ਹਰਿਆਣਾਂ ਕਮੇਟੀ ਤੋਂ ਕੌਮ ਦੀਆਂ ਆਸਾਂ ,ਅਤੇ ਉਸ ਦੀ ਸਾਰਥਕਤਾ।
ਕੌਮ ਤੇ ਝੁਲ ਰਹੇ ਕਾਲੇ ਝੱਖੜਾਂ ਵਾਲੀਆਂ ਹਨੇਰੀਆਂ ਰਾਤਾਂ ਵਿੱਚ, ਦੂਰ ਕਿਤੇ ਇਕ ਹਲਕੀ ਜਹੀ ਆਸ ਦੀ ਕਿਰਣ ਨਜਰ ਆਈ ,ਜਦੋਂ ਹਰਿਆਣਾਂ ਸਰਕਾਰ ਨੇ ਹਰਿਆਣੇ ਦੀ ਵਖਰੀ ਗੁਰਦੁਆਰਾ ਕਮੇਟੀ ਦਾ ਬਿਲ ਪਾਸ ਕਰ ਦਿਤਾ ।ਆਉਣ ਵਾਲੇ ਸਮੈਂ ਅੰਦਰ ਇਹ ਕਮੇਟੀ ਸਿੱਖੀ ਨੂੰ ਚੜ੍ਹਦੀਕਲਾ ਵਿੱਚ ਲੈ ਜਾ ਸਕਦੀ ਹੈ, ਬਸ਼ਰਤੇ ਆਉਣ ਵਾਲੇ ਸਮੈਂ ਅੰਦਰ , ਹਰਿਆਣੇ ਦੀ ਚੁਣੀ ਜਾਂਣ ਵਾਲੀ ਕਮੇਟੀ ਦੇ ਮੇੰਬਰ , ਵਿਦਵਾਨ, ਬੁਧੀਜੀਵੀ ਅਤੇ ਗੁਰਮਤਿ ਦੇ ਧਾਰਣੀ ਹੋਣ।ਇਹ ਵੀ ਜਰੂਰੀ ਹੈ ਕਿ ਇਨ੍ਹਾਂ ਮੇੰਬਰਾਂ ਅਤੇ ਅਹੁਦੇਦਾਰਾਂ ਕੋਲ ਰਾਜਨੀਤਿਕ ਅਤੇ ਗੁਰਮਤਿ ਅਨੁਸਾਰ ਫੈਸਲੇ ਕਰਨ ਦੀ ਕੁਸ਼ਲਤਾ , ਤਜੁਰਬਾ ਅਤੇ ਨੀਤੀ ਵੀ ਹੋਵੇ। ਸਿਰਫ ਵਖਰੀ ਕਮੇਟੀ ਬਣਾਂ ਲੈਣ ਨਾਲ ਹੀ ਸਾਰੇ ਟੀਚਿਆਂ ਦੀ ਪ੍ਰਾਪਤੀ ਨਹੀ ਹੋ ਜਾਂਣੀ।
ਮੰਜਿਲ ਦਾ ਹੱਲੀ ਸਿਰਫ ਰਾਹ ਹੀ ਦਿਸਿਆ ਹੈ ,ਲੇਕਿਨ ਮੰਜਿਲ ਹੱਲੀ ਬਹੁਤ ਦੂਰ ਹੈ। ਉਸ ਦੀ ਵਜਿਹ ਇਹ ਹੈ ਕਿ ਅਕਾਲੀਆਂ ਨੇ ਅਪਣਾਂ ਅੱਡੀ ਚੋਟੀ ਦਾ ਜੋਰ ਲਾ ਦੇਣਾਂ ਹੈ , ਇਸ ਕਮੇਟੀ ਵਿੱਚ ਘੁਸਪੈਠ ਕਰਨ ਲਈ। ਜੇ ਉਹ ਦਿੱਲੀ ਕਮੇਟੀ ਵਾਂਗ, ਹਰਿਆਣੇ ਦੀ ਕਮੇਟੀ ਤੇ ਕਬਜਾਂ ਕਰਨ ਵਿੱਚ ਸਫਲ ਰਹੇ , ਤਾਂ ਇਹ ਸਾਰਾ ਉੱਦਮ ਅਜਾਂਈ ਤਾਂ ਜਾਵੇਗਾ ਹੀ, ਬਲਕਿ ਸਿੱਖੀ ਲਈ ਇਸ ਦੇ ਸਿੱਟੇ ਹੋਰ ਵੱਧ ਖਤਰਨਾਕ ਅਤੇ ਭਇਆਨਕ ਵੀ ਹੋ ਸਕਦੇ ਹਨ। ਕਿਉਕਿ ਦਿੱਲੀ ਤੋਂ ਲੈ ਕੇ ਪੰਜਾਬ ਤਕ ਸਿੱਖੀ ਨੂੰ ਅਪਣੇ ਮਨਸੂਬਿਆ ਲਈ ਵਰਤਨ ਲਈ ਇਕ ਪੂਰੀ ਬੇਲਟ , ਅਕਾਲੀਆਂ ਦੇ ਹੱਥ ਵਿੱਚ ਹੋਵੇਗੀ ।
