ਬਾਦਲਾਂ ਨੂੰ ਨਹੀਂ ਦਿਸਿਆ ਪੰਜਾਬ ਨਾਲ ਹੋਇਆ ਵਿਤਕਰਾ
ਬਾਦਲਾਂ ਦਾ ਹੁਣ ਤੱਕ ਇਕ ਰਾਜਸੀ ਕਾਰਗਰ ਹਥਿਆਰ ਰਿਹਾ, ਕੇਂਦਰ ਸਰਕਾਰ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਰਨ ਦਾ ਰੋਣਾ, ਰੋਣਾ। ਇਹ ਪਹਿਲੀ ਵਾਰ ਹੈ ਕਿ ਬਾਦਲ ਪਰਿਵਾਰ ਨੇ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਬੰਦ ਹੋਣ ਦਾ ਖੁੱਲ੍ਹੇਆਮ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦਾ ਹਿੱਸਾ, ਬੀਬੀ ਬਾਦਲ ਨੇ ਤਾਂ ਇਹ ਆਖ਼ ਦਿੱਤਾ ਕਿ ਹੁਣ ''ਪੰਜਾਬ ਨਾਲ ਕੇਂਦਰ ਦੇ ਵਿਤਕਰੇ ਦੇ ਦਿਨ ਲੱਦ ਗਏ'' ਹਨ। ਇਹੋ ਜਿਹੇ ਜਜ਼ਬਾਤਾਂ ਦਾ ਪ੍ਰਗਟਾਵਾ ਦੋਵੇਂ ਬਾਦਲ ਪਿਉ-ਪੁੱਤਰ ਨੇ ਵੀ ਕੇਂਦਰੀ ਬਜਟ 'ਤੇ ਟਿੱਪਣੀ ਕਰਦਿਆਂ ਕੀਤਾ ਹੈ। ਜਾਂ ਤਾਂ ਬਾਦਲ ਪਰਿਵਾਰ ਦੇ ਕੇਂਦਰੀ ਬਜਟ ਨੂੰ ਘੋਖਿਆ ਨਹੀਂ, ਜਾਂ ਫਿਰ ਆਪਣੀ ਸ਼ਰਮ ਨੂੰ ਲੁਕਾਉਣ ਲਈ, ਇਹ ਕੁਝ ਆਖਣਾ, ਉਨ੍ਹਾਂ ਦੀ ਮਜ਼ਬੂਰੀ ਸੀ। ਅਰੁਣ ਜੇਤਲੀ ਜਿਸਨੂੰ ਬਾਦਲਾਂ ਨੇ ਪੰਜਾਬ ਦਾ ਸਭ ਤੋਂ ਵੱਡਾ ਹਿਤੈਸ਼ੀ ਆਖਣ ਲਈ ਕੋਈ ਸ਼ਬਦ ਬਾਕੀ ਨਹੀਂ ਛੱਡਿਆ ਸੀ। ਉਸ ਜੇਤਲੀ ਨੇ ਪੰਜਾਬ ਨੂੰ ਬਜਟ 'ਚ ਸਿਰਫ਼ 2 ਸਹੂਲਤਾਂ ਦਿੱਤੀਆਂ ਹਨ ਅਤੇ ਆਰਥਿਕ ਰੂਪ 'ਚ ਮਰ ਰਹੇ ਪੰਜਾਬ ਨੂੰ ਆਕਸੀਜਨ ਲਾਉਣ ਤੋਂ ਜਾਣਬੁੱਝ ਕੇ ਮੂੰਹ ਫੇਰ ਲਿਆ ਹੈ, ਜਿਸ ਤੋਂ ਮੋਦੀ ਸਰਕਾਰ ਦੀ ਪੰਜਾਬ ਪ੍ਰਤੀ ਮਨਸ਼ਾ ਲਗਭਗ ਸਾਫ਼ ਹੋ ਗਈ ਹੈ।
