ਬੜੀ ਛੇਤੀ ਅੱਛੇ ਦਿਨ ਆਉਣ ਦੀ ਸੰਭਾਵਨਾ ਬਣਦੀ ਪਈ ਹੈ !
ਕਿਸੇ ਵੇਲੇ ਨੈਹਰੂ ਨੇ ਆਪਣੀ ਮਹੱਤਵ-ਆਕਾਨਸ਼ਾ (ਆਪਣੇ-ਆਪ ਨੂੰ ਕਾਨੂਨ ਤੋਂ ਉਪਰ ਸਾਬਤ ਕਰਨ ਦੀ ਚਾਹ) ਪੂਰੀ ਕਰਨ ਲਈ , ਸੁਪ੍ਰੀਮ ਕੋਰਟ ਦੇ ਜੱਜਾਂ ਨੂੰ , ਹਿੰਦੂਵਾਦ ਦੇ ਨਾਂ ਹੇਠ ਵਰਤਿਆ ਸੀ । ਉਸ ਮਗਰੋਂ ਪ੍ਰਸ਼ਾਸਨ ਤੰਤ੍ਰ ਅਤੇ ਪ੍ਰੈਸ (ਜਿਸ ਨੂੰ ਅੱਜ ਮੀਡੀਆ ਕਿਹਾ ਜਾਂਦਾ ਹੈ) ਵੀ ਇਸ ਕੰਮ ਲਈ ਉਸ ਦੀ ਮਦਦ ਤੇ ਆ ਗਏ ਸਨ । ਜਿਸ ਦਾ ਨਤੀਜਾ ਹੈਦਰਾਬਾਦ ਦੀ ਰਿਆਸਤ ਅਤੇ ਪੰਜਾਬ (ਸਿੱਖਾਂ) ਨੂੰ ਭੁਗਤਣਾ ਪਿਆ । ਸ੍ਰੀ ਟੀ.ਐਨ.ਸੈਸ਼ਨ. ਨੇ ਚੋਣ ਪਰਨਾਲੀ ਵਿਚ ਸੁਧਾਰ ਕਰ ਕੇ ਇਸ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ , ਪਰ ਤਾਣੀ ਹੀ ਵਿਗੜੀ ਹੋਣ ਕਾਰਨ , ਉਹ ਜ਼ਿਆਦਾ ਕੁਛ ਨਹੀਂ ਕਰ ਪਾਇਆ । ਇਸ ਦਾ ਨਤੀਜਾ ਉਸ ਨੂੰ ਰਾਸ਼ਟਰ-ਪਤੀ ਦੀ ਚੋਣ ਵਿਚ , ਹਾਰ ਨਾਲ ਭੁਗਤਣਾ ਪਿਆ ਸੀ । ਬਹੁਤ ਲੰਮੇ ਸੰਘਰਸ਼ ਮਗਰੋਂ , ਸੁਪ੍ਰੀਮ-ਕੋਰਟ ਆਪਣੇ ਫੈਸਲੇ ਕੁਝ ਆਜ਼ਾਦੀ ਨਾਲ ਲੈਣੇ ਸ਼ੁਰੂ ਹੋਈ ਹੈ । ਪਰ ਸਮੇ ਦਾ ਚੱਕਰ ਫਿਰ ਓਥੇ ਹੀ ਆ ਗਿਆ ਹੈ , ਜਿੱਥੇ ਨੈਹਰੂ ਵੇਲੇ ਸੀ ।
ਜਿਸ ਢੰਗ ਨਾਲ ਨੈਹਰੂ ਅਤੇ ਇੰਦ੍ਰਾ ਚੋਣਾਂ ਜਿੱਤਦੇ ਰਹੇ ਸਨ , ਓਹੀ ਢੰਗ ਇਸ ਵਾਰ ਆਰ.ਐਸ.ਐਸ. ਨੇ ਅਪਣਾਅ ਕੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ । ਇਨ੍ਹਾਂ ਦੇ ਸੁਪਨੇ ਵੀ ਨੈਹਰੂ ਤੋਂ ਕੁਝ ਵੱਖਰੇ ਨਹੀਂ ਹਨ । ਸ੍ਰੀ ਮੋਦੀ ਨੇ ਚੋਣਾਂ ਜਿੱਤਣ ਲਈ ਕਸ਼ਮੀਰ ਦੀ ਧਾਰਾ 370 ਨੂੰ ਖੂਬ ਉਛਾਲਿਆ ਸੀ , ਜਿਸ ਤੋਂ ਉਤਸ਼ਾਹਤ ਹੋ ਕੇ , ਏਨੀ ਤਕੜੀ ਜਿੱਤ ਮਗਰੋਂ ਬੀ.ਜੇ.ਪੀ. ਦੇ ਵਰਕਰਾਂ ਨੇ ਧਾਰਾ 370 ਨੂੰ ਖਤਮ ਕਰਨ ਲਈ ਸੁਪ੍ਰੀਮ ਕੋਰਟ ਵਿਚ ਜਨ-ਜਿੱਤ ਯਾਚਕਾ ਪਾਈ , ਜਿਸ ਨੂੰ ਸੁਪ੍ਰੀਮ ਕੋਰਟ ਨੇ ਰੱਦ ਕਰ ਦੱਤਾ ।
ਮੋਦੀ ਦੀ ਸ਼ਾਨਦਾਰ ਜਿੱਤ ਮਗਰੋਂ , ਸੁਭਾਵਕ ਸੀ ਕਿ “ਸਾਹਿਬ” ਨੂੰ ਬਚਾਉਣ ਵਾਲੇ ਅਮਿੱਤ ਸ਼ਾਹ ਦਾ ਵੀ ਕੁਝ ਕੀਤਾ ਜਾਂਦਾ , ਜਿਸ ਲਈ (ਬੀ.ਜੇ.ਪੀ. ਦੇ ਸਾਰੇ ਸੀਨੀਅਰ ਨੇਤਾ ਖੂੰਜੇ ਲਾ ਕੇ) ਅਮਿੱਤ ਸ਼ਾਹ ਨੂੰ ਸੱਤਾ ਪਾਰਟੀ ਦਾ ਪ੍ਰਧਾਨ ਬਣਾ ਕੇ ਬੜਾ ਵੱਡਾ ਕਵਚ ਦੇ ਦਿੱਤਾ ਗਿਆ । ਅਮਿੱਤ ਸ਼ਾਹ ਦੇ ਬੀ.ਜੇ.ਪੀ. ਦੇ ਪ੍ਰਧਾਨ ਬਣਨ ਮਗਰੋਂ , ਆਪਣੀ ਸੋਚ ਨੂੰ ਅਮਲੀ ਰੂਪ ਦੇਣ ਲਈ ਸੁਪ੍ਰੀਮ ਕੋਰਟ ਦੇ ਛੇ-ਸੱਤ ਨਵੇਂ ਜੱਜ ਨਿਯੁਕਤ ਕੀਤੇ , ਜਿਨ੍ਹਾਂ ਵਿਚ ਅਮਿੱਤ-ਸ਼ਾਹ ਦੇ ਦਾਮਨ ਤੋਂ ਖੂਨ ਦੀਆਂ ਛਿੱਟਾਂ ਧੋਣ ਦੀ ਕੋਸ਼ਿਸ ਕਰਨ ਵਾਲੇ , ਅਮਿੱਤ ਸ਼ਾਹ ਦੇ ਵਕੀਲ ਨੂੰ ਵੀ ਲਿਆ ਗਿਆ । ਹੁਣ ਜੇ ਧਾਰਾ 370 ਨੂੰ ਖਤਮ ਕਰਨ ਬਾਰੇ ਕੁਝ ਮਹੀਨਿਆਂ ਮਗਰੋਂ ਫਿਰ ਜਨ ਹਿੱਤ ਯਾਚਕਾ ਪਾਈ ਜਾਂਦੀ ਹੈ ਤਾਂ ਸੁਪ੍ਰੀਮ ਕੋਰਟ (ਜੋ ਇਸ ਆਪ-ਹੁਦਰੇ ਰਾਹ ਦਾ ਰੋੜਾ ਬਣ ਰਹੀ ਹੈ) ਵਿਚ ਉਸ ਦੇ ਸਵੀਕਾਰ ਕਰ ਲਏ ਜਾਣ ਦੀ ਸੰਭਾਵਨਾ ਵੱਧ ਗਈ ਹੈ । ਇਵੇਂ ਸੁਪ੍ਰੀਮ ਕੋਰਟ ਤੇ ਕੁਝ ਸ਼ਿਕੰਜਾ ਕੱਸ ਹੋਇਆ , ਬਹੁਤ ਸਾਰੇ ਗਵਰਨਰਾਂ ਦੀ ਛੁੱਟੀ ਕਰ ਕੇ , ਰਾਸ਼ਟਰ-ਪਤੀ ਤੇ ਦਬਾਅ ਪਾਉਣ ਮਗਰੋਂ , ਅਟਾਰਨੀ ਜਨਰਲ . ਸੀ.ਬੀ.ਆਈ. ਅਤੇ ਆਰ.ਏ.ਡਬਲਿਉ.(ਰਾਅ) ਦਾ ਵੀ ਬੜੀ ਛੇਤੀ ਹੀ ਭਗਵਾ-ਕਰਨ ਕੀਤਾ ਜਾਵੇਗਾ ।
ਲੋਕ-ਸਭਾ ਦੇ ਨਵੇਂ ਚੁਣੇ ਗੲੈ ਨੌਜਵਾਨ ਬੀ.ਜੇ.ਪੀ. ਮੈਂਬਰਾਂ ਨੂੰ , ਲੋਕ-ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਵੇਂ ਟੋਕਾ-ਟਾਕੀ ਰਾਹੀਂ ਬੋਲਣ ਤੋਂ ਰੋਕਣਾ ਹੈ , ਉਸ ਦੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ । ਇਹ ਪਿਰਤ ਪਹਿਲਾਂ ਹੀ ਕਾਂਗਰਸ ਨੇ (ਤੈਲੰਗਾਣਾ ਦੇ ਮਾਮਲੇ ਵਿਚ) ਪਾ ਦਿੱਤੀ ਹੈ ਕਿ ਜਦ ਕਿਸੇ ਮਾਮਲੇ ਵਿਚ ਵਿਰੋਧੀ ਪਖ ਜ਼ਿਆਦਾ ਦਖਲ ਦੇਵੇ ਤਾਂ , ਲੋਕ-ਸਭਾ ਦੀ ਕਾਰਵਾਈ ਦਾ ਸਿੱਧਾ ਪਰਸਾਰਣ ਬੰਦ ਕਰ ਕੇ ਆਪਣਾ ਮਤਲਬ ਹੱਲ ਕਰੋ । ਘੱਟ ਗਿਣਤੀਆਂ ਨੂੰ ਦਬਾਉਣ ਵੇਲੇ , ਧਰਮਾਂਦਤਾ ਗ੍ਰਸਤ ਲੋਕਲ ਪੁਲਸ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਲਈ ਅਰ.ਐਸ.ਐਸ. ਕੋਲ ਆਪਣੀਆਂ ਬਹੁਤ ਸਾਰੀਆਂ ਸੈਨਾਵਾਂ ਹਨ । ਮੀਡੀਆ ਪਹਿਲਾਂ ਹੀ ਅਰ.ਐਸ.