ਇਸ ਵੇਲੇ ਸਿੱਖੀ ਉਤੇ ਸਭਤੋਂ ਵੱਡਾ ਖਤਰਾ ਅਕਾਲੀਆਂ ਅਤੇ ਉਸ ਦੇ ਭਾਈਵਾਲ ਆਰ. ਐਸ ਐਸ. ਕੋਲੋਂ ਹੈ। ਆਰ. ਐਸ. ਐਸ. ਦਾ ਅਜੇੰਡਾ ਸਿੱਖੀ ਦੀ ਹਰ ਉਸ ਚੀਜ ਨੂੰ ਨੇਸਤੇਨਾਬੂਦ ਕਰ ਦੇਣਾਂ ਹੈ , ਜੋ ਸਿੱਖੀ ਦੀ ਵਖਰੀ ਹੋਂਦ ਨੂੰ ਦਰਸਾਂਉਦੀ ਹੈ। ਸਿੱਖੀ ਦੀ ਵਖਰੀ ਪਛਾਂਣ ਅਤੇ ਸਵੈਮਾਨ ਦੇ ਪ੍ਰਤੀਕ , ਨਾਨਕ ਸ਼ਾਹੀ ਕੈਲੰਡਰ ਦਾ ਜੋ ਹਸ਼ਰ ਇਨ੍ਹਾਂ ਨੇ ਰਲ ਮਿਲ ਕੇ ਕੀਤਾ, ਉਹ ਸਭ ਦੇ ਸਾਮ੍ਹਣੇ ਹੈ।ਅਕਾਲੀ ਅਤੇ ਟਕਸਾਲੀ , ਉਹ ਹਰ ਕੰਮ ਕਰਨ ਲਈ ਤਿਆਰ ਹਨ, ਜੋ ਆਰ. ਐਸ . ਐਸ ਚਾਂਉਦਾ ਹੈ। ਬਦਲੇ ਵਿੱਚ ਇਨ੍ਹਾਂ ਅਕਾਲੀਆ ਨੂੰ ਚਾਹੀਦਾ ਹੈ , ਸਿਰਫ ਤੇ ਸਿਰਫ ਸੱਤਾ ਦਾ ਸੁੱਖ ।ਕੁਰਸੀਆਂ ਖਾਤਰ ਇਹ ਸਿੱਖੀ ਨੂੰ ਗਿਰਵੀ ਰੱਖ ਚੁਕੇ ਨੇ। ਕੁਰਸੀ ਦੀ ਖਾਤਿਰ ਇਹ ਅਕਾਲ ਤਖਤ ਵਰਗੇ ਧਾਰਮਿਕ ਅਦਾਰੇ ਅਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਰਹੇ ਨੇ। ਇਹ ਲੋਗ ਰਲ ਮਿਲ ਕੇ ਸਿੱਖੀ ਦੀ ਵਖਰੀ ਹੋਂਦ ਨੂੰ ਜੜ੍ਹੋ ਮਿਟਾ ਦੇਣਾਂ ਚਾਂਉਦੇ ਹਨ । ਕਾਫੀ ਹਦ ਤਕ ਇਸ ਵਿੱਚ ਇਹ ਕਾਮਯਾਬ ਵੀ ਹੋ ਚੁਕੇ ਹਨ।
ਦਮਦਮੀ ਟਕਸਾਲ ਉੱਤੇ ਇਨ੍ਹਾਂ ਨੇ ਕਿਸ ਤਰ੍ਹਾਂ ਕਬਜਾ ਕੀਤਾ ਅਤੇ ਹਰਨਾਮ ਸਿੰਘ ਧੂੰਮੇ ਵਰਗਾ ਸ਼ੱਕੀ ਕਿਰਦਾਰ ਵਾਲਾ ਬੰਦਾ ਉਸ ਦਾ ਮੁਖੀ ਕਿਸ ਤਰ੍ਹਾਂ ਬਣ ਗਇਆ ? ਇਹ ਅਚਾਨਕ ਕਿਥੋਂ ਪ੍ਰਗਟ ਹੋਇਆ ? ਭੋਲੇ ਭਾਲੇ ਸਿੱਖਾਂ ਨੂੰ ਤਾਂ ਇਸ ਦੀ ਸਮਝ ਵੀ ਨਹੀ ਹੈ ।ਇਹ ਧੂੰਮਾਂ ਕਿਥੋ ਆਇਆ ਅਤੇ ਸਿੱਖੀ ਵਿੱਚ ਇਸ ਦੀ ਕੀ ਕੁਰਬਾਨੀ ਅਤੇ ਯੋਗਦਾਨ ਹੈ ? ਇਹ ਤਾਂ ਅੱਜ ਤਕ ਕਿਸੇ ਸਿੱਖ ਨੇ ਉਸ ਕੋਲੋਂ ਪੱਛਣ ਦੀ ਹਿੱਮਤ ਤਕ ਨਹੀ ਕੀਤੀ। "ਸੰਤ ਸਮਾਜ" ਜਿਸਦਾ ਨਾਮ ਹੀ ਗੁਰਮਤਿ ਅਨੁਸਾਰ ਗੈਰ ਸਿਧਾਂਤਕ ਹੈ , ਸਿੱਖੀ ਦੇ ਸਿਰ ਤੇ ਕਿਵੇਂ ਸਵਾਰ ਹੋ ਗਇਆ ? ਇਹ ਤਾਂ ਕਿਸੇ ਨੂੰ ਪਤਾ ਹੀ ਨਹੀ। ਕੁਝ ਦਿਨ ਪਹਿਲਾਂ ਰਾਧਾ ਸੁਆਮੀ ਡੇਰੇ ਤੇ ,ਉਸ ਦੇ ਮੁਖੀ ਨਾਲ ਆਰ,ਐਸ .ਐਸ .ਮੁਖੀ ਮੋਹਨ ਭਾਗਵਤ ਦੀ ਗੁਪਤ ਮੀਟਿੰਗ ਹੋਈ ,।ਇਹ ਸਿੱਖੀ ਉਤੇ ਆਉਣ ਵਾਲੇ ਬੁਰੇ ਵਕਤ ਦਾ ਸਾਫ ਸੰਕੇਤ ਹੈ । ਅਕਾਲੀ ਅਤੇ ਟਕਸਾਲੀ ,ਆਰ. ਐਸ. ਐਸ. ਦਾ ਪੱਖ ਹੀ ਤਾਂ ਪੂਰ ਰਹੇ ਨੇ। ਨਾਲ ਹੀ ਹੁਣ ਪੰਜਾਬ ਦੇ ਡੇਰੇ ਵੀ ਇਸ ਕਮ ਵਿੱਚ ਵੱਧ ਚੜ੍ਹ ਕੇ ਕੇਟਾਲਿਸਟ ਦੀ ਭੂਮੀਕਾ ਨਿਭਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ ਅਤੇ ਆਰ. ਐਸ ਐਸ. ਇਹ ਮਹੋਲ ਬਨਾਉਣ ਵਿੱਚ ਲੱਗਾ ਹੋਇਆ ਹੈ। ਬਸ ਪਲੀਤਾ ਲਗਣ ਦੀ ਦੇਰ ਹੈ , ਭਾਂਬੜ ਬਲਣ ਵਿੱਚ ਕੋਈ ਦੇਰ ਨਹੀ ਲਗਣੀ। ਸਿੱਖੀ ਚਹੁਆਂ ਪਾਸਿਉ ਘਿਰ ਚੁਕੀ ਹੈ।ਪੰਜਾਬ ਦਾ ਪਤਿਤ ਨੌਜੁਆਨ ਵੈਸੇ ਵੀ ਸਿੱਖੀ ਤੋਂ ਮੂਹ ਮੋੜ ਚੁਕਾ ਹੈ। ਗੁਰਮਤਿ ਤੋਂ ਅਨਜਾਨ ਬਚੀ ਖੁਚੀ ਸਿੱਖ ਜਵਾਨੀ "ਸਾਂਝੀਵਾਲਤਾ" ਅਤੇ "ਹਿੰਦੂ ਸਿੱਖ ਭਾਈਚਾਰੇ" ਅਤੇ "ਸਭਿਆਚਾਰ" ਦੇ ਬਹਾਨੇ ਅਨਮਤਿ ਵਿੱਚ ਰਲ ਗਡ ਕੀਤੀ ਜਾ ਚੁਕੀ ਹੈ । ਵਿਰੋਧੀ ਬੜਾ ਜਾਬਰ ਅਤੇ ਨੀਤੀਵਾਨ ਹੈ । ਸਾਡੇ ਕੋਲ ਨਾਂ ਏਕਾ ਹੈ ਅਤੇ ਨਾਂ ਨੀਤੀ।ਸੱਤਾ ਦੀ ਪਾਵਰ ਵੀ ਉਨ੍ਹਾਂ ਕੋਲ ਹੈ। ਅੱਸੀ ਨਿਹੱਥੇ ਹਾਂ, ਮਾਰੇ ਜਾਵਾਂਗੇ , ਇਕ ਇਕ ਕਰਕੇ । ਜੇ ਇਕੱਠੇ ਨਾਂ ਹੋਏ।
ਹਰਿਆਣਾਂ ਕਮੇਟੀ ਦੀਆਂ ਚੋਣਾਂ ਵਿੱਚ ਇਹ ਲੋਗ ਫਿਰ ਅਕਾਲ ਤਖਤ ਦੇ ਹੁਕਮਨਾਮੇ ਦੀ ਦੁਹਾਈ ਦੇ ਕੇ, ਦਿੱਲੀ ਕਮੇਟੀ ਵਾਂਗ ਅਪਣੇ ਪੁਰਾਨੇ ਹੱਥਕੰਡੇ ਅਜਮਾਂਣ ਗੇ।ਨਲਵੀ ਸਾਹਿਬ ਅਤੇ ਝੀੰਡਾ ਸਾਹਿਬ ਨੂੰ ਸਕੱਤਰੇਤ ਵਿੱਚ ਬੁਲਾਉਣਗੇ ਅਤੇ ਛੇਕਣ ਦਾ ਪੂਰਾ ਇੰਤਜਾਮ ਕਰਨਗੇ । ਫਿਰ ਇਹ ਕੱਚੀ ਸੋਚ ਵਾਲੇ ਸਿੱਖਾਂ ਨੂੰ ਇਹ ਕਹਿ ਕੇ ਗੁਮਰਾਹ ਕਰਨ ਗੇ ਕਿ, " ਇਹ ਲੋਗ ਤਾਂ ਅਕਾਲ ਤਖਤ ਤੋਂ ਬਾਗੀ ਹਨ।ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਸ਼ਰੀਕ ਕਮੇਟੀ ਬਣਾਂ ਕੇ ਪੁਰਾਤਨ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਧ੍ਰੋਹ ਕੀਤਾ ਹੈ ,ਜਿਨ੍ਹਾਂ ਦੀ ਕੁਰਬਾਨੀ ਸਦਕਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ" ਆਦਿਕ।
