ਡੇਰਿਆਂ ਜਾਂ ਟਕਸਾਲਾਂ ਵਿੱਚ ਲੱਖਾਂ ਕਰੋੜਾਂ ਕਰਵਾਏ ਪਾਠਾਂ ਦਾ ਕੌਮੀ ਨੁਕਸਾਨ?
ਦਾਸ ਨੇ ਇਹ ਲੇਖ 14 ਜੁਲਾਈ 2014 ਨੂੰ ਸ੍ਰ. ਹਰਨੇਕ ਸਿੰਘ ਨਿਊਜੀਲੈਂਡ ਵੱਲੋਂ ਨਾਨਕਸਰ ਕਲੇਰਾਂ ਵਾਲੇ ਡੇਰੇ ਤੇ ਬਾਬਾ ਨਂਦ ਸਿੰਘ ਦੀ ਬਰਸੀ ਤੇ 2 ਅਰਬ ਜਾਨੀ200 ਕਰੋੜ ਅਖੰਡ ਪਾਠ ਕਰਾਉਣ ਦੇ ਅਹਿਦ ਵਾਲੀ ਪੋਸਟ ਪਾਈ ਅਤੇ ਸੁੱਤੇ ਪਏ ਪਾਠੀਆਂ ਦੀਆਂ ਤਸਵੀਰਾਂ ਦੇਖ ਕੌਮੀ ਨੁਕਸਾਨ ਹੁੰਦਾ ਦੇਖ ਲਿਖਿਆ ਹੈ। ਹੁਣ ਸਵਾਲ ਹੈ-ਕੀ ਕੌਮ ਦੇ ਠੇਕੇਦਾਰ, ਪ੍ਰਬੰਧਕ ਅਤੇ ਪ੍ਰਚਾਰਕ ਸੁੱਤੇ ਪਏ ਹਨ ਜਾਂ ਪੁਜਾਰੀਆਂ ਦੇ ਰਾਹੇ ਪੈ ਗਏ ਹਨ? ਜਰਾ ਸੋਚੋ! ਅਜਿਹੇ ਅਖੰਡ ਪਾਠ ਕਰਾਉਣ ਵਾਲੇ,ਕਰਨ ਵਾਲੇ ਅਤੇ ਡਰਾ ਧਮਕਾ ਜਾਂ ਮਨੋਕਾਮਨਾ ਪੂਰੀ ਕਰਨ ਜਾਂ ਹੋਣ ਦਾ ਲਾਲਚ ਦੇਣ ਵਾਲੇ ਡੇਰੇਦਾਰ ਸਾਧ ਦੱਸਣਗੇ ਕਿ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਜੀਵਨ ਵਿੱਚ ਧਾਰਨ ਲਈ ਹੈ ਜਾਂ ਅਜਿਹੇ ਤੋਤਾ ਰਟਨੀ ਪਾਠ ਕਰਕੇ ਪੈਸਾ ਕਮਾਉਣ ਲਈ ਜਾਂ ਸੰਗਤ ਦਾ ਪੈਸਾ ਬਰਬਾਦ ਕਰਨ ਲਈ ਹੈ ?
ਭਲਿਓ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ ਇਵੇਂ ਹੀ ਮਨ ਆਤਮਾਂ ਦੀ ਖੁਰਾਕ ਭਜਨ (ਸ਼ਬਦ ਗੁਰਬਾਣੀ) ਹੈ। ਦੇਖੋ ! ਜਦ ਸਰੀਰ ਨੂੰ ਭੁੱਖ ਪਿਆਸ ਲਗਦੀ ਹੈ ਤਾਂ ਅਸੀਂ ਭੋਜਨ ਖਾ, ਪਾਣੀ ਪੀ ਦੂਰ ਕਰ ਲੈਂਦੇ ਹਾਂ ਜੋ ਸਾਨੂੰ ਆਪ ਕਰਨਾਂ ਪੈਂਦਾ ਹੈ ਕਿਸੇ ਦਾ ਖਾਦਾ ਭੋਜਨ ਜਾਂ ਪੀਤਾ ਪਾਣੀ ਸਾਡੇ ਸਰੀਰ ਦੀ ਭੁੱਖ ਪਿਆਸ ਨਹੀਂ ਮੇਟ ਸਕਦਾ।
ਭੋਜਨ ਖਾਏ ਬਿਨ ਭੂਖ ਨਾ ਦੂਰ ਹੋਇ ਪਿਆਸ ਨਾ ਦੂਰ ਹੋਏ ਪੀਏ ਬਿਨ ਪਨੀ ਕੇ ।
ਤੈਸੇ ਕਲੀ ਕਾਲ ਘੋਰ ਅੰਧ ਬਿਖੇ ਮੁਕਤਿ ਨਾਂ ਪਾਵੈ ਬਿਨ ਗਿਆਨ ਗੁਰਬਾਣੀ ਕੇ । (ਇੱਕ ਅਦੀਬ)
ਇਵੇਂ ਹੀ ਮਨ ਆਤਮਾਂ ਦੀ ਤ੍ਰਿਪਤੀ ਵਾਸਤੇ ਭਜਨ ਭਾਵ ਸ਼ਬਦ ਗੁਰਬਾਣੀ ਹੈ ਜੇ ਅਸੀਂ ਆਪ ਪੜ੍ਹਦੇ, ਵਿਚਾਰਦੇ ਅਤੇ ਧਾਰਦੇ ਹਾਂ ਤਾਂ ਸਾਡੀ ਮਨ ਆਤਮਾਂ ਨੂੰ ਜਿੰਦਗੀ ਅਤੇ ਆਤਮ ਬਲ ਮਿਲਦਾ ਹੈ-
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥(ਗੁਰੂ ਗ੍ਰੰਥ ਸਾਹਿਬ)
ਸੋ ਕਿਸੇ ਦਾ ਕੀਤਾ ਕਰਾਇਆ ਪਾਠ, ਅਮਲ ਕੀਤੇ ਬਗੈਰ ਦੂਸਰੇ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਹਾਂ ਡੇਰੇਦਾਰਾਂ, ਪ੍ਰਬੰਧਕਾਂ ਅਤੇ ਪਾਠੀਆਂ ਨੂੰ ਪੈਸੇ ਦੀ ਇਨਕਮ ਜਰੂਰ ਹੋ ਜਾਂਦੀ ਹੈ। ਦੇਖੋ! ਕਈ ਗਰੀਬ ਪ੍ਰਵਾਰ ਵੀ ਸਾਧਾਂ ਦੇ ਕਹੇ ਕਹਾਏ ਔਖੇ ਸੌਖੇ ਹੋ ਜਾਂ ਕਰਜਾ ਚੁੱਕ ਕੇ ਪਾਠ ਕਰਾ ਦਿੰਦੇ ਹਨ ਪਰ ਆਪਣੇ ਬੱਚਿਆਂ ਨੂੰ ਚੰਗਾ ਭੋਜਨ ਦੇ ਅਤੇ ਚੰਗੇ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ।
ਜੇ ਇਹ ਪ੍ਰਵਾਰ ਉਹ ਹੀ ਪੈਸਾ ਡੇਰੇਦਾਰਾਂ ਜਾਂ ਟਕਸਾਲੀਆਂ ਕੋਲੋਂ ਪਾਠ ਕਰਾਉਣ ਦੀ ਬਜਾਏ ਆਪਣੇ ਬੱਚਿਆਂ ਜਾਂ ਲੋੜਵੰਦ ਹੋਰ ਵੀ ਬੱਚਿਆਂ ਦੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਪੜ੍ਹਾਈ ਭਾਵ ਗੁਰਬਾਣੀ ਸਿੱਖਲਾਈ ਤੇ ਵਰਤਨ ਤਾਂ ਬੱਚੇ ਚੰਗੇ ਗੁਰਸਿੱਖ ਬਣਗੇ ਅਤੇ ਚੰਗੀ ਨੌਕਰੀ (ਜਾਬ) ਤੇ ਲੱਗ ਜਾਂ ਬਿਜਨਿਸ ਚਲਾ ਕੇ ਪੂਰੇ ਪ੍ਰਵਾਰ ਨੂੰ ਖੁਸ਼ਹਾਲ ਕਰ ਲੈਣਗੇ। ਪਰ ਦੇਖੋ ਅੱਜ ਅੰਨ੍ਹੀ ਸ਼ਰਧਾ ਨਾਲ ਪਾਠ ਕਰਾਉਣ ਵਾਲਿਆਂ ਦੇ ਬੱਚੇ ਚੰਗੀ ਪੜ੍ਹਾਈ ਵੀ ਨਹੀਂ ਕਰ ਸਕਦੇ ਅਤੇ ਨਸ਼ੇ ਆਦਿਕ ਬੁਰੇ ਕੰਮਾਂ ਵਿੱਚ ਪੈ ਕੇ ਬਰਬਾਦ ਹੋ ਰਹੇ ਹਨ। ਸਾਡੇ ਅਖੌਤੀ ਜਥੇਦਾਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਧਮਕੀਆਂ ਭਰੇ ਫੁਰਮਾਨ (ਫਤਵੇ) ਦੇ ਕੇ ਆਏ ਦਿਨ ਛੇਕੀ ਜਾ ਰਹੇ ਹਨ ਪਰ ਪਖੰਡ ਪਾਠ ਕਰਨ ਕਨਰਾਉਣ ਵਾਲੇ ਗੁਰਮਤਿ ਵਿਰੋਧੀ ਡੇਰੇਦਾਰਾਂ ਨੂੰ ਓਏ ਵੀ ਨਹੀਂ ਕਹਿੰਦੇ, ਲਗਦਾ ਚੋਰ ਤੇ ਕੁੱਤੀ (ਡੇਰੇਦਾਰ ਤੇ ਜਥੇਦਾਰ) ਰਲ ਗਏ ਹਨ। ਸੋ ਦਾਸ ਦੀ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਅਤੇ ਸਨਿਮਰ ਅਰਜੋਈ ਹੈ ਕਿ ਇਨ੍ਹਾਂ ਭ੍ਰਿਸ਼ਟ ਡੇਰੇਦਰਾਂ ਅਤੇ ਜਥੇਦਾਰਾਂ ਦਾ ਖਹਿੜਾ ਛੱਡ ਕੇ, ਸਭ ਤਰ੍ਹਾਂ ਦੇ ਧਰਮ ਕਾਰਜ ਆਪ ਕਰਨੇ ਚਾਹੀਦੇ ਹਨ ਨਹੀਂ ਤਾਂ ਧਰਮ ਦਾ ਬੁਰਕਾ ਪਾਈ ਪੁਜਾਰੀਆਂ ਹੱਥੋਂ ਸਦਾ ਲੁੱਟੀਂਦੇ ਰਹੋਗੇ।ਅਵਤਾਰ ਸਿੰਘ ਮਿਸ਼ਨਰੀ (5104325827)