ਕੇਂਦਰੀ ਬਜਟ 'ਚ ਪੰਜਾਬ ਨੂੰ ਸਿਰਫ਼ ਇਕ ਆਈ. ਆਈ. ਐਮ. (ਇੰਡੀਅਨ ਇੰਸਟੀਚਿਊਟ ਆਫ਼ ਮੈਨਜਮੈਂਟ) ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਥਰਾ, ਗਯਾ, ਕਾਂਚੀ ਪੁਰਮ, ਵੇਲਨਕਣੀ ਅਤੇ ਅਜਮੇਰ ਦੇ ਨਾਲ ਕੌਮੀ ਵਿਰਾਸਤੀ ਸ਼ਹਿਰ ਦੀ ਯੋਜਨਾ ਦੇ ਘੇਰੇ 'ਚ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਜੇਤਲੀ ਨੇ ਕੋਈ ਨਿੱਕਾ-ਮੋਟਾ 'ਛੁਣਾ-ਛੁਣਾ' ਤੱਕ ਨਹੀਂ ਦਿੱਤਾ। ਹਾਲਕਿ ਬਾਦਲ ਨਵੀਂ ਸਰਕਾਰ ਦੇ ਗਠਨ ਤੇ ਖ਼ੁਦ ਮੋਦੀ ਸਮੇਤ ਸਾਰੇ ਵੱਡੇ ਵਜ਼ੀਰਾਂ ਨੂੰ ਗੁਲਦਸਤੇ ਦੇਣ ਦੇ ਨਾਲ ਨਾਲ ਪੰਜਾਬ ਦੀਆਂ ਗਹਿਰ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੰਗ-ਪੱਤਰ ਦੇ ਕੇ ਆਇਆ ਸੀ। ਪੰਜਾਬ ਜਿਸ ਸਿਰ ਕਰਜ਼ੇ ਦੀ ਪੰਡ ਐਨੀ ਭਾਰੀ ਹੋ ਚੁੱਕੀ ਹੈ, ਕਿ ਉਸ ਭਾਰ ਨਾਲ ਉਸਦਾ ਇਕ ਵੀ ਕਦਮ ਅੱਗੇ ਤੁਰਨਾ ਤਾਂ ਦੂਰ, ਕਿਸੇ ਸਮੇਂ ਵੀ ਰੀੜ੍ਹ ਦੀ ਹੱਡੀ ਟੁੱਟ ਸਕਦੀ ਹੈ। ਇਸ ਲਈ ਪੰਜਾਬ ਨੂੰ ਇਕ ਵਿਸ਼ੇਸ਼ ਆਰਥਿਕ ਪੈਕਜ ਦੀ ਲੋੜ ਸੀ, ਪ੍ਰੰਤੂ ਮੋਦੀ ਸਰਕਾਰ ਦਾ ਬਜਟ, ਪੰਜਾਬ ਨੂੰ ਇਸ ਗੰਭੀਰ ਮੁੱਦੇ ਤੇ 'ਠੂਠਾ' ਵਿਖਾ ਗਿਆ। ਪੰਜਾਬ 'ਚ ਸੱਨਅਤਾਂ ਤਬਾਹ ਹੋ ਚੁੱਕੀਆਂ ਹਨ, ਪੰਜਾਬ ਦੀ ਟੈਕਸਟਾਈਲ ਸੱਨਅਤ ਨੂੰ ਟੈਕਸਟਾਈਲ ਕਲਸਟਰ ਦੀ ਫੌਰੀ ਲੋੜ ਸੀ, ਪਰ ਨਹੀਂ ਦਿੱਤਾ ਗਿਆ।
ਸਿਹਤ ਸਹੂਲਤਾਂ ਲਈ ਏਮਜ਼ ਵਰਗੀ ਸੰਸਥਾ ਤੋਂ ਵੀ ਪੰਜਾਬ ਨੂੰ ਵਾਂਝਾ ਰੱਖ ਰੱਖ ਦਿੱਤਾ ਗਿਆ ਹੈ। ਹਾਲਕਿ ਕਪੂਰਥਲੇ ਵਿਖੇ ਏਮਜ਼ ਦੀ ਸਥਾਪਤੀ ਲਈ ਮੁੱਢਲੀ ਪ੍ਰੀਕ੍ਰਿਆ ਸ਼ੁਰੂ ਵੀ ਚੁੱਕੀ ਸੀ, ਕੇਂਦਰ ਦੀਆਂ ਆਗੂ ਟੀਮਾਂ ਦੋ ਗੇੜੇ ਵੀ ਮਾਰ ਚੁੱਕੀਆਂ ਸਨ। ਅਲਟਰਾ ਸੋਲਰ ਐਨਰਜੀ (ਸੂਰਜੀ ਸ਼ਕਤੀ) ਲਈ ਜਿਹੜੇ ਚਾਰ ਰਾਜ ਚੁਣੇ ਗਏ ਹਨ, ਉਨ੍ਹਾਂ 'ਚ ਵੀ ਪੰਜਾਬ ਸ਼ਾਮਲ ਨਹੀਂ। ਖੇਤੀਬਾੜੀ ਪ੍ਰਧਾਨ ਸੂਬੇ, ਜਿਸਨੇ ਮਾੜੇ ਦਿਨਾਂ 'ਚ ਭੁੱਖੇ ਦੇਸ਼ ਦਾ ਢਿੱਡ ਭਰਿਆ ਅਤੇ ਆਪਣੀ ਹੋਂਦ ਨੂੰ ਦਾਅ ਤੇ ਲਾ ਦਿੱਤਾ, ਉਸ ਸੂਬੇ ਦੇ ਖੇਤੀਬਾੜੀ ਉਤਪਾਦਨ 'ਚ ਆਈ ਖੜੋਤ ਨੂੰ ਤੋੜ੍ਹਣ ਲਈ ਨਾ ਤਾਂ ਸੂਬੇ ਨੂੰ ਖੇਤੀਬਾੜੀ ਖੋਜ ਕੇਂਦਰ ਨਾ ਹੀ ਹਾਰਟੀਕਲਚਰ ਯੂਨੀਵਰਸਿਟੀ ਦਿੱਤੀ ਗਈ ਹੈ ਅਤੇ ਨਾ ਹੀ ਆਰਥਿਕ ਪੱਖੋਂ ਦੀਵਾਲੀਆਪਣ ਦੇ ਕੱਢੇ ਖੜ੍ਹੀ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਈ ਕਿਸੇ ਗਰਾਂਟ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਫ਼ਸਲਾਂ ਦੇ ਮੁੱਲ ਬਾਰੇ ਮੂੰਹ ਖੋਲ੍ਹਿਆ ਗਿਆ ਹੈ। ਲਖਨਊ ਅਤੇ ਅਹਿਮਦਾਬਾਦ ਨੂੰ ਤਾਂ ਮੈਟਰੋ ਪ੍ਰੋਜੈਕਟ ਦੇ ਦਿੱਤੇ, ਪ੍ਰੰਤੂ ਜਿਸ ਮੈਟਰੋ ਪ੍ਰੋਜੈਕਟ ਦਾ ਸੁਫ਼ਨਾ ਸੁਖਬੀਰ ਬਾਦਲ ਦਿਨ-ਰਾਤ ਲੈਂਦਾ ਰਿਹਾ, ਲੁਧਿਆਣਾ ਲਈ ਉਸ ਮੈਟਰੋ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਭੁੱਲ ਗਈ।
ਪੰਜਾਬ ਦੀ ਮਰ ਰਹੀ ਸੱਨਅਤ ਅਤੇ ਤਬਾਹ ਹੋ ਰਹੀ ਖੇਤੀਬਾੜੀ ਦੀ ਕੋਈ ਵੀ ਚਿੰਤਾ, ਇਸ ਬਜਟ 'ਚ ਕਿਧਰੇ ਰੱਤੀ ਭਰ ਵਿਖਾਈ ਨਹੀਂ ਦਿੰਦੀ। ਇਥੋਂ ਤੱਕ ਕਿ ਬਾਦਲ ਨੇ ਖ਼ੁਦ ਜੇਤਲੀ ਨੂੰ ਚਿੱਠੀ ਲਿਖਕੇ ਸੋਕੇ ਦੀ ਸਥਿੱਤੀ ਦਾ ਸਾਹਮਣਾ ਕਰਨ ਲਈ ਪੰਜਾਬ ਵਾਸਤੇ 2330 ਕਰੋੜ ਰੁਪਏ ਮੰਗੇ ਸਨ, ਪ੍ਰੰਤੂ ਜੇਤਲੀ ਜੀ ਚੁੱਪ ਰਹੇ ਹਨ। ਇੱਥੋਂ ਤੱਕ ਕਿ ਪੰਜਾਬ 'ਚ ਖੇਤੀਬਾੜੀ ਦੇ ਨਾਲ ਸਬੰਧਿਤ ਸਭ ਤੋਂ ਵੱਡੇ ਸਹਾਇਕ ਧੰਦੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇਸ ਧੰਦੇ ਨੂੰ ਟੈਕਸ ਮੁਕਤ ਕਰਨ ਦੀ ਮੰਗ ਵੀ ਕਿਸੇ ਨੇ ਨਹੀਂ ਸੁਣੀ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਬ ਭਾਈ ਪਟੇਲ ਦੇ ਬੁੱਤ ਲਈ ਤਾਂ ਮੋਦੀ ਸਰਕਾਰ ਦਾ ਬਜਟ 200 ਕਰੋੜ ਦੇ ਸਕਦਾ ਹੈ, ਪ੍ਰੰਤੂ ਬਾਦਲ ਵੱਲੋਂ ਮੰਗੇ ਅੰਮ੍ਰਿਤਸਰ 'ਚ ਜੰਗੀ ਸ਼ਹੀਦਾਂ ਦੀ ਯਾਦਗਾਰ ਲਈ ਇਕ ਧੇਲਾ ਵੀ ਨਹੀਂ ਐਲਾਨਿਆ ਗਿਆ। ਜੇ ਇਸ ਨੂੰ ਬਾਦਲ ਪਰਿਵਾਰ, ਕੇਂਦਰ ਦਾ ਪੰਜਾਬ ਨਾਲ ਵਿਤਕਰੇ ਦੇ ਦੌਰ ਦਾ ਖ਼ਾਤਮਾ ਦੱਸ ਰਿਹਾ ਹੈ, ਫਿਰ ਵਿਤਕਰਾ ਕੀ ਹੁੰਦਾ ਹੈ? ਉਸਦੀ ਪਰਿਭਾਸ਼ਾ ਵੀ ਬਾਦਲ ਪਰਿਵਾਰ ਨੂੰ ਹੀ ਨਵੇਂ ਸਿਰੇ ਤੋਂ ਘੜ੍ਹ ਕੇ ਪੰਜਾਬੀਆਂ ਨੂੰ ਦੱਸ ਦੇਣੀ ਚਾਹੀਦੀ ਹੈ।
ਆਖ਼ਰ ਪੰਜਾਬੀ ਬਾਦਲ ਨੂੰ ਇਹ ਸੁਆਲ ਤਾਂ ਜ਼ਰੂਰ ਪੁੱਛਣਗੇ ਕਿ ਉਨ੍ਹਾਂ ਬਾਦਲ ਪਰਿਵਾਰ ਦੀ ਨੂੰਹ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਪੰਜਾਬ ਨੂੰ ਕਿੰਨ੍ਹਾ ਸ਼ਰਤਾਂ ਤੇ ਮੋਦੀ ਸਰਕਾਰ ਅੱਗੇ ਗਹਿਣੇ ਰੱਖਿਆ ਹੈ? ਜਿਸ ਕਾਰਣ ਪੰਜਾਬ ਨਾਲ ਚਿੱਟੇ ਦਿਨ ਹੋਏ ਨੰਗੇ ਚਿੱਟੇ ਵਿਤਕਰੇ ਨੂੰ ਵਿਤਕਰਾ ਮੰਨਣ ਲਈ ਤਿਆਰ ਨਹੀਂ ਹਨ। ਖੈਰ! ਮੋਦੀ ਤੇ ਜੇਤਲੀ ਨੇ ਤਾਂ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ 'ਚ ਪੰਜਾਬ ਤੇ ਸਿੱਖਾਂ ਦੀ ਕੀ ਅਹਿਮੀਅਤ ਹੈ ਅਤੇ ਉਹ ਉਨ੍ਹਾਂ ਨੂੰ ਕਿਥੇ ਰੱਖਣਾ ਚਾਹੁੰਦੇ ਹਨ। ਭਾਵੇਂ ਬਾਦਲਾਂ ਦੀ ਅੰਨ੍ਹੀ ਸੱਤਾ ਲਾਲਸਾ ਨੂੰ ਤਾਂ ਪੰਜਾਬ ਨਾਲ ਭਗਵਾਂ ਬ੍ਰਿਗੇਡ ਵੱਲੋਂ ਹੁੰਦਾ ਕੋਈ ਵਿਤਕਰਾ, ਧੱਕੇਸ਼ਾਹੀ ਤੇ ਬੇਇਨਸਾਫ਼ੀ ਕਦੇ ਨਜ਼ਰ ਨਹੀਂ ਆਉਣੀ, ਪ੍ਰੰਤੂ ਹਰ ਸੱਚੇ ਪੰਜਾਬੀ ਤੇ ਪੰਥ ਪ੍ਰਸਤ ਨੂੰ ਜ਼ਰੂਰ ਜਾਗ ਪੈਣਾ ਚਾਹੀਦਾ ਹੈ। ਪੰਜਾਬ ਤੇ ਸਿੱਖੀ ਦੀਆਂ ਜੜ੍ਹਾਂ ਤੇ ਆਰਾ ਚੱਲਣਾ ਹੀ ਚੱਲਣਾ ਹੈ, ਇਹ ਅਟੱਲ ਹੈ, ਅਸੀਂ ਰੋਕਣ ਲਈ ਕੀ ਕਰ ਸਕਦੇ ਹਾਂ? ਇਸ ਲਈ ਕੌਮ ਨੂੰ ਹੁਣੇ ਹੀ ਸਿਰ ਜੋੜ੍ਹ ਕੇ ਵਿਚਾਰ ਕਰ ਲੈਣਾ ਚਾਹੀਦਾ ਹੈ।
-ਜਸਪਾਲ ਸਿੰਘ ਹੇਰਾਂ