ਗਿ. ਗੁਰਬਖਸ਼ ਸਿੰਘ ਖੰਨੇ ਵਾਲਿਆਂ ਦੀ ਅਵਤਾਰ ਸਿੰਘ ਮਿਸ਼ਨਰੀ ਨਾਲ ਭੇਂਟ ਅਤੇ ਰੇਡੀਓ ਚੜ੍ਹਦੀ ਕਲਾ ਤੇ ਟਾਕਸ਼ੋਅ
(ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ)
ਗਿ. ਗੁਰਬਖਸ਼ ਸਿੰਘ ਖੰਨੇ ਵਾਲੇ ਦਾਸ ਦੇ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜਰੋਪੜ ਤੋਂ ਕਲਾਸ ਫੈਲੋ ਹਨ। ਇਹ ਮਿਸ਼ਨਰੀ ਕਾਲਜ ਹੁਣ ਤੱਕ ਸੈਂਕੜੇ ਮਿਸ਼ਨਰੀ ਪ੍ਰਚਾਰਕ ਤਿਆਰ ਕਰ ਚੁੱਕਾ ਹੈ ਜਿੰਨ੍ਹਾਂ ਚੋਂ ਕੁਝ ਕਾਲਜ ਦੇ ਪ੍ਰਬੰਧ ਹੇਠ ਪ੍ਰਚਾਰ ਕਰ ਰਹੇ ਹਨ ਅਤੇ ਬਹੁਤ ਸਾਰੇ ਵਿਅਕਤੀਗਤ ਤੌਰ ਤੇ ਵਿਚਰ ਕੇ ਵੱਖ ਵੱਖ ਥਾਵਾਂ ਤੇ ਧਰਮ ਪ੍ਰਚਾਰ ਕਰਦੇ ਰਹਿੰਦੇ ਹਨ। ਜਿੰਨ੍ਹਾਂ ਚੋਂ ਕੁਝ ਦੇ ਨਾਮ ਹਨ-ਦਾਸ (ਅਵਤਾਰ ਸਿੰਘ ਮਿਸ਼ਨਰੀ) ਭਾ. ਸੋਹਨ ਸਿੰਘ ਮਿਸ਼ਨਰੀ ਸਿੰਬਲ ਝੱਲੀਆਂ, ਬੀਬੀ ਸਤਵਿੰਦਰ ਕੌਰ ਭੋਜੇ ਮਾਜਰਾ, ਗਿ. ਅਮਰੀਕ ਸਿੰਘ ਚੰਡੀਗੜ੍ਹ, ਗਿ. ਰਣਜੋਧ ਸਿੰਘ ਮਿਸ਼ਨਰੀ ਫਗਵਾੜਾ, ਪ੍ਰੋ. ਰਵੀ ਸਿੰਘ ਮਿਸ਼ਨਰੀ ਚੰਡੀਗੜ੍ਹ, ਵਾਈਸ ਪ੍ਰਿੰਸੀਪਲ ਹਰਭਜਨ ਸਿੰਘ ਮਿਸ਼ਨਰੀ ਰੋਪੜ, ਗਿ. ਰਣਜੀਤ ਸਿੰਘ ਹੈੱਡ ਗ੍ਰੰਥੀ ਸੀਸਗੰਜ ਸਾਹਿਬ ਦਿੱਲ੍ਹੀ, ਸਿੰਘ ਸਾਹਿਬ ਗਿ. ਮਾਨ ਸਿੰਘ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾ. ਸਤਨਾਮ ਸਿੰਘ ਸਾਬਕਾ ਹੈੱਡ ਗ੍ਰੰਥੀ ਬੰਗਲਾ ਸਾਹਿਬ, ਭਾ. ਸੁਖਦਰਸ਼ਨ ਸਿੰਘ ਧਾਰਮਿਕ ਟੀਚਰ ਦਿੱਲ੍ਹੀ ਕਮੇਟੀ, ਪ੍ਰੋ. ਮਨਿੰਦਰਪਾਲ ਸਿੰਘ ਰੋਪੜ, ਗਿ. ਅਮਰਜੀਤ ਸਿੰਘ ਤੇ ਗਿ. ਜਸਪਾਲ ਸਿੰਘ ਨਿਊਯਾਰਕ, ਭਾ. ਜਰਨੈਲ ਸਿੰਘ ਸੰਧੂਆਂ ਮੋਹਾਲੀ, ਭਾ. ਜਰਨੈਲ ਸਿੰਘ ਮਿਸ਼ਨਰੀ ਵੈਨਕੂਵਰ, ਭਾ. ਮਲਕੀਤ ਸਿੰਘ ਗੈੱਡ ਗ੍ਰੰਥੀ ਫਰਿਜਨੋ, ਭਾ. ਬਲਵਿੰਦਰ ਸਿੰਘ ਮੈਰੀਲੈਂਡ, ਭਾ. ਸੁਖਵਿੰਦਰ ਸਿੰਘ ਮਿਸ਼ਨਰੀ ਬਾਲਟੀਮੋਰ, ਗਿ. ਅਜਮੇਰ ਸਿੰਘ ਮਿਸ਼ਨਰੀ ਕਰਨਾਲ ਬਿਕਰਸਫੀਲਡ, ਭਾ. ਬਲਵਿੰਦਰ ਸਿੰਘ ਮਿਸ਼ਨਰੀ ਮਿਸੀਸਿਪੀ, ਭਾ. ਚਰਨਜੀਤ ਸਿੰਘ ਮੋਰਿੰਡਾ, ਭਾ. ਅਵਤਾਰ ਸਿੰਘ ਸਿਆਟਲ, ਭਾ. ਬਚਿੱਤਰ ਸਿੰਘ ਮਿਸ਼ਨਰੀ, ਭਾ. ਪ੍ਰੀਤਮ ਸਿੰਘ ਅਤੇ ਡਾ. ਜਸਬੀਰ ਸਿੰਘ ਮਹਰਾਜ, ਡਾ. ਰਣਜੀਤ ਸਿੰਘ ਭਾਗੋਮਾਜਰਾ ਇੰਗਲੈਂਡ, ਭਾ. ਸੁਰਿੰਦਰ ਸਿੰਘ ਰਾਗੀ ਦਿੱਲ੍ਹੀ, ਭਾ. ਤਰਸੇਮ ਸਿੰਘ ਬੀ. ਐਸ. ਸੀ. ਲੁਧਿਆਨਾ, ਭਾ. ਹਰਪਾਲ ਸਿੰਘ ਮਿਸ਼ਨਰੀ ਗੁਰਦਾਸਪੁਰ, ਰਾਗੀ ਰਾਮ ਸਿੰਘ ਅਨੰਦਪੁਰ ਸਾਹਿਬ, ਭਾ. ਉਜਲ ਸਿੰਘ ਨੰਗਲ, ਭਾ. ਮੇਜਰ ਸਿੰਘ ਨੇੜੇ ਚਮਕੌਰ ਸਾਹਿਬ, ਗਿ. ਪ੍ਰੀਤਮ ਸਿੰਘ ਕਥਾਵਾਚਕ ਚਮਕੌਰ ਸਾਹਿਬ, ਭਾ. ਸੰਤੋਖ ਸਿੰਘ ਮਿਸ਼ਨਰੀ ਅਤੇ ਗਿ. ਇਕਬਾਲ ਸਿੰਘ ਦਰੀਆ ਮੂਸਾ ਜਲੰਧਰ, ਗੁਰਵੀਰ ਸਿੰਘ ਮਿਸ਼ਨਰੀ ਰੋਪੜ, (ਭਾ.ਜਸਬੀਰ ਸਿੰਘ ਖਾਲਸਾ ਹੈੱਡ ਪ੍ਰਚਾਚਕ ਸ਼੍ਰੋਮਣੀ ਕਮੇਟੀ, ਗਿ. ਕਰਮ ਸਿੰਘ ਮਿਸ਼ਨਰੀ ਅਤੇ ਭਾ. ਸੁੱਖਾ ਸਿੰਘ ਅੰਮ੍ਰਿਤਸਰ) ਇਹ ਤਿੰਨੇ ਗਿ. ਗੁਰਬਖਸ਼ ਸਿੰਘ ਖੰਨਾਂ ਦੇ ਪੇਂਡੂ ਹਨ ਆਦਿਕ ਅਤੇ ਹੋਰ ਕਈਆਂ ਦੇ ਨਾਮ ਯਾਦ ਨਹੀਂ ਹਨ।
ਇਨ੍ਹਾਂ ਵਿੱਚੋਂ ਹੀ ਗਿ. ਗੁਰਬਖਸ਼ ਸਿੰਘ ਮਿਸ਼ਨਰੀ ਖੰਨੇਵਾਲੇ ਹਨ ਜੋ ਦਾਸ ਨੂੰ ਕਰੀਬ ੨੦ ਸਾਲ ਬਾਅਦ ਸੈਨਹੋਜੇ ਮਿਲੇ ਅਤੇ ਦਾਸ ਨੇ ਗੁਰਮਤਿ ਸਟਾਲ ਤੇ ਇਨ੍ਹਾਂ ਨੂੰ ਦਾਸ ਦੀ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਬਾਅਦਬ ਭੇਟ ਕੀਤੀ। ਉਸ ਵੇਲੇ ਬੀਬੀ ਹਰਸਿਮਰਤ ਕੌਰ ਖਾਲਸਾ ਵੀ ਹਾਜਰ ਸਨ ਜਿਨ੍ਹਾਂ ਨੇ ਭਾਈ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ। ਭਾਈ ਸਾਹਿਬ ਐਸ ਵੇਲੇ ਸੈਨਹੋਜੇ ਗੁਰਦੁਆਰੇ ਵਿਖੇ ਕਥਾ ਕਰ ਰਹੇ ਹਨ। ੧੪ ਜੁਲਾਈ ੨੦੧੪ ਦਿਨ ਐਤਵਾਰ ਨੂੰ ਇਨ੍ਹਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕਰਕੇ, ਗੁਰਮਤਿ ਪ੍ਰਚਾਰ ਨੂੰ ਸਮ੍ਰਪਿਤ ਬੇ ਏਰੀਏ ਦੇ ਪ੍ਰਸਿੱਧ “ਰੇਡੀਓ ਚੜ੍ਹਦੀ ਕਲਾ” ਤੇ ਇਸ ਦੇ ਪ੍ਰਮੁੱਖ ਡਾਇਰੈਕਟਰ ਸ੍ਰ. ਲਖਬੀਰ ਸਿੰਘ ਪਟਵਾਰੀ ਨਾਲ, ਸ਼ਾਮ ਦੇ ੮ ਤੋਂ ੧੦ ਵਜੇ ਤੱਕ “ਮਿਸ਼ਨਰੀ ਪ੍ਰਚਾਰਕਾਂ ਦੇ ਸਿੱਖ ਕੌਮ ਨੂੰ ਯੋਗਦਾਨ” ਤੇ ਟਾਕਸ਼ੋਅ ਕੀਤਾ। ਜਿਸ ਵਿੱਚ ਸ੍ਰ. ਲਖਵੀਰ ਸਿੰਘ ਪਟਵਾਰੀ ਨੇ ਸਭ ਤੋਂ ਪਹਿਲਾਂ ਇਨ੍ਹਾਂ ਦੇ ਪਿਛੋਕੜ ਅਤੇ ਮਿਸ਼ਨਰੀ ਕਾਲਜ ਵਿਖੇ ਆਉਣ ਬਾਰੇ ਸਵਾਲ ਪੁੱਛੇ ਜਿੰਨ੍ਹਾਂ ਦੇ ਉੱਤਰ ਭਾਈ ਖੰਨਾ ਜੀ ਨੇ ਵਿਸਥਾਰ ਨਾਲ ਦਿੰਦੇ ਦੱਸਿਆ ਕਿ ਦਾਸ ਦਾ ਪਿਛੋਕਛ ਪੱਟੀ ਅੰਮ੍ਰਿਤਸਰ ਦਾ ਹੈ। ਛੋਟੀ ਉਮਰੇ ਹੀ ਗੁਰਮਤਿ ਦੀ ਲਗਨ ਲੱਗ ਗਈ ਸੀ ਅਤੇ ਦਾਸ ਪੰਜਾਬੀ ਟ੍ਰਬਿਊਨ ਅਖਬਾਰ ਚੋਂ ਮਿਸ਼ਨਰੀ ਕਾਲਜ ਰੋਪੜ ਬਾਰੇ ਪੜ੍ਹ ਕੇ, ਦਾਖਲ ਹੋਇਆ ਸੀ ਜਿੱਥੇ ਜਦੋਂ ਮਿਸ਼ਨਰੀ ਕਾਲਜਾਂ ਦੇ ਮੋਢੀ ਕੰਵਰ ਮਹਿੰਦਰ ਪ੍ਰਤਾਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਬੀਬੀ ਭੂਪਿੰਦਰ ਕੌਰ, ਪ੍ਰੋ, ਭੂਪਿੰਦਰ ਸਿੰਘ ਐਡਵੋਕੇਟ, ਪ੍ਰੋ. ਇੰਦਰ ਸਿੰਘ ਘੱਗਾ, ਸ੍ਰ. ਇਕਬਾਲ ਸਿੰਘ ਖੰਨਾ, ਮਜੂਦਾ ਪ੍ਰਿੰਸੀਪਲ ਗਿ. ਬਲਜੀਤ ਸਿੰਘ ਤੇ ਉਨ੍ਹਾਂ ਦੀ ਗੈਰ ਹਾਜਰੀ ਵਿੱਚ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਭਾ. ਸੋਹਨ ਸਿੰਘ ਮਿਸ਼ਨਰੀ ਸਿੰਬਲ ਝੱਲੀਆਂ ਪੜ੍ਹਾਉਂਦੇ ਸਨ। ਦਾਸ ਨੂੰ ਪ੍ਰਚਾਰ ਖੇਤਰ ਵਿੱਚ ਕਰੀਬ ੩੦ ਸਾਲ ਹੋ ਗਏ ਹਨ ਤੇ ਜਿਆਦਾ ਸਮਾਂ ਖੰਨੇ ਇਲਾਕੇ ਵਿਖੇ ਕਾਲਜ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪ੍ਰਚਾਰ ਕਰਦੇ ਲੱਗਾ ਹੈ। ਇਸ ਕਰਕੇ ਦਾਸ ਦਾ ਤਖੱਲਸ “ਖੰਨੇਵਾਲੇ” ਪੈ ਗਿਆ। ਕੁਝ ਅਰਸਾ ਇੰਗਲੈਡ ਵਿਖੇ ਕਥਾ ਕਰਦੇ ਬੀਤਿਆ ਤੇ ਅੱਜ ਕਲ ਦਾਸ ਵੱਖ ਵੱਖ ਦੇਸ਼ਾਂ ਵਿੱਚ ਵਿਚਰ ਕੇ ਕਥਾ ਪ੍ਰਚਾਰ ਕਰ ਰਿਹਾ ਹੈ। ਬਾਕੀ ਮੇਰਾ ਪ੍ਰਵਾਰ ਬੱਚੇ ਲੁਧਿਆਨੇ ਰਹਿੰਦੇ ਹਨ।
ਜਦ ਰੇਡੀਓ ਹੋਸਟ ਨੇ ਸਵਾਲ ਪੁੱਛਿਆ ਕਿ ਮਿਸ਼ਨਰੀ ਪ੍ਰਚਾਰਕਾਂ ਨੂੰ ਪ੍ਰਚਾਰ ਖੇਤਰ ਵਿੱਚ ਮੁਸ਼ਕਲਾਂ ਕੀ ਆਉਂਦੀਆਂ ਹਨ? ਗਿਅਨੀ ਜੀ ਦਾ ਉੱਤਰ ਸੀ ਕਿ ਜਿੱਥੇ ਪ੍ਰਬੰਧਕ ਤੇ ਗ੍ਰੰਥੀ ਡੇਰਿਆਂ ਜਾਂ ਸੰਪ੍ਰਦਾਵਾਂ ਨਾਲ ਸਬੰਧਤ ਹਨ ਓਥੇ ਛੇਤੀ ਸਮਾਂ ਨਹੀਂ ਮਿਲਦਾ ਪਰ ਜਦ ਉਹ ਸਾਨੂੰ ਬਾਦਲੀਲ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਦਿਆਂ ਨੂੰ ਰੇਡੀਓ ਜਾਂ ਹੋਰ ਗੁਰਦੁਆਰਿਆਂ ਵਿੱਚ ਸੁਣਦੇ ਹਨ ਤਾਂ ਫਿਰ ਉਹ ਵੀ ਬੁੱਕ ਕਰ ਲੈਂਦੇ ਹਨ ਪਰ ਮੁਸ਼ਕਲ ਇਹ ਆਉਂਦੀ ਹੈ ਕਿ ਜਦ ਸਾਡੇ ਬਾਅਦ ਕੋਈ ਡੇਰੇਦਾਰ ਸੰਪ੍ਰਦਾਈ ਮਿਥਿਹਾਸਕ ਕਥਾ ਕਹਾਣੀਆਂ ਨਾਲ ਸ਼ਿੰਗਾਰੀ ਕਥਾ ਕਰ ਜਾਂਦਾ ਹੈ ਤਾਂ ਸਾਡੀ ਕੀਤੀ ਮਿਹਨਤ ਤੇ ਪਾਣੀ ਪੈ ਜਾਂਦਾ ਹੈ। ਅਸੀਂ ਨਿਰੋਲ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰਦੇ ਹਾਂ। ਦੂਜਾ ਪ੍ਰਚਾਰਕਾਂ ਦੀ ਪਿੱਠ ਤੇ ਕੋਈ ਕੇਂਦਰੀ ਸੰਸਥਾ ਨਹੀਂ ਇਸ ਲਈ ਕਈ ਵਾਰ “ਵਖਤ ਵਿਚਾਰੇ ਸੋ ਬੰਦਾ ਹਇ॥ (ਗੁਰੂ ਗ੍ਰੰਥ ਸਾਹਿਬ)ਅਨੁਸਾਰ ਵੀ ਚਲਣਾ ਪੈਂਦਾ ਹੈ ਪਰ ਹੁਣ ਮੀਡੀਏ ਨੇ ਸਾਨੂੰ ਸਮੁੱਚੇ ਸੰਸਾਰ ਨਾਲ ਜੋੜ ਦਿੱਤਾ ਹੈ, ਲੋਕ ਘਰਾਂ ਵਿੱਚ ਬੈਠੇ, ਡਰਾਈਵ ਕਰਦੇ, ਸੀਡੀਆਂ ਤੇ ਫੋਨਾਂ ਪਰ ਸੁਣਨ ਅਤੇ ਫੇਸ ਬੁੱਕ ਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਵਾਚਣ ਤੇ ਪੜ੍ਹਨ ਲੱਗ ਪਏ ਹਨ। ਇਸ ਕਰਕੇ ਕੁਝ ਮੁਸ਼ਕਲਾਂ ਘਟੀਆਂ ਵੀ ਹਨ। ਜਦ ਹੋਸਟ ਨੇ ਪੁੱਛਿਆ ਕਿ ਤੁਹਾਡੇ ਰੋਪੜ ਵਾਲੇ ਕਾਲਜ ਤੋਂ ਇਲਾਵਾ ਹੋਰ ਕਿੰਨੇ ਮਿਸ਼ਨਰੀ ਕਾਲਜ ਨੇ ਅਤੇ ਮਿਸ਼ਨਰੀ ਕਿੱਥੇ ਕਿੱਥੇ ਪ੍ਰਚਾਰ ਕਰ ਰਹੇ ਹਨ ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ (ਸ਼੍ਰੋਮਣੀ ਕਮੇਟੀ) ਅੰਮ੍ਰਿਤਸਰ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਨਾ, ਸਿੱਖ ਮਿਸ਼ਨਰੀ ਕਾਲਜ ਭੌਰ ਸੈਂਦਾਂ (ਹਰਿਆਣਾ) ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ, ਦਿੱਲ੍ਹੀ, ਫਰੀਦਾਬਾਦ, ਅਤੇ ਹੋਰ ਵੀ ਵੱਖ ਵੱਖ ਸ਼ਹਿਰਾਂ ਵਿਖੇ ਛੋਟੀਆਂ ਛੋਟੀਆਂ ਬ੍ਰਾਚਾਂ, ਗੁਰਮਤਿ ਮਿਸ਼ਨਰੀ ਕਲਾਸਾਂ ਅਤੇ ਕੈਂਪ ਲਗਦੇ ਹਨ ਇੱਥੋਂ ਤੱਕ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਤਾਂ ਪੰਜਾਬ ਦੇ ੬੦੦ ਪਿੰਡਾਂ ਵਿੱਚ ਮਿਸਨਰੀ ਸਰਕਲ ਖੋਲ੍ਹ ਦਿੱਤੇ ਹਨ। ਤਖਤ ਸਹਿਬਾਨਾਂ, ਇਤਿਹਾਸਕ ਅਤੇ ਸਿੰਘ ਸਭਾ ਗੁਰਦੁਆਰਿਆਂ ਵਿੱਚ ਅੱਜ ਕੱਲ ਜਿਆਦਾਤਰ ਮਿਸ਼ਨਰੀ ਕਥਾਵਾਚਕ ਹੀ ਗ੍ਰੰਥੀ ਹਨ।
ਕਾਲਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਿਨ੍ਹਾਂ ਵਿੱਚ ਅਵਤਾਰ ਸਿੰਘ ਰੰਧਾਵਾ ਲੋਡਾਈ ਨੇ ਪੁੱਛਿਆ ਕਿ ਮਿਸ਼ਨਰੀ ਦਾ ਕੀ ਮਤਲਵ ਹੈ? ਇਸ ਸਵਾਲ ਦਾ ਜਵਾਬ ਭਾਈ ਖੰਨਾ ਤੇ ਦਾਸ ਦੋਹਾਂ ਨੇ ਕ੍ਰਮਵਾਰ ਦਿੰਦੇ ਕਿਹਾ ਕਿ ਮਿਸ਼ਨਰੀ ਉਹ ਹੈ ਜੋ ਕਿਸੇ ਮਿਸ਼ਨ ਨੂੰ ਸਮਰਪਿਤ ਹੈ, ਪ੍ਰਚਾਰਕ ਹੈ, ਕਿਸੇ ਵੀ ਖੇਤਰ ਦਾ ਕੋਈ ਵੀ ਇਨਸਾਨ ਮਿਸ਼ਨਰੀ ਹੋ ਸਕਦਾ ਹੈ ਜਿਹੜਾ ਉਸ ਮਿਸ਼ਨ ਦੀ ਜਾਣਕਾਰੀ ਰੱਖਦਾ ਹੈ। ਖੇਤੀ, ਨੌਕਰੀ, ਵਾਪਾਰ ਆਦਿਕ ਕੰਮ ਕਰਦਾ ਹਰ ਇਨਸਾਨ ਪਾਰਟ ਟਾਈਮ ਮਿਸ਼ਨਰੀ ਹੈ ਪਰ ਕਿਸੇ ਮਿਸ਼ਨਰੀ ਕਾਲਜ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਤਨੋਂ ਮਨੋਂ ਧਰਮ ਪ੍ਰਚਾਰ ਨੂੰ ਸਮਰਪਿਤ ਫੁੱਲ ਟਾਈਮ ਮਿਸ਼ਨਰੀ ਹੁੰਦਾ ਹੈ। ਕਈ ਕਾਲਰਾਂ ਨੇ ਗੁਰਬਾਣੀ ਸ਼ਬਦਾਂ ਦੇ ਔਖੇ ਅਰਥ ਵੀ ਪੁੱਛੇ ਜਿਨ੍ਹਾਂ ਦੇ ਭਾਵ ਅਰਥ ਭਾਈ ਖੰਨਾ ਜੀ ਨੇ ਸੰਖੇਪ ਵਿੱਚ ਦਰਸਾਏ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇਤੀ ਹੀ ਕੌਮ ਨੂੰ ਸਮਰਪਿਤ ਪ੍ਰਚਾਰਕਾਂ ਦੀ ਤਾਲਮੇਲ ਸੰਸਥਾ ਬਣਾ ਰਹੇ ਹਾਂ ਜੋ ਪ੍ਰਚਾਰਕਾਂ ਦੀਆਂ ਮੁਸ਼ਕਲਾਂ ਦਾ ਖਿਆਲ ਰੱਖਦੇ ਹੋਏ ਨਵੀਆਂ ਸੇਧਾਂ ਦੇਣ ਚ ਵੀ ਮਦਦ ਕਰੇਗੀ। ਉਨ੍ਹਾਂ ਨੇ ਸਮੂੰਹ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪ ਬਾਣੀ ਪੜ੍ਹਨ, ਵਿਚਾਰਨ ਅਤੇ ਜੀਵਨ ਵਿੱਚ ਧਾਰਨ, ਇਕੱਲਾ ਤੋਤਾ ਰਟਨੀ ਪਾਠ ਹੀ ਨਾ ਕਰੀ ਕਰਾਈ ਜਾਣ। ਡੇਰਿਆਂ ਦੇ ਧੇਹਧਾਰੀ ਗੁਰੂਆਂ ਨੂੰ ਛੱਡ ਕੇ, ਇੱਕ ਅਕਾਲ ਪੁਰਖ, ਗੁਰੂ ਗ੍ਰੰਥ ਸਾਹਿਬ, ਗੁਰਧਾਮਾਂ, ਗੁਰਦੁਅਰਿਆਂ ਅਤੇ ਗੁਰ ਮਰਯਾਦਾ ਨਾਲ ਸਿੱਧਾ ਰਾਬਤਾ ਰੱਖਣ। ਭਾਈ ਚਮਕੌਰ ਸਿੰਘ ਫਰਿਜਨੋ (ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ) ਨੇ ਕਿਹਾ ਕਿ ਮਿਸ਼ਨਰੀ ਪ੍ਰਚਾਰਕਾਂ ਨੇ ਧਰਮ ਨੂੰ ਧੰਦਾ ਨਹੀਂ ਬਣਾਇਆ ਸਗੋਂ ਧੰਦੇ ਨੂੰ ਧਰਮ ਬਣਾਇਆ ਹੈ ਇਸ ਕਰਕੇ ਪੁਜਾਰੀ ਅਤੇ ਡੇਰੇਦਾਰ ਘਬਰਾਏ ਹੋਏ ਹਨ।
ਅਖੀਰ ਤੇ ਗਿਆਨੀ ਜੀ ਨੇ ਦਾਸ, ਸ੍ਰ. ਸਰਬਜੋਤ ਸਿੰਘ ਸਵੱਦੀ ਸੈਨਹੋਜੇ, ਰੇਡੀਓ ਚੜ੍ਹਦੀ ਕਲਾ ਅਦਾਰੇ, ਸ੍ਰ. ਲਖਬੀਰ ਸਿੰਘ ਪਟਵਾਰੀ, ਸਮੂੰਹ ਸ੍ਰੋਤਿਆਂ, ਸਮੂੰਹ ਗੁਰਦੁਆਰਾ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕੌਮ ਨੂੰ ਸਪਰਪਿਤ ਮਿਸ਼ਨਰੀ ਪ੍ਰਚਾਰਕਾਂ ਨੂੰ ਸਹਿਯੋਗ ਦਿੰਦੇ ਹਨ। ਵਿਸ਼ੇਸ਼ ਤੌਰ ਤੇ ਉਨ੍ਹਾਂ ਨਾਲ ਸੈਨਹੋਜੇ ਤੋਂ ਆਏ ਸ੍ਰ. ਜਗਜੀਤ ਸਿੰਘ ਚੌਹਾਨ ਨੇ ਬਹੁਤ ਤਾਰੀਫ ਕੀਤੀ ਕਿ ਬੇ ਏਰੀਏ ਵਿੱਚ ਹੀ ਨਹੀਂ ਬਲਕਿ ਇੰਟ੍ਰਨੈਟ ਰਾਹੀਂ ਦੂਰ ਦੂਰ ਤੱਕ ਜੋ ਗੁਰਮਤਿ ਦਾ ਨਿਧੜਕ ਪ੍ਰਚਾਰ “ਰੇਡੀਓ ਚੜ੍ਹਦੀ ਕਲ੍ਹਾ” ਕਰ ਰਿਹਾ ਹੈ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ ਪ੍ਰਮਾਤਮਾਂ ਇਸ ਰੇਡੀਓ ਅਤੇ ਇਸ ਦੇ ਸੰਚਾਲਕਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ੇ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਚੜ੍ਹਦੀ ਕਲਾ ਰੇਡੀਓ ਦੀ ਮਦਦ ਕਰਨ। ਇਸ ਤੇ ਸ੍ਰ. ਲਖਬੀਰ ਸਿੰਘ ਪਟਵਾਰੀ ਨੇ ਦਾਹਵੇ ਨਾਲ ਕਿਹਾ ਕਿ ਇਹ ਰੇਡੀਓ ਮਿਸ਼ਨਰੀ ਅਤੇ ਹਰ ਉਸ ਪ੍ਰਚਾਰਕ ਲਈ ਹਰ ਵੇਲੇ ਹਾਜਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਨੁਸਾਰ ਪ੍ਰਚਾਰ ਕਰਦਾ ਹੈ। ਅਸੀਂ ਤਾਂ ਪਹਿਲਾਂ ਹੀ ਭਾ. ਸਰਬਜੀਤ ਸਿੰਘ ਮਿਸ਼ਨਰੀ ਧੂੰਦਾ, ਭਾਈ ਪੰਥਪ੍ਰੀਤ ਸਿੰਘ ਬਖਤਾਵਰ ਵਾਲੇ ਅਤੇ ਗਿ. ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਆਦਿਕ ਹੋਰ ਵੀ ਉੱਘੇ ਪ੍ਰਚਾਰਕਾਂ ਦੀ ਗੁਰਬਾਣੀ ਅਤੇ ਇਤਿਹਾਸ ਦੀ ਕਥਾ ਇਸ ਰੇਡੀਓ ਤੇ ਰੀਲੇਅ ਕਰਦੇ ਆ ਰਹੇ ਹਾਂ। ਟਾਕਸ਼ੋਅ ਦੀ ਸਮਾਪਤੀ ਤੇ ਫਤਹਿ ਬੁਲਾ ਯਾਦਗਾਰੀ ਤਸਵੀਰਾਂ ਵੀ ਲਈਆਂ ਗਈਆਂ।
ਅਵਤਾਰ ਸਿੰਘ ਮਿਸ਼ਨਰੀ
ਗਿ. ਗੁਰਬਖਸ਼ ਸਿੰਘ ਖੰਨੇ ਵਾਲਿਆਂ ਦੀ ਅਵਤਾਰ ਸਿੰਘ ਮਿਸ਼ਨਰੀ ਨਾਲ ਭੇਂਟ ਅਤੇ ਰੇਡੀਓ ਚੜ੍ਹਦੀ ਕਲਾ ਤੇ ਟਾਕਸ਼ੋਅ
Page Visitors: 2796