ਨਲਵੀ ਸਾਹਿਬ ਅਤੇ ਝੀੰਡਾ ਸਾਹਿਬ ਪੰਥ ਦਰਦੀ ਹਨ । ਇਨ੍ਹਾਂ ਦੀਆਂ ਅਥਕ ਕੋਸ਼ਿਸ਼ਾਂ ਅਤੇ ਕਈ ਵਰ੍ਹਿਆਂ ਦੀ ਮੇਹਨਤ ਦਾ ਨਤੀਜਾ ਹੈ ਕਿ ਇਹ ਬਿਲ ਪਾਸ ਹੋ ਸਕਿਆ ।ਹੋ ਸਕਦਾ ਹੈ ਕਿ ਇਹ ਰਾਜਨੀਤਿਕ ਪੱਖੋਂ ਬਹੁਤ ਮਾਹਿਰ ਨਾਂ ਹੋਣ , ਲੇਕਿਨ ਗੁਰਮਤਿ ਦੇ ਜਾਨਕਾਰ ਜਰੂਰ ਹਨ। ਦੂਜੇ ਪਾਸੇਸਰਨਾਂ ਭਰਾ ਭਾਵੇ ਗੁਰਮਤਿ ਦੇ ਬਹੁਤ ਵੱਡੇ ਜਾਨਕਾਰ ਨਹੀ ਹਨ ਲੇਕਿਨ ਰਾਜਨੀਤਿਕ ਪੈੰਤਰੇ ਬਾਜੀਆਂ ਦੀ ਸੋਝੀ ਰਖਦੇ ਹਨ। ਜੇ ਇਹ ਇਕ ਦੂਜੇ ਨਾਲ ਰਲ ਕੇ ਚੱਲਣ ਤਾਂ ਹੋ ਸਕਦਾ ਹੈ ਕਿ ਕੋਈ ਨੀਤੀ ਕਮ ਕਰ ਜਾਵੇ। ਸਰਨਾਂ ਭਰਾਵਾਂ ਦੇ ਹੱਥੋਂ ਦਿੱਲੀ ਖੁਸਣ ਦੀ ਵਜਿਹ ਹੀ ਇਹ ਰਹੀ ਕਿ ਉਹ ਰਾਜਨੀਤਿਕ ਪਕੜ ਹੋਣ ਦੇ ਬਾਵਜੂਦ ਵੀ ਗੁਰਮਤਿ ਅਤੇ ਸਿਧਾਂਤਕ ਪੱਖੌ ਕਮਜੋਰ ਦਿੱਸੇ । ਸਕੱਤਰੇਤ ਵਿੱਚ ਗੇੜੇ ਤੇ ਗੇੜਾ ਮਾਰਨਾਂ ਅਤੇ "ਸਕੱਤਰੇਤ ਜੂੰਡਲੀ" ਨੂੰ "ਸਿੰਘ ਸਾਹਿਬਾਨ" ਦੀ ਮਾਨਤਾ ਦੇਣਾਂ , ਉਹ ਅਪਣੀ ਨੀਤੀ ਸਮਝਦੇ ਰਹੇ ਲੇਕਿਨ ਉਨ੍ਹਾਂ ਦੀ ਇਹ ਨੀਤੀ ਵੀ ਕਿਸੇ ਕਮ ਨਾਂ ਆ ਸਕੀ , ਕਿਉ ਕਿ ਇਸ ਨਾਲ ਸਕੱਤਰੇਤ ਜੂੰਡਲੀ ਦਾ ਅਹੰਕਾਰ ਅਤੇ ਬੁਰਛਾਗਰਦੀ ਹੋਰ ਵਧ ਗਈ । ਹੁਣ ਜੇ ਝੀੰਡਾ ਸਾਹਿਬ ਅਤੇ ਨਲਵੀ ਸਾਹਿਬ ਵੀ ਇਸ "ਜੂੰਡਲੀ" ਨੂੰ "ਸਿੰਘ ਸਾਹਿਬਾਨ" ਅਤੇ "ਸਕੱਤਰੇਤ" ਨੂੰ "ਅਕਾਲ ਤਖਤ" ਦਾ ਦਰਜਾ ਦੇ ਕੇ ਉਸ ਕਾਲ ਕੋਠਰੀ ਵਿੱਚ ਹਾਜਰੀਆਂ ਭਰਦੇ ਨੇ ਤਾਂ ਜਾਗਰੂਕ ਸਿੱਖਾਂ ਵਿੱਚ ਇਸਦਾ ਕੋਈ ਬਹੁਤ ਚੰਗਾ ਸੁਨੇਹਾ ਨਹੀ ਜਾਵੇਗਾ। ਬਹੁਤਿਆਂ ਪ੍ਰਧਾਨਾਂ ਦੀ ਕਮਜੋਰੀ ਹੀ ਇਹ ਹੂੰਦੀ ਹੈ ਕਿ ਉਹ ਅਪਣੀ ਕੁਰਸੀ ਬਚਾਉਣ ਲਈ "ਸਕੱਤਰੇਤ" ਨੂੰ "ਅਕਾਲ ਤਖਤ " ਦਾ ਸ਼ਰੀਕ ਬਣਾਂ ਦਿੰਦੇ ਹਨ ਅਤੇ ਇਨ੍ਹਾਂ ਬੁਰਛਾਗਰਦਾਂ ਦੇ ਕੂੜ ਨਾਮਿਆਂ ਨੂੰ "ਅਕਾਲ ਤਖਤ ਦਾ ਹੁਕਮਨਾਮਾਂ" ਸਾਬਿਤ ਕਰਦੇ ਹਨ।ਸਰਨਾਂ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਅਪਣੀ ਰਾਜਨੀਤਿਕ ਪਕੜ ਦਾ ਲਾਭ ਇਸ ਕਮੇਟੀ ਵਿੱਚ ਰਹਿਕੇ ਦੇੰਦੇ ਰਹਿਣ ਅਤੇ ਜੋ ਗਲਤੀਆਂ ੳਨ੍ਹਾਂ ਨੇ ਪਹਿਲਾਂ ਕੀਤੀਆਂ ਹਨ ਉਨ੍ਹਾਂ ਨੂੰ ਦੋਬਾਰਾ ਨਾਂ ਕੀਤਾ ਜਾਵੇ। ਜੇ ਹਰਿਆਣਾਂ ਕਮੇਟੀ ਮਜਬੂਤ ਹੋਵੇਗੀ ਤਾਂ ਦਿੱਲੀ ਵੀ ਹੱਥ ਵਿੱਚ ਆ ਜਾਵੇਗੀ।
ਸਰਨਾਂ ਭਰਾਵਾਂ ਦਾ ਦਿੱਲੀ ਕਮੇਟੀ ਵਿੱਚ ਹਾਰਨਾਂ ਉਨ੍ਹਾਂ ਦੁਖਦਾਈ ਨਹੀ ਸੀ, ਜਿਨ੍ਹਾਂ ਸਰਨਾਂ ਭਰਾਵਾਂ ਦੇ ਹਾਰਨ ਨਾਲ ਮੌਜੂਦਾ ਦਿੱਲੀ ਕਮੇਟੀ ਹੱਥੋ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾ ਦੇਣਾਂ ਦੁਖਦਾਈ ਸੀ।ਮੂਲ ਨਾਨਕ ਸ਼ਾਹੀ ਕੈਲੰਡਰ ਦੇ ਕਤਲ ਪਿਛੋਂ , ਇਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਰਹਿ ਗਈ ਸੀ , ਜੋ ਮੂਲ ਨਾਨਕ ਸ਼ਾਹੀ ਕੈਲੰਡਰ ਤੇ ਪਹਿਰਾ ਦੇ ਰਹੀ ਸੀ। ਸਰਨਾਂ ਭਰਾਵਾਂ ਨੇ ਨਾਨਕ ਸ਼ਾਹੀ ਕੈਲੰਡਰ ਤੇ ਡੱਟ ਕੇ ਪਹਿਰਾ ਦਿਤਾ ਅਤੇ ਬਹੁਤ ਵੱਡੇ ਪਧਰ ਤੇ ਉਸਨੂੰ ਛਾਪ ਛਾਪ ਕੇ ਵੰਡਦੇ ਰਹੇ।ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਣਾਏ ਜਾਂਦੇ ਰਹੇ। ਅਖੀਰਲੇ ਸਮੈਂ ਵਿੱਚ ਉਹ ਜਰੂਰ ਥਿੜਕ ਗਏ ਅਤੇ ਅਪਣੇ ਗਲਤ ਸਲਾਹਕਾਰਾਂ ਦੀ ਸਲਾਹ ਜਾਂ ਬੁਰਛਾਗਰਦਾਂ ਦੇ ਪ੍ਰਭਾਵ ਹੇਠ ਆਕੇ ਉਨ੍ਹਾਂ ਨੇ ਸੰਗ੍ਰਾਂਦਾ ਅਤੇ ਕੁਝ ਦਿਹਾੜੇ ਬਿਕ੍ਰਮੀ ਜੰਤਰੀ ਅਨੁਸਾਰ ਮਣ ਲਏ। ਇਹ ਨੀਤੀ ਵੀ ਉਨ੍ਹਾਂ ਦੀ ਕੁਨੀਤੀ ਹੀ ਬਣਕੇ ਨਿਬੜੀ। ਮੁਡਲੇ ਤੌਰ ਤੇ , ਹਰਿਆਣਾਂ ਕਮੇਟੀ ਨੂੰ ਹੁਣ ਤਿਨ ਗੱਲਾਂ ਨੂੰ ਅਧਾਰ ਬਨਾਉਣਾਂ ਪਵੇਗਾ ਐਸੀ ਮੇਰੀ ਨਿਜੀ ਸੋਚ ਹੈ ।
ਪਹਿਲਾ ਕਿ ਅਸੀ ਅਕਾਲ ਤਖਤ ਨੂੰ ਸਮਰਪਿਤ ਹਾਂ, ਲੇਕਿਨ ਅਕਾਲ ਤਖਤ ਤੇ ਕਾਬਿਜ ਸਿਆਸੀ ਮੁਹਰਿਆਂ ਦੇ ਕੂੜ ਨਾਮਿਆਂ ਨੂੰ ਅਸੀ "ਅਕਾਲ ਤਖਤ ਦਾ ਹੁਕਮਨਾਮਾਂ" ਨਹੀ ਮਣਦੇ । ਅਕਾਲ ਤਖਤ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸਿਆਸੀ ਮੁਹਰਿਆਂ ਤੋਂ ਅਜਾਦ ਕਰਵਾਉਣ ਲਈ ਇਕ ਮੁਹਿਮ ਛੇੜਨੀ ਪਵੇਗੀ ਅਤੇ ਹਰਿਆਣੇ ਦੇ ਸਿੱਖਾਂ ਵਿੱਚ ਇਸ ਗੱਲ ਦਾ ਪ੍ਰਚਾਰ ਅੱਜ ਤੋਂ ਹੀ ਸ਼ੁਰੂ ਕਰ ਦੇਣਾਂ ਪਵੇਗਾ ਤਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਸਿੱਖ ਸੋਚ ਵਿਚ ਇਹ ਚੰਗੀ ਤਰ੍ਹਾਂ ਬੈਠ ਜਾਵੇ ਕਿ ਹਰ ਸਿੱਖ ਅਕਾਲ ਤਖਤ ਦਾ ਸਤਕਾਰ ਕਰਦਾ ਹੇ ਲੇਕਿਨ ਉਥੇ ਬੈਠੇ ਸਿਆਸੀ ਮੁਹਰਿਆਂ ਦੇ ਕੂੜ ਨਾਮਿਆਂ ਨੂੰ ਕੋਈ ਅਹਮਿਅਤ ਨਹੀ ਦਿੰਦਾ। ਇਸ ਨਾਲ, ਜਿਸ ਵੇਲੇ ਅਕਾਲੀਏ ਇਹ ਪ੍ਰਚਾਰ ਕਰਨਗੇ ਕਿ ਇਹ ਕਮੇਟੀ ਅਕਾਲ ਤਖਤ ਤੋਂ ਬਾਗੀ ਹੈ ਤਾਂ ਇਸ ਦਾ ਵਿਪਰੀਤਅਸਰ ਹਰਿਆਣੇ ਦੇ ਸਿੱਖਾਂ ਤੇ ਨਹੀ ਹੋਵੇਗਾ ।
ਦੂਜਾ: ਮੂਲ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀਆਂ ਦਾ ਸਭਤੋਂ ਵੱਡਾ ਨੇਗੇਟਿਵ ਪੱਖ ਹੈ, ਜਿਸਤੇ ਪਹਿਰਾ ਦੇ ਕੇ ਘਰ ਘਰ ਇਹ ਸੁਨੇਹਾ ਪਹੂੰਚਾਣਾਂ ਪਵੇਗਾ ਕਿ ਇਹ ਸਿੱਖੀ ਦੀ ਵੱਖਰੀ ਹੋਂਦ ਅਤੇ ਸਵੈਮਾਨ ਦਾ ਪ੍ਰਤੀਕ ਹੈ।ਹਰ ਸਿੱਖ ਦਾ ਫਰਜ ਹੈ ਕਿ ਅਪਣੀ ਵੱਖਰੀ ਹੋੰਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ ਇਕ ਕੌਮੀ ਦਸਤਾਵੇਜ ਹੈ , ਦਾ ਸਤਕਾਰ ਕਰੇ। ਇਸ ਨਾਲ ਆਰ. ਐਸ. ਐਸ. ਅਤੇ ਅਕਾਲੀਆ ਦੀ ਇਹ ਕਰਤੂਤ ਸਿੱਖਾਂ ਦੇ ਮਨਾਂ ਵਿੱਚ ਨੇਗੇਟਿਵ ਸੰਦੇਸ਼ ਬਣਕੇ ਉਭਰੇਗੀ ।
ਤੀਜਾ : ਇਹ ਬਿਲ ਪਾਸ ਹੋਣ ਵੇਲੇ ਬੀ. ਜੇ. ਪੀ. ਦੇ ਲੀਡਰਾਂ ਨੇ ਹਰਿਆਣਾਂ ਵਿਧਾਨ ਸਭਾ ਤੋਂ ਵਾਕ ਆਉਟ ਕੀਤਾ ਸੀ। ਇਸ ਗਲ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਅਤੇ ਬੀ. ਜੇ. ਪੀ ਸਿੱਖਾਂ ਦੀ ਕਿਸੇ ਵੀ ਐਸੀ ਚੀਜ ਨੂੰ ਹੋਂਦ ਵਿੱਚ ਨਹੀ ਆਉਣ ਦੇਣਾਂ ਚਾਂਉਦੇ , ਜੋ ਉਸ ਦੀ ਅਜਾਦ ਅਤੇ ਵਖਰੀ ਹੈਸਿਅਤ ਨੂੰ ਦਰਸਾਂਉਦੀ ਹੋਵੇ। ਇਹਸੁਨੇਹਾ ਵੀ ਹਰਿਆਣੇ ਦੇ ਸਿੱਖਾਂ ਵਿਚ ਜਾਂਣਾਂ ਚਾਹੀਦਾ ਹੈ।ਜੇ ਇਹੋ ਜਹੀਆਂ ਨੀਤੀਆਂ ਬਣਾਂ ਕੇ ਇਹ ਕਮੇਟੀ ਹੋਂਦ ਵਿੱਚ ਆਂਉਦੀ ਹੈ ਤਾਂ ਉਹ ਕੌਮ ਲਈ ਜਰੂਰ ਲਾਹੇਵੰਦ ਹੋ ਸਕੇਗੀ।
ਇੰਦਰਜੀਤ ਸਿੰਘ ਕਾਨਪੁਰ