮੱਦਦ ਨਾਲ ਦੇਸ਼ ਤੇ ਥੋਪਿਆ ਹੈ, ਹੁਣ ਉਹ ਉਸ ਮਿਸ਼ਨ ਦੀ ਪੂਰਤੀ ਵੱਲ ਅੱਗੇ ਵੱਧਣ ਲੱਗ ਪਿਆ ਹੈ। ਅਮਿਤਸ਼ਾਹ ਨੂੰ ਭਾਜਪਾ ਨੇ ਆਪਣਾ ਕੌਮੀ ਪ੍ਰਧਾਨ ਥਾਪ ਦਿੱਤਾ ਹੈ। ਪ੍ਰੰਤੂ ਪਹਿਲਾ ਮੋਦੀ ਤੇ ਹੁਣ ਅਮਿਤਸ਼ਾਹ ਨੂੰ ਜਿਸ ਤਰ੍ਹਾਂ ਸ਼ਕਤੀਸ਼ਾਲੀ ਬਣਾਇਆ ਜਾ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਭਗਵਾਂ ਬ੍ਰਿਗੇਡ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾਣ ਲਈ ਤਿਆਰ ਹੈ।
ਜਿਸ ਵਿਅਕਤੀ ਤੇ ਦੇਸ਼ ਦੀ ਇਕ ਘੱਟ ਗਿਣਤੀ ਦੇ ਕਤਲੇਆਮ ਦਾ ਦੋਸ਼ ਸੀ, ਭਗਵਾਂ ਬ੍ਰਿਗੇਡ ਨੇ ਉਸ ਵਿਅਕਤੀ ਹੱਥ ਪੂਰਾ ਟਿੱਲ ਲਾ ਕੇ ਦੇਸ਼ ਦੀ ਵਾਂਗਡੋਰ ਫੜ੍ਹਾ ਦਿੱਤੀ। ਜਿਸ ਵਿਅਕਤੀ ਨੇ ਇਸ ਕਤਲੇਆਮ ਲਈ ਮੋਦੀ ਦਾ ਪੂਰਾ-ਪੂਰਾ ਸਾਥ ਦਿੱਤਾ, ਸੋਹਰਾਬੂਦੀਨ ਤੇ ਤੁਲਸੀ ਪ੍ਰਜਾਪਤੀ ਵਰਗੇ ਕਈ ਝੂਠੇ ਪੁਲਿਸ ਮੁਕਾਬਲਿਆਂ ਦਾ ਜੁੰਮੇਵਾਰ ਮੰਨਿਆ ਗਿਆ ਤੇ ਜਿਸ ਵਿਅਕਤੀ ਨੂੰ ਅਦਾਲਤ ਨੇ ਉਸਨੂੰ ਆਪਣੇ ਸੂਬੇ 'ਚੋਂ 2 ਸਾਲ ਤੜ੍ਹੀਪਾਰ ਕਰੀ ਰੱਖਿਆ, ਅਜਿਹੇ ਵਿਅਕਤੀ ਨੂੰ ਭਾਜਪਾ ਨੇ ਆਪਣਾ ਪ੍ਰਧਾਨ ਥਾਪ ਲਿਆ ਹੈ।
ਕੀ ਘੱਟਗਿਣਤੀ ਦਾ ਕਤਲੇਆਮ, ਗੁਨਾਹ ਜਾਂ ਪਾਪ ਨਹੀਂ ਹੁੰਦਾ? ਕੀ ਦੂਜੇ ਧਰਮ ਦੇ ਲੋਕਾਂ ਦਾ ਖੂਨ ਵਹਾਉਣਾ, ਅਪਰਾਧ ਨਹੀਂ ਹੁੰਦਾ? ਜੇ ਹੁੰਦਾ ਹੈ ਤਾਂ ਇਕ ਅਪਰਾਧੀ ਵਿਅਕਤੀ ਨੂੰ ਆਪਣਾ ਪ੍ਰਧਾਨ ਥਾਪ ਦੇ ਕੇ ਭਾਜਪਾ ਨੇ ਦੇਸ਼ ਤੇ ਦੁਨੀਆ ਨੂੰ ਕੀ ਸੰਦੇਸ਼ ਦਿੱਤਾ ਹੈ? ਭਾਜਪਾ ਤੇ ਭਗਵਾਂ ਬ੍ਰਿਗੇਡ ਲਈ ਉਹੀ ਆਗੂ ਸਭ ਤੋਂ ਕਾਬਲ ਹੈ, ਜਿਹੜੇ ਦੇਸ਼ 'ਚ 'ਹਿੰਦੂ, ਹਿੰਦੀ, ਹਿੰਦੁਸਤਾਨ' ਦੇ ਮਿਸ਼ਨ ਦੀ ਪੂਰਤੀ ਲਈ ਦੂਜੀਆਂ ਘੱਟਗਿਣਤੀਆਂ 'ਚ ਦਹਿਸ਼ਤ ਪੈਦਾ ਕਰਕੇ ਰੱਖਣ ਦੇ ਸਮਰੱਥ ਹੋਵੇ। ਜਿਸ ਅਮਿਤ ਸ਼ਾਹ ਨੂੰ ਸਿਰਫ਼ ਇਸ ਲਈ ਪਾਰਟੀ ਦੇ ਪ੍ਰਧਾਨਗੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ 'ਪਾਰਟੀ ਤੇ ਸਰਕਾਰ' ਇਕਸੁਰ-ਇਕਜੁੱਟ ਹੋ ਕੇ ਕੰਮ ਕਰ ਸਕਣਗੇ। ਤੇ ਕੰਮ ਕਿਹੜਾ ਕਰਨਾ ਹੈ? ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ... ਕੰਮ ਸਿਰਫ਼ ਤੇ ਸਿਰਫ਼ ਦੇਸ਼ 'ਚ ਭਗਵਾਂਕਰਨ, ਨਿੱਜੀਕਰਨ ਅਤੇ ਧਨਾਢ ਧਿਰਾਂ ਦੇ ਲਾਹੇਕਰਨ ਨੂੰ ਖੁੱਲ੍ਹ ਦੇਣੀ।
ਅਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਲੈ ਕੇ ਅਮਿਤਸ਼ਾਹ ਦੇ ਭਾਜਪਾ ਪ੍ਰਧਾਨ ਬਣਨ ਤੱਕ ਦੇ ਸਫ਼ਰ ਨੂੰ ਦੇਸ਼ਾਂ ਦੀ ਘੱਟਗਿਣਤੀ 'ਚ ਵਧ ਰਹੇ ਖੌਫ਼ ਦਾ ਸਫ਼ਰ ਮੰਨਦੇ ਹਾਂ ਅਤੇ ਆਉਂਦੇ ਦਿਨਾਂ 'ਚ ਭਗਵਾਂਕਰਨ ਦੀ ਮੁਹਿੰਮ ਜਿਹੜੀ ਦੇਸ਼ 'ਚ ਹਿੰਦੀ ਠੋਸਣ ਅਤੇ ਹਿੰਦੂ ਜਜ਼ਬਾਤਾਂ ਦੇ ਉਭਾਰ ਨਾਲ ਸ਼ੁਰੂ ਹੋ ਚੁੱਕੀ ਹੈ, ਉਸਨੂੰ ਕਿਸ ਗਤੀ ਨਾਲ ਤੇਜ਼ ਕੀਤਾ ਜਾਂਦਾ ਹੈ, ਇਸ ਤੇ ਹੀ ਦੇਸ਼ ਦੀ ਏਕਤਾ ਅਤੇ ਆਖੰਡਤਾ ਵੀ ਟਿੱਕੀ ਹੋਈ ਹੈ।
ਅਮਿਤਸ਼ਾਹ ਤੇ ਮੋਦੀ ਦਾ ਏਜੰਡਾ ਭਾਵੇਂ ਇਕ ਹੈ, ਪ੍ਰੰਤੂ ਮੋਦੀ ਨੇ 'ਹਿੰਦੂਕਰਨ' ਲਈ ਜੋ ਕੁਝ ਆਪਣੀ ਸੰਵਿਧਾਨਕ ਜੁੰਮੇਵਾਰੀ ਕਾਰਣ, ਨਹੀਂ ਕਰ ਸਕਣਾ ਸੀ, ਉਹ ਅਮਿਤ ਸ਼ਾਹ ਰਾਹੀਂ ਕਰਵਾਇਆ ਜਾਵੇਗਾ। ਜਿਹੜੀ ਭਾਜਪਾ ਸਾਫ਼-ਸੁਥਰੇ ਪ੍ਰਸ਼ਾਸਨ, ਪਰਿਵਾਰਵਾਦ ਅਤੇ ਦਾਗੀ ਆਗੂਆਂ ਦੇ ਖ਼ਾਤਮੇ ਦਾ ਨਾਅਰਾ ਦਿੰਦੀ ਸੀ, ਹੁਣ ਉਸ ਪਾਰਟੀ ਦੀ ਪ੍ਰਧਾਨਗੀ 'ਦਾਗਦਾਰਾਂ' ਦੇ ਸਰਦਾਰ ਨੂੰ ਸੌਂਪ ਦਿੱਤੀ ਗਈ ਹੈ, ਆਖ਼ਰ ਭਾਜਪਾ ਦੇਸ਼ ਨੂੰ ਇਸ ਨਿਯੁਕਤੀ ਨਾਲ ਕਿਹੜਾ ਸੁਨੇਹਾ ਦੇਣਾ ਚਾਹੁੰਦੀ ਹੈ। ਜੋੜ੍ਹ-ਤੋੜ੍ਹ, ਕੰਮ ਕਰਵਾਉਣ ਦੀ ਯੋਗਤਾ, ਸਖ਼ਤ ਫੈਸਲੇ ਲੈਣ ਦਾ ਮਾਦਾ, ਕਿਸੇ ਆਗੂ 'ਚ ਹੋਣਾ ਜ਼ਰੂਰੀ ਹੈ। ਪ੍ਰੰਤੂ ਇਹ ਉਸਦੀ ਯੋਗਤਾ ਦਾ ਮੁੱਖ ਪੈਮਾਨਾ ਨਹੀਂ ਹੋ ਸਕਦਾ।
ਸਿਆਸੀ ਆਗੂ ਦੀ ਆਮ ਲੋਕਾਂ 'ਚ ਭਰੋਸੇਯੋਗਤਾ ਉਸਦਾ ਸਭ ਤੋਂ ਵੱਡਾ ਤੇ ਬੁਨਿਆਦੀ ਗੁਣ ਹੁੰਦੀ ਹੈ। ਪ੍ਰੰਤੂ ਅੱਜ ਦੇਸ਼ ਦਾ ਮੁਖੀ ਅਤੇ ਦੇਸ਼ ਤੇ ਰਾਜ ਕਰਦੀ ਪਾਰਟੀ ਦੋਵਾਂ ਦੇ ਮੁਖੀ ਨੂੰ ਦੇਸ਼ ਦੇ ਸਾਂਝੇ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਦੇਸ਼ ਦੀਆਂ ਘੱਟਗਿਣਤੀਆਂ 'ਚ ਇਨ੍ਹਾਂ ਦੋਵਾਂ ਪ੍ਰਤੀ ਭਰੋਸਾ ਨਹੀਂ। ਅਮਿਤਸ਼ਾਹ ਦੇ ਏਜੰਡੇ ਤੇ ਖੁੱਲ੍ਹੇਆਮ ਰਾਮ ਮੰਦਿਰ ਤੇ ਦੇਸ਼ 'ਚ ਹਿੰਦੂ ਸੰਸਕ੍ਰਿਤੀ ਦੀ ਸਥਾਪਤੀ ਹੈ। ਜਿਸ ਦੇਸ਼ ਨੂੰ ਜਦੋਂ ਧਰਮ ਨਿਰਪੱਖ ਦੇਸ਼ ਆਖਿਆ ਜਾਂਦਾ ਸੀ, ਉਦੋਂ ਵੀ ਇਸ ਦੇਸ਼ 'ਚ ਘੱਟਗਿਣਤੀ ਦਾ ਸ਼ਰੇਆਮ ਕਤਲੇਆਮ ਹੋਇਆ, ਉਨ੍ਹਾਂ ਨੂੰ ਦੁਸ਼ਮਣਾਂ ਵਾਂਗੂੰ ਕੋਹ-ਕੋਹ ਮਾਰਿਆ ਗਿਆ।
ਪ੍ਰੰਤੂ ਹੁਣ ਜਦੋਂ ਦੇਸ਼ 'ਚ ਭਗਵਾਂਕਰਣ ਅਤੇ ਹਿੰਦੂ, ਹਿੰਦੀ, ਹਿੰਦੁਸਤਾਨ' ਦੇ ਮਿਸ਼ਨ ਵਾਲਾ ਰਾਜ ਆ ਗਿਆ ਹੈ, ਉਸ ਸਮੇਂ ਦੇਸ਼ ਦੀਆਂ ਘੱਟਗਿਣਤੀਆਂ ਕੀ ਮਹਿਸੂਸ ਕਰ ਰਹੀਆਂ ਹਨ? ਇਸ ਬਾਰੇ ਦੇਸ਼ ਦੇ ਹਾਕਮਾਂ ਨੂੰ ਇਕ ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ, ਫ਼ਿਰ ਉਹ ਭਾਵੇਂ ਅਮਿਤਸ਼ਾਹ ਦੀ ਥਾਂ ਪ੍ਰਵੀਨ ਤੋਗੜੀਆ ਵਰਗਿਆਂ ਨੂੰ ਵੀ ਪ੍ਰਧਾਨ ਬਣਾ ਲੈਣ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ, ਕਿਉਂਕਿ ਚਿੜੀਆਂ ਦੇ ਹਿੱਸੇ ਤਾਂ ਮਰਨਾ ਹੀ ਆਉਂਦਾ ਹੈ।
-ਜਸਪਾਲ ਸਿੰਘ ਹੇਰਾਂ