ਐਸ ਦੇ ਹੱਥ ਵਿਕਿਆ ਹੋਇਆ ਹੈ , ਜਿਸ ਦਾ ਅੰਦਾਜ਼ਾ ਮੀਡੀਏ ਵਿਚ ਹੁੰਦੀ ਬਜਟ ਦੀ ਪ੍ਰਸ਼ੰਸਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ । ਪਰਸ਼ਾਸਨਿਕ ਅਧਿਕਾਰੀਆਂ ਵਿਚ ਪਹਿਲਾਂ ਹੀ ਆਰ.ਐਸ/ਐਸ. ਸਮੱਰਥਿਕਾਂ ਦੀ ਭਰਮਾਰ ਹੈ । ਕਾਂਗਰਸ ਦੀ ਉਦਾਸੀਨਤਾ ਨੇ ਆਰ.ਐਸ.ਐਸ. ਲਈ ਪਿੜ ਵੇਹਲਾ ਕਰ ਹੀ ਦਿੱਤਾ ਹੈ , ਜਿਸ ਸਦਕਾ ਭਾਰਤ ਦਾ ਮੀਡੀਆ , ਓਵੇਂ ਹੀ ਮੋਦੀ-ਵਾਦ ਦੀ ਪ੍ਰਸ਼ੰਸਾ ਕਰ ਰਿਹਾ ਹੈ ਜਿਵੇਂ ਕਿਸੇ ਵੇਲੇ , ਪੰਜਾਬ ਦੀ ਮਹਾਸ਼ਾ ਪ੍ਰੈਸ , ਨੈਹਰੂ-ਵਾਦ ਦਾ ਕਰਿਆ ਕਰਦੀ ਸੀ । ਇਨ੍ਹਾਂ ਸਾਰੀਆਂ ਚੀਜ਼ਾਂ ਦਾ ਭਗਵਾ-ਕਰਨ , ਹੋ ਜਾਣ ਮਗਰੋਂ ਭਾਰਤ ਦੇ ਅੱਛੇ ਦਿਨ ਹੀ ਅੱਛੇ ਦਿਨ ਹਨ ।
ਪਰ ਅਜੇ ਇਹ ਸਾਫ ਨਹੀਂ ਹੈ ਕਿ ਇਨ੍ਹਾਂ ਅੱਛੇ ਦਿਨਾਂ ਦੀ ਸ਼ੁਰੂਆਤ ਧਾਰਾ 370 ਤੋਂ ਸ਼ੁਰੂ ਹੁੰਦੀ ਹੈ ? ਜਾਂ ਕਸ਼ਮੀਰੀਆਂ ਤੋਂ? ਇਹ ਵੀ ਸੰਭਵ ਹੈ ਕਿ ਇਨ੍ਹਾਂ ਅੱਛੇ ਦਿਨਾਂ ਦੀ ਸ਼ੁਰੂਆਤ ਬਾਦਲ ਦੇ ਸੱਦੇ ਤੇ ਪੰਜਾਬੋਂ ਹੀ ਹੋਵੇ । ਵੈਸੇ ਇਨ੍ਹਾਂ ਅੱਛੇ ਦਿਨਾਂ ਦੀ ਸ਼ੁਰੂਆਤ , ਬੰਗਾਲ ਤੋਂ ਹੋਣ ਬਾਰੇ ਵੀ ਇੰਕਾਰ ਨਹੀਂ ਕੀਤਾ ਜਾ ਸਕਦਾ । ਜੇ ਸਿਆਸੀ ਮਨੋਰਥ ਨੂੰ ਮੁੱਖ ਰੱਖਿਆ ਗਿਆ ਤਾਂ ਇਸ ਦੀ ਸ਼ੁਰੂਆਤ ਤਾਮਿਲ-ਨਾਡੂ ਤੋਂ ਵੀ ਹੋ ਸਕਦੀ ਹੈ । ਪਰ ਇਹ ਗੱਲ ਨਿਰਵਿਵਾਦ ਕਹੀ ਜਾ ਸਕਦੀ ਹੈ ਕਿ ਭਾਰਤ ਵਿਚ ਚੰਗੇ ਦਿਨਾ ਦੀ ਸ਼ੁਰੂਆਤ ਬੜੀ ਛੇਤੀ ਹੋਣ ਵਾਲੀ ਹੈ ।
ਰੱਬ ਭਲੀ ਕਰੇ ।
ਅਮਰ ਜੀਤ ਸਿੰਘ ਚੰਦੀ
13-